ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮੱਛਰ ਤੋਂ ਮਲੇਰੀਆ: ਕਿਵੇਂ ਬਚੀਏ

Posted On April - 26 - 2019

ਰਾਜੇਸ਼ ਰਿਖੀ

ਮਲੇਰੀਆ ਗਰਮੀਆਂ ਵਿਚ ਹੋਣ ਵਾਲੀ ਅਜਿਹਾ ਰੋਗ ਹੈ ਜਿਸ ਦਾ ਇਲਾਜ ਜੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਮਲੇਰੀਆ ਠੰਢ ਤੇ ਸਿਰ ਦਰਦ, ਮੁੜ ਮੁੜ ਬੁਖਾਰ ਹੋਣ ਵਾਲਾ ਰੋਗ ਹੈ ਜਿਸ ਵਿਚ ਬੁਖਾਰ ਕਦੇ ਉੱਤਰ ਜਾਂਦਾ ਹੈ, ਕਦੇ ਚੜ੍ਹ ਜਾਂਦਾ ਹੈ। ਜ਼ਿਆਦਾ ਗੰਭੀਰ ਹਾਲਾਤ ਵਿਚ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਮਲੇਰੀਆ ਪਲਾਸਮੋਡੀਅਮ ਦੇ ਤੌਰ ‘ਤੇ ਜਾਣੇ ਜਾਂਦੇ ਪਰਜੀਵੀ ਕਾਰਨ ਹੁੰਦਾ ਹੈ। ਇਹ ਮਾਦਾ ਐਨੋਫਲੀਜ ਨਾਮੀ ਮੱਛਰ ਦੇ ਡੰਗਣ ਕਰਕੇ ਹੁੰਦਾ ਹੈ। ਹਰ ਸਾਲ 25 ਅਪਰੈਲ ਨੂੰ ਸੰਸਾਰ ਮਲੇਰੀਆ (ਰੋਕੂ) ਦਿਵਸ ਮਨਾਇਆ ਜਾਂਦਾ ਹੈ।
ਭਾਰਤ ਵਿਚ ਮਲੇਰੀਆ ਸਾਲ ਵਿਚ ਕਿਸੇ ਵੀ ਸਮੇਂ ਹੋ ਸਕਦਾ ਹੈ ਪਰ ਗਰਮੀਆਂ ਅਤੇ ਬਰਸਾਤੀ ਦਿਨਾਂ ਦੇ ਵਿਚ ਜ਼ਿਆਦਾ ਫੈਲਦਾ ਹੈ। ਬਰਸਾਤ ਦੇ ਦਿਨਾਂ ਵਿਚ ਮੱਛਰਾਂ ਦੀ ਗਿਣਤੀ ਵਧ ਜਾਂਦੀ ਹੈ। ਸਰਵੇਖਣ ਅਨੁਸਾਰ, ਦੱਖਣ ਪੂਰਬੀ ਏਸ਼ੀਆ ਵਿਚ ਮਲੇਰੀਆ ਦੇ ਕੁੱਲ ਕੇਸਾਂ ਦੀ ਗਿਣਤੀ ਵਿਚ ਭਾਰਤ ਦਾ ਹਿੱਸਾ 77 ਫੀਸਦ ਦੇ ਕਰੀਬ ਹੈ। ਇਹ ਜ਼ਿਆਦਾਤਰ ਰਾਜਸਥਾਨ, ਕਰਨਾਟਕ, ਉੜੀਸਾ, ਝਾਰਖੰਡ, ਉਤਰਾਖੰਡ, ਗੁਜਰਾਤ, ਗੋਆ ਤੇ ਮੱਧ ਪ੍ਰਦੇਸ਼ ਵਿਚ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ।
ਲੱਛਣ: ਜਦੋਂ ਕਿਸੇ ਸ਼ਖ਼ਸ ਨੂੰ ਐਨੋਫਲੀਜ਼ ਮੱਛਰ ਕੱਟਦਾ ਹੈ ਤਾਂ ਇਹ ਕੱਟਣ ਦੇ ਸੱਤ ਦਿਨ ਤੱਕ ਵੀ ਵਿਕਾਸ ਕਰ ਸਕਦਾ ਹੈ। ਇਸ ਸੂਰਤ ਵਿਚ ਜਦੋਂ ਕੋਈ ਸ਼ਖ਼ਸ ਇਸ ਦੇ ਅਸਰ ਹੇਠ ਆਉਂਦਾ ਹੈ ਤਾਂ ਆਮ ਲੱਛਣਾਂ ਵਿਚ ਬੁਖਾਰ, ਸਿਰ ਦਰਦ, ਉਲਟੀ, ਚਾਰ ਤੋਂ ਅੱਠ ਘੰਟੇ ਦੇ ਚੱਕਰ ਨਾਲ ਬੁਖਾਰ ਦਾ ਚੜ੍ਹਨਾ ਤੇ ਉਤਰਨਾ, ਥਕਾਵਟ, ਸਰੀਰ ਦਰਦ ਆਦਿ ਸਮੱਸਿਆ ਆ ਸਕਦੀ ਹੈ। ਜੇ ਸਮੇਂ ਸਿਰ ਇਨ੍ਹਾਂ ਲੱਛਣਾਂ ਦੀ ਸ਼ਨਾਖ਼ਤ ਕਰਕੇ ਮਲੇਰੀਏ ਦੀ ਪੁਸ਼ਟੀ ਨਾ ਕੀਤੀ ਜਾਵੇ ਤਾਂ ਇਹ ਕਿਸੇ ਵੀ ਮਰੀਜ਼ ਦੇ ਲਈ ਖਤਰਾ ਬਣ ਸਕਦੇ ਹਨ।
ਕਾਰਨ: ਮਲੇਰੀਏ ਵਾਲਾ ਪਰਜੀਵੀ ਪਲਾਸਮੋਡੀਅਮ ਜੀਨਸ ਨਾਲ ਸੰਬੰਧਿਤ ਹੈ ਜੋ ਪੀ ਫਾਲਸੀਪੇਰਮ, ਪੀ ਮਲੇਰੀ, ਪੀ ਓਵੇਲ, ਪੀ ਵੈਵਾਕਸ ਹੈ ਜੋ ਖਾਸ ਕਿਸਮ ਦੇ ਮਾਦਾ ਮੱਛਰ ਐਨੋਫਲੀਜ਼ ਦੇ ਕੱਟਣ ਕਰਕੇ ਹੁੰਦਾ ਹੈ ਜਾਂ ਫਿਰ ਮਲੇਰੀਆ ਤੋਂ ਪ੍ਰਭਾਵਿਤ ਸ਼ਖ਼ਸ ਨੂੰ ਕੱਟ ਕੇ ਕਿਸੇ ਦੂਸਰੇ ਸ਼ਖ਼ਸ ਨੂੰ ਕੱਟਣ ਵਾਲੇ ਆਮ ਮੱਛਰ ਨਾਲ ਵੀ ਹੋ ਸਕਦਾ ਹੈ।
ਮੱਛਰ ਕਿਵੇਂ ਬਿਮਾਰ ਕਰਦਾ ਹੈ: ਉਂਜ ਤਾਂ ਇਹ ਮੱਛਰ ਸਵੇਰ ਤੋਂ ਸ਼ਾਮ ਤੱਕ ਕੱਟਦਾ ਹੈ ਪਰ ਰਾਤ ਨੂੰ ਇਸ ਦੇ ਕੱਟਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਮਾਦਾ ਮੱਛਰ ਦੇ ਕੱਟਣ ਨਾਲ ਮੱਛਰ ਦੇ ਸਲਾਈਵਾ ਤੋਂ ਅਰਧ-ਪ੍ਰੋੜ ਪੈਰਾਸਾਈਟ ਮੱਛਰ ਸਰੀਰ ਦੇ ਵਿਸ਼ੇਸ਼ ਹਿੱਸੇ ਜਿਸ ਨੂੰ ਪ੍ਰਬੋਸਿਸ ਕਿਹਾ ਜਾਂਦਾ ਹੈ, ਰਾਹੀਂ ਮਨੁੱਖ ਦੀਆਂ ਨਿੱਕੀਆਂ ਨਾੜੀਆਂ (ਸੰਚਾਰ ਸਿਸਟਮ) ਵਿਚ ਜਾਂਦਾ ਹੈ। ਇਹ ਪਰਜੀਵੀ ਖੂਨ ਵਿਚੋਂ ਹੁੰਦਾ ਹੋਇਆ ਜਿਗਰ ਸੈੱਲ ਵਿਚ ਪਹੁੰਚ ਕੇ ਪ੍ਰੋੜ ਤੇ ਪੁਨਰਗਠਿਤ ਹੁੰਦਾ ਹੈ। ਮਨੁੱਖ ਦੇ ਖੂਨ ਦੇ ਸੈੱਲਾਂ ‘ਤੇ ਹਮਲਾ ਕਰਨ ਤੋਂ ਪਹਿਲਾ ਇਹ ਲਾਗ ਜਿਗਰ ਵਿਚ ਫੈਲਦਾ ਹੈ ਜਿੱਥੋਂ ਕਈ ਗੁਣਾ ਹੋ ਕੇ ਖੂਨ ਵਿਚ ਮਿਲ ਜਾਂਦਾ ਹੈ। ਫਿਰ ਕੁਝ ਵਿਸ਼ੇਸ਼ ਸਮੇਂ ‘ਤੇ ਲਾਗ ਵਾਲੇ ਖੂਨ ਵਿਚ ਵਿਸ਼ੇਸ਼ ਹਾਲਤ ਪੈਦਾ ਹੁੰਦੀ ਹੈ। ਆਮ ਤੌਰ ‘ਤੇ ਲਾਗ ਵਾਲੇ ਖੂਨ ਵਿਚ ਹਰ 48 ਤੋਂ 72 ਘੰਟਿਆਂ ਵਿਚਕਾਰ ਇਹ ਵਿਸ਼ੇਸ਼ ਹਾਲਤ ਬਣਦੀ ਹੈ। ਜਦੋਂ ਵੀ ਅਜਿਹਾ ਹੁੰਦਾ ਹੈ ਤਾਂ ਮਨੁੱਖ ਨੂੰ ਬੁਖਾਰ, ਪਸੀਨਾ, ਸਿਰਦਰਦ ਜਾਂ ਉਲਟੀ ਹੋ ਸਕਦੀ ਹੈ।
ਬਚਾਅ ਲਈ ਜਾਂਚ: ਜੇ ਕਿਸੇ ਮਨੁੱਖ ਨੂੰ ਉਪਰੋਕਤ ਲੱਛਣ ਹੋਣ ਤਾਂ ਮਲੇਰੀਆ ਦੀ ਪੁਸ਼ਟੀ ਲਈ ਇਮਿਊਨੋ ਕ੍ਰੋਮਟੋਗ੍ਰਾਫਿਕ ਟੈਸਟ ਹੁੰਦਾ ਹੈ। ਇਸ ਨੂੰ ਮਲੇਰੀਆ ਰੈਪਿਡ ਡਾਇਗਨੋਸਟਿਕ ਟੈਸਟ ਵੀ ਕਿਹਾ ਜਾਂਦਾ ਹੈ। ਮਨੁੱਖ ਦੀ ਉਂਗਲ ਤੋਂ ਖੂਨ ਦਾ ਤੁਪਕਾ ਲੈ ਕੇ ਸਲਾਈਡ ਤਿਆਰ ਕੀਤੀ ਜਾਂਦੀ ਹੈ। ਇਹ ਸਲਾਈਡ ਸਿਹਤ ਵਿਭਾਗ ਵੱਲੋਂ ਤਾਇਨਾਤ ਮਲਟੀਪਰਪਜ਼ ਹੈਲਥ ਵਰਕਰ (ਮੇਲ) ਆਪਣੇ ਇਲਾਕੇ ਵਿਚ ਘਰ ਘਰ ਜਾ ਕੇ ਵੀ ਤਿਆਰ ਕਰਦੇ ਹਨ ਅਤੇ ਸਿਹਤ ਵਿਭਾਗ ਦੇ ਹਰ ਕੇਂਦਰ ‘ਤੇ ਜਾ ਕੇ ਵੀ ਬਣਵਾਈ ਜਾ ਸਕਦੀ ਹੈ। ਖੂਨ ਦੀ ਜਾਂਚ ਤੋਂ ਹੀ ਪਤਾ ਲੱਗਦਾ ਹੈ ਕਿ ਉਸ ਨੂੰ ਵਾਇਵੈਕਸ ਜਾਂ ਫਾਲਸੀਪਰਮ ਮਲੇਰੀਆ ਹੈ।
ਬਚਾਅ: ਗਰਮੀਆਂ ਦੇ ਮੌਸਮ ਵਿਚ ਖੜ੍ਹੇ ਪਾਣੀ ਵੱਲ ਪੂਰਾ ਧਿਆਨ ਰੱਖੋ ਕਿਉਂਕਿ ਮਲੇਰੀਆ ਫੈਲਾਉਣ ਵਾਲਾ ਮੱਛਰ ਖੜ੍ਹੇ ਪਾਣੀ ਤੋਂ ਹੀ ਫੈਲਦਾ ਹੈ। ਜਿੱਥੇ ਵੀ ਪਾਣੀ ਵਾਧੂ ਖੜ੍ਹਾ ਹੈ, ਉਸ ਨਾਲ ਤੁਰੰਤ ਨਜਿੱਠੋ। ਪਾਣੀ ਦੀ ਫਾਲਤੂ ਸਟੋਰੇਜ ਤੋਂ ਬਚੋ। ਹਫਤਾਵਾਰੀ ਸਫਾਈ ਜ਼ਰੂਰ ਕਰੋ। ਟੂਟੀਆਂ, ਟੈਂਕੀਆਂ ਦੇ ਥੱਲੇ ਪਾਣੀ ਨਾ ਖੜ੍ਹਨ ਦਿਓ ਅਤੇ ਅਜਿਹੀ ਥਾਂ ਨੂੰ ਰਗੜ ਕੇ ਸਫਾਈ ਕਰੋ। ਛੱਪੜਾਂ ਵਿਚ ਗੰਮਬੂਜੀਆ (ਗੰਮਬੂਸੀਆ) ਮੱਛੀਆਂ ਛੱਡੋ, ਇਹ ਮੱਛੀਆਂ ਮੱਛਰਾਂ ਦੇ ਲਾਰਵੇ ਖਾ ਜਾਂਦੀਆਂ ਹਨ। ਮੱਛਰਦਾਨੀ ਦੀ ਵਰਤੋਂ ਕਰੋ। ਗਰਮੀਆਂ ਵਿਚ ਸਾਰਾ ਸਰੀਰ ਢਕ ਕੇ ਰੱਖਣ ਵਾਲੇ ਕੱਪੜੇ ਪਹਿਨੋ। ਮੱਛਰ ਭਜਾਉਣ ਵਾਲੇ ਤੇਲ, ਕਰੀਮ ਵਰਤੋ। ਕੀਟਨਾਸ਼ਕ ਸਪਰੇਅ ਕਰੋ। ਘਰਾਂ ਵਿਚ ਜਾਲੀ ਦੀ ਵਰਤੋਂ ਕਰੋ। ਆਲੇ ਦੁਆਲੇ ਨਾਲੀਆਂ ਵਿਚ ਕਾਲੇ ਜਾਂ ਮਿੱਟੀ ਦੇ ਤੇਲ ਦੀ ਸਪਰੇਅ ਕਰੋ। ਸਮੂਹਿਕ ਬਚਾਅ ਲਈ ਪੰਚਾਇਤਾਂ, ਸਮਾਜ ਸੇਵੀ ਕਲੱਬ ਤੇ ਹੋਰ ਸੰਸਥਾਵਾਂ ਫੌਗਿੰਗ ਕਰਵਾ ਸਕਦੀਆਂ ਹਨ। ਮਲੇਰੀਆ ਅਜਿਹਾ ਰੋਗ ਹੈ ਜਿਸ ਤੋਂ ਸਾਵਧਾਨੀ ਰੱਖ ਕੇ ਬਚਿਆ ਜਾ ਸਕਦਾ ਹੈ।

ਸੰਪਰਕ: 93565-52000


Comments Off on ਮੱਛਰ ਤੋਂ ਮਲੇਰੀਆ: ਕਿਵੇਂ ਬਚੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.