ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਰਲਿਆ ਖੂਨ ਹਿੰਦੂ ਮੁਸਲਮਾਨ ਏਥੇ

Posted On April - 13 - 2019

ਫੀਰੋਜ਼ਦੀਨ ਸ਼ਰਫ

ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ,
ਚਲੇ ਇੰਗਲਸ਼ੀ ਐਸੇ ਫੁਰਮਾਨ ਏਥੇ।
ਕਰਾਂ ਕੇਹੜਿਆਂ ਅੱਖਰਾਂ ਵਿਚ ਜ਼ਾਹਿਰ,
ਜੋ ਜੋ ਜ਼ੁਲਮ ਦੇ ਹੋਏ ਸਾਮਾਨ ਏਥੇ।
‘ਉਡਵਾਇਰ’ ਦੀ ਉਤੋਂ ਉੱਡ ‘ਵਾਇਰ’ ਆਈ,
ਕੀਤੇ ‘ਡਾਇਰ’ ਨੇ ਹੁਕਮ ਫੁਰਮਾਨ ਏਥੇ।
ਨਰਕ ਵਿਚ ਜਮਦੂਤ ਨਮਰੂਦ ਕੰਬਣ,
ਲੱਗਾ ਕਰਨ ਜੋ ਕਰਨ ਬਿਆਨ ਏਥੇ।
ਜੇਹੜਾ ਪਾਰ ਸਮੁੰਦਰੋਂ ਲੜੇ ਜਾ ਕੇ,
ਓਹਦਾ ਅੱਜ ਮਿਲਿਆ ਸਾਨੂੰ ਆਨ ਏਥੇ।
ਇਕੋ ‘ਆਨ’ ਅੰਦਰ ਜ਼ਾਲਮ ਆਨ ਕੇ ਤੇ,
ਦਿੱਤੀ ਮੇਟ ਪੰਜਾਬ ਦੀ ਆਨ ਏਥੇ।
ਕੀਤੀ ਰਾਖੀ ਵਿਸਾਖੀ ਵਿਚ ’ਜੇਹੀ ਸਾਡੀ,
ਲੱਗੇ ਗੋਲੀਆਂ ਮਾਰਨ ਸ਼ੈਤਾਨ ਏਥੇ।
ਕੀਤਾ ਅਤਿਆਚਾਰ ਨਿਹੱਥਿਆਂ ਤੇ,
ਹੋਇਆ ਹਸ਼ਰ ਦਾ ਗਰਮ ਮੈਦਾਨ ਏਥੇ।
ਚਲੀ ਪੇਸ਼ ਨ ਕੋਈ ‘ਜ਼ੇਰ’ ਜ਼ਬਰ ਹੋ ਗਏ,
ਰਹਿ ਗਏ ਕਈਆਂ ਦੇ ਦਿਲ ਵਿਚ ਅਰਮਾਨ ਏਥੇ।

ਕਈ ਜਾਨ ਭਿਆਨੇ ਸਨ ਜਾਣ ਲੱਗੇ,
ਦਿੱਤੀ ਤੜਫ ਕੇ ਉਹਨਾਂ ਵੀ ਜਾਨ ਏਥੇ।
ਸੁੱਧ ਬੁੱਧ ਨ ਕੇਸ ਤੇ ਵੇਸ ਦੀ ਸੀ,
ਕਈ ਹੋਏ ਐਸੇ ਪਰੇਸ਼ਾਨ ਏਥੇ।
ਕਈ ਖੂਹ ਵਿਚ ਡਿੱਗੇ ਸਨ ਵਾਂਗ ‘ਯੂਸਫ’
ਮਰ ਗਏ ਕਈ ਤਿਹਾਏ ਇਨਸਾਨ ਏਥੇ।
ਮਹਿੰਦੀ ਲੱਥੀ ਨਹੀਂ ਸੀ ਕਈਆਂ ਲਾੜਿਆਂ ਦੀ,
ਹੋ ਗਏ ਲਹੂ ਵਿਚ ਲਹੂ ਲੁਹਾਨ ਏਥੇ।
ਜ਼ਾਲਮ ਜਨਮ ਕਸਾਈਆਂ ਨੇ ਹਿੰਦੀਆਂ ਨੂੰ,
ਵਾਂਗ ਬੱਕਰੇ ਕੀਤਾ ਕੁਰਬਾਨ ਏਥੇ।
ਕਿਧਰੇ ਤੜਫਦੇ ਸਨ ਤੇ ਕਿਤੇ ਸੈਹਕਦੇ ਸਨ,
ਕਿਧਰੇ ਵਿਲਕਦੇ ਸਨ ਨੀਮ ਜਾਨ ਏਥੇ।
ਜ਼ਖਮੀ ਪਾਣੀ ਬਿਨ ਮੱਛੀਆਂ ਵਾਂਗ ਤੜਫੇ,
ਨਾਲ ਖੂਨ ਦੇ ਹੋਏ ਰਵਾਨ ਏਥੇ।
ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਓਹ ‘ਰਹੀਮ’ ‘ਕਰਤਾਰ’ ‘ਭਗਵਾਨ’ ਏਥੇ।
ਹੋਏ ‘ਜ਼ਮਜ਼ਮ’ ਤੇ ‘ਗੰਗਾ’ ਇਕ ਥਾਂ ‘ਕੱਠੇ’,
ਰਲਿਆ ਖੂਨ ਹਿੰਦੂ ਮੁਸਲਮਾਨ ਏਥੇ।

ਵਰਹੇ ਪਿੱਛੋਂ ਸ਼ਹੀਦਾਂ ਦਾ ਸੋਗ ਲੈ ਕੇ,
ਰੋਵਨ ਆਂਵਦਾ ਨਿਤ ਅਸਮਾਨ ਏਥੇ।
ਰੜਕਨ ਤੀਰ ‘ਪੰਜਾਬ’ ਦੇ ਜਿਗਰ ਅੰਦਰ,
ਮਾਰੇ ਜ਼ੁਲਮ ਦੇ ਪਾਪੀਆਂ ਬਾਨ ਏਥੇ।
ਹੋ ਗਏ ਕਈਆਂ ਭਰਾਵਾਂ ਦੇ ਲੱਕ ਦੋਹਰੇ,
ਕੀਤੀ ਜ਼ਾਲਮਾਂ ’ਜੇਹੀ ਕਮਾਨ ਏਥੇ।
ਭੈਣਾਂ ਘਰੀਂ ਉਡੀਕ ਦੇ ਵਿਚ ਰਹੀਆਂ,
ਹੋ ਗਏ ‘ਚੰਦ’ ਜੇਹੇ ਵੀਰ ਵੈਰਾਨ ਏਥੇ।
ਰੋਂਦੀ ਰਹੂਗੀ ਉਹਨਾਂ ਦੀ ਮੜ੍ਹੀ ਤੁਰਬਤ,
ਮਰ ਗਏ ਜਿਨਹਾਂ ਦੇ ਕੰਤ ਜਵਾਨ ਏਥੇ।
ਨ ਉਹ ਮੋਇਆਂ, ਨ ਜੀਂਵਦਿਆਂ ਵਿਚ ਰਹਿ ਗਏ,
ਮਰ ਗਏ ਜਿਹਨਾਂ ਦੇ ਪੁੱਤ ਬਲਵਾਨ ਏਥੇ।
ਕਈ ਪਿਉ ਮਹਟ੍ਰਿ ਜਦ ਆਂਵਦੇ ਨੇ,
ਨਿਮੋਝੂਨ ਹੈਰਾਨ ਹੋ ਜਾਨ ਏਥੇ।
ਪਰਲੋ ਤੀਕ ਪਏ ਦਿਸਨਗੇ ਦਾਗ ਲੱਗੇ,
ਲਾਂਭੇ ਚਾਂਭੇ ਸਨ ਜੇਹੜੇ ਮਕਾਨ ਏਥੇ।
ਵੱਜਨ ਗੋਲੀਆਂ ਸੀਨੇ ਦੇ ਵਿਚ ਸਾਨੂੰ,
ਜਦੋਂ ਵੇਖੀਏ ਲੱਗੇ ਨਸ਼ਾਨ ਏਥੇ।

ਆਖਰ ਤੀਕ ਨ ਜਾਨਗੇ ਕਦੀ ਸੀਤੇ,
ਜੇਹੜੇ ਚਾਕ ਹੋ ਗਏ ਗਰੀਬਾਨ ਏਥੇ।
ਚਾੜ੍ਹੇ ਜ਼ੁਲਮ ਦੇ ਕਟਕ ਸਨ ਚੜ੍ਹਦਿਆਂ ’ਤੇ,
ਕੀਤੇ ‘ਲੈਂਹਦੜਾਂ’ ਕੈਹਿਰ ਤੂਫ਼ਾਨ ਏਥੇ।
ਐਸਾ ਜ਼ੁਲਮ ਨ ਕਿਨੇ ਕਦੀ ਕੀਤਾ,
ਅੱਗੇ ਹੋਏ ਲੱਖਾਂ ਹੁਕਮਰਾਨ ਏਥੇ।
ਵੇਖੀਂ ‘ਗੁਰੂ ਦੀ ਨਗਰੀ’ ਨ ਪਾਪੀਆਂ ਨੇ,
ਅੰਨ੍ਹੇ ਹੋਏ ਸਨ ’ਜੇਹੇ ਨਾਦਾਨ ਏਥੇ।
ਕੋਲ ‘ਤਖ਼ਤ ਅਕਾਲ’ ਬਰਾਜਦਾ ਏ,
ਇਹ ਵੀ ਕੀਤਾ ਨਾ ਜ਼ਾਲਮਾਂ ਧਿਆਨ ਏਥੇ।
ਅੱਜ ਇਹ ਉਹਨਾਂ ਨੂੰ ਕੈਹਣ ਸ਼ਹੀਦ ਰੋ ਰੋ,
‘ਲਾਲ’, ‘ਖਾਲਸਾ’ ਤੇ ਬੈਠੇ ‘ਖਾਨ’ ਏਥੇ।
ਕੇਹੜੇ ਜੁੱਗ ਵਿਚ ਲਾਹੋਗੇ ਸਿਰਾਂ ਉੱਤੋਂ,
ਜੇਹੜੇ ‘ਡਾਇਰ’ ਨੇ ਚਾੜ੍ਹੇ ਐਸਾਨ ਏਥੇ।
ਪਾ ਪਾ ਖੂਨ ਸ਼ਹੀਦਾਂ ਦਾ ਡੁੱਲ੍ਹਿਆ ਏ,
ਆਵੇ ਅਦਬ ਦੇ ਨਾਲ ਇਨਸਾਨ ਏਥੇ।
ਘੱਟੇ ਮਿੱਟੀ ਅੰਦਰ ‘ਸ਼ਰਫ’ ਰਲੀ ਹੋਈ ਏ,
ਸਾਡੇ ਸਾਰੇ ਪੰਜਾਬ ਦੀ ਸ਼ਾਨ ਏਥੇ।
***

ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ
ਏਸ ਚਮਨ ਦੇ ਵਿਚ ਕੀ ਜ਼ਿੰਦਗੀ ਦਾ,
ਮੈਨੂੰ ਰਹਿਣ ਦਾ ਦੱਸੋ ਸਵਾਦ ਹੋਵੇ।
ਏਸੇ ਤਾੜ ਵਿਚ ਰਹਵੇ ਗੁਲਚੀਨ ਜਿੱਥੇ,
ਖਿਲੇ ਕਲੀ ਨਾ ਗੁਲ ਆਬਾਦ ਹੋਵੇ।
ਚੱਪ ਚੱਪੇ ਤੇ ਦਾਮ ਖਲਾਰ ਨਾਲੇ,
ਕਦਮ ਕਦਮ ’ਤੇ ਬੈਠਾ ਸਯਾਦ ਹੋਵੇ।
ਅਸਾਂ ਤੋਤਿਆਂ, ਬੁਲਬੁਲਾਂ, ਕੁਮਰੀਆਂ ਦੀ,
ਪੂਰੀ ਦਿਲ ਦੀ ਤਾਈਏਂ ਮੁਰਾਦ ਹੋਵੇ।
ਬਾਗ਼ ਆਪਣਾ ਹੋਏ ਤੇ ਫੁੱਲ ਆਪਣੇ,
ਮਾਲੀ ਆਪਣਾ ਤਦੇ ਦਿਲਸ਼ਾਦ ਹੋਵੇ।
ਕਰੋੋ ਹਿੰਦੀਓ ਰਲ ਕੇ ਹੁਣ ਕੰਮ ਐਸਾ,
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ॥1।।

ਹਾਂ ਉਹ ਹਿੰਦੀਏ ਜਿਨ੍ਹਾਂ ਨੇ ਸੀਸ ਦਿੱਤੇ,
ਕੀਤਾ ਜੰਗ ਜਦ ਜਰਮਨਾਂ ਤੁਰਕੀਆਂ ਨੇ।
ਗੱਲਾ ਹਿੰਦ ਦਾ ਘੱਲਿਆ ਵਿਚ ਯੂਰਪ,
ਮੂੰਹੋਂ ਕੱਢ ਕੱਢ ਦਿੱਤੀਆਂ ਬੁਰਕੀਆਂ ਨੇ।
ਸਾਡੇ ਸਿਰਾਂ ਤੇ ਫਤ੍ਹੇ ਸਰਕਾਰ ਪਾਈ,
ਤਾਂਹੀ ਮੂੰਹਾਂ ਤੇ ਲਾਲੀਆਂ ਸੁਰਕੀਆਂ ਨੇ।
ਅਸਾਂ ਹੱਕ ਜਦ ਮੰਗਿਆ ਆਪਣਾ ਏ,
ਰੌਲਟ ਬਿਲ ਦੀਆਂ ਦਿੱਤੀਆਂ ਘੁਰਕੀਆਂ ਨੇ।
ਐਸਾ ਜ਼ੁਲਮ ਤੇ ਉਹ ਵੀ ਅੱਜ ਕਰੇ ਤੋਬਾ,
ਜੇ ਕਰ ਜਿੰਦਾ ਫਰਊਨ ਸ਼ਦਾਦ ਹੋਵੇ।
ਕਰੋ ਹਿੰਦੀਓ ਰਲ ਕੇ ਹੁਣ ਕੰਮ ਐਸਾ,
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ॥2॥
ਹਸ਼ਰ ਤੀਕ ਕਹਾਣੀਆਂ ਪੈਣੀਆਂ ਨੇ,
ਜਿਹੜੇ ਡਾਇਰ ਓਡਵਾਇਰ ਨੇ ਵੈਰ ਕੀਤੇ।
ਭੁੰਨ ਸੁੱਟਿਆ ਬੱਚਿਆਂ ਬੁੱਢਿਆਂ ਨੂੰ,
ਦਿਲ ਖੋਹਲ ਬੰਦੂਕਾਂ ਦੇ ਫਾਇਰ ਕੀਤੇ।
ਖੂਨੇ ਬੁਲਬੁਲਾਂ ਥੀਂ ਲਾਲਾਜ਼ਾਰ ਕਰਕੇ,
ਬਾਗ਼ ਜੱਲ੍ਹਿਆਂ ਵਾਲੇ ਦੇ ਸੈਰ ਕੀਤੇ।
ਦਿੱਤਾ ਫ਼ੈਜ ਇਹ ਹਿੰਦੂਆਂ ਮੁਸਲਮਾਂ ਨੂੰ,
’ਕੱਠੇ ਇਕ ਥਾਂ ਕਾਹਬਾ ਤੇ ਦੈਰ ਕੀਤੇ।
ਏਸ ਜ਼ੁਲਮ ਬੇਹੱਦ ਤੇ ਕੈਹਨ ਜ਼ਾਲਮ,
ਖਬਰਦਾਰ ਨਾ ਕਦੀ ਫਰਿਆਦ ਹੋਵੇ।
ਕਰੋ ਹਿੰਦੀਓ ਰਲ ਕੇ ਹੁਣ ਕੰਮ ਐਸਾ,
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ॥3॥

ਖੂਨ ਦੇ ਕਬਿੱਤ

ਸੁਲੇਖ ਹਰਦੀਪ ਸਿੰਘ

ਰਣਜੀਤ ਸਿੰਘ ਤਾਜਵਰ

ਉੱਠ ਮਰਦਾਨਿਆਂ ਤੂੰ ਛੇੜ ਖਾਂ ਰਬਾਬ ਭਾਈ,
ਖੂਨ ਦੇ ਕਬਿੱਤ ਤੈਨੂੰ ਬੋਲ ਕੇ ਸੁਣਾਈਏ।
ਜਦੋਂ ਜਾਮੇ ਦਸਵੇਂ ਨੂੰ ਆਣ ਪਲਟਾਵਸਾਂ ਗੇ,
ਰਚਾਂਗੇ ਹਵਨ ਇਕ ਖੋਲ੍ਹ ਕੇ ਸੁਣਾਈਏ।
ਮਾਤਾ ਪਿਤਾ ਪੁੱਤਰਾਂ ਦੀ ਕਰਕੇ ਆਹੂਤੀ ਫੇਰ,
ਕੱਢ ਲੈਸਾਂ ਰਾਖ, ਕੁੰਡ ਫੋਲ, ਸੁਣਾਈਏ।

ਖਾਦ ਏਹੋ ਰਾਖ ਪਾ ਕੇ ਜਿਗਰ ਸੰਦਾ ਖੂਨ ਡੋਲ,
ਬੂਟਾ ਸਵਰਾਜ ਲਾਸਾਂ, ਬੋਲ ਕੇ ਸੁਣਾਈਏ।।
ਫਲ ਫੇਰ ਦੇਰ ਬਾਅਦ ਲੱਗੇ ਕੁੱਲ ਦੋਵੇਂ, ਇਹਨੂੰ,
ਇਕ ਨੂੰ ਜਾ ਹਿੰਦ ਮਾਤਾ ਖਾਂਵਦੀ ਆ ਆਇਕੋ।
ਲੱਗਾ ਇਹ ਸਵਾਦ ਜਦ ਬਹੁਤ ਮਾਤਾ ਹਿੰਦ ਤਾਈਂ,
ਪੁੱਛੇ ਤਿੰਨੇ ਪੁੱਤਰ ਤਾਂ ਆਪਣੇ ਬੁਲਾਇ ਕੇ।

ਤਿੰਨ ਹੋ ਦੁਲਾਰੇ ਤਸੀਂ ਫਲ ਇਕ ਮੇਰੇ ਪਾਸ,
ਕਿਵੇਂ ਤੁਸਾਂ ਤਿੰਨਾਂ ਨੂੰ ਏਹ ਦਵਾਂ ਮੈਂ ਵੰਡਾਇਕੇ।
ਫੇਰ ਕਹਿੰਦੀ ਇਕ ਤਜਵੀਜ ਹੈ ਵੇ ਮੇਰੇ ਪਾਸ,
ਜੋ ਮੈਂ ਹੁਣੇ ਦੱਸਾਂ ਤੁਸਾਂ ਤਾਈਂ ਸਮਝਾਇਕੇ।
ਫਲ ਦੂਜਾ ਬਿਰਛ ਦੇ ਉੱਤੇ ਜਦ ਪੱਕ ਲੱਥੇ,
ਬੀਜ ਕੱਢ ਤੁਸਾਂ ਤਿੰਨਾਂ ਤਾਈਂ ਦੇਸਾਂ ਵੰਡ ਕੇ।

ਗੁਰੂ ਜੀ ਗੋਬਿੰਦ ਸਿੰਘ ਵਾਂਗ ਏਹਨੂੰ ਪਾਲੋਗੇ ਜਾਂ,
ਮਜ਼ਾ ਵੱਧ ਆਉ ਖਾਣ ਨਾਲੋਂ ਖੀਰ ਖੰਡ ਕੇ।
ਖਾਦ ਏਸ ਬੂਟੜੇ ਦੀ ਪੁੱਤਰਾਂ ਦੀ ਰਾਖ ਅਤੇ,
ਖੂਨ ਸਿੰਜੋਂ ਸੀਸ ਨੂੰ ਚੜ੍ਹਾ ਕੇ ਫੇਰ ਚੰਡ ਕੇ।

ਫਲ ਫੇਰ ਦੇਰ ਬਾਅਦ ਲੱਗੂ ਬਹੁਤ ਮਿੱਠਾ ਏਹਨੂੰ,
ਰੱਜ ਕੇ ਤਾਂ ਫੇਰ ਤੁਸੀਂ ਖਾਇਓ ਪੇਟ ਛੰਡਕੇ।
ਤਦੋਂ ਤਿੰਨਾਂ ਭਾਈਆਂ ਨੇ ਹੀ ਕੀਤੀ ਇਹ ਸਲਾਹ ਪੱਕੀ,
ਚੱਲੋ ਕੋਈ ਪਾਕ ਜ਼ਿਮੀਂ ਜ਼ੋਰ ਵਾਲੀ ਟੋਲੀਏ।


Comments Off on ਰਲਿਆ ਖੂਨ ਹਿੰਦੂ ਮੁਸਲਮਾਨ ਏਥੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.