ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਰੌਲਟ ਐਕਟ ਵਿਰੋਧੀ ਸੰਘਰਸ਼ ’ਚ ਲੋਕਾਂ ਦਾ ਵਿਸ਼ਾਲ ਏਕਾ

Posted On April - 7 - 2019

ਪਰਮਿੰਦਰ ਸਿੰਘ
ਸਾਂਝਾ ਸੰਘਰਸ਼

ਪਰਮਿੰਦਰ ਸਿੰਘ

13 ਅਪਰੈਲ 1919 ਨੂੰ ਜਨਰਲ ਰੇਜੀਨਲਡ ਡਾਇਰ ਨੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਵਿਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ’ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਸੀ। ਇਹ ਇਕੱਠ ਸਿਰਫ਼ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਡਾ. ਸੈਫ਼-ਉਦ-ਦੀਨ ਕਿਚਲੂ ਅਤੇ ਡਾ. ਸੱਤਪਾਲ ਦੀ ਰਿਹਾਈ ਲਈ ਹੀ ਨਹੀਂ ਕੀਤਾ ਗਿਆ ਸੀ ਸਗੋਂ ਸਾਂਝੇ ਤੌਰ ’ਤੇ ਲੋਕਾਂ ਦੀਆਂ ਰੌਲਟ ਐਕਟ ਅਤੇ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੋਧ ਵਿਚ ਉੱਠਦੀਆਂ ਅਵਾਜ਼ਾਂ ਦਾ ਸਿਖਰ ਵੀ ਸੀ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਖ਼ਾਸਕਰ ਅੰਮ੍ਰਿਤਸਰ ਵਿਚ ਰੌਲਟ ਐਕਟ ਦੇ ਵਿਰੋਧ ’ਚ ਹੋਈਆਂ ਮੀਟਿੰਗਾਂ ਅਤੇ ਜਲਸਿਆਂ ਵਿਚ ਹਰ ਵਰਗ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਹਿੱਸਾ ਲਿਆ ਅਤੇ ਨਾਲ ਹੀ ਇਨ੍ਹਾਂ ਦੀ ਧਾਰ ਸਾਮਰਾਜਵਾਦੀ ਰਾਜ ਦੇ ਵਿਰੁੱਧ ਸੇਧਤ ਸੀ।
ਅੰਮ੍ਰਿਤਸਰ ਵਿਖੇ ਇਸ ਵਿਰੋਧ ਦੀ ਸ਼ੁਰੂਆਤ ਫਰਵਰੀ 1919 ਦੇ ਅਖ਼ੀਰਲੇ ਦਿਨਾਂ ਵਿਚ ਦੇਖੀ ਜਾ ਸਕਦੀ ਹੈ। ਵਿਰੋਧ ਦਾ ਖ਼ਾਸ ਪਹਿਲੂ ਇਹ ਰਿਹਾ ਕਿ ਲੋਕਾਂ ਨੇ ਆਪਣੇ ਅਮਲਾਂ ਅਤੇ ਆਪਣੀ ਭਾਸ਼ਾ ਰਾਹੀਂ ਸਾਮਰਾਜਵਾਦੀ ਰਾਜ ਦੇ ਵਿਰੁੱਧ ਆਪਣੇ ਗੁੱਸੇ ਦਾ ਇਜ਼ਹਾਰ ਖੁੱਲ੍ਹ ਕੇ ਕੀਤਾ। ਕਈ ਵਾਰੀ ਮਹਿੰਗਾਈ ਅਤੇ ਪਲੇਟਫਾਰਮ ਟਿਕਟ ਵਰਗੀਆਂ ਅੰਸ਼ਕ ਮੰਗਾਂ ਦੇ ਆਧਾਰ ’ਤੇ ਲੜੇ ਗਏ ਸੰਘਰਸ਼ਾਂ ਦੌਰਾਨ ਬੁਲਾਰਿਆਂ ਵੱਲੋਂ ਮੁੱਖ ਤੌਰ ’ਤੇ ਅੰਗਰੇਜ਼ੀ ਹਕੂਮਤ ਦੇ ਵਿਰੋਧ ਵਾਲੀ ਰਾਜਨੀਤਕ ਭਾਸ਼ਾ ਵਰਤੀ ਜਾਂਦੀ ਸੀ। ਇਸੇ ਤਰ੍ਹਾਂ ਰੌਲਟ ਐਕਟ ਵਿਰੋਧੀ ਸੰਘਰਸ਼ ਦਾ ਖ਼ਾਸਾ ਵੀ ਰਾਜਨੀਤਕ ਸੀ। ਇਸ ਸੰਘਰਸ਼ ਦੀ ਸ਼ੁਰੂਆਤ 19 ਫਰਵਰੀ 1919 ਨੂੰ ਵੰਦੇ ਮਾਤਰਮ ਹਾਲ ਵਿਚ ਹੋਈ ਮੀਟਿੰਗ ਤੋਂ ਆਖੀ ਜਾ ਸਕਦੀ ਹੈ। ਸ਼ੁਰੂਆਤ ਤੋਂ ਹੀ ਇਹ ਲੋਕਾਂ ਦਾ ਸਰਬ ਸਾਂਝਾ ਸੰਘਰਸ਼ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਲਾ ਕਨ੍ਹਈਆ ਲਾਲ ਨੇ ਕੀਤੀ ਅਤੇ ਇਸ ਵਿਚ ਰੌਲਟ ਐਕਟ ਵਿਰੁੱਧ ਮਤਾ ਬਦਰੁਲ ਇਸਲਾਮ ਨੇ ਪੇਸ਼ ਕੀਤਾ। ਇਸ ਮਤੇ ਵਿਚ ਉਸ ਨੇ ਸਿਰਫ਼ ਦੋ ਲੱਖ ਅੰਗਰੇਜ਼ਾਂ ਦੁਆਰਾ 30 ਕਰੋੜ ਹਿੰਦੋਸਤਾਨੀਆਂ ’ਤੇ ਰਾਜ ਕਰਨ ਦੀ ਸਥਿਤੀ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ 23 ਮਾਰਚ ਨੂੰ ਹੋਈ ਇਕ ਮੀਟਿੰਗ ਵਿਚ ਇਕ ਬੁਲਾਰੇ ਨੇ ਲੋਕਾਂ ਨੂੰ ਵੱਡੀਆਂ ਕੁਰਬਾਨੀਆਂ ਲਈ ਤਿਆਰ ਰਹਿਣ ਲਈ ਆਖਿਆ। ਉਸ ਨੇ ਅੱਗੇ ਕਿਹਾ ਕਿ ਜੇਕਰ ਤੁਹਾਡੇ ਹੱਥ ਕੱਟੇ ਜਾਣ ਤਾਂ ਕੱਟ ਲੈਣ ਦਿਓ, ਬੇੜੀਆਂ ਅਤੇ ਹੱਥਕੜੀਆਂ ਨੂੰ ਗਹਿਣੇ ਅਤੇ ਜੇਲ੍ਹਾਂ ਨੂੰ ਆਪਣੇ ਮੰਦਰ ਅਤੇ ਮਸੀਤਾਂ ਸਮਝੋ; ਅਜਿਹਾ ਕਰਕੇ ਹੀ ਆਜ਼ਾਦੀ ਦੇ ਪੈਰ ਚੁੰਮੇ ਜਾ ਸਕਦੇ ਹਨ। ਸੰਘਰਸ਼ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 30 ਮਾਰਚ ਦੀ ਹੜਤਾਲ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਡਾ. ਸੈਫ਼-ਉਦ-ਦੀਨ ਕਿਚਲੂ ਦੀ ਪ੍ਰਧਾਨਗੀ ਹੇਠ ਹੋਏ ਜਲਸੇ ਵਿਚ ਲਗਭਗ 30,000 ਲੋਕ ਸ਼ਾਮਲ ਹੋਏ। ਕਾਂਗਰਸ ਦੀ ਸ਼ਹਿਰੀ ਕਮੇਟੀ ਦੁਆਰਾ ਗਠਿਤ ਰਿਸੈਪਸ਼ਨ ਕਮੇਟੀ ਵੱਲੋਂ ਹੜਤਾਲ ਨਾ ਕਰਨ ਦਾ ਮਤਾ ਪਾਸ ਕਰਨ ਦੇ ਬਾਵਜੂਦ ਛੇ ਅਪਰੈਲ ਨੂੰ ਅੰਮ੍ਰਿਤਸਰ ਵਿਚ ਮੁਕੰਮਲ ਹੜਤਾਲ ਰਹੀ। ਇਸ ਦਿਨ ਵੀ ਤਕਰੀਬਨ 12 ਤੋਂ 14 ਹਜ਼ਾਰ ਲੋਕ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਹੜਤਾਲ ਦੇ ਹੱਕ ਵਿਚ ਚੱਕਰ ਕੱਢਦੇ ਰਹੇ। ਸ਼ਾਮ ਨੂੰ ਫਿਰ ਕੋਈ 30 ਤੋਂ 40 ਹਜ਼ਾਰ ਲੋਕ ਇਕ ਜਲਸੇ ਵਿਚ ਇਕੱਠੇ ਹੋਏ ਜਿਸ ਦੀ ਪ੍ਰਧਾਨਗੀ ਬਦਰੁਲ ਇਸਲਾਮ ਨੇ ਕੀਤੀ।
ਰੌਲਟ ਐਕਟ ਖਿਲਾਫ਼ ਸੰਘਰਸ਼ ਦਾ ਬਹੁਤ ਹੀ ਮਹੱਤਵਪੂਰਨ ਪੜਾਅ 9 ਅਪਰੈਲ ਨੂੰ ਅੰਮ੍ਰਿਤਸਰ ਵਿਖੇ ਰਾਮ ਨੌਮੀ ਮੌਕੇ ਕੱਢਿਆ ਗਿਆ ਜਲੂਸ ਸੀ। ਇਸ ਜਲੂਸ ਵਿਚ ਆਸਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਰਾਮ ਨੌਮੀ ਦੇ ਇਸ ਜਲੂਸ ਵਿਚ ਸਭ ਧਰਮਾਂ ਨਾਲ ਸਬੰਧਿਤ ਲੋਕਾਂ ਨੇ ਸਾਂਝੇ ਤੌਰ ’ਤੇ ਹਿੱਸਾ ਲਿਆ। ਇਸ ਜਲੂਸ ਦੀ ਅਗਵਾਈ ਅੰਮ੍ਰਿਤਸਰ ਦੇ ਹੀ ਇਕ ਮੈਡੀਕਲ ਪ੍ਰੈਕਟੀਸ਼ਨਰ ਡਾ. ਹਾਫ਼ਿਜ਼ ਮੁਹੰਮਦ ਬਸ਼ੀਰ ਨੇ ਘੋੜੇ ’ਤੇ ਚੜ੍ਹ ਕੇ ਕੀਤੀ। ਬਾਅਦ ਵਿਚ 10 ਅਪਰੈਲ ਦੀਆਂ ਹਿੰਸਕ ਘਟਨਾਵਾਂ ਦੇ ਦੋਸ਼ ਹੇਠ ਮਾਰਸ਼ਲ ਲਾਅ ਤਹਿਤ ਇਸੇ ਡਾ. ਬਸ਼ੀਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਕੈਦ ਦੀ ਸਜ਼ਾ ਵਿਚ ਤਬਦੀਲ ਕਰ ਦਿੱਤੀ ਗਈ। ਇਸ ਜਲੂਸ ਵਿਚ ਡਾ. ਬਸ਼ੀਰ ਦੇ ਪਿੱਛੇ ਸਾਈਕਲ ਸਵਾਰਾਂ ਦਾ ਜਥਾ ਸੀ ਅਤੇ ਇਨ੍ਹਾਂ ਦੇ ਪਿੱਛੇ ਪੈਦਲ ਚੱਲਣ ਵਾਲੇ ਸਨ। ਇਸ ਜਲੂਸ ਨੂੰ ਮਹਾਸ਼ਾ ਰਤਨ ਚੰਦ ਉਰਫ਼ ਰੱਤੋ ਦੇ ਸਾਥੀ ਚੌਧਰੀ ਬੁੱਗਾ ਮੱਲ ਨੇ ਬਹੁਤ ਸੁਚੱਜੇ ਢੰਗ ਨਾਲ ਜਥੇਬੰਦ ਕਰਕੇ ਤਰਤੀਬ ਦਿੱਤੀ ਸੀ। ਜਲੂਸ ਦੇ ਅਖੀਰ ਵਿਚ ਤੁਰਕੀ ਦੇ ਫ਼ੌਜੀਆਂ ਦੀ ਵਰਦੀ ਵਰਗੇ ਕੱਪੜੇ ਪਾਈ ਮੁਸਲਮਾਨ ਨੌਜਵਾਨਾਂ ਦਾ ਜਥਾ ਚੱਲ ਰਿਹਾ ਸੀ।
ਰਾਮ ਨੌਮੀ ਦੇ ਇਸ ਪਵਿੱਤਰ ਦਿਹਾੜੇ ’ਤੇ ਆਮ ਲੋਕਾਂ ਨੇ ਆਪੋ ਆਪਣੇ ਧਰਮਾਂ ਤੋਂ ਉਪਰ ਉੱਠ ਕੇ ਏਕਤਾ ਦਾ ਸਬੂਤ ਦਿੱਤਾ। ਉਸ ਦਿਨ ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕੋ ਘੜੇ ਵਿਚੋਂ ਸਾਂਝੇ ਤੌਰ ’ਤੇ ਪਾਣੀ ਪੀਤਾ। ਇਸ ਜਲੂਸ ਦੇ ਪਿਛੋਕੜ ਵਿਚ ਰੌਲਟ ਐਕਟ ਦਾ ਵਿਰੋਧ ਕਰਨ ਵਾਲਾ ਸੰਘਰਸ਼ ਸੀ। ਇਸ ਕਰਕੇ ਲੋਕ ‘ਮਹਾਤਮਾ ਗਾਂਧੀ ਕੀ ਜੈ’, ‘ਕਿਚਲੂ ਜੀ ਕੀ ਜੈ’, ‘ਸਤਿਆਪਾਲ ਜੀ ਕੀ ਜੈ’ ਅਤੇ ‘ਹਿੰਦੂ ਮੁਸਲਮਾਨ ਕੀ ਜੈ’ ਦੇ ਨਾਅਰੇ ਮਾਰ ਰਹੇ ਸਨ। ਕਿਹਾ ਜਾਂਦਾ ਹੈ ਕਿ ਉਦੋਂ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਮਾਈਲਜ਼ ਇਰਵਿੰਗ ਕਟੜਾ ਆਹਲੂਵਾਲੀਆ ਵਿਖੇ ਸਥਿਤ ਅਲਾਹਾਬਾਦ ਬੈਂਕ ਦੀ ਬਾਲਕੋਨੀ ਵਿਚ ਖੜ੍ਹਾ ਸੋਡਾ ਪੀ ਰਿਹਾ ਸੀ। ਉਸ ਦੇ ਕੋਲ ਦੀ ਲੰਘਣ ਵੇਲੇ ਜਲੂਸ ਵਿਚਲੇ ਬੈਂਡ ਨੇ ਇੱਜ਼ਤ ਵਜੋਂ ‘ਗੌਡ ਸੇਵ ਦਿ ਕਿੰਗ’ ਦੀ ਧੁਨ ਵਜਾਈ, ਪਰ ਜਲੂਸ ਵਿਚ ਲੋਕਾਂ ਦੀ ਸਾਂਝ ਵੇਖ ਕੇ ਮਾਈਲਜ਼ ਇਰਵਿੰਗ ਦੇ ਹੱਥ ਵਿਚ ਫੜਿਆ ਸੋਡੇ ਦਾ ਗਿਲਾਸ ਹਿੱਲ ਗਿਆ। ਇਸੇ ਤਰ੍ਹਾਂ ਜਦੋਂ ਤੁਰਕੀ ਫ਼ੌਜ ਦੀ ਵਰਦੀ ਵਰਗੇ ਕੱਪੜੇ ਪਾਈ ਮੁਸਲਮਾਨ ਨੌਜਵਾਨਾਂ ਦਾ ਜਥਾ ਤਾੜੀਆਂ ਵਜਾਉਂਦਿਆਂ ਲੰਘਿਆ ਤਾਂ ਡਿਪਟੀ ਕਮਿਸ਼ਨਰ ਨੇ ਇਸ ਨੂੰ ਆਪਣੇ ਅਹੁਦੇ ਦੀ ਤੌਹੀਨ ਸਮਝਿਆ ਅਤੇ ਉਹ ਗੁੱਸੇ ਵਿਚ ਆ ਗਿਆ। ਰਾਮ ਨੌਮੀ ਦਾ ਇਹ ਜਲੂਸ ਲੋਕਾਂ ਦੀ ਆਪਸੀ ਸਾਂਝ ਅਤੇ ਪਿਆਰ ਮੁਹੱਬਤ ਦਾ ਪ੍ਰਤੀਕ ਹੀ ਨਹੀਂ ਸੀ ਸਗੋਂ ਸਮੁੱਚੇ ਲੋਕਾਂ ਦੀ ਸਾਮਰਾਜ ਵਿਰੋਧੀ ਚੇਤਨਤਾ ਦਾ ਵੀ ਇਜ਼ਹਾਰ ਸੀ।
ਧਾਰਮਿਕ ਪਛਾਣ ਦੀਆਂ ਵਲਗਣਾਂ ਤੋਂ ਪਾਰ ਜਾ ਕੇ ਲੋਕਾਂ ਦੀ ਆਪਸੀ ਏਕਤਾ ਦੀ ਮਹੱਤਤਾ ਦਾ ਅੰਦਾਜ਼ਾ ਇਸ ਤੋਂ ਵੀ ਲੱਗ ਜਾਂਦਾ ਹੈ ਕਿ ਪੰਜਾਬੀ ਦੇ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੇ 1920 ਵਿਚ ਲਿਖੀ ਆਪਣੀ ਕਵਿਤਾ ‘ਖ਼ੂਨੀ ਵਿਸਾਖੀ’ ਵਿਚ ਰਾਮ ਨੌਮੀ ਦੇ ਜਲੂਸ ਦੇ ਪ੍ਰਸੰਗ ਨੂੰ ਖ਼ਾਸ ਥਾਂ ਦਿੱਤੀ। ਰਾਮ ਨੌਮੀ ਦੇ ਇਸ ਦਿਹਾੜੇ ਦੀ ਖ਼ਾਸ ਖ਼ੁਸ਼ੀ ਨੂੰ ਵ੍ਰਿੰਦਾਵਨ ਦੀ ਹੋਲੀ ਦੀ ਖ਼ੁਸ਼ੀ ਰਾਹੀਂ ਪ੍ਰਗਟ ਕੀਤਾ ਗਿਆ ਕਿਉਂਕਿ ਇਸ ਵਾਰ ਸਾਰੇ ਸਿੱਖ, ਹਿੰਦੂ ਅਤੇ ਮੁਸਲਮਾਨਾਂ ਨੇ ਰਲਮਿਲ ਕੇ ਇਹ ਪੁਰਬ ਮਨਾਇਆ ਸੀ।
ਮੁਸਲਮਾਨਾਂ ਨੇ ਅੱਜ ਇਤਫਾਕ ਵਾਲਾ,
ਇਹ ਅਦੁੱਤੀ ਸਬੂਤ ਵਿਖਾਇਆ ਸੀ।
ਭਾਵੇਂ ਪੁਰਬ ਸੀ ਅਸਲ ਵਿਚ ਹਿੰਦੂਆਂ ਦਾ,
ਐਪਰ ਮੋਮਨਾਂ ਖੂਬ ਸਜਾਇਆ ਸੀ।
ਇਸ ਧਰਮ ਨਿਰਪੱਖ ਏਕਤਾ ਦੀ ਇਕ ਹੋਰ ਮਿਸਾਲ ਨਾਨਕ ਸਿੰਘ ਦੀ ਇਸੇ ਕਵਿਤਾ ਵਿਚ 10 ਅਪਰੈਲ ਨੂੰ ਫ਼ੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਲੋਕਾਂ ਕਰਕੇ ਸਾਂਝੇ ਦਰਦ ਦਾ ਪ੍ਰਸੰਗ ਹੈ। ਨਾਨਕ ਸਿੰਘ ਲਿਖਦੇ ਹਨ:
ਸਾਰੇ ਹਿੰਦੂਆਂ ਸਿੱਖਾਂ ਤੇ ਮੋਮਨਾਂ ਨੂੰ, ਡਾਢਾ ਲੱਗਾ ਇਹ ਗਜ਼ਬ ਦਾ ਬਾਨ ਯਾਰੋ।
ਇਕੋ ਜਿਸਮ ਇਕੋ ਦਿਲ ਦਰਦ ਇਕੋ,
ਸਾਰੇ ਮਜ਼੍ਹਬ ਹੋਏ ਇਕੋ ਜਾਨ ਯਾਰੋ।
ਇਕ ਹੋਰ ਅਸਚਰਜ ਦੀ ਗੱਲ ਦੇਖੀ,
ਜੇਹੜੀ ਕਰਦੀ ਹੈ ਬਹੁਤ ਹੈਰਾਨ ਯਾਰੋ।
ਹਿੰਦੂ ਸਿੱਖ ਓਦੋਂ ਯਾ ਹੁਸੈਨ ਕੈਂਹਦੇ,
ਮੁਸਲਮਾਨ ਕੈਂਹਦੇ ਰਾਮ ਰਾਮ ਯਾਰੋ।
ਇੱਥੇ ਇਹ ਸਵਾਲ ਉੱਠਦਾ ਹੈ ਕਿ ਕੀ ਹਿੰਦੂਆਂ ਅਤੇ ਮੁਸਲਮਾਨਾਂ ਦੀ ਇਹ ਆਪਸੀ ਸਾਂਝ ਕਿਸੇ ਵੀ ਇਤਿਹਾਸਕ ਅਤੇ ਸੱਭਿਆਚਾਰਕ ਆਧਾਰ ਤੋਂ ਬਗੈਰ ਹੀ ਹੋ ਗਈ ਸੀ। ਅਸਲ ਵਿੱਚ ਇਹ ਕਹਿਣਾ ਨਾਵਾਜਬ ਨਹੀਂ ਹੋਵੇਗਾ ਕਿ ਇਨ੍ਹਾਂ ਧਾਰਮਿਕ ਪਛਾਣਾਂ ਦੇ ਆਪਸ ਵਿਰੋਧੀ ਫ਼ਿਰਕੂ ਰਿਸ਼ਤੇ ਹਿੰਦੋਸਤਾਨ ਵਿਚ ਬ੍ਰਿਟਿਸ਼ ਸਾਮਰਾਜਵਾਦ ਦੇ ਆਉਣ ਮਗਰੋਂ ਹੀ ਹੋਂਦ ਵਿਚ ਆਏ। ਇਸ ਤੋਂ ਪਹਿਲਾਂ ਧਾਰਮਿਕ ਰਹੁ-ਰੀਤਾਂ ਵਿਚ ਫ਼ਰਕ ਹੋਣ ਦੇ ਬਾਵਜੂਦ ਲੋਕਾਂ ਦੇ ਆਪਸੀ ਰਿਸ਼ਤੇ ਫ਼ਿਰਕੂ ਵੈਰ ਵਿਰੋਧ ਵਾਲੇ ਨਹੀਂ ਸਨ। ਇਸੇ ਵਿਚਾਰ ਦੀ ਤਰਜਮਾਨੀ ਕਰਦਿਆਂ ਨਾਨਕ ਸਿੰਘ ਨੇ ਲਿਖਿਆ:
ਸਾਰੀ ਉਮਰ ਦੇ ਵਿਛੜੇ ਵੀਰਨਾਂ ਨੂੰ,
ਅੱਜ ਆਪ ਕਰਤਾਰ ਮਿਲਾਇਆ ਸੀ।
ਮਾਈਲਜ਼ ਇਰਵਿੰਗ ਦਾ ਲੋਕਾਂ ਦੇ ਏਕੇ ਨੂੰ ਵੇਖ ਕੇ ਘਬਰਾਹਟ ਮਹਿਸੂਸ ਕਰਨਾ ਵੀ ਬ੍ਰਿਟਿਸ਼ ਰਾਜ ਪ੍ਰਬੰਧ ਦੇ ਇਸ ਨਾਲ ਵਿਰੋਧ ਨੂੰ ਹੀ ਦਰਸਾਉਂਦਾ ਹੈ। ਅਸਲ ਵਿਚ ਬ੍ਰਿਟਿਸ਼ ਰਾਜ ਪ੍ਰਬੰਧ ਦੀ ਮੂਲ ਜੁਗਤ ਲੋਕਾਂ ਦੀਆਂ ਧਾਰਮਿਕ ਪਛਾਣਾਂ ਦੀਆਂ ਠੋਸ ਵਲਗਣਾਂ, ਇਨ੍ਹਾਂ ਪਛਾਣਾਂ ਦੀਆਂ ਆਗੂ ਅਤੇ ਕੁਲੀਨ ਪਰਤਾਂ ਦੁਆਰਾ ਆਪਣੇ ਹਿੱਤਾਂ ਦੀ ਪੂਰਤੀ ਲਈ ਇਨ੍ਹਾਂ ਵਿਚ ਨਵੀਆਂ ਉਮੀਦਾਂ ਜਗਾਉਣ ਤੇ ਰਾਜ ਪ੍ਰਬੰਧ ਵਿਚ ਆਪਣਾ ਸਥਾਨ ਬਣਾਉਣ ਅਤੇ ਇਨ੍ਹਾਂ ਪਛਾਣਾਂ ਦੁਆਰਾ ਲੋਕਾਂ ਵਿਚ ਪੈਦਾ ਕੀਤੇ ਆਪਸੀ ਵਿਰੋਧ ਵਿਚ ਦੇਖੀ ਜਾ ਸਕਦੀ ਹੈ। ਫ਼ਿਰਕੂ ਵਿਰੋਧ ਸਾਡੇ ਲੋਕਾਂ ਦੇ ਗ਼ੁਲਾਮੀ ਦੀ ਜ਼ਿੰਦਗੀ ਜਿਉਂਦੇ ਰਹਿਣ ਦਾ ਇਕ ਮੁੱਖ ਕਾਰਨ ਸੀ। ਨੌਂ ਅਪਰੈਲ 1919 ਨੂੰ ਇਸ ਤਰ੍ਹਾਂ ਦੇ ਵਿਰੋਧ ਨੂੰ ਰੱਦ ਕਰਕੇ ਆਪਸੀ ਏਕਤਾ ਦਾ ਮੁਜ਼ਾਹਰਾ ਹੀ ਉਸ ਦਿਨ ਦੇਸ਼ ਦੀ ਆਜ਼ਾਦੀ ਵੱਲ ਇਕ ਵੱਡਾ ਕਦਮ ਸੀ। ਬ੍ਰਿਟਿਸ਼ ਰਾਜ ਕੋਲ ਇਸ ਪ੍ਰਤੱਖ ਵਿਰੋਧ ਦਾ ਇਕੋ ਇਕ ਜਵਾਬ ਤਾਕਤ ਦੀ ਬੇਦਰੇਗ ਵਰਤੋਂ ਸੀ। ਇਸੇ ਕਰਕੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਦੇ ਹੁਕਮਾਂ ’ਤੇ 10 ਅਪਰੈਲ ਦੀ ਸਵੇਰ ਨੂੰ ਡਾ. ਕਿਚਲੂ ਅਤੇ ਡਾ. ਸੱਤਪਾਲ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ ਗਿਆ। ਉਸੇ ਦਿਨ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਲੋਕਾਂ ’ਤੇ ਗੋਲੀ ਚਲਾ ਕੇ ਤਕਰੀਬਨ ਵੀਹ ਵਿਅਕਤੀਆਂ ਨੂੰ ਮਾਰ ਦਿੱਤਾ ਅਤੇ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਵਾਪਰਿਆ।

ਸੰਪਰਕ: 95010-25030

ਹੋਮ ਰੂਲ ਦੇ ਹਾਮੀ ਦਿੱਤੇ ਜੇਹਲਾਂ ਨੂੰ ਟੋਰ, ਸਤਿਆਪਾਲ ਕਿਚਲੂ ਵੀਰ ਵੇ ਮੇਰੇ ਦੁਖੜੇ ਨਾ ਫੋਲ
ਰਾਮ ਨੌਮੀ ਜੋ ਆਈ ਮੁਸਲਮਾਨ ਹਿੰਦੂ ਨੇਂ ਭਾਈ, ਕਿਚਲੂ ਵੀ ਜੈ ਮਨਾਈ, ਵੱਜੇ ਵਾਜੇ ਤੇ ਢੋਲ
ਦਿਨ ਦੂਜਾ ਚੜਿਆ, ਕਿਚਲੂ ਹਾਕਮਾਂ ਫੜਿਆ, ਸਤਿਆਪਾਲ ਨੂੰ ਅੜਿਆ, ਫੜ ਕੇ ਲੈ ਗਏ ਅਨਭੋਲ
ਸੁਣ ਕੇ ਗਈਆਂ ਨੇ ਜਾਨਾਂ, ਹਿੰਦੂ ਤੇ ਮੁਸਲਮਾਨਾਂ, ਕਰ ਕੇ ਬੰਦ ਦੁਕਾਨਾਂ ਚੱਲੇ ਡੀ ਸੀ ਕੋਲ
ਖਲਕਤ ਪੁਲ ਉੱਤੇ ਆਈ ਡੱਕੇ ਗੋਰੇ ਸਿਪਾਹੀ, ਇਹਨਾਂ ਗੋਲੀ ਚਲਾਈ ਮਾਰੇ ਕਈ ਅਨਭੋਲ
ਲੋਕਾਂ ਤੈਸ਼ ਜੋ ਆਇਆ ਨੈਸ਼ਨਲ ਬੰਕ ਜਲਾਇਆ, ਲੁਟਿਆ ਹੱਥ ਜੋ ਆਇਆ ਬੂਹੇ ਬੰਕਾਂ ਦੇ ਖੋਲ
ਜਰਨਲ ਡਾਇਰ ਜੋ ਆਇਆ ਫੌਜਾਂ ਨਾਲ ਲੈ ਆਇਆ, ਉਹਨੇ ਫ਼ਾਇਰ ਕਰਾਇਆ, ਮਾਰੇ ਗਏ ਅਨਭੋਲ

(ਅਗਿਆਤ ਕਵੀ, ਹਵਾਲਾ ਸ਼ਫ਼ਕਤ ਤਨਵੀਰ ਮਿਰਜ਼ਾ ਦੀ ਕ੍ਰਿਤ ‘ਰਜ਼ਿਸਟੈਂਸ ਥੀਮਜ਼ ਇਨ ਪੰਜਾਬੀ ਲਿਟਰੇਚਰ’ ਵਿਚੋਂ)


Comments Off on ਰੌਲਟ ਐਕਟ ਵਿਰੋਧੀ ਸੰਘਰਸ਼ ’ਚ ਲੋਕਾਂ ਦਾ ਵਿਸ਼ਾਲ ਏਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.