ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਵਿਸਾਖ

Posted On April - 14 - 2019

ਦੇਸੀ ਮਹੀਨਿਆਂ ਦੀ ਲੜੀ ਤਹਿਤ ਸੰਗਰਾਂਦ ਵਾਲੇ ਦਿਨ, ਮਹੀਨੇ ਬਾਰੇ ਜਾਣਕਾਰੀ ਦਿੰਦਾ ਲੇਖ ਪੇਸ਼ ਹੈ। ਡਾ. ਹਰਪਾਲ ਸਿੰਘ ਪੰਨੂ ਐਤਕੀਂ ਵਿਸਾਖ ਮਹੀਨੇ ਬਾਰੇ ਵਾਕਿਫ਼ ਕਰਵਾ ਰਹੇ ਹਨ:

ਡਾ. ਹਰਪਾਲ ਸਿੰਘ ਪੰਨੂ

ਇਸ ਦਿਨ ਤੱਕ ਕਣਕਾਂ ਪੱਕ ਜਾਂਦੀਆਂ ਹਨ, ਸੁਨਹਿਰੀ ਫ਼ਸਲਾਂ ਝੂਮਦੀਆਂ ਹਨ। ਬੱਦਲ ਦਿੱਸੇ, ਕਿਸਾਨ ਨੂੰ ਕਾਂਬਾ ਛਿੜ ਜਾਂਦਾ ਹੈ। ਬਾਪੂ ਜੀ ਕਿਹਾ ਕਰਦੇ- ਇਸ ਮਹੀਨੇ ਰੱਬ ਪੁੱਛੇ, ਕੋਈ ਇਕ ਅੱਧ ਕਣੀ ਕੇਰ ਦਿਆਂ? ਕਿਸਾਨ ਕਹੇਗਾ- ਪਾਣੀ ਦੀ ਦਰਕਿਨਾਰ, ਇਸ ਵਕਤ ਤਾਂ ਸੋਨੇ ਦੀ ਕਣੀ ਵੀ ਨਾ ਸੁੱਟੀਂ ਬਾਬਾ।
ਅਸੀਂ ਐੱਮ.ਏ. ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਲਾਅਨ ਵਿਚ ਗੱਪਾਂ ਮਾਰ ਰਹੇ ਸਾਂ ਕਿ ਕਾਲੀ ਘਟਾ ਉੱਠੀ ਦੇਖ ਕੇ ਸ਼ਹਿਰਨ ਕੁੜੀ ਬੋਲੀ- ਆਹਾ, ਕਿੰਨਾ ਸੁਹਣਾ ਮੌਸਮ ਬਣਨ ਲੱਗੈ। ਮੈਂ ਕਿਹਾ- ਸੁਹਣਾ ਮੌਸਮ? ਤੈਨੂੰ ਪਤਾ ਨੀਂ ਫਸਲਾਂ ਪੱਕੀਆਂ ਹੋਈਆਂ ਨੇ? ਉਹ ਬੋਲੀ- ਜੱਟ ਰੋਂਦੇ ਦੇ ਰੋਂਦੇ!
ਵੈਦਿਕ ਕਾਲ ਵਿਚ ਵਿਸਾਖੀ ਦੇ ਦਿਨ ਨੂੰ ਖਲਜਗਣ ਕਿਹਾ ਜਾਂਦਾ ਸੀ। ਖਲ ਮਾਅਨੇ ਖੇਤ, ਖਲਿਹਾਨ, ਜਗਣ (ਯਜਨ) ਮਾਅਨੇ ਯੱਗ। ਉਹ ਯੱਗ ਜਿਹੜਾ ਪੁਜਾਰੀ ਨਵੀਂ ਫ਼ਸਲ ਆਉਣ ਦੀ ਖ਼ੁਸ਼ੀ ਵਿਚ ਕਿਸਾਨ ਦੇ ਖਰਚੇ ਨਾਲ ਕਰਿਆ ਕਰਦਾ ਸੀ। ਮਹੀਨਾ ਮਹੀਨਾ ਪੁੰਨਦਾਨ ਲੰਗਰ ਪ੍ਰਸ਼ਾਦੇ ਚਲਦੇ। ਇਹ ਯੱਗ ਇੰਨਾ ਖਰਚੀਲਾ ਅਤੇ ਗੁੰਝਲਦਾਰ ਹੋ ਗਿਆ ਕਿ ਕਿਸਾਨ ਅੱਕ ਗਏ ਤੇ ਪੁਰੋਹਤ ਨੂੰ ਕਿਹਾ- ਬੰਦ ਕਰ ਇਹ ਖਲਜਗਣ। ਖਲਜਗਣ ਸ਼ਬਦ ਅਸੀਂ ਅੱਜ ਵੀ ਵਰਤਦੇ ਹਾਂ, ਪਰ ਇਸ ਦੇ ਪਿੜੋਕੜ ਦਾ ਪਤਾ ਨਹੀਂ।
ਗੁਰੂ ਅੰਗਦ ਦੇਵ ਜੀ ਨੇ ਸੰਗਤ ਨੂੰ ਸਾਲ ਵਿਚ ਦੋ ਵਾਰ ਦੀਵਾਲੀ ਤੇ ਵਿਸਾਖੀ ਦੇ ਦਿਨ ਅੰਮ੍ਰਿਤਸਰ ਇਕੱਠੇ ਹੋਣ ਦਾ ਹੁਕਮ ਦਿੱਤਾ ਸੀ। ਵਕਤ ਬੀਤਣ ’ਤੇ ਮੁਗ਼ਲ ਸਲਤਨਤ ਹਿੰਸਕ ਹੋ ਗਈ ਤਦ ਆਨੰਦਪੁਰ ਇਕੱਠ ਹੋਣ ਲੱਗਾ। ਸਾਲ 1699 ਦੀ ਵਿਸਾਖੀ ਦੇ ਦਿਨ ਗਲੋਬ ਉੱਪਰ ਖੰਡੇ ਦੀ ਮੁਹਰ ਲੱਗੀ। ਕੇਵਲ ਖੱਤਰੀ ਨੂੰ ਹਥਿਆਰ ਚੁੱਕਣ ਦਾ ਅਧਿਕਾਰ ਹੈ, ਵੈਸ਼ ਅਤੇ ਸ਼ੂਦਰ ਹੱਕਦਾਰ ਨਹੀਂ ਹਨ, ਇਹ ਪ੍ਰਥਾ ਖ਼ਤਮ। ਦਸਮ ਪਾਤਸ਼ਾਹ ਨੇ ਬਚਨ ਕੀਤਾ, ‘‘ਹਥਿਆਰਬੰਦ ਹੋਕੇ ਵੈਸ਼ ਅਤੇ ਸ਼ੂਦਰ ਰਾਜ ਕਰਨਗੇ।’’ ਸਰਬਲੋਹ ਅਕਾਲ ਦਾ ਮੁਰੀਦ ਖਾਲਸਾ ਪੰਥ ਸਰਬਲੋਹ ਹੋ ਗਿਆ।

ਸੁਲੇਖ: ਜਤਿੰਦਰ ਸਿੰਘ

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ॥
ਯੇ ਯਾਦ ਰਖੈ ਹਮਰੀ ਗੁਰਿਆਈ॥
ਮਹਾਰਾਜ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਸਨ ਕਿ ਮਾਤਾ ਸਾਹਿਬ ਦੇਵਾਂ ਪੱਲੇ ਵਿਚ ਪਤਾਸੇ ਲੈ ਆਏ, ਬਾਟੇ ਵਿਚ ਪਾ ਦਿੱਤੇ। ਗੁਰੂ ਜੀ ਨੇ ਉਨ੍ਹਾਂ ਨੂੰ ਖਾਲਸਾ ਪੰਥ ਦੀ ਮਾਤਾ ਦਾ ਖਿਤਾਬ ਦਿੱਤਾ। ਸਿੱਖ ਪਰੰਪਰਾ ਉਨ੍ਹਾਂ ਨੂੰ ਕੁਆਰਾ ਡੋਲਾ ਆਖਦੀ ਹੈ, ਪੰਥ ਦੀ ਕੁਆਰੀ ਮਾਂ। ਮਾਂ ਮਰੀਅਮ ਨੂੰ ਈਸਾਈ ‘ਮੇਰੀ ਵਰਜਿਨ’ ਦੇ ਖਿਤਾਬ ਨਾਲ ਯਾਦ ਕਰਦੇ ਹਨ, ਕੁਆਰੀ ਮਾਂ। ਇਨ੍ਹਾਂ ਦੋ ਮਹਾਨ ਔਰਤਾਂ ਨੇ ਦੋ ਸੱਭਿਅਤਾਵਾਂ ਨੂੰ ਜਨਮ ਦਿੱਤਾ। ਇਕ ਹਜ਼ਾਰ ਸਾਲ ਤੋਂ ਬਰਾਸਤਾ ਅਫ਼ਗਾਨਿਸਤਾਨ ਲੁੱਟਣ ਪੁੱਟਣ ਵਾਸਤੇ ਆਉਂਦੇ ਧਾੜਵੀਆਂ ਦੀ ਜਿਹੜੀ ਗੋਲੀ ਕਾਬਲ ਤੋਂ ਚੱਲ ਕੇ ਦਿੱਲੀ ਤਕ ਕਿਤੇ ਨਹੀਂ ਰੁਕਦੀ ਸੀ, ਉਹ ਤਾਂ ਰੁਕੀ ਹੀ, ਸਰਕਾਰ ਖਾਲਸਾ ਦੀ ਸੈਨਾ ਨੇ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਕਾਬਲ ਦੀਆਂ ਸੜਕਾਂ ਉਪਰ ਕੂਚ ਕੀਤਾ। ਹੋਣੀ ਦੇ ਰਥ ਦਾ ਪਹੀਆ ਪੁੱਠਾ ਘੁੰਮਿਆ। ਗੁਰੂ ਬਚਨ ਸਤਿ ਹੋਏ।
ਜਿਸ ਵਿਸਾਖੀ 1699 ਨੂੰ ਖਾਲਸਾ ਪੰਥ ਪ੍ਰਗਟਿਆ ਸੀ, ਉਹ 30 ਮਾਰਚ ਸੀ ਜੋ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਵਕਤ 13 ਅਪਰੈਲ ਹੋ ਗਿਆ। ਅੱਜ 14 ਅਪਰੈਲ ਨੂੰ ਅਸੀਂ 15 ਦਿਨ ਅੱਗੇ ਲੰਘ ਚੁੱਕੇ ਹਾਂ। ਸਿੱਖਾਂ ਨੇ ਨਾਨਕਸ਼ਾਹੀ ਸੰਮਤ ਤਾਂ ਜਾਰੀ ਕੀਤਾ ਹੀ, ਕੁਝ ਜੰਤ੍ਰੀਆਂ ਖਾਲਸਾ ਸੰਮਤ ਵੀ ਛਾਪਦੀਆਂ ਹਨ ਜੋ ਹੁਣ 320-21 ਹੈ। ਇਹ ਵਿਸਾਖੀ ਤੋਂ ਚੜ੍ਹਦਾ ਹੈ। ਸਕੂਲ ਵਿਚ ਅਸੀਂ ਗਾਇਆ ਕਰਦੇ:
ਜਲ੍ਹਿਆਂ ਵਾਲੇ ਬਾਗ ਦਾ ਸਾਕਾ ਸੁਣਕੇ ਦਿਲ ਘਬਰਾਏ ਨੀਂ।
ਮਰ ਗਏ ਗੋਲੀਆਂ ਨਾਲ ਨਿਹੱਥੇ ਕਈ ਮਾਵਾਂ ਦੇ ਜਾਏ ਨੀਂ।
ਜਲ੍ਹਿਆਂ ਵਾਲੇ ਸਾਕੇ ਤੋਂ ਇਕ ਹਫ਼ਤਾ ਪਹਿਲਾਂ 6 ਅਪਰੈਲ ਨੂੰ ਇਕ ਹੋਰ ਘਟਨਾ ਘਟੀ ਸੀ ਜਿਸ ਦਾ ਬਹੁਤਿਆਂ ਨੂੰ ਨਹੀਂ ਪਤਾ। ਇਸ ਦਿਨ ਵਰੋਲਿਆਂ ਦੇ ਬੀਜ ਬੀਜੇ ਗਏ ਜਿੱਥੋਂ ਤੂਫ਼ਾਨਾਂ ਦੀ ਫ਼ਸਲ ਉੱਗੀ।
ਮਹਾਤਮਾ ਗਾਂਧੀ ਨੇ ਕਾੱਲ ਦਿੱਤੀ ਕਿ 6 ਅਪਰੈਲ 1919 ਨੂੰ ਭਾਰਤ ਬੰਦ ਰਹੇਗਾ। ਇਸ ਦਿਨ ਦੁਕਾਨਾਂ ਦਫ਼ਤਰ ਬੰਦ ਰਹਿਣਗੇ। ਭਾਰਤਵਾਸੀ ਇਕ ਦਿਨ ਲਈ ਵਰਤ ਰੱਖਣ, ਮੰਦਰਾਂ ਮਸਜਿਦਾਂ, ਗੁਰਦੁਆਰਿਆਂ ਵਿਚ ਜਾ ਕੇ ਪਾਠ ਪੂਜਾ ਕਰਨ। ਅੰਦੋਲਨ, ਪੂਰਨ ਸ਼ਾਂਤਮਈ ਅਤੇ ਅਹਿੰਸਕ ਹੋਵੇ, ਸਤਯਮੇਵਜਯਤੇ।

ਚਿੱਤਰਕਾਰ: ਸਿਧਾਰਥ

ਸਾਰਾ ਦੇਸ ਇਸ ਦਿਨ ਬੰਦ, ਸ਼ਾਂਤ ਰਿਹਾ। ਪੰਜਾਬੀਆਂ ਨੂੰ ਸਮਝ ਨਹੀਂ ਆਈ ਕਿ ਭੁੱਖੇ ਮਰਨ ਨਾਲ ਅੰਗਰੇਜ਼ ਕਿਵੇਂ ਚਲਾ ਜਾਏਗਾ? ਦੁਸ਼ਮਣ ਨੂੰ ਹਰਾਉਣ ਭਜਾਉਣ ਲਈ ਤਾਂ ਤਕੜੇ ਹੋਣ ਦੀ ਲੋੜ ਹੁੰਦੀ ਹੈ। ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ। ਪੰਜਾਬ ਵਿਚ ਥਾਂ ਥਾਂ ਅੱਗਜ਼ਨੀ ਹੋਈ, ਬੈਂਕ ਲੁੱਟੇ, ਡਾਕਖਾਨੇ ਅਤੇ ਰੇਲਵੇ ਪਲੇਟਫਾਰਮ ਫੂਕ ਦਿੱਤੇ। ਦੋ ਬੈਂਕ ਮੈਨੇਜਰਾਂ ਸਮੇਤ ਪੰਜ ਗੋਰੇ ਅਫ਼ਸਰ ਕਤਲ ਕੀਤੇ। ਸਰਕਾਰ ਨੇ ਹਵਾਈ ਜਹਾਜ਼ਾਂ ਨਾਲ ਬਲਦੇ ਲਾਂਬੂਆਂ ਦੀਆਂ ਫੋਟੋਆਂ ਖਿੱਚ ਕੇ ਪ੍ਰੈੱਸ ਨੂੰ ਦਿੱਤੀਆਂ। ਅੰਮ੍ਰਿਤਸਰ ਵਿਚਲੇ ਸਕੂਲ ਦੀ ਗੋਰੀ ਪ੍ਰਿੰਸੀਪਲ ਨੇ ਗੜਬੜ ਹੁੰਦੀ ਦੇਖ ਕੇ ਛੁੱਟੀ ਕਰ ਦਿੱਤੀ ਅਤੇ ਤਾਲਾ ਲਾ ਕੇ ਸਾਈਕਲ ਉਪਰ ਘਰ ਵੱਲ ਤੁਰ ਪਈ। ਭੀੜ ਨੇ ਘੇਰ ਲਈ, ਥੱਪੜ ਮਾਰੇ, ਕੱਪੜੇ ਪਾੜ ਦਿੱਤੇ। ਲੱਜਿਤ ਹੋ ਕੇ ਗਈ।
ਅਗਲੇ ਦਿਨ ਖ਼ਬਰਾਂ ਪੜ੍ਹ ਕੇ ਗਾਂਧੀ ਜੀ ਨੇ ਮੱਥੇ ’ਤੇ ਹੱਥ ਮਾਰਿਆ, ਕਿਹਾ, ‘‘ਮੈਥੋਂ ਹਿਮਾਲਾ ਪਰਬਤ ਜਿੱਡੀ ਗਲਤੀ ਹੋਈ। ਪੰਜਾਬੀਆਂ ਨੂੰ ਪਤਾ ਹੀ ਨਹੀਂ ਸ਼ਾਂਤਮਈ ਅੰਦੋਲਨ ਵੀ ਕੋਈ ਚੀਜ਼ ਹੁੰਦਾ ਹੈ। ਮੈਨੂੰ ਚਾਹੀਦਾ ਸੀ ਪੰਜਾਬੀਆਂ ਨੂੰ ਪਹਿਲਾਂ ਇਸ ਬਾਰੇ ਸਿੱਖਿਅਤ ਕਰਦਾ ਫਿਰ ਕਾੱਲ ਦਿੰਦਾ। ਹੁਣ ਮੈਂ ਪੰਜਾਬ ਜਾਵਾਂਗਾ, ਉਦੋਂ ਤਕ ਉੱਥੇ ਹੀ ਰਹਾਂਗਾ ਜਦੋਂ ਤਕ ਉਨ੍ਹਾਂ ਨੂੰ ਅਹਿੰਸਕ ਅੰਦੋਲਨ ਦੀ ਗੱਲ ਸਮਝ ਨਹੀਂ ਆਉਂਦੀ।’’ ਉਹ ਕਲਕੱਤੇ ਤੋਂ ਪੰਜਾਬ ਆਉਣ ਵਾਲੀ ਟ੍ਰੇਨ ਵਿਚ ਸਵਾਰ ਹੋ ਗਏ। ਪੰਜਾਬ ਦੇ ਲੈਫਟੀਨੈਂਟ ਗਵਰਨਰ ਓਡਵਾਇਰ ਨੇ ਅਫ਼ਸਰਾਂ ਨੂੰ ਕਿਹਾ, ‘‘ਗਾਂਧੀ ਕੀ ਸਿਖਾਏਗਾ? ਮੈਨੂੰ ਆਉਂਦੈ। ਪੰਜਾਬੀਆਂ ਨੂੰ ਸਬਕ ਮੈਂ ਸਿਖਾਵਾਂਗਾ।’’
ਦੂਰ ਦਾ ਸਫ਼ਰ ਮੁਕਾ ਕੇ ਗਾਂਧੀ ਪੰਜਾਬ ਵੱਲ ਆ ਰਹੇ ਸਨ ਕਿ ਪੰਜਾਬੋਂ ਦੂਰ ਪਲਵਲ ਦੇ ਸਟੇਸ਼ਨ ’ਤੇ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਬੇਇੱਜ਼ਤ ਕਰਨ ਹਿਤ ਮਾਲ ਗੱਡੀ ’ਤੇ ਚਾੜ੍ਹ ਕੇ ਪੁਲੀਸ ਟੁਕੜੀ ਨਾਲ ਵਾਪਸ ਤੋਰ ਦਿੱਤੇ। ਇਹ ਖ਼ਬਰ ਪੰਜਾਬੀਆਂ ਨੇ ਪੜ੍ਹੀ, ਉਹ ਤੈਸ਼ ਵਿਚ ਆ ਗਏ ਤੇ 13 ਅਪਰੈਲ ਨੂੰ ਜਲ੍ਹਿਆਂਵਾਲੇ ਬਾਗ਼ ਵਿਚ ਰੋਸ ਪ੍ਰਦਰਸ਼ਨ ਕਰਨ ਦੀ ਕਾੱਲ ਦੇ ਦਿੱਤੀ। ਸਰਕਾਰ ਨੇ ਦਫਾ 144 ਲਾ ਕੇ, ਹੋਕੇ ਦਿਵਾ ਦਿੱਤੇ ਕਿ ਪੰਜ ਤੋਂ ਵਧੀਕ ਬੰਦਿਆਂ ਦੇ ਇਕੱਠ ਦੀ ਮਨਾਹੀ ਹੈ।

ਡਾ. ਹਰਪਾਲ ਸਿੰਘ ਪੰਨੂ

ਜੇ ਪੰਜਾਬੀ ਨਾ ਰੁਕੇ, ਇਕੱਠ ਹੋ ਗਿਆ ਤਾਂ ਇਸ ਇਕੱਠ ਨੂੰ ਸਬਕ ਸਿਖਾਉਣ ਲਈ ਓਡਵਾਇਰ ਨੇ ਪੁਲੀਸ ਅਫ਼ਸਰਾਂ ਨੂੰ ਕਿਹਾ- ਜਦੋਂ ਮੈਂ ਕਹਾਂ ‘ਫਾਇਰ!’, ਇਸ ਦਾ ਮਤਲਬ ਹਵਾਈ ਫਾਇਰ ਹਰਗਿਜ਼ ਨਹੀਂ। ਸਮਝ ਗਏ? ਸਭ ਸਮਝ ਗਏ। ਪਿੱਛੋਂ ਜੋ ਹੋਇਆ ਉਸਦਾ ਸਭ ਨੂੰ ਪਤਾ ਹੈ। ਜਿਸ ਗਲੀ ਵਿਚ ਉਹ ਗੋਰੀ ਪ੍ਰਿੰਸੀਪਲ ਰਹਿੰਦੀ ਸੀ, ਜਿਹੜਾ ਉਸ ਗਲੀ ਵਿਚ ਅੰਦਰ ਜਾਂ ਬਾਹਰ ਜਾਏਗਾ, ਗੋਡਣੀਆਂ ਭਾਰ ਜਾਏ। ਤੇਰਾਂ ਅਪਰੈਲ ਪਾਠ ਪੋਥੀਆਂ ਵਿਚ ਦਰਜ ਹੈ, ਛੇ ਅਪਰੈਲ ਦੀ ਘਟਨਾ ਛੁਪਾ ਲਈ ਜਾਂਦੀ ਹੈ।
ਜਦੋਂ ਗਾਂਧੀ ਦੀ ਰਿਹਾਈ ਹੋਈ, ਪੰਜਾਬ ਆਉਣ ਦੀ ਆਗਿਆ ਮਿਲੀ, ਵਰਕਿੰਗ ਕਮੇਟੀ ਦੀ ਮੀਟਿੰਗ ਹੋਈ। ਲੀਡਰਾਂ ਨੇ 13 ਅਪਰੈਲ ਨੂੰ ਹੋਈ ਹਿੰਸਾ ਦੀ ਨਿਖੇਧੀ ਦਾ ਮਤਾ ਲਿਆਂਦਾ। ਗਾਂਧੀ ਨੇ ਕਿਹਾ- ਪਹਿਲਾਂ 6 ਅਪਰੈਲ ਨੂੰ ਹੋਈ ਹਿੰਸਾ ਦੀ ਨਿਖੇਧੀ ਦਾ ਮਤਾ ਲਿਆਓ। ਵਰਕਿੰਗ ਕਮੇਟੀ ਪਹਿਲੀ ਹਿੰਸਾ ਦੀ ਨਿਖੇਧੀ ਕਰਨ ਨੂੰ ਤਿਆਰ ਨਹੀਂ ਸੀ। ਗਾਂਧੀ ਬਜ਼ਿਦ ਰਹੇ, ਕਿਹਾ- ਕਿਸੇ ਵੱਲੋਂ ਹੋਏ ਚਾਹੇ, ਹਿੰਸਾ ਘਿਨਾਉਣੀ ਹੈ। ਕਈ ਦਿਨ ਕਸ਼ਮਕਸ਼ ਚੱਲੀ, ਆਖ਼ਰ ਦੋਵਾਂ ਦਿਨਾਂ ਦੀ ਹਿੰਸਾ ਦੀ ਨਿਖੇਧੀ ਦਾ ਮਤਾ ਪਾਸ ਹੋਇਆ।
ਗੁਰੂ ਨਾਨਕ ਦੇਵ ਜੀ ਵਿਸਾਖ ਵਰਣਨ ਇਉਂ ਕਰਦੇ ਹਨ:
ਵੈਸਾਖੁ ਭਲਾ ਸਾਖਾ ਵੇਸ ਕਰੇ।।
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ।।
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ।।
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ।।
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ।।
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ।।
ਬਾਰਾਮਾਹ ਤੁਖਾਰੀ ਮਹਲਾ ੧
(ਭਲਾ ਹੈ ਵਿਸਾਖ ਦਾ ਮਹੀਨਾ, ਟਾਹਣੀਆਂ ਨੇ ਨਵੀਂ ਪੁਸ਼ਾਕ ਪਹਿਨ ਲਈ ਹੈ। ਜੀਵ-ਇਸਤ੍ਰੀ ਚੁਗਾਠ ਵਿਚ ਖਲੋਤੀ ਪਤੀ ਦਾ ਰਸਤਾ ਦੇਖਦੀ ਆਖਦੀ ਹੈ- ਪ੍ਰੀਤਮ ਜੀ, ਦਇਆ ਕਰੋ, ਆਓ। ਆਓ, ਉਹ ਭਵਸਾਗਰ ਪਾਰ ਕਰਾਓ ਜਿਸ ਵਿਚੋਂ ਨਹੀਂ ਲੰਘਿਆ ਜਾਂਦਾ। ਤੁਹਾਡੇ ਬਗੈਰ ਅਸੀਂ ਕੌਡੀ ਮੁੱਲ ਦੇ ਵੀ ਨਹੀਂ। ਤੁਹਾਡੇ ਮਹਿਲ ਦੀ ਹੁਣ ਪਛਾਣ ਹੋ ਗਈ ਹੈ ਜੋ ਦੂਰ ਨਹੀਂ ਮੇਰੇ ਅੰਦਰ ਹੈ। ਜਦੋਂ ਸੁਰਤ ਵਿਚ ਸ਼ਬਦ ਟਿਕ ਗਿਆ ਵਿਸਾਖ ਮਹੀਨੇ ਪ੍ਰੀਤਮ ਨਾਲ ਮਿਲਾਪ ਹੋ ਗਿਆ।)

ਸੰਪਰਕ: 94642-51454

ਦੋਹਰਾ

ਮਾਸ ਵਿਸਾਖ ਮਮਾਰਖੀ, ਫੂਲ ਰਹੀ ਬਨਰਾਇ
ਫੂਲੀ ਗਨ ਸਖੀਆ ਲਲਤ, ਹਾਰ ਸ਼ਿੰਗਾਰ ਬਨਾਇ।੩।

ਛੰਦ

ਚੜ੍ਹਦੇ ਮਾਹ ਵਿਸਾਖ ਸਹਾਏ, ਸਖੀਆਂ ਸਭ ਸ਼ਿੰਗਾਰ ਬਣਾਏ
ਚੁਣਕੇ ਕਲੀਆਂ ਹਾਰ ਗੁੰਦਾਏ, ਬਾਗੀਂ ਸੇਜਵੰਦ ਕਸਵਾਏ
ਪ੍ਰੀਤਮ ਪੀਯ ਗਰੇ ਲਪਟਾਏ, ਕਰਦੀ ਕੋਲ ਸਭੀ ਮਨ ਭਾਏ
ਮੈਨੂੰ ਬਿਰਹੋਂ ਨਿਤ ਸੰਤਾਏ,
ਪਲ ਪਲ ਦੇਂਦਾ ਦੁਖ ਸਵਾਏ, ਉਠ ਪ੍ਰਭਾਤ ਨੂੰ।੧।
ਨੀ ਮੈਂ ਕੀਕੂੰ ਸਵਾਂ ਸੁਖਾਲੀ, ਛਾਤੀ ਮਾਰ ਵਿਛੋੜੇ ਸਾਲੀ
ਕੇਸੂ ਅਜਬ ਖਿੜੇ ਵਿਚ ਲਾਲੀ, ਜੂਹਾਂ ਹੋਈਆਂ ਲਾਲ ਗੁਲਾਲੀ
ਮਾਨੋ ਅੱਗ ਬ੍ਰਿਹੋਂ ਨੇ ਜਾਲੀ, ਚੋਂਕੀ ਭਾਹਿ ਚੌਗਿਰਦ ਬਹਾਲੀ
ਪਈਆਂ ਮਹਲ ਅਟਾਰੀ ਖਾਲੀ,
ਚਰਦਾ ਦਰਦ ਜਿਗਰ ਬਨ ਮਾਲੀ ਦਿਨ ਤ ਰਾਤ ਨੂੰ।੨।
ਹੁਣ ਮੈਂ ਕਿਸਨੋ ਕੂਕ ਸੁਣਾਵਾਂ, ਜੋਗਣ ਹੋਇ ਕਿਤੇ ਰਮ ਜਾਵਾਂ
ਸਭੇ ਹਾਰ ਸ਼ਿੰਗਾਰ ਲੁਟਾਵਾਂ, ਕਪੜੇ ਪਾੜ ਬਿਭੂਤ ਰਮਾਵਾਂ
ਗਲ ਮਿਰਗਾਨੀ ਜਟਾਂ ਰਖਾਵਾਂ, ਕੰਨ ਪੜਾ ਕੇ ਮੁੰਦ੍ਰਾਂ ਪਾਵਾਂ
ਘਰ ਘਰ ਗੋਰਖਨਾਥ ਜਗਾਵਾਂ,
ਅੜੀਓ! ਹੁਣ ਮੈਂ ਖ਼ਾਕ ਮਿਲਾਵਾਂ ਕੰਚਨ ਗਾਤ ਨੂੰ।੩।
ਮੈਂ ਤਾਂ ਲੱਖ ਦੁੱਖਾਂ ਨੇ ਘੇਰੀ, ਬਿਧਨਾਂ ਕਲਮ ਅਪੁੱਠੀ ਫੇਰੀ
ਕੇਹੀ ਛੁਟੀ ਇਸ਼ਕ ਅਨ੍ਹੇਰੀ, ਵਿਚੇ ਉਡ ਚਲੀ ਜਿੰਦ ਮੇਰੀ
ਕਰਦੀ ਅਰਜ਼ ਵਿਸਾਖਾ! ਤੇਰੀ, ਦੰਮਾਂ ਬਾਝ ਰਹਾਂ ਤੁਧ ਚੋਰੀ
ਮੇਰਾ ਸਯਾਮ ਮਿਲੇ ਇਕ ਵੇਰੀ, ਵੇ ਮੈਂ ਮੰਨਸਾਂ ਪਰਮ ਘਨੇਰੀ ਏਸੇ ਦਾਤ ਨੂੰ।੪।
ਫੁਲ ਹਰੀ ਕਿ ਹਰਦਮ ਯਾਦ, ਅਰਜ਼ ਤੂੰ ਸੁਣ ਮੇਰੀ ਫਰਿਆਦ
ਕਿ ਮੰਗਦੀ ਰੱਬ ਥੋਂ ਯਹੀ ਮੁਰਾਦ, ਕਿ ਸ਼ਾਦੀ ਸਯਾਮ ਦੀ।੨।

ਦੋਹਰਾ

ਕਹਿ ਵਿਸਾਖ ਸੁਨ ਸਾਂਵਰੀ, ਹੁਣ ਮੈਂਡਾ ਕੀ ਦੋਸ਼
ਜਦੋਂ ਸਯਾਮ ਤੁਧ ਕੋਲ ਸੀ, ਤਦ ਤੂੰ ਰਹੀ ਬਿਹੋਸ਼।੪।

– ਸਾਹਿਬ ਸਿੰਘ ਮ੍ਰਿਗਿੰਦ

* * *

ਦੋਹਰਾ

ਸੈਲ ਕਰਨ ਸਭ ਨਾਰੀਆਂ, ਪੀਆ ਆਪਣੇ ਸੰਗ
ਗ਼ੁਲਾਮ ਸੈਨ ਮੇਰੇ ਚਿਤ ਵਿਖੇ ਉਠਣ ਬਹੁਤ ਤਰੰਗ।੫।੭।

ਛੰਦ

ਅਗੋਂ ਚੜ੍ਹਿਆ ਮਾਹ ਵਿਸਾਖ, ਮੈਂ ਤਾਂ ਰਹੀ ਸਯਾਮ ਨੂੰ ਆਖ
ਬਾਗੀਂ ਪੱਕ ਰਹੀ ਹੈ ਦਾਖ, ਚੋਰ ਉਚੱਕਾ ਫਿਰਦਾ ਲਾਖ
ਮਾਲ ਬਗਾਨਾਂ ਜਾਂਦਾ ਰਾਖ, ਪਿਆ ਜੀਉ ਕੰਬਦਾ।੧।
ਪੀਆ ਜੀਉ ਕੰਬੇ ਸਣੇ ਸਰੀਰਾ, ਜ਼ਾਲਮ ਲਗੇ ਬ੍ਰਿਹੁੰ ਦੇ ਤੀਰਾ
ਤੜਫਾਂ ਜਿਉਂ ਮਛਲੀ ਬਿਨ ਨੀਰਾਂ, ਮੇਰੀ ਕੋਈ ਬੰਧਾਵੋ ਧੀਰਾ
ਸਈਓ! ਧਿਆਵਾਂ ਮੀਰ ਫਕੀਰਾ, ਆਉਣ ਘਰ ਸੋਹਣੇ।੧।
ਆਉਣ ਘਰ ਸੋਹਣੇ ਉਡ ਜਾ ਕਾਵਾਂ, ਤੈਨੂੰ ਕੁੱਟ ਚੂਰੀਆਂ ਪਾਵਾਂ
ਬੰਦੀ ਪਲ ਪਲ ਸ਼ਗਨ ਮਨਾਵਾਂ, ਦਾਵਾਂ ਕਦੀ ਨ ਹੁੰਦਾ ਬਾਵਾਂ
ਜਾਣਾ ਨਿਜ ਮੁਹੱਬਤਿ ਲਾਵਾਂ, ਕਰਮਾਂ ਤੱਤੜੀ।੩।
ਕਰਮਾਂ ਤੱਤੜੀ ਕਿਉਂ ਨਹੀਂ ਮਰਦੀ, ਤਾਅਨੇ ਪਏ ਜਗਤ ਦੇ ਜਰਦੀ
ਕੇਹੀ ਵਾਉ ਵਗੀ ਹੈ ਕਹਰ ਦੀ, ਮੁੜ ਨਾ ਖਬਰ ਆਈ ਦਿਲਬਰ ਦੀ
ਸਹਿ ਸਹਿ ਪਈ ਜਾਨ ਰੋਹ ਕਰਦੀ, ਦਰ ਕਰਤਾਰ ਦੇ।੪।

– ਗ਼ੁਲਾਮ ਹੁਸੈਨ

ਦੋਹਰਾ

ਰਾਮ ਚਲੇ ਬਨਬਾਸ ਕੋ, ਚੜ੍ਹਦੇ ਮਾਹ ਵੈਸਾਖ।
ਜਸਰਥ ਪੰਥ ਨਿਹਾਰਦਾ, ਲੈ ਲੈ ਉਭੇ ਸਾਸ।

ਛੰਦ

ਜਿਨਕੇ ਪੂਤ ਬੈਰਾਗੀ ਥੀਵੈ, ਤਿਨਕੇ ਮਾਤ ਪਿਤਾ ਕਿਉਂ ਜੀਵੈਂ
ਖਾਵੈ ਅੰਨ ਨਾ ਪਾਣੀ ਪੀਵੈਂ, ਬਸਤ੍ਰ ਮੈਲੇ ਸਦਾ ਰਖੀਵੈਂ
ਰਾਜਾ ਉਠ ਉਠ ਪੰਧ ਤਕੀਵੇ, ਰਾਮ ਨਿਹਾਰਦਾ।੧।
ਦਸ਼ਰਥ ਉਠ ਪੰਧ ਨਿਹਾਰੇ, ਭਰ ਭਰ ਹੰਝੂ ਹਾਹੀਂ ਮਾਰੇ।
ਲੈ ਲੈ ਖਾਕ ਸਿਰੇ ਵਿਚ ਡਾਰੇ, ਮੰਦਾ ਕੀਆ ਕਕੇਈ ਨਾਰੇ।
ਮੋ ਸੋ ਵਿਛੜੇ ਰਾਮ ਪਿਆਰੇ, ਅਬ ਕਬ ਮਿਲੇਂਗੇ।੨।
ਪ੍ਰਭ ਜੀ ਕਵਨ ਹੋਇ ਗਤਿ ਮੇਰੀ, ਤੂੰ ਤਾਂ ਚਲਿਉਂ ਉਠ ਸਵੇਰੀ।
ਨਗਰ ਅਜੁਧਿਆ ਭਈ ਅਨ੍ਹੇਰੀ, ਬਿਧਿ ਨੇ ਕਲਮ ਅਪੁੱਠੀ ਫੇਰੀ।
ਦਰਸ਼ਨ ਦੇ ਜਾਈਂ ਇਕ ਵੇਰੀ, ਪਰਜਾ ਆਖਦੀ।੩।
ਕੇਕਈ ਨੇ ਮੰਦਾ ਚਿਤਾਇਆ, ਰਾਮ ਉਦਾਸੀ ਹੋਇ ਕਰ ਆਇਆ।
ਪ੍ਰਭ ਜੀ ਕੀਤਾ ਮਨ ਦਾ ਭਾਇਆ,
ਦੇਵਾਂ ਬੰਦ ਛੁਡਾਵਨ ਆਇਆ ਅਸੁਰ ਸੰਘਾਰਨੇ।੪।

– ਕਵੀ ਗੁਰਦਾਸ ਸਿੰਘ


Comments Off on ਵਿਸਾਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.