ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਬੰਦੇ ਦਾ ਬੰਦਾ ਦਾਰੂ

Posted On April - 28 - 2019

ਪ੍ਰਤੀਕਰਮ

ਮੋਨੀਕਾ ਕੁਮਾਰ

ਮੋਨੀਕਾ ਕੁਮਾਰ

ਪੰਜਾਬੀ ਟ੍ਰਿਬਊਨ (ਦਸਤਕ 14 ਅਪਰੈਲ 2019) ਵਿਚ ਛਪੇ ਮੇਰੇ ਲੇਖ ‘ਮੈਂ ਜਾਤੀਵਾਦੀ ਸਮਾਜ ਵਿਚ ਮਰਨਾ ਨਹੀਂ ਚਾਹੁੰਦੀ’ ਬਾਰੇ ਕਈ ਪਾਠਕਾਂ ਨੇ ਆਪਣੇ ਵਿਚਾਰ ਦੱਸੇ।
ਇਸ ਬਾਰੇ ਮੇਰੀ ਸਮਝ ਮੁਤਾਬਿਕ ਦਲਿਤਾਂ ਵਿਰੁੱਧ ਅਖੌਤੀ ਉੱਚੀ ਜਾਤ ਦੇ ਲੋਕਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਉਹ ਲੋਕ ਘੱਟ ਨੰਬਰ ਲੈ ਕੇ ਉੱਚੇ ਅਹੁਦਿਆਂ ’ਤੇ ਪਹੁੰਚ ਜਾਂਦੇ ਨੇ। ਮੈਨੂੰ ਲੱਗਦਾ ਹੈ, ਇਸ ਰੋਸ ਦਾ ਕਾਰਨ ਇਹ ਹੈ ਕਿ ਸੰਵਿਧਾਨ ਵੱਲੋਂ ਦਲਿਤ ਵਰਗ ਨੂੰ ਸਿੱਖਿਆ ਪ੍ਰਾਪਤੀ ਤੇ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਤਾਂ ਮਿਲ ਗਿਆ, ਪਰ ਉੱਚ ਜਾਤੀਆਂ ਦੇ ਲੋਕਾਂ ਨੂੰ ਭਾਰਤੀ ਲੋਕਤੰਤਰ ਦੇ ਉਸ ਮੁਕਾਮ ’ਤੇ ਰਾਖਵੇਂਕਰਨ ਦੀ ਲੋੜ ਤੇ ਮਹੱਤਵ ਵਿਆਪਕ ਤੌਰ ’ਤੇ ਕਿਸੇ ਨੇ ਸਮਝਾਇਆ ਨਹੀਂ। ਹੋਣਾ ਇਹ ਚਾਹੀਦਾ ਸੀ ਕਿ ਆਜ਼ਾਦੀ ਤੋਂ ਬਾਅਦ ਦਲਿਤ ਮੁਕਤੀ ਅੰਦੋਲਨ ਦੇ ਸਮਾਨਾਂਤਰ ਉੱਚ ਜਾਤ ਦੇ ਰਸੂਖ਼ਵਾਨ ਨੇਤਾ ਵੀ ਆਪਣੇ ਵਰਗ ਦੇ ਲੋਕਾਂ ਦੀ ਜਾਤ ਪ੍ਰਤੀ ਚੇਤਨਾ ਸੁਧਾਰਨ ਦੀ ਮੁਹਿੰਮ ਚਲਾਉਂਦੇ ਤਾਂ ਜੋ ਰਾਖਵੇਂਕਰਨ ਦੀ ਨੀਤੀ ਸਹੀ ਢੰਗ ਨਾਲ ਲਾਗੂ ਕੀਤੀ ਜਾ ਸਕਦੀ। ਅਫ਼ਸੋਸ ਦੀ ਗੱਲ ਇਹ ਹੈ ਕਿ ਉੱਚ ਜਾਤ ਦੇ ਲੋਕਾਂ ਨੇ ਹਮਦਰਦੀ ਦਾ ਦਮ ਭਰਦਿਆਂ ਵੀ ਜਾਤ ਦੇ ਹੰਕਾਰ ਵਿਚ ਕਦੇ ਦਲਿਤਾਂ ਦੀ ਥਾਂ ਆਪ ਨੂੰ ਰੱਖ ਕੇ ਨਹੀਂ ਵੇਖਿਆ। ਉੱਚ ਵਰਗ ਦੇ ਮਨੁੱਖ ਦਾ ਸਾਰਾ ਦਿਨ ਇਸ ਉਪਰਾਲੇ ਵਿਚ ਬੀਤਦਾ ਹੈ ਕਿ ਉਸ ਕੋਲ ਸਮਾਜ ਦੀ ਇੱਜ਼ਤ ਤੇ ਪੈਸਾ ਬਣਿਆ ਰਹੇ। ਇੱਜ਼ਤ ਤੇ ਪੈਸਾ ਨਾ ਰਹਿਣ ਦੇ ਜਿਸ ਮਾੜੇ ਸੁਪਨੇ ਤੋਂ ਵੀ ਉਹ ਡਰਦਾ ਹੈ, ਉਹ ਸੋਚ ਕੇ ਦੇਖੇ ਕਿ ਉਸ ਵਰਗੇ ਲੋਕ ਸਦੀਆਂ ਤੋਂ ਇਸ ਮਾੜੇ ਸੁਪਨੇ ਵਿਚ ਜਿਊਂ ਰਹੇ ਨੇ। ਜਿਸ ਨਰਕ ਵਿਚ ਉਹ ਇਕ ਦਿਨ ਨਹੀਂ ਰਹਿ ਸਕਦਾ, ਉਸ ਦੇ ਵਰਗਾ ਕੋਈ ਨਿਰਦੋਸ਼ ਮਨੁੱਖ ਇਸ ਨਰਕ ਵਿਚ ਜਿਉਣ ਤੇ ਮਰਨ ਲਈ ਬੇਬਸ ਕਰ ਦਿੱਤਾ ਗਿਆ ਹੈ। ਉੱਚ ਜਾਤ ਦੇ ਲੋਕਾਂ ਦੀ ਕਾਉਂਸਲਿੰਗ ਨਾ ਹੋਣ ਕਰਕੇ ਇਸ ਤਣਾ-ਤਣੀ ਦਾ ਅੰਤ ਨਹੀਂ ਹੋ ਰਿਹਾ। ਲੋਕਾਂ ਦੇ ਜਵਾਬ ਸੁਣ ਕੇ ਮੈਨੂੰ ਇਹ ਲੱਗਣ ਲੱਗਾ ਹੈ ਕਿ ਜੇਕਰ ਡਾ. ਅੰਬੇਡਕਰ ਵਰਗੇ ਜੁਝਾਰੂ ਲੋਕ ਸੰਵਿਧਾਨ ਵਿਚ ਦਲਿਤ ਵਰਗ ਦੇ ਲੋਕਾਂ ਦੇ ਅਧਿਕਾਰ ਸੁਨਿਸ਼ਚਤ ਨਾ ਕਰਦੇ ਤਾਂ ਸ਼ਾਇਦ ਅੱਜ ਵੀ ਉੱਚ ਜਾਤ ਦੇ ਲੋਕਾਂ ਨੇ ਦਲਿਤਾਂ ਤੋਂ ਆਪਣੇ ਖੇਤਾਂ ਵਿਚ ਵਗਾਰ ਕਰਾ ਕੇ, ਜੁੱਤੀਆਂ ਪੁੰਝਾ ਕੇ ਤੇ ਆਪਣਾ ਮੈਲਾ-ਕੂੜਾ ਚੁਕਾ ਕੇ ਰਾਜ਼ੀ ਰਹਿਣਾ ਸੀ ਤੇ ਇਸ ਤਰ੍ਹਾਂ ਗ਼ਰੀਬ ਤੇ ਦਲਿਤ ਵਰਗ ਦਾ ਸ਼ੋਸ਼ਣ ਕਰਦਿਆਂ ਉਨ੍ਹਾਂ ਨੂੰ ਕਿਸੇ ਧਾਰਮਿਕ ਜਾਂ ਸਮਾਜਿਕ ਪ੍ਰਚਾਰਕ ਨੇ ਨਹੀਂ ਸੀ ਨਿੰਦਣਾ। ਜੇ ਰਾਖਵਾਂਕਰਨ ਲਾਗੂ ਨਾ ਕੀਤਾ ਜਾਂਦਾ ਤਾਂ ਦਲਿਤ ਵਰਗ ਵਾਸਤੇ ਗਿਆਨ ਤੇ ਸਿੱਖਿਆ ਦੇ ਘੇਰੇ ਵਿਚ ਸੰਨ੍ਹ ਲਾ ਕੇ ਅੰਦਰ ਆਉਣਾ ਅਸੰਭਵ ਸੀ। ਜੇ ਰਾਖਵਾਂਕਰਨ ਨਾ ਹੁੰਦਾ ਤਾਂ ਭਾਰਤ ਵਰਗੇ ਬ੍ਰਾਹਮਣਵਾਦੀ ਦੇਸ਼ ਵਿਚ ਸਦੀਆਂ ਤੋਂ ਸਮਾਜ ਦੀਆਂ ਸਭ ਤੋਂ ਹਨੇਰੀਆਂ ਨੁੱਕਰਾਂ ਵਿਚ ਧੱਕੇ ਗਏ ਲੋਕ ਬਿਨਾਂ ਸਿੱਖਿਆ, ਬਿਨਾਂ ਪੈਸਾ ਕਦੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਨਹੀਂ ਸਨ ਹੋ ਸਕਦੇ।
ਜਿਹੜੇ ਲੋਕ ਵਿਰੋਧ ਕਰਦੇ ਨੇ ਕਿ ਦਲਿਤ ਉਮੀਦਵਾਰ ਘੱਟ ਨੰਬਰਾਂ ਨਾਲ ਉੱਚ ਅਹੁਦਿਆਂ ’ਤੇ ਪਹੁੰਚ ਜਾਂਦੇ ਨੇ, ਉਨ੍ਹਾਂ ਦੇ ਜਵਾਬ ਵਿਚ ਸਰਕਾਰੀ ਸਕੂਲ ਅਧਿਆਪਕਾਂ ਦੇ ਜਵਾਬ ਸਾਂਝੇ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਦੱਸਿਆ ਕਿ ਕਹਿਣ ਨੂੰ ਭਾਵੇਂ ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫ਼ ਹੈ ਤੇ ਉਨ੍ਹਾਂ ਨੂੰ ਇਕ ਡੰਗ ਦੀ ਰੋਟੀ ਵੀ ਮਿਲਦੀ ਹੈ, ਪਰ ਸਰਕਾਰੀ ਸਕੂਲ ਵਿਚ ਅੱਜ ਵੀ ਜ਼ਿਆਦਾਤਰ ਅਧਿਆਪਕ ਦਲਿਤ ਬੱਚਿਆਂ ਨੂੰ ‘ਸਰਕਾਰ ਦੇ ਜਵਾਈ’ ਕਹਿ ਕੇ ਮਿਹਣਾ ਦਿੰਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਕਿਹੜਾ ਪੜ੍ਹ ਲਿਖ ਕੇ ਡੀ.ਸੀ. ਲੱਗ ਜਾਣੈ। ਇਹ ਜਵਾਬ ਮੈਨੂੰ ਵੱਖ ਵੱਖ ਇਲਾਕਿਆਂ ਦੇ ਅਧਿਆਪਕਾਂ ਨੇ ਦਿੱਤਾ ਤੇ ਮੈਂ ਆਪ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਜਿਹੀਆਂ ਗੱਲਾਂ ਕਰਦਿਆਂ ਸੁਣਿਆ ਹੈ। ਸਰਕਾਰੀ ਸਕੂਲਾਂ ਵਿਚ ਅੱਸੀ ਫ਼ੀਸਦੀ ਤੋਂ ਜ਼ਿਆਦਾ ਦਲਿਤ ਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਇਨ੍ਹਾਂ ਸਕੂਲਾਂ ਵਿਚੋਂ ਅਧਿਆਪਕ ਤਨਖ਼ਾਹ ਲੈ ਕੇ ਆਪਣੇ ਬੱਚੇ ਨੂੰ ਸ਼ਹਿਰ ਦੇ ਵਧੀਆ ਅੰਗਰੇਜ਼ੀ ਮਾਧਿਅਮ ਸਕੂਲ ਵਿਚ ਦਾਖ਼ਲ ਕਰਾਉਂਦਾ ਹੈ ਜਿੱਥੇ ਬੱਚੇ ਨੂੰ ਸਭ ਕੁਝ ਸਿਖਾਉਣ ’ਤੇ ਪੂਰਾ ਜ਼ੋਰ ਲਾਇਆ ਜਾਂਦਾ ਹੈ ਤੇ ਸ਼ਾਮ ਨੂੰ ਬੱਚਾ ਕੋਚਿੰਗ ਵਾਸਤੇ ਵੀ ਭੇਜਿਆ ਜਾਂਦਾ ਹੈ। ਅੱਠ ਘੰਟੇ ਦੀ ਕੜੀ ਮਜੂਰੀ ਕਰਨ ਵਾਲਾ ਮਨੁੱਖ ਆਪਣੇ ਬੱਚੇ ਨੂੰ ਮਹਿੰਗੇ ਪ੍ਰਾਈਵੇਟ ਸਕੂਲ ਵਿਚ ਦਾਖ਼ਲ ਨਹੀਂ ਕਰਾ ਸਕਦਾ। ਸਰਕਾਰੀ ਸਕੂਲਾਂ ਵਿਚ ਵਿਦਵਾਨ ਤੇ ਮਾਨਵਤਾਵਾਦੀ ਅਧਿਆਪਕ ਵੀ ਹੁੰਦੇ ਨੇ, ਪਰ ਮਾਨਵਤਾ-ਵਿਰੋਧੀ ਮਾਨਸਿਕਤਾ ਵਾਲੇ ਅਧਿਆਪਕਾਂ ਦੀ ਵੀ ਕਮੀ ਨਹੀਂ। ਪਹਿਲਾਂ ਸਕੂਲ ਵਿਚੋਂ ਇਨ੍ਹਾਂ ਬੱਚਿਆਂ ਨੂੰ ਮਾਨਸਿਕ ਉਤਪੀੜਨ ਮਿਲਦਾ ਹੈ। ਫਿਰ ਇਨ੍ਹਾਂ ਬੱਚਿਆਂ ਨੂੰ ਘਰ ਵਿਚ ਕੋਈ ਪੜ੍ਹਾਉਣ ਵਾਲਾ ਨਹੀਂ ਹੁੰਦਾ ਕਿਉਂਕਿ ਅੱਜ ਵੀ ਸਰਕਾਰੀ ਸਕੂਲਾਂ ਵਿਚ ਜੋ ਦਲਿਤ ਬੱਚੇ ਪੜ੍ਹਦੇ ਹਨ, ਸੰਭਵ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਵਿਚ ਰਸਮੀ ਤੌਰ ’ਤੇ ਸਿੱਖਿਆ ਪ੍ਰਾਪਤ ਕਰਨ ਵਾਲੀ ਇਹ ਪਹਿਲੀ ਪੀੜ੍ਹੀ ਹੋਵੇ। ਕੋਈ ਦੁਰਲੱਭ ਪ੍ਰਤਿਭਾ ਹੋਵੇ ਤਾਂ ਹੋਰ ਗੱਲ ਹੈ, ਪਰ ਇਕ ਆਮ ਦਲਿਤ ਵਿਦਿਆਰਥੀ ਵਾਸਤੇ ਵਾਕਈ ਸ਼ਹਿਰ ਦੇ ਪੜ੍ਹੇ-ਲਿਖੇ ਮਾਪਿਆਂ ਦੇ ਬੱਚਿਆਂ ਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨਾਲ ਅਕਾਦਮਿਕ ਤੌਰ ’ਤੇ ਮੁਕਾਬਲਾ ਕਰਨਾ ਮੁਸ਼ਕਿਲ ਹੈ। ਅਜਿਹੇ ਹਾਲਾਤ ਵਿਚ ਦਲਿਤ ਵਿਦਿਆਰਥੀ ਦੇ 50 ਫ਼ੀਸਦੀ ਨੰਬਰ ਉੱਚ ਜਾਤ ਦੇ ਵਧੀਆ ਸਕੂਲਾਂ ਵਿਚੋਂ ਪੜ੍ਹੇ ਵਿਦਿਆਰਥੀ ਦੇ 70 ਫ਼ੀਸਦੀ ਦੇ ਬਰਾਬਰ ਹਨ। ਇਹ ਸੱਚਾਈ ਜਾਣਨ ਤੋਂ ਬਾਅਦ ਵੀ ਜਿਨ੍ਹਾਂ ਤੋਂ ਦਲਿਤ ਵਿਦਿਆਰਥੀਆਂ ਦੀਆਂ ਸਰਕਾਰੀ ਨੌਕਰੀਆਂ ਬਰਦਾਸ਼ਤ ਨਹੀਂ ਹੁੰਦੀਆਂ ਤਾਂ ਉਨ੍ਹਾਂ ਨੂੰ ਇਸ ਗੱਲ ਨੂੰ ਇੰਜ ਹੀ ਬਰਦਾਸ਼ਤ ਕਰਨਾ ਚਾਹੀਦਾ ਹੈ ਜਿਵੇਂ ਸਦੀਆਂ ਤੋਂ ਉਹ ਆਪਣੇ ਹੰਕਾਰ ਤੇ ਸੁਆਰਥ ਨਾਲ ਬੜਾ ਸੋਹਣਾ ਗੁਜ਼ਾਰਾ ਕਰ ਰਹੇ ਨੇ। ਇਕ ਆਦਰਸ਼ ਸਮਾਜ ਵਿਚ ਸਭ ਨੂੰ ਬਰਾਬਰ ਦੇ ਸਮਾਜਿਕ ਤੇ ਆਰਥਿਕ ਮੌਕੇ ਮਿਲਣੇ ਚਾਹੀਦੇ ਹਨ, ਇਸ ਵਿਚ ਸਿਰਫ਼ ਮੈਰਿਟ ਹੀ ਨੌਕਰੀਆਂ ਤੇ ਸਹੂਲਤਾਂ ਦਾ ਆਧਾਰ ਹੋਵੇ, ਪਰ ਆਪ ਹੀ ਅੰਦਾਜ਼ਾ ਲਾਓ ਕਿ ਸਾਡਾ ਸਮਾਜ ਕਿੰਨਾ ਕੁ ਬਰਾਬਰੀ ਦੇ ਆਦਰਸ਼ ਵਾਲਾ ਸਮਾਜ ਹੈ। ਜਿਨ੍ਹਾਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿਚ ਘੱਟ ਤਨਖ਼ਾਹ ’ਤੇ ਨੌਕਰੀ ਕਰਨੀ ਪੈ ਰਹੀ ਹੈ, ਉਹ ਵੀ ਸਰਕਾਰ ਚੁਣਨ ਵੇਲੇ ਧਿਆਨ ਦੇਣ ਕਿ ਅਜਿਹੇ ਲੋਕਾਂ ਦੀ ਸਰਕਾਰ ਨਹੀਂ ਬਣਨ ਦੇਣੀ ਸਿੱਖਿਆ ਜਿਨ੍ਹਾਂ ਦੀ ਪ੍ਰਾਥਮਿਕਤਾ ਨਹੀਂ। ਮੈਂ ਅਰੁੰਧਤੀ ਰਾਏ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਰਕਾਰੀ ਸੰਸਥਾਵਾਂ ਨਸ਼ਟ ਕਰਕੇ ਤੇ ਪ੍ਰਾਈਵੇਟ ਅਦਾਰਿਆਂ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਨਾਲ ਇਸ ਦੇਸ਼ ਵਿਚ ਮੁੜ ਸਿੱਖਿਆ ਦਾ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ ਜੋ ਲੋਕਤੰਤਰ ਵਾਸਤੇ ਬੇਹੱਦ ਖ਼ਤਰਨਾਕ ਹੈ।
ਕੁਝ ਲੋਕਾਂ ਇਹ ਵੀ ਦੱਸਿਆ ਕਿ ਸਰਕਾਰੀ ਨੌਕਰੀਆਂ ਕਰਦਿਆਂ ਵੀ ਬਹੁਤ ਸਾਰੇ ਦਲਿਤਾਂ ਨੇ ਆਪਣੀਆਂ ਸੰਸਥਾਵਾਂ ਤੇ ਦਫ਼ਤਰਾਂ ਵਿਚ ਸਾਰੀ ਜ਼ਿੰਦਗੀ ਅਪਮਾਨ ਬਰਦਾਸ਼ਤ ਕੀਤਾ ਹੈ। ਉਨ੍ਹਾਂ ਦੇ ਸਹਿਕਰਮੀਆਂ ਨੇ ਉਨ੍ਹਾਂ ਨੂੰ ਕਾਬਲੀਅਤ ਨਹੀਂ ਸਗੋਂ ਜਾਤ ਦੀ ਕਸੌਟੀ ’ਤੇ ਪਰਖਿਆ ਹੈ। ਜੇ ਕੋਈ ਰੋਜ਼ ਮਾਨਸਿਕ ਉਤਪੀੜਨ ਦਾ ਸ਼ਿਕਾਰ ਹੁੰਦਾ ਰਹੇ ਤਾਂ ਉਸ ਦਾ ਬਹੁਤ ਸਾਰਾ ਸਮਾਂ ਤੇ ਊਰਜਾ ਇਸੇ ਅੰਦਰੂਨੀ ਲੜਾਈ ਵਿਚ ਖਪ ਜਾਂਦੇ ਨੇ। ਆਪਣੇ ਆਲੇ-ਦੁਆਲੇ ਅੱਖਾਂ ਖੋਲ੍ਹ ਕੇ ਦੇਖੀਏ ਤਾਂ ਸਭ ਆਪੇ ਦਿਸ ਜਾਵੇਗਾ।
ਇਸੇ ਦੇਸ਼ ਵਿਚ ਵ੍ਹਾਈਟ ਕਾਲਰ ਤੇ ਬਲੂ ਕਾਲਰ ਕੰਮ ਦੇ ਇਵਜ਼ ਵਿਚ ਮਿਲਦੇ ਪੈਸੇ ਦਾ ਅੰਤਰ ਵੀ ਭਿਆਨਕ ਹੈ। ਇਹ ਵੀ ਬ੍ਰਾਹਮਣਵਾਦੀ ਵਿਵਸਥਾ ਦਾ ਕਮਾਲ ਹੈ ਕਿ ਇੱਥੇ ਔਖੇ ਸਰੀਰਿਕ ਕੰਮਾਂ ਨੂੰ ਹਮੇਸ਼ਾ ਘਟੀਆ ਸਮਝ ਕੇ ਇਸ ਦਾ ਮੁੱਲ ਬਹੁਤ ਘੱਟ ਰੱਖਿਆ ਗਿਆ ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਕੰਮ ਇਹ ਲੋਕ ਆਪ ਨਹੀਂ ਕਰਦੇ ਸਨ ਤੇ ਮਾਨਸਿਕ ਯੋਗਤਾ ਦਾ ਵੱਧ ਪ੍ਰਯੋਗ ਕਰਨ ਵਾਲੇ ਕੰਮਾਂ ਬਦਲੇ ਵੱਧ ਪੈਸਾ ਮਿਲਣ ਦਾ ਰਿਵਾਜ ਬਣਾ ਲਿਆ। ਇਹ ਗੱਲ ਠੀਕ ਹੈ ਕਿ ਕਿਸੇ ਨੇ ਪੜ੍ਹਾਈ ਲਿਖਾਈ ਕਰਕੇ ਵੱਧ ਪੈਸਾ ਤੇ ਸਮਾਂ ਨਿਵੇਸ਼ ਕੀਤਾ ਹੈ, ਪਰ ਕੀ ਇਹ ਫ਼ਰਕ ਏਨਾ ਜ਼ਿਆਦਾ ਹੁੰਦਾ ਹੈ ਜੋ ਇਕ ਘੱਟ ਪੜ੍ਹੇ ਲਿਖੇ ਆਦਮੀ ਦਾ ਸਾਰੀ ਜ਼ਿੰਦਗੀ ਕੰਮ ਕਰਦਿਆਂ ਵੀ ਖ਼ਤਮ ਨਹੀਂ ਹੁੰਦਾ, ਕਿ ਇਕ ਮਜ਼ਦੂਰ ਦਿਨ ਦੇ ਅੱਠ ਘੰਟੇ ਸਖ਼ਤ ਮਿਹਨਤ ਤੋਂ ਬਾਅਦ ਵੀ ਆਪਣੇ ਲਈ ਚੰਗੇ ਘਰ ਤੇ ਸੁਰੱਖਿਅਤ ਭਵਿੱਖ ਦਾ ਸੁਪਨਾ ਨਹੀਂ ਵੇਖ ਸਕਦਾ। ਘਰਾਂ ਵਿਚ ਭਾਂਡੇ ਮਾਂਜਦੀਆਂ, ਕੱਪੜੇ ਧੋਂਦੀਆਂ, ਸਫਾਈ ਕਰਦੀਆਂ ਔਰਤਾਂ ਦੇ ਪੱਲੇ ਮਹੀਨੇ ਦੇ ਅਖ਼ੀਰ ਵਿਚ ਕੀ ਪੈਂਦਾ ਹੈ? ਇਹ ਕੰਮ ਕਰਾਏ ਬਗੈਰ ਘਰ ’ਚ ਪਰਲੋ ਆ ਜਾਂਦੀ ਹੈ, ਪਰ ਓਦਾਂ ਅਸੀਂ ਇਸ ਕੰਮ ਨੂੰ ਕੰਮ ਨਹੀਂ ਸਮਝਦੇ। ਘਰੇਲੂ ਸੇਵਾਵਾਂ ਦੇਣ ਵਾਲੀਆਂ ਔਰਤਾਂ ਲਈ ਛੁੱਟੀ, ਮੈਡੀਕਲ ਸਹੂਲਤਾਂ ਦਾ ਵੀ ਕੋਈ ਪ੍ਰਬੰਧ ਨਹੀਂ। ਇਹ ਸਭ ਘਰ ਦੀਆਂ ਮਾਲਕਣਾਂ ਦੀ ਦਇਆ ’ਤੇ ਹੀ ਨਿਰਭਰ ਹੈ। ਮੇਰਾ ਅਨੁਮਾਨ ਹੈ ਕਿ ਘਰੇਲੂ ਸੇਵਾਵਾਂ ਦੇਣ ਵਾਲੀ ਜਨਤਾ ਦੀ ਗਿਣਤੀ ਅੱਜ ਪੰਜਾਬ ਵਰਗੇ ਪ੍ਰਾਂਤ ਵਿਚ ਵੀ ਲੱਖਾਂ ’ਚ ਹੈ, ਪਰ ਕੀ ਅਸੀਂ ਕੰਮ ਨੂੰ ਸਚਮੁੱਚ ਕੌਸ਼ਲ ਸਮਝਦੇ ਹਾਂ ਜਾਂ ਨਹੀਂ- ਇਹ ਬਹੁਤ ਅਹਿਮ ਸਵਾਲ ਹੈ। ਕੀ ਸਰਕਾਰ ਵੱਲੋਂ ਦੋਵੇਂ ਧਿਰਾਂ ਨੂੰ ਸ਼੍ਰਮ ਕਾਨੂੰਨ ਤਹਿਤ ਉਨ੍ਹਾਂ ਦੇ ਫਰਜ਼ਾਂ ਤੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ? ਕਿਰਤ ਦੀ ਗੱਲ ਇੱਥੇ ਬੜੀ ਕੀਤੀ ਜਾਂਦੀ ਹੈ, ਪਰ ਕਿਰਤ ਬਾਰੇ ਸਾਡੇ ਵਿਚਾਰ ਸਪਸ਼ਟ ਨਹੀਂ। ਕਿਰਤ ਦੇ ਅਰਥ ਤੇ ਕਿਰਤ ਬਦਲੇ ਮਿਲਦੇ ਧਨ ਦਾ ਝੋਲ ਬੜੀ ਸਹੂਲੀਅਤ ਨਾਲ ਮਨੁੱਖੀ-ਸ਼੍ਰਮ ਪ੍ਰਤੀ ਉੱਚ ਤੇ ਤਾਕਤਵਰ ਵਰਗ ਦੀ ਰਾਜਨੀਤੀ ਦੀ ਵਿਆਖਿਆ ਕਰ ਸਕਦਾ ਹੈ। ਜਿਸ ਦੇਸ਼ ਵਿਚ ਕਿਰਸਾਨ ਤੇ ਮਜ਼ਦੂਰ ਤਿਲ ਤਿਲ ਮਰਦਾ ਹੋਵੇ, ਨੌਜਵਾਨ ਵਿਦੇਸ਼ਾਂ ਵਿਚ ਭੱਜ ਰਿਹਾ ਹੋਵੇ, ਉਸ ਦੇਸ਼ ਦੇ ਮੰਤਰੀ ਫਲਾਈਓਵਰਾਂ, ਇਲੈਕਟ੍ਰਿਕ ਟਰੇਨਾਂ ਦੀਆਂ ਫ਼ੋਟੋਆਂ ਦਿਖਾ ਕੇ ਵਿਕਾਸ ਦੇ ਨਾਅਰੇ ਮਾਰਦੇ ਹੋਣ ਤੇ ਧਰਮ ਦੇ ਨਾਂ ’ਤੇ ਵੋਟਾਂ ਮੰਗਦੇ ਹੋਣ, ਉਸ ਦੇਸ਼ ਦੀ ਜਨਤਾ ਨੂੰ ਹੁਣ ਜਾਗ ਆ ਜਾਣੀ ਚਾਹੀਦੀ ਹੈ।
ਕੁਝ ਲੋਕਾਂ ਮੈਨੂੰ ਇਹ ਵੀ ਦੱਸਿਆ ਕਿ ਜੋ ਦਲਿਤ ਲੋਕ ਸਰਕਾਰੀ ਨੌਕਰੀਆਂ ਲੈ ਕੇ ਜੀਵਨ ’ਚ ਤਰੱਕੀ ਕਰ ਲੈਂਦੇ ਹਨ, ਉਹ ਆਪਣੇ ਭੈਣ ਭਰਾਵਾਂ ਨੂੰ ਭੁੱਲ ਕੇ ਆਪ ਵੀ ਬ੍ਰਾਹਮਣਵਾਦੀ ਬਣ ਜਾਂਦੇ ਨੇ। ਇਹ ਪ੍ਰਵਿਰਤੀ ਵਿਸ਼ਵ ਪੱਧਰ ’ਤੇ ਬਸਤੀਵਾਦੀ ਵਿਵਸਥਾ ਦੇ ਖ਼ਤਮ ਹੋਣ ਤੋਂ ਬਾਅਦ ਗ਼ੁਲਾਮ ਰਹਿ ਚੁੱਕੇ ਦੇਸ਼ਾਂ ਵਿਚ ਮਹਿਸੂਸ ਕੀਤੀ ਗਈ ਜਿਸ ਬਾਰੇ ਗੂਗੀ ਥਿਓਂਗੋ ਤੇ ਫਰਾਂਜ਼ ਫੈਨੋ ਵਰਗੇ ਚਿੰਤਕਾਂ ਨੇ ਆਪਣੀਆਂ ਕਿਤਾਬਾਂ ਵਿਚ ਵਿਸਤਾਰ ਨਾਲ ਲਿਖਿਆ ਵੀ ਹੈ। ਕਾਲੀ ਨਸਲ ਦੇ ਵਿਅਕਤੀ ਦਾ ਇਹੀ ਸੁਪਨਾ ਹੈ ਕਿ ਉਹ ਗੋਰੀ ਨਸਲ ਦੇ ਵਿਅਕਤੀ ਦੇ ਜੀਵਨ ਦੀ ਨਕਲ ਕਰਕੇ ਹੀ ਇਸ ਕਾਲੇਪਣ ਦੇ ਦੋਸ਼ ਤੋਂ ਮੁਕਤੀ ਪਾ ਸਕਦਾ ਹੈ, ਇਸ ਲਈ ਮੌਕਾ ਮਿਲਣ ’ਤੇ ਉਹ ਆਪਣੇ ਸਾਥੀਆਂ ਤੋਂ ਨਿੱਖੜ ਕੇ ਗੋਰਿਆਂ ਵਿਚ ਰਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਉਸ ਦੇ ਜੀਵਨ ਦਾ ਆਦਰਸ਼ ਨਹੀਂ। ਇਸ ਗੱਲੋਂ ਉਸ ਦੇ ਸੰਘਰਸ਼ ਦੀ ਖ਼ਾਸੀਅਤ ਇਹ ਹੈ ਜੋ ਡਾ. ਅੰਬੇਡਕਰ ਨੇ ਵੀ ਕਹੀ ਕਿ ਸਿੱਖਿਅਤ ਤੇ ਸੰਗਠਿਤ ਹੋ ਕੇ ਸਭਨਾਂ ਦੀ ਭਲਾਈ ਲਈ ਸੰਘਰਸ਼ ਕਰਨਾ ਹੀ ਦਲਿਤ ਮੁਕਤੀ ਦਾ ਅਸਲੀ ਰਾਹ ਹੈ। ਉੱਚ ਜਾਤ ਦੇ ਇਸ ਆਕਰਸ਼ਣ ਹੇਠਲੀ ਬਦਸੂਰਤੀ ਨੂੰ ਨਾ ਭੁੱਲ ਕੇ ਸੰਪੰਨ ਦਲਿਤ ਮਨੁੱਖ ਨੂੰ ਆਪਣੇ ਸਾਥੀਆਂ ਦੀ ਰਹਿਨੁਮਾਈ ਕਰਨੀ ਚਾਹੀਦੀ ਹੈ।
ਪਿਛਲੇ ਦਿਨੀਂ ਖ਼ਬਰ ਧੁੰਮੀ ਸੀ ਕਿ ਬ੍ਰਿਟਿਸ਼ ਸਰਕਾਰ ਨੂੰ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਵਾਸਤੇ ਸਾਡੇ ਤੋਂ ‘ਸਪਸ਼ਟ’ ਮੁਆਫ਼ੀ ਮੰਗਣੀ ਚਾਹੀਦੀ ਹੈ, ਇਸੇ ਨਾਲ ਸਾਡੇ ਜ਼ਖ਼ਮ ’ਤੇ ਮੱਲ੍ਹਮ ਲਗੇਗੀ। ਪਰ ਉਸ ਤੋਂ ਪਹਿਲਾਂ ਤਾਂ ਮੁਆਫ਼ੀ ਦੀ ਲਹਿਰ ਆਪਣੇ ਘਰੋਂ ਸ਼ੁਰੂ ਕਰਨੀ ਚਾਹੀਦੀ ਹੈ, ਚਲੋ ਸ਼ੁਰੂ ਤੋਂ ਸ਼ੁਰੂ ਕਰੀਏ। ਇਸ ਦੇਸ਼ ਵਿਚ ਸਭ ਤੋਂ ਪਹਿਲੀ ਮੁਆਫ਼ੀ ਉੱਚ ਜਾਤ ਦੇ ਲੋਕਾਂ ਨੂੰ ਦਲਿਤ ਵਰਗ ਤੋਂ ਮੰਗਣੀ ਚਾਹੀਦੀ ਹੈ ਜਿਸ ਨੇ ਨਿਰਦੋਸ਼ ਲੋਕਾਂ ਨੂੰ ਸਦੀਆਂ ਤੋੜੀ ਆਪਣੇ ਗ਼ੁਲਾਮ ਬਣਾਈ ਰੱਖਿਆ ਤੇ ਅੱਜ ਵੀ ਉਨ੍ਹਾਂ ਨੂੰ ਮਨ ਵਿਚ ਜਗ੍ਹਾ ਦੇਣ ਲਈ ਤਿਆਰ ਨਹੀਂ। ਸਮਾਜ ਨੂੰ ਜਾਤ ਵਿਵਸਥਾ ਦੇ ਆਧਾਰ ’ਤੇ ਵੰਡਣਾ ਇਸ ਦੇਸ਼ ਦੀ ਸੰਸਕ੍ਰਿਤੀ ਦੀ ਸਭ ਤੋਂ ਵੱਡੀ ਤੇ ਡੂੰਘੀ ਸਾਜ਼ਿਸ਼ ਹੈ। ਪਰ ਜੇ ਕੋਈ ਇਸ ਸਾਜ਼ਿਸ਼ ਨੂੰ ਸਮਝ ਕੇ ਇਸਦਾ ਅਡੰਬਰ ਤੋੜ ਕੇ ਆਜ਼ਾਦ ਹੋ ਸਕੇ ਤਾਂ ਉਹ ਸੁਖ ਉਸ ਨੂੰ ਇਸੇ ਜੀਵਨ ਵਿਚ ਮਿਲਣ ਲੱਗ ਜਾਏਗਾ ਜਿਸ ਦੀ ਅਰਦਾਸ ਉਹ ਦਿਨ ਰਾਤ ਕਰਦਾ ਹੈ। ਸਭ ਮਨੁੱਖਾਂ ਨੂੰ ਬਰਾਬਰ ਸਮਝਣਾ ਹੀ ਸੱਚਾ ਲੋਕ ਧਰਮ ਹੈ ਤੇ ਲੋਕ ਧਰਮ ਦਾ ਨਿਰਬਾਹ ਹੀ ਲੋਕਾਈ ਵਿਚ ਖ਼ੁਦਾਈ ਪਾ ਲੈਣ ਦਾ ਅਸਲੀ ਰਾਹ ਹੈ।

ਸੰਪਰਕ: 94175-32822


Comments Off on ਬੰਦੇ ਦਾ ਬੰਦਾ ਦਾਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.