ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸ਼ਹੀਦ ਪਤੀ ਦੀ ਲਾਸ਼

Posted On April - 13 - 2019

ਅਰਜਨ ਸਿੰਘ ਗੜਗੱਜ

ਭਾਰਤ ਦਾ ਇਤਿਹਾਸ ਇਸਤਰੀ ਜਾਤ ਦੀਆਂ ਬਹਾਦਰੀਆਂ ਤੇ ਕਾਰਨਾਮਿਆਂ ਨਾਲ ਭਰਪੂਰ ਹੈ। ਮੈਂ ਹੇਠਾਂ ਉਸ ਇਸਤਰੀ ਦੀ ਕਹਾਣੀ ਲਿਖ ਰਿਹਾ ਹਾਂ ਜਿਸ ਦਾ ਸਬੰਧ ਹਿੰਦ ਵਿਚ ਆਜ਼ਾਦੀ ਦੀ ਮਸ਼ਾਲ ਜਗਾਉਣ ਵਾਲੇ ਜਲ੍ਹਿਆਂਵਾਲੇ ਬਾਗ਼ (ਅੰਮ੍ਰਿਤਸਰ) ਦੀ ਪ੍ਰਸਿੱਧ ਗੋਲੀ-ਕਾਂਡ ਘਟਨਾ ਨਾਲ ਹੈ। ਉਸ ਦੀ ਕਹਾਣੀ ਜਿਸ ਨੇ ਖ਼ੁਦ ਆਪਣੇ ਪਤੀਦੇਵ ਨੂੰ ਬਲੀਦਾਨ ਵਾਸਤੇ ਭੇਜਿਆ ਸੀ। ਉਸ ਦੀ ਕਹਾਣੀ ਜਿਹੜੀ ਆਪਣੇ ਬੱਚੇ ਨੂੰ ਪੇਟ ਵਿਚ ਛੁਪਾਈ ਖ਼ੂਨ ਦੀਆਂ ਨਦੀਆਂ ਪਾਰ ਕਰਦੀ ਹੋਈ ਆਪਣੇ ਪਤੀ ਦੀ ਲਾਸ਼ ਢੂੰਡ ਕੇ ਘਰ ਲਿਆਈ ਸੀ। ਉਸ ਦੀ ਕਹਾਣੀ ਜਿਸ ਨੇ ਆਪਣੇ ਬੱਚਿਆਂ ਨੂੰ ਤੰਗ ਹੁੰਦੇ ਤਾਂ ਵੇਖਿਆ, ਪਰ ਅੰਗਰੇਜ਼ ਸਰਕਾਰ ਵੱਲੋਂ ਪੇਸ਼ ਕੀਤਾ ਹੋਇਆ ਪੰਝੀ ਹਜ਼ਾਰ ਰੁਪਏ ਦਾ ਮੁਆਵਜ਼ਾ ਇਸ ਲਈ ਠੁਕਰਾ ਦਿੱਤਾ ਸੀ ਕਿ ਭਾਰਤੀ ਨਾਰੀ ਆਪਣੇ ਪਤੀ ਦੀ ਕੀਮਤ ਲੈ ਕੇ ਦੇਸ਼ ਨੂੰ ਦਾਗ਼ ਨਹੀਂ ਲਾਉਣਾ ਚਾਹੁੰਦੀ।
ਪਤਾ ਜੇ। ਇਹ ਨਾਰੀ ਕੌਣ ਸੀ? ਇਹ ਸੀ ਜੱਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ ਸ੍ਰੀ ਭਾਗ ਮੱਲ ਭਾਟੀਆ ਦੀ ਪਤਨੀ ਸ੍ਰੀਮਤੀ ਅਤਰ ਕੌਰ।
ਵੈਸਾਖੀ ਵਾਲੇ ਦਿਨ 13 ਅਪਰੈਲ, 1919 ਨੂੰ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਸਨ, ਲੋਕ ਏਧਰ ਓਧਰ ਫਿਰ ਰਹੇ ਸਨ। ਸ਼ਾਇਦ ਆਪਣੇ ਆਪ ਨੂੰ ਆਜ਼ਾਦ ਸਮਝ ਰਹੇ ਸਨ, ਪਰ ਇਹ ਗੱਲ ਕਿਸੇ ਦੀ ਸਮਝ ਵਿਚ ਨਹੀਂ ਆ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ। ਕਿਹੜਾ ਪ੍ਰੋਗਰਾਮ ਅਪਣਾਇਆ ਜਾਵੇ। ਢੋਲ ਵਾਲਾ ਮੁਨਾਦੀ ਕਰ ਰਿਹਾ ਸੀ, ‘‘ਅੱਜ ਸ਼ਾਮ ਦੇ 4 ਵਜੇ ਜੱਲ੍ਹਿਆਂ ਵਾਲੇ ਬਾਗ਼ ਵਿਚ ਇਕ ਭਾਰੀ ਪਬਲਿਕ ਜਲਸਾ ਹੋਵੇਗਾ ਜਿਸ ਵਿਚ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ।’’
ਸ੍ਰੀ ਭਾਗ ਮੱਲ ਭਾਟੀਆ ਹਾਲੇ ਸੌਂ ਕੇ ਉੱਠੇ ਸਨ। ਉਨ੍ਹਾਂ ਆਪਣੀ ਪਤਨੀ ਤੋਂ ਸੱਤ ਸੌ ਰੁਪਏ ਲਏ ਤਾਂ ਕਿ ਉਹ ਵਪਾਰੀ ਦਾ ਉਧਾਰ ਲਾਹ ਸਕਣ। ਨਾਲ ਹੀ ਕਿਹਾ, ‘‘ਮੈਂ ਜਲ੍ਹਿਆਂਵਾਲੇ ਬਾਗ਼ ਦੇ ਜਲਸੇ ’ਚੋਂ ਹੋ ਕੇ ਮੁੜਾਂਗਾ।’’
ਘਰ ਘਰ ਅੱਜ ਚਰਚਾ ਜਾਰੀ ਸੀ ਕਿ ਅੱਜ ਗੋਲੀ ਜ਼ਰੂਰ ਚੱਲੇਗੀ। ਦਿਨ ਦੇ ਚਾਰ ਹੀ ਵੱਜੇ ਹੋਣਗੇ ਕਿ ਸੱਚਮੁੱਚ ਬਾਗ਼ ਵਿਚੋਂ ਠਾਹ-ਠਾਹ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਗਲੀ ਵਿਚ ਸਭ ਲੋਕ ਇਕੱਠੇ ਹੋ ਗਏ। ਸ੍ਰੀ ਭਾਗ ਮੱਲ ਦੀ ਗਲੀ ਜਲ੍ਹਿਆਂਵਾਲੇ ਬਾਗ਼ ਦੇ ਨਾਲ ਹੀ ਲੱਗਦੀ ਸੀ। ਉਨ੍ਹਾਂ ਦੀ ਗਲੀ ਵਾਲੇ ਸ੍ਰੀ ਬੂਟਾ ਰਾਮ ਤੇ ਸ੍ਰੀ ਸੁੰਦਰ ਦਾਸ ਨੇ ਸ੍ਰੀ ਭਾਗ ਮੱਲ ਦੀ ਪਤਨੀ ਨੂੰ ਜੱਲ੍ਹਿਆਂ ਵਾਲੇ ਬਾਗ਼ ਵਿਚ ਗੋਲੀ ਚੱਲਣ ਦੀ ਖ਼ਬਰ ਆਣ ਦਿੱਤੀ। ਉਨ੍ਹਾਂ ਦੇ ਆਪਣੇ ਕੱਪੜੇ ਵੀ ਲਹੂ ਨਾਲ ਲਿਬੜੇ ਹੋਏ ਸਨ।
ਸ੍ਰੀਮਤੀ ਅਤਰ ਕੌਰ ਇਕਦਮ ਜੱਲ੍ਹਿਆਂ ਵਾਲੇ ਬਾਗ਼ ਨੂੰ ਉੱਠ ਤੁਰੀ। ਬਾਜ਼ਾਰ ਵਿਚ ਲੋਕ ਇਓਂ ਦੌੜੇ ਆ ਰਹੇ ਸਨ ਜਿਵੇਂ ਖ਼ੂਨ ਦੀਆਂ ਹੋਲੀਆਂ ਖੇਡ ਕੇ ਆ ਰਹੇ ਹੋਣ। ‘‘ਕਿਉਂ ਮਰਨ ਜਾ ਰਹੀ ਏਂ? ਵੇਖਦੀ ਨਹੀਂ ਲੋਕ ਕਿਵੇਂ ਲਹੂ ਵਿਚ ਲਥ-ਪਥ ਹੋਏ ਭੱਜੇ ਆ ਰਹੇ ਹਨ।’’ ਕਹਿ ਕੇ ਸਾਹਮਣਿਓਂ ਆ ਰਹੇ ਕਈ ਪੁਰਸ਼ਾਂ ਨੇ ਅਤਰ ਕੌਰ ਨੂੰ ਜੱਲ੍ਹਿਆਂ ਵਾਲੇ ਬਾਗ਼ ਵੱਲ ਜਾਣੋਂ ਰੋਕਣ ਦੇ ਯਤਨ ਕੀਤੇ, ਕੋਈ ਵੀ ਕਾਮਯਾਬ ਨਾ ਹੋਇਆ। ਪਰ ਜਿਸ ਦੀ ਦੁਨੀਆਂ ਹੀ ਉੱਜੜਨ ਵਾਲੀ ਸੀ ਉਸ ਨੂੰ ਇਹ ਡਰ ਕਿੱਥੇ ਸਮਝ ਵਿਚ ਆ ਸਕਦਾ ਸੀ। ਅਤਰ ਕੌਰ ਦੌੜਦੀ ਗਈ ਤੇ ਜਲ੍ਹਿਆਂਵਾਲੇ ਬਾਗ਼ ਵਿਚ ਜਾ ਦਾਖਲ ਹੋਈ। ਬਾਗ਼ ਵਿਚ ਨਰਕ ਦਾ ਦ੍ਰਿਸ਼ ਸੀ। ਅਤਰ ਕੌਰ ਨੇ ਡਿੱਠਾ ਸੈਂਕੜੇ ਫੱਟੜ ਤੜਫ ਰਹੇ ਸਨ। ਕੋਈ ਬੇਹੋਸ਼ ਪਿਆ ਸੀ ਤੇ ਕੋਈ ਪਾਣੀ ਮੰਗ ਰਿਹਾ ਸੀ। ਕੋਈ ‘ਹਾਏ ਮਰ ਗਿਆ’, ‘ਹਾਏ ਮਰ ਗਿਆ’ ਕਰ ਰਿਹਾ ਸੀ। ਬਹੁਤ ਸਾਰੇ ਦੁੱਖ ਤੋਂ ਛੁਟਕਾਰਾ ਪਾਉਣ ਲਈ ਹੱਥ ਪੈਰ ਮਾਰ ਰਹੇ ਤੇ ਦਮ ਤੋੜ ਰਹੇ ਸਨ। ਅਤਰ ਕੌਰ ਭਰੀਆਂ ਹੋਈਆਂ ਅੱਖਾਂ ਨਾਲ ਸਭ ਕੁਝ ਵੇਂਹਦੀ ਤੁਰੀ ਗਈ ਤੇ ਅੱਗੇ ਵਧਦੀ ਗਈ। ਪਤੀਦੇਵ ਦੀ ਭਾਲ ਵਿਚ ਲਹੂ ਭਰੀਆਂ ਲਾਸ਼ਾਂ ਵਿਚ ਦੀ ਗੁਜ਼ਰਦੀ ਗਈ।
ਲੋਕ ਘਰਾਂ ਨੂੰ ਵਾਪਸ ਜਾ ਰਹੇ ਸਨ ਕਿਉਂਕਿ ਮਾਰਸ਼ਲ ਲਾਅ ਲੱਗ ਚੁੱਕਾ ਸੀ ਤੇ ਰਾਤ ਦੇ ਅੱਠ ਵਜੇ ਤੋਂ ਬਾਅਦ ਘਰ ਤੋਂ ਬਾਹਰ ਦਿੱਸਣ ਵਾਲੇ ਨੂੰ ਹਾਕਮਾਂ ਨੇ ਗੋਲੀ ਨਾਲ ਉਡਾ ਦੇਣ ਦਾ ਐਲਾਨ ਕਰ ਦਿੱਤਾ ਸੀ। ਅਤਰ ਕੌਰ ਤੇ ਇਕ ਹੋਰ ਦੇਵੀ ਰਤਨ ਦੇਈ ਅਤੇ ਇਕ ਮਿਸ਼ਰ ਪਾਣੀ ਪਿਲਾਉਣ ਵਾਲਾ ਹੀ ਜੱਲ੍ਹਿਆਂ ਵਾਲੇ ਬਾਗ਼ ਵਿਚ ਰਹਿ ਗਏ ਸਨ। ਅਤਰ ਕੌਰ ਪਤੀ ਦੀ ਤਲਾਸ਼ ਕਰਦੀ ਕਰਦੀ ਖੂਹ ਕੋਲ ਚਲੀ ਗਈ, ਜਿਹੜਾ ਉਨ੍ਹੀਂ ਦਿਨ੍ਹੀਂ ਵਿਰਾਨ ਤੇ ਧਰਤੀ ਦੇ ਬਰੋਬਰ ਸੀ। ਉਸ ਵੇਲੇ ਉਸ ਖੂਹ ਦੇ ਚਾਰੇ ਪਾਸੇ ਕੁਝ ਨਹੀਂ ਹੁੰਦਾ ਸੀ। ਇਹ ਉਹੋ ਖੂਹ ਹੈ ਜਿਹੜਾ ਅੱਜ ਜੱਲ੍ਹਿਆਂ ਵਾਲਾ ਬਾਗ਼ ਵਿਚ ਟੂਟੀਆਂ ਗੁਸਲਖਾਨਿਆਂ ਆਦਿ ਨਾਲ ਉਸਰਿਆ ਹੋਇਆ ਹੈ। ਖ਼ੂਹ ਵਿਚ ਐਨੀਆਂ ਲਾਸ਼ਾਂ ਡਿਗ ਪਈਆਂ ਸਨ ਕਿ ਖੂਹ ਦਾ ਪਾਣੀ ਉੱਪਰ ਆ ਗਿਆ ਸੀ। ਕੋਈ ਲਾਸ਼ ਹੇਠ ਚਲੀ ਜਾਂਦੀ ਤੇ ਕੋਈ ਉੱਪਰ ਆ ਜਾਂਦੀ। ਅਤਰ ਕੌਰ ਉੱਥੇ ਵੀ ਆਪਣੇ ਪਤੀਦੇਵ ਨੂੰ ਲੱਭ ਨਾ ਸਕੀ।
ਇਕ ਪਾਸੇ ਉਸ ਨੇ ਵੇਖਿਆ ਕਿ ਛੇ ਪੁਰਸ਼ ਤੇ ਚਾਰ ਬੱਚੇ ਇਕੱਠੇ ਮਰੇ ਪਏ ਸਨ। ਤਿੰਨਾਂ ਪੁਰਸ਼ਾਂ ਦੇ ਕੋਟ ਇਕੋ ਜਿਹੇ ਸਨ। ਸ਼ਾਇਦ ਉਹ ਇਕੋ ਪਰਿਵਾਰ ਦੇ ਜੀਅ ਹੀ ਹੋਣ। ਇਕ ਦਾ ਪੈਰ ਇਕ ਬੱਚੇ ਦੇ ਮੂੰਹ ’ਤੇ ਪਿਆ ਹੋਇਆ ਸੀ। ਅਤਰ ਕੌਰ ਨੇ ਉਸ ਦਾ ਪੈਰ ਬੱਚੇ ਦੇ ਮੂੰਹ ਤੋਂ ਹਟਾਇਆ। ਬੱਚੇ ਦਾ ਮੂੰਹ ਖੁੱਲ੍ਹਾ ਸੀ ਤੇ ਮਾੜਾ-ਮਾੜਾ ਸਾਹ ਆ ਰਿਹਾ ਸੀ। ਬੱਚਾ ਬੁੱਲ੍ਹਾਂ ਉੱਤੇ ਜ਼ੁਬਾਨ ਫੇਰ ਰਿਹਾ ਸੀ। ਇਹ ਵੇਖ ਕੇ ਅਤਰ ਕੌਰ ਦੇ ਅੱਥਰੂ ਹੋਰ ਵੀ ਜ਼ੋਰ ਦੇ ਵਗਣੇ ਸ਼ੁਰੂ ਹੋ ਗਏ ਤੇ ਉਸੇ ਪਲ ਬੱਚੇ ਨੇ ਜਾਨ ਦੇ ਦਿੱਤੀ। ਅਤਰ ਕੌਰ ਦੇ ਪੇਟ ਵਿਚ ਉਸ ਵੇਲੇ ਛੇਆਂ ਮਹੀਨਿਆਂ ਦਾ ਬੱਚਾ ਸੀ। ਉਹ ਬਦਨਸੀਬ ਬੱਚਾ ਜਿਸ ਨੂੰ ਆਪਣੇ ਪਿਤਾ ਦੇ ਦਰਸ਼ਨ ਵੀ ਨਸੀਬ ਨਾ ਹੋਏ ਅਤੇ ਜਿਹੜਾ ਪਿੱਛੋਂ ਕੌਮੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ, ਉਸ ਦਾ ਨਾਮ ਸੋਹਨ ਲਾਲ ਭਾਟੀਆ ਹੈ।
ਅਤਰ ਕੌਰ ਇਕ ਅਜਿਹੀ ਥਾਂ ਪੁੱਜੀ ਜਿੱਥੇ ਉਸ ਨੂੰ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਿਆ। ਪਹਿਲਾਂ ਉਹ ਹਿੰਮਤ ਕਰਕੇ ਅੱਗੇ ਵਧੀ, ਪਰ ਫੇਰ ਬੇਸੁਧ ਹੋ ਕੇ ਡਿੱਗ ਪਈ। ਥੋੜ੍ਹੇ ਚਿਰ ਉਪਰੰਤ ਹੋਸ਼ ਆਈ ਤਾਂ ਡਿੱਠਾ ਕਿ ਉਸ ਦੀ ਧੌਣ ਤੇ ਬਾਹਵਾਂ ਕਿਸੇ ਦੇ ਲਹੂ ਨਾਲ ਗੜੁੱਚ ਹੋ ਗਈਆਂ ਸਨ। ਅਤਰ ਕੌਰ ਦਾ ਕਹਿਣਾ ਹੈ ਕਿ ਜਿੱਥੇ ਜਿੱਥੇ ਉਹ ਖ਼ੂਨ ਲੱਗਾ ਗਰਮੀਆਂ ਦੇ ਮੌਸਮ ਵਿਚ ਉੱਥੇ ਅੱਜ ਵੀ ਜ਼ਖ਼ਮ ਹੋ ਜਾਂਦੇ ਹਨ।
ਹਨੇਰਾ ਕਾਫ਼ੀ ਹੋ ਚੁੱਕਾ ਸੀ ਤੇ ਤੜਫਦੀਆਂ ਲਾਸ਼ਾਂ ਠੰਢੀਆਂ ਪੈ ਚੁੱਕੀਆਂ ਸਨ। ਲੋਕਾਂ ਦਾ ਆਉਣ ਜਾਣ ਬੰਦ ਹੋ ਚੁੱਕਾ ਸੀ ਕਿਉਂਕਿ ਕੋਈ ਵੀ ਮਰਨਾ ਨਹੀਂ ਚਾਹੁੰਦਾ ਸੀ। ਅਤਰ ਕੌਰ ਸੋਚ ਰਹੀ ਸੀ ਕਿ ਉਹ ਪਤੀ ਨੂੰ ਕਿੱਥੇ ਲੱਭੇ। ਇਸ ਸੋਚ ਵਿਚ ਕੁਝ ਹੀ ਕਦਮ ਅੱਗੇ ਗਈ ਸੀ ਕਿ ਸ੍ਰੀ ਭਾਗ ਮੱਲ ਭਾਟੀਆ ਬਾਗ਼ ਦੀ ਇਕ ਕੰਧ ਜਿਹੜੀ ਕੰਬੋਆਂ ਵਾਲੀ ਗਲੀ ਨਾਲ ਲੱਗਦੀ ਸੀ, ਦੇ ਸਹਾਰੇ ਛਾਤੀ ਤਾਣੀਂ ਪਏ ਸਨ। ਦੋਵੇਂ ਲੱਤਾਂ ਛਾਨਣੀ ਛਾਨਣੀ ਹੋ ਚੁੱਕੀਆਂ ਸਨ। ਇਕ ਕੰਨ ਵੀ ਉੱਡ ਗਿਆ ਸੀ। ਅੱਖਾਂ ਖੁੱਲ੍ਹੀਆਂ ਸਨ ਜਿਵੇਂ ਕਿਸੇ ਦਾ ਰਾਹ ਦੇਖ ਰਹੀਆਂ ਹੋਣ। ਅਤਰ ਕੌਰ ਨੇ ਨਿਓਂ ਕੇ ਪਤੀ ਦੇ ਚਰਨ ਛੋਹੇ, ਪਰ ਉਹ ਠੰਢੇ ਹੋ ਚੁੱਕੇ ਸਨ।
ਅਤਰ ਕੌਰ ਪਤੀ ਦੀ ਲਾਸ਼ ਘਰ ਲੈ ਆਈ। ਸ਼ਹਿਰ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਤਰ ਕੌਰ ਕਿੰਨੀ ਬਹਾਦਰ ਹੈ ਕਿ ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਲਾਸ਼ਾਂ ਦੇ ਢੇਰਾਂ ’ਚੋਂ ਪਤੀ ਦੀ ਲਾਸ਼ ਲੱਭ ਲਿਆਈ ਹੈ।
ਪੰਜ ਛੇ ਮਹੀਨੇ ਪਿੱਛੋਂ ਕੁਝ ਸਰਕਾਰੀ ਅਫ਼ਸਰ ਅਤਰ ਕੌਰ ਨੂੰ ਮਿਲੇ, ਉਨ੍ਹਾਂ ਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ. ‘‘ਭੈਣ! ਇਹ ਬੱਚੇ ਤੇਰੇ ਹਨ?’’
‘‘ਜੀ ਹਾਂ।’’ ਅਤਰ ਕੌਰ ਨੇ ਉੱਤਰ ਦਿੱਤਾ।
‘‘ਤੁਹਾਨੂੰ ਇਨ੍ਹਾਂ ’ਤੇ ਤਰਸ ਨਹੀਂ ਆਉਂਦਾ?’’ ਅਫ਼ਸਰਾਂ ਨੇ ਮੁੜ ਕਿਹਾ।
‘‘ਕੀ ਮਤਲਬ?’’ ਅਤਰ ਕੌਰ ਨੇ ਦਰਿਆਫਤ ਕੀਤਾ।
‘‘ਇਨ੍ਹਾਂ ਦੇ ਲੀੜੇ ਕੱਪੜੇ ਤੋਂ ਜਾਪਦਾ ਹੈ ਕਿ ਤੰਗ ਰਹਿੰਦੇ ਹੋਣਗੇ?’’ ਇਕ ਅਫ਼ਸਰ ਨੇ ਜੁਆਬ ਦਿੱਤਾ।
‘‘ਫੇਰ ਕੀ ਕਰਾਂ?’’ ਅਤਰ ਕੌਰ ਨੇ ਜਾਣਨਾ ਚਾਹਿਆ।
ਸਰਕਾਰੀ ਹਾਕਮ-‘‘ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਬੱਚਿਆਂ ਲਈ ਪੰਝੀ ਹਜ਼ਾਰ ਰੁਪਏ ਮੁਆਵਜ਼ਾ ਘੱਲਿਆ ਹੈ, ਉਹ ਲੈ ਕੇ ਗੁਜ਼ਾਰਾ ਕਰੋ।’’
‘‘ਤੁਸੀਂ ਚਾਹੁੰਦੇ ਹੋ ਕੇ ਮੈਂ ਆਪਣੇ ਸ਼ਹੀਦ ਪਤੀ ਦੀ ਕੀਮਤ ਵੱਟ ਕੇ ਆਪਣੇ ਬੱਚਿਆਂ ਦੇ ਮੂੰਹ ਨੂੰ ਕਾਲਖ ਲੁਵਾ ਲਵਾਂ? ਅਤੇ ਆਪਣੇ ਦੇਸ਼ ਦੇ ਇਤਿਹਾਸ ਨੂੰ ਝੂਠਾ ਬਣਾ ਦਿਆਂ?
ਮੈਨੂੰ ਤਾਂ ਉਸ ਵੇਲੇ ਸ਼ਾਂਤੀ ਹੋਵੇਗੀ ਜਦੋਂ ਜੱਲ੍ਹਿਆਂ ਵਾਲੇ ਬਾਗ਼ ਵਿਚ ਗੋਲੀ ਚਲਾਉਣ ਵਾਲੇ ਅੰਗਰੇਜ਼ ਹਾਕਮ ਜਨਰਲ ਡਾਇਰ
ਦੀ ਪਤਨੀ ਡਾਇਰ ਦੀ ਲਾਸ਼ ਨੂੰ ਗੋਦੀ ਵਿਚ ਲੈ ਕੇ ਕਹੇਗੀ: ‘‘ਮੇਰੇ ਬੱਚਿਓ ਤੁਹਾਡਾ ਪਿਤਾ ਇਸ ਸੰਸਾਰ ਵਿਚ ਨਹੀਂ ਰਿਹਾ।’’ ਅਤਰ ਕੌਰ ਨੇ ਅਣਖੀਲਾ ਜਵਾਬ ਦੇ ਕੇ ਭਾਰਤੀ ਨਾਰੀ ਦਾ ਮਾਣ ਰੱਖ ਲਿਆ। ਫਰਵਰੀ 1956 ਨੂੰ ਅੰਮ੍ਰਿਤਸਰ ਕਾਂਗਰਸ ਸੈਸ਼ਨ ਸਮੇਂ ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਸਹਾਇਤਾ ਪੇਸ਼ ਕਰਨ ’ਤੇ ਵੀ ਅਤਰ ਕੌਰ ਨੇ ਕਿਹਾ: ‘‘ਮੈਂ ਸਿਰਫ਼ ਦੇਸ਼ ਨੂੰ ਅੱਗੇ ਵਧਣਾ ਵੇਖਣਾ ਚਾਹੁੰਦੀ ਹਾਂ ਇਹੋ ਮੇਰੀ ਤੇ ਮੇਰੇ ਬੱਚਿਆਂ ਦੀ ਵੱਡੀ ਸਹਾਇਤਾ ਹੈ?’’
(ਅਰਜਨ ਸਿੰਘ ਗੜਗੱਜ ਨੇ ਆਜ਼ਾਦੀ ਦੀ ਲੜਾਈ ਦੌਰਾਨ ਤਿੰਨ ਵਾਰ ਜੇਲ੍ਹ ਕੱਟੀ। ਉਹ ‘ਕਿਰਤੀ, ‘ਜੰਗ-ਏ-ਆਜ਼ਾਦੀ’ ਅਤੇ ‘ਨਵਾਂ ਜ਼ਮਾਨਾ’ ਅਖ਼ਬਾਰਾਂ ਨਾਲ ਜੁੜੇ ਰਹੇ। ‘ਸ਼ਹੀਦ’ ਅਤੇ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਉਨ੍ਹਾਂ ਦੀਆਂ ਮਸ਼ਹੂਰ ਲਿਖਤਾਂ ਹਨ। ਉਨ੍ਹਾਂ ਦੀ ਉਕਤ ਕਹਾਣੀ ਸੱਚੀ ਘਟਨਾ ’ਤੇ ਆਧਾਰਿਤ ਹੈ।)

ਮਾਰਸ਼ਲ ਲਾਅ

ਘਾਣੀ ਪਾ ਕੇ ਮਾਰਸ਼ਲ ਲਾ ਵਾਲੀ,
ਕੌਮੀ ਸੇਵਕਾਂ ਲਗੇ ਪਿੜਾਨ ਭਾਈ।
ਪਕੜ ਪਕੜ ਸਕੂਲ ਦੇ ਮੁੰਡਿਆਂ ਨੂੰ,
ਨਾਲ ਬੈਂਤਾਂ ਦੇ ਲਗੇ ਉਡਾਨ ਭਾਈ।
ਪਕੜ ਪਕੜ ਪਤਵੰਤਿਆਂ ਲੀਡਰਾਂ ਨੂੰ,
ਲਗੇ ਜੇਹਲ ਦੇ ਵਿਚ ਪੁਚਾਨ ਭਾਈ।
ਢਿਡਾਂ ਭਾਰ ਤੋਰਨ ਦੇਖੋ ਹਿੰਦੀਆਂ ਨੂੰ,
ਉਤੇ ਬੱਚਿਆਂ ਬੰਬ ਗਿਰਾਨ ਭਾਈ।
ਪਕੜ ਪਕੜ ਕੇ ਘਰੋਂ ਸੁਆਣੀਆਂ ਨੂੰ,
ਵੇਖੋ ਲਗੇ ਬੇਪਤੀ ਕਰਵਾਨ ਭਾਈ।
ਸਤਰੀਂ ਰਹਿੰਦੀਆਂ ਸੀ ਹਿੰਦੀ ਦੇਵੀਆਂ ਜੋ,
ਲਗੇ ਉਨ੍ਹਾਂ ਦੇ ਘੁੰਡ ਲੁਹਾਨ ਭਾਈ।
ਬੇਪੜਤ ਕੀਤਾ ਸਤਵੰਤੀਆਂ ਨੂੰ,
ਉਤੇ ਮੂੰਹਾਂ ਦੇ ਲਗੇ ਥੁਕਾਨ ਭਾਈ।
ਵਿਚ ਹਿੰਦ ਦੇ ਤੋਬਾ ਦੁਹਾਈ ਮਚ ਗਈ,
ਮਾਰਸ਼ਲ ਲਾ ਦਾ ਆਇਸ਼ਾ ਤੂਫਾਨ ਭਾਈ।

– ਕਿਸ਼ਨ ਸਿੰਘ ਗੜਗੱਜ


Comments Off on ਸ਼ਹੀਦ ਪਤੀ ਦੀ ਲਾਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.