ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੜ੍ਹਾਈ ਦੀ ਚੋਣ ਦਾ ਸਵਾਲ: ਕੀ ਮੈਂ ਵਿਗਿਆਨੀ ਬਣ ਸਕਨਾਂਂ ?

Posted On April - 11 - 2019

ਪ੍ਰੋਫੈਸਰ ਅਰਵਿੰਦ*

ਹਰ ਮਨੁੱਖ ਕੋਈ ਨਾ ਕੋਈ ਕਿੱਤਾ ਅਪਣਾਉਣ ਵਿੱਚ ਰੁਚੀ ਰੱਖਦਾ ਹੈ। ਕੋਈ ਡਾਕਟਰ, ਕੋਈ ਇੰਜਨੀਅਰ, ਕੋਈ ਮੈਨੇਜਰ, ਕੋਈ ਕਵੀ, ਕੋਈ ਗਾਇਕ ਤੇ ਕੋਈ ਵਿਗਿਆਨੀ ਜਾਂ ਕੁਝ ਹੋਰ ਬਣਨਾ ਚਾਹੁੰਦਾ ਹੋ ਸਕਦਾ ਹੈ। ਮਨੁੱਖ ਨੂੰ ਖ਼ੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਉਹ ਆਪਣੀ ਇੱਛਾ ਅਨੁਸਾਰ ਕਿੱਤੇ ਦੀ ਚੋਣ ਕਰਦਾ ਹੈ। ਵਿਕਸਤ ਸਮਾਜ ਉਹ ਨਹੀਂ, ਜਿਥੇ ਲੋਕ ਜ਼ਿਆਦਾ ਖਾਂਦੇ ਜਾਂ ਜ਼ਿਆਦਾ ਖ਼ਪਤ ਕਰਦੇ ਨੇ, ਸਗੋਂ ਉਹ ਸਮਾਜ ਵਿਕਸਤ ਹੈ ਜਿਥੇ ਅਗਲੀ ਪੀੜ੍ਹੀ ਆਪਣੀ ਇੱਛਾ ਅਨੁਸਾਰ ਆਪਣਾ ਭਵਿੱਖ ਚੁਣਦੀ ਹੈ ਅਤੇ ਮਾਪੇ ਤੇ ਵਿੱਦਿਅਕ ਸੰਸਥਾਵਾਂ, ਬੱਚਿਆਂ ਨੂੰ ਆਪਣੇ ਅੰਦਰ ਦੀ ਕਾਬਲੀਅਤ ਨੂੰ ਬਾਹਰ ਲਿਆ ਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਦੇ ਕਾਬਲ ਬਣਾਉਂਦੀਆਂ ਹਨ। ਪਹਿਲਾਂ ਮਨੁੱਖ ਦਾ ਸਾਰਾ ਸਮਾਂ ਰੋਜ਼ੀ ਦੇ ਚੱਕਰ ਵਿੱਚ ਗੁਜ਼ਰ ਜਾਂਦਾ ਸੀ। ਜਿਵੇਂ ਜਿਵੇਂ ਸਮਾਜ ਨੇ ਤਰੱਕੀ ਕੀਤੀ, ਮਨੁੱਖ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨ ਲੱਗਾ।
ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣਾ ਹੁੰਦਾ ਹੈ, ਜੋ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਹੁੰਦਾ ਹੈ। ਸੁਆਲ ਇਹ ਹੈ ਕਿ ਇਸ ਚੋਣ ਸਮੇਂ ਅਸੀਂ ਬੱਚੇ ਦੀ ਰੁਚੀ, ਕਾਬਲੀਅਤ ਤੇ ਗੁਣਾਂ ਨੂੰ ਕਿੰਨੀ ਕੁ ਤਰਜੀਹ ਦਿੰਦੇ ਹਾਂ ਤੇ ਉਹਨੂੰ ਕੁਝ ਕੁ ਕਿੱਤਿਆਂ ਵੱਲ ਕਿੰਨਾ ਕੁ ਧੱਕਦੇ ਹਾਂ। ਜੇ ਅਸੀਂ ਉਸ ਬੱਚੇ ਨੂੰ, ਜਿਸਨੇ ਸ਼ਾਇਰ ਬਣਨਾ ਸੀ, ਉਹਨੂੰ ਇੰਜਨੀਅਰ ਬਣਾ ਦੇਈਏ ਜਾਂ ਜਿਸ ਨੇ ਵਿਗਿਆਨੀ ਬਣਨ ਵਾਲੇ ਨੂੰ ਮੈਨੇਜਰ ਬਣਾ ਦੇਈਏ ਤਾਂ ਇਹ ਬਹੁਤ ਵੱਡੀ ਜ਼ਿਆਦਤੀ ਹੈ। ਇਹ ਸਿਰਫ਼ ਉਸ ਬੱਚੇ ਦਾ ਹੀ ਨਹੀਂ ਸਗੋਂ ਸਮਾਜ ਦਾ ਵੀ ਵੱਡਾ ਨੁਕਸਾਨ ਹੈ।
ਪੰਜਾਬ ਵਿੱਚੋਂ ਅਬਦੁਲ ਸਲਾਮ ਤੇ ਹਰਗੋਬਿੰਦ ਖੁਰਾਣਾ ਵਰਗੇ ਨੋਬੇਲ ਇਨਾਮ ਜੇਤੂ ਵਿਗਿਆਨੀ ਪੈਦਾ ਹੋਏ ਤੇ ਉਨ੍ਹਾਂ ਪੰਜਾਬ ਦਾ ਨਾਮ ਵਿਸ਼ਵ ਵਿੱਚ ਰੌਸ਼ਨ ਕੀਤਾ। ਅੱਜ ਜੋ ਪੰਜਾਬੀ ਵਿਦਿਆਰਥੀ ਵਿਗਿਆਨੀ ਬਣਨਾ ਚਾਹੁੰਦੇ ਹਨ ਉਹ ਕੀ ਕਰਨ? ਧੱਕੇ ਧਕਾਏ ਕੋਈ ਹੋਰ ਕਿੱਤਾ ਅਪਣਾ ਲੈਣ ਜਾਂ ਵਿਗਿਆਨੀ ਬਣਨ ਲਈ ਯਤਨ ਕਰਨ? ਕਿਹੜੀਆਂ ਸੰਭਾਵਨਾਵਾਂ ਉਨ੍ਹਾਂ ਲਈ ਮੌਜੂਦ ਨੇ?

ਪ੍ਰੋਫੈਸਰ ਅਰਵਿੰਦ*

ਸਾਨੂੰ ਆਪਣੇ ਵਿਗਿਆਨ ਵੱਲ ਝੁਕਾਅ ਦਾ ਕਿਵੇਂ ਪਤਾ ਲੱਗੇ? ਵਿਗਿਆਨ ਦਾ ਤਅੱਲੁਕ ਮਨੁੱਖ ਦੀ ਦੁਨੀਆ ਬਾਰੇ ਜਗਿਆਸਾ ਨਾਲ ਹੈ। ਅਸੀਂ ਵਿਗਿਆਨ ਦੇ ਜ਼ਰੀਏ ਦੁਨੀਆ ਦੇ ਬਹੁਤ ਰਹੱਸ ਸਮਝ ਲਏ ਹਨ। ਬ੍ਰਹਿਮੰਡ ਕਿੰਨਾ ਵੱਡਾ ਤੇ ਕਿੰਨਾ ਪੁਰਾਣਾ ਹੈ, ਮਾਦਾ ਕਿਸ ਤਰ੍ਹਾਂ ਦੇ ਕਣਾਂ ਤੋਂ ਬਣਿਆ ਹੈ, ਜੀਵ ਕਿਵੇਂ ਪੁਰਾਣੇ ਜੀਵਾਂ ਤੋਂ ਵਿਕਸਿਤ ਹੋਏ ਹਨ ਤੇ ਹੋਰ ਬਹੁਤ ਸਾਰੇ ਰਹੱਸ। ਹੋਰ ਰਹੱਸ ਸਮਝਣ ਦੀ ਵਿਗਿਆਨੀਆਂ ਵੱਲੋਂ ਕੋਸ਼ਿਸ਼ ਨਿਰੰਤਰ ਜਾਰੀ ਹੈ। ਜਿਸ ਵਿਦਿਆਰਥੀ ਵਿੱਚ ਕੁਦਰਤੀ ਵਰਤਾਰਿਆਂ ਦੇ ਭੇਤਾਂ ਨੂੰ ਸਮਝਣ ਦੀ ਜਗਿਆਸਾ ਹੋਵੇ ਉਹਨੂੰ ਵਿਗਿਆਨੀ ਬਣਨ ਬਾਰੇ ਸੋਚਣਾ ਚਾਹੀਦਾ ਹੈ। ਵਿਗਿਆਨ ਭਾਵੇਂ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ ਪਰ ਇਸ ਦਾ ਸਰੂਪ ਤਕਨਾਲੋਜੀ ਤੋਂ ਵੱਖ ਹੈ, ਤੇ ਵਿਗਿਆਨੀ ਬਣਨ ਦੇ ਚਾਹਵਾਨ ਦੀ ਬਿਰਤੀ ਇੰਜਨੀਅਰ ਬਣਨ ਵਾਲਿਆਂ ਤੋ ਬਹੁਤ ਅਲੱਗ ਹੁੰਦੀ ਹੈ। ਇਸ ਫ਼ਰਕ ਨੂੰ ਸਮਝਣਾ ਜ਼ਰੂਰੀ ਹੈ। ਇਸੇ ਤਰ੍ਹਾਂ ਜੀਵ ਵਿਗਿਆਨੀ ਤੇ ਡਾਕਟਰ ਦੇ ਸੋਚਣ ਦੇ ਤਰੀਕੇ ਵਿੱਚ ਵੀ ਬਹੁਤ ਫ਼ਰਕ ਹੈ। ਡਾਕਟਰ ਤੇ ਇੰਜਨੀਅਰ ਆਦਿ ਵਿਗਿਆਨ ਨੂੰ ਮਨੁੱਖ ਲਈ ਵਰਤਦੇ ਹਨ ਜਦੋਂ ਕੇ ਵਿਗਿਆਨੀ ਦੁਨੀਆ ਦੇ ਵਰਤਾਰਿਆਂ ਬਾਰੇ ਨਵਾਂ ਗਿਆਨ ਸਿਰਜਦੇ ਹਨ। ਇਹ ਫ਼ਰਕ ਸਮਝ ਕੇ ਹੀ ਅਸੀਂ ਜਾਣ ਸਕਦੇ ਹਾਂ ਕਿ ਸਾਡੀ ਰੁਚੀ ਕਿਸ ਪਾਸੇ ਹੈ।
ਅਜੋਕੇ ਸਮੇਂ ਭਾਰਤ ਵਿਚ ਵਿਗਿਆਨ ਦੀ ਪੜ੍ਹਾਈ ਲਈ ਤਰ੍ਹਾਂ ਤਰ੍ਹਾਂ ਦੀਆਂ ਨਵੀਆਂ ਸੰਭਾਵਨਾਵਾਂ ਮੌਜੂਦ ਨੇ। ਸਾਲ 2007 ਵਿੱਚ ਭਾਰਤੀ ਵਿਗਿਆਨ ਵਿੱਦਿਆ ਤੇ ਖੋਜ ਸੰਸਥਾਨ (ਆਈਸਰ/ ਆਈਆਈਐਸਈਆਰ) ਮੁਹਾਲੀ ਨਾਮੀ ਸੰਸਥਾ ਹੋਂਦ ਵਿੱਚ ਆਈ, ਜੋ ਕਿ ਭਾਰਤ ਸਰਕਾਰ ਵੱਲੋਂ ਵਿਗਿਆਨ ਦੀ ਵਿੱਦਿਆ ਤੇ ਖੋਜ ਲਈ ਖੋਲ੍ਹੇ 7 ਨਵੇਂ ਅਦਾਰਿਆਂ ਵਿਚੋਂ ਇੱਕ ਹੈ। ਬਾਕੀ ਦੇ ਸੰਸਥਾਨ- ਕਲਕੱਤੇ, ਪੂਣੇ, ਤਿਰੂਵਨੰਤਪੁਰਮ, ਭੋਪਾਲ, ਤਿਰੂਪਤੀ ਤੇ ਬਹਿਰਾਮਪੁਰ ਵਿੱਚ ਨੇ। ਇਨ੍ਹਾਂ ਸੰਸਥਾਨਾਂ ਵਿੱਚ ਵਿਗਿਆਨ ਦੀ ਖੋਜ ਤੇ ਪੜ੍ਹਾਈ ਹੁੰਦੀ ਹੈ। ਇਨ੍ਹਾਂ ਸੰਸਥਾਨਾਂ ਦੀ ਵਿਲੱਖਣਤਾ ਇਹ ਹੈ ਕਿ ਇੱਥੇ ਵਿਗਿਆਨੀ ਖ਼ੁਦ ਬਚਿਆਂ ਨੂੰ ਪੜ੍ਹਾਉਂਦੇ ਨੇ, ਵਿਦਿਆਰਥੀਆਂ ਨੂੰ ਪੜ੍ਹਨ ਦੇ ਨਾਲ ਨਾਲ ਖੋਜ ਕਰਨ ਦਾ ਮੌਕਾ ਵੀ ਮਿਲਦਾ ਹੈ। ਸੱਤਾਂ ਸੰਸਥਾਵਾਂ ਵਿੱਚ ਭਾਰਤ ਭਰ ਵਿਚੋਂ ਹਰ ਸਾਲ ਲਗਭਗ 1400 ਵਿਦਿਆਰਥੀ 12ਵੀਂ ਤੋ ਬਾਅਦ ਦਾਖਲ ਕੀਤੇ ਜਾਂਦੇ ਨੇ। ਮੁਹਾਲੀ ਵਿੱਚ 200 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ। ਦਾਖਲਾ ਸਾਰੇ ਸੰਸਥਾਨ ਇਕੱਠਾ ਕਰਦੇ ਨੇ ਤੇ ਮੈਰਿਟ ਦੇਸ਼ ਪੱਧਰ ’ਤੇ ਬਣਦੀ ਹੈ। ਦਾਖਲੇ ਸਬੰਧੀ ਜਾਣਕਾਰੀ ਵੈੱਬਸਾਈਟ https://www.iiseradmission.in/ ’ਤੇ ਉਪਲਬਧ ਹੈ। ਦਾਖ਼ਲੇ ਦੇ ਤਿੰਨ ਚੈਨਲਾਂ ਹਨ:
ਕਿਸ਼ੋਰ ਵਿਗਿਆਨਿਕ ਉਤਸ਼ਾਹ ਯੋਜਨਾ (KVPY) ਚੈਨਲ: ਭਾਰਤ ਸਰਕਾਰ ਦੀ ਇਸ ਸਕੀਮ ਤਹਿਤ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਕੇਵੀਪੀਵਾਈ ਦਾ ਇਮਤਿਹਾਨ ਦੇ ਸਕਦੇ ਨੇ। ਫਾਰਮ ਅਗਸਤ ਵਿੱਚ ਆਉਂਦੇ ਨੇ, ਟੈਸਟ ਅਕਤੂਬਰ ਵਿੱਚ ਹੁੰਦਾ ਹੈ ਤੇ ਇੰਟਰਵਿਊ ਫਰਵਰੀ ਵਿੱਚ। ਜੋ ਵਿਦਿਆਰਥੀ ਫੈਲੋਸ਼ਿਪ ਹਾਸਲ ਕਰ ਲੈਂਦੇ ਹਨ ਉਨ੍ਹਾਂ ਨੂੰ ਹਰ ਮਹੀਨੇ 5000 ਰੁਪਏ ਵਜ਼ੀਫ਼ਾ ਮਿਲਦਾ ਹੈ, ਬਸ਼ਰਤੇ ਕਿ ਉਹ ਮੂਲ ਵਿਗਿਆਨ ਦੀ ਪੜ੍ਹਾਈ ਜਾਰੀ ਰੱਖਣ। ਕੇਵੀਪੀਵਾਈ ਫੈਲੋ ਆਈਸਰ ਵਿੱਚ ਦਾਖਲਾ ਲੈ ਸਕਦੇ ਹਨ।
ਇੰਡੀਅਨ ਇੰਸਟੀਚਿਊਟ ਆਫ਼ ਟੈਕਨੌਲੋਜੀ ਸਾਂਝੀ ਪ੍ਰੀਖਿਆ (IITJEE) ਚੈਨਲ: ਵਿਦਿਆਰਥੀ ਜੋ ਆਈਆਈਟੀ ਦਾ ਟੈਸਟ ਪਾਸ ਕਰ ਚੁੱਕੇ ਨੇ ਪਰ ਇੰਜਨੀਅਰ ਨਹੀਂ ਸਗੋਂ ਵਿਗਿਆਨੀ ਬਣਨਾ ਚਾਹੁੰਦੇ ਨੇ, ਅਪਲਾਈ ਕਰ ਸਕਦੇ ਨੇ। ਜਨਰਲ ਸ਼੍ਰੇਣੀ ਦੇ ਉਮੀਦਵਾਰ ਜਿਨ੍ਹਾਂ ਦਾ ਜੇਈਈ 2018 ਦੀ ਕਾਮਨ ਰੈਂਕ ਸੂਚੀ (CRL) ਵਿਚ 10000 ਤੋਂ ਉੱਪਰ ਰੈਂਕ ਹੈ ਤੇ ਰਿਜ਼ਰਵ ਸ਼੍ਰੇਣੀ (ਓਬੀਸੀ, ਐੱਸਸੀ, ਐੱਸਟੀ, ਪੀਡੀ) ਉਮੀਦਵਾਰ ਜਿਨ੍ਹਾਂ ਦਾ ਰੈਂਕ ਆਪਣੇ ਵਰਗ ਵਿੱਚ 10000 ਤੋ ਉੱਪਰ ਹੈ, ਅਪਲਾਈ ਕਰ ਸਕਦੇ ਨੇ। ਪਿਛਲੇ ਸਾਲ ਮੁਹਾਲੀ ਵਿੱਚ 30 ਐਸੇ ਵਿਦਿਆਰਥੀਆਂ ਨੇ ਦਾਖਲਾ ਲਿਆ ਜੋ ਆਈਆਈਟੀ ਵਿੱਚ ਵੀ ਦਾਖਲਾ ਲੈ ਸਕਦੇ ਸਕਦੇ ਸਨ, ਪਰ ਵਿਗਿਆਨੀ ਬਣਨ ਇੱਛਾ ਕਾਰਨ ਆਈਆਈਐੱਸਈਆਰ ’ਚ ਆਏ।
ਰਾਜ ਅਤੇ ਕੇਂਦਰੀ ਬੋਰਡ ਚੈਨਲ (SCB) ਚੈਨਲ: ਜਿਨ੍ਹਾਂ ਵਿਦਿਆਰਥੀਆਂ ਨੇ 2018 ਜਾਂ 2019 ਵਿੱਚ ਸਾਇੰਸ ਸਟਰੀਮ ਦੇ ਨਾਲ ਬਾਰ੍ਹਵੀਂ ਪਾਸ ਕੀਤੀ ਹੈ ਤੇ ਉਨ੍ਹਾਂ ਦੇ ਆਪਣੇ ਬੋਰਡਾਂ ਵਿੱਚ ਕੱਟ-ਆਫ਼ ਪ੍ਰਤੀਸ਼ਤ ਦੇ ਬਰਾਬਰ ਜਾਂ ਇਸ ਤੋਂ ਵੱਧ ਨੰਬਰ ਨੇ ਉਹ ਅਪਲਾਈ ਕਰ ਸਕਦੇ ਨੇ। ਸੀਬੀਐੱਸਸੀ ਲਈ ਕੱਟ-ਆਫ਼ ਨੰਬਰ ਇਸ ਸਾਲ ਜਨਰਲ ਵਰਗ ਲਈ 431, ਪਛੜੇ ਵਰਗ (ਓਬੀਸੀ) ਲਈ 420, ਅਨਸੂਚਿਤ ਜਾਤੀ (ਐੱਸਸੀ) ਲਈ 401 ਤੇ ਅਨੁਸੂਚਿਤ ਕਬੀਲਿਆਂ (ਐੱਸਟੀ) ਲਈ 381 ਹਨ। ਪੰਜਾਬ ਬੋਰਡ ਲਈ ਇਹ ਨੰਬਰ ਕ੍ਰਮਵਾਰ 389, 387, 375 ਤੇ 366 ਹਨ। ਇਸ ਚੈਨਲ ਵਾਲੇ ਵਿਦਿਆਰਥੀਆਂ ਦਾ ਦਾਖ਼ਲੇ ਲਈ ਇੱਕ ਟੈਸਟ ਲਿਆ ਜਾਵੇਗਾ।
ਦਾਖਲਾ ਵਿਦਿਆਰਥੀਆਂ ਨੂੰ ਪਹਿਲੇ ਦੋ ਸਾਲ ਵਿਗਿਆਨ ਦੇ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਨੇ, ਜਿਨ੍ਹਾਂ ਵਿੱਚ ਗਣਿਤ ਤੇ ਜੀਵ ਵਿਗਿਆਨ ਵੀ ਸ਼ਾਮਿਲ ਨੇ। ਫਿਰ ਵਿਦਿਆਰਥੀ ਆਪਣੇ ਵਿਸ਼ੇ ਦੀ ਚੋਣ ਕਰਦੇ ਨੇ ਤੇ ਰੁਚੀ ਮੁਤਾਬਿਕ ਜੀਵ ਵਿਗਿਆਨ, ਰਸਾਇਣ, ਭੌਤਿਕ ਵਿਗਿਆਨ ਜਾਂ ਗਣਿਤ ਵਿਚੋਂ ਇੱਕ ਵਿਸ਼ਾ ਚੁਣਦੇ ਨੇ। ਦੋ ਸਾਲ ਦੀ ਪੜ੍ਹਾਈ ਇਸ ਵਿਸ਼ੇ ਦੀ ਹੁੰਦੀ ਹੈ ਤੇ ਪੰਜਵੇਂ ਸਾਲ ਵਿੱਚ ਵਿਦਿਆਰਥੀ ਖੋਜ ਦਾ ਕੰਮ ਕਰਦੇ ਨੇ। ਖੋਜ ਦੇ ਵਿਸ਼ੇ ਇੱਕ ਤੋਂ ਵੱਧ ਵਿਗਿਆਨ ਨਾਲ ਸਬੰਧਿਤ ਵੀ ਹੋ ਸਕਦੇ ਨੇ। ਜਿਵੇਂ ਮੈਂ ਇੱਕ ਭੌਤਿਕ ਵਿਗਿਆਨੀ ਹਾਂ ਤੇ ਡਾ਼ ਪ੍ਰਸਾਦ ਜੀਵ ਵਿਗਿਆਨੀ, ਪਰ ਸਾਡੇ ਨਾਲ ਇੱਕ ਗਣਿਤ ਦੇ ਵਿਦਿਆਰਥੀ ਨੇ ਜੀਵ ਵਿਗਿਆਨ ਵਿੱਚ ਏਵੋਲੂਸ਼ਨ ਦੇ ਵਰਤਾਰੇ ਦੇ ਗਣਿਤਕ ਮਾਡਲ ਬਣਾਉਣ ਦਾ ਕੰਮ ਆਪਣੇ ਪੰਜਵੇਂ ਸਾਲ ਦੇ ਪ੍ਰੋਜੈਕਟ ਦੇ ਰੂਪ ਵਿੱਚ ਕੀਤਾ। ਆਈਆਈਐੱਸਈਆਰ ਤੋਂ ਡਿਗਰੀ ਉਪਰੰਤ ਸਾਡੇ ਵਿਦਿਆਰਥੀ ਖੋਜ ਕਰਨ ਲਈ ਦੁਨੀਆ ਦੇ ਬਿਹਤਰੀਨ ਸੈਂਟਰਾਂ ਵਿੱਚ ਜਾਂਦੇ ਨੇ। ਕਈ ਸਾਡੀ ਸੰਸਥਾ ਵਿੱਚ ਰਹਿ ਕੇ ਹੀ ਅੱਗੇ ਖੋਜ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਤੇ ਅਸੀਂ ਚੰਗੇ ਵਿਦਿਆਰਥੀਆਂ ਨੂੰ ਪੀਐੱਚਡੀ ਦੇ ਕੋਰਸ ਵਿੱਚ ਐੱਮਐੱਸ ਉਪਰੰਤ ਸਿੱਧਾ ਦਾਖਲਾ ਵੀ ਦਿੰਦੇ ਹਾਂ। ਕਈ ਵਿਦਿਆਰਥੀ ਖੋਜ ਨਾਲ ਸਬੰਧਿਤ ਕੰਪਨੀਆਂ ਵਿੱਚ ਵੀ ਜਾਂਦੇ ਨੇ। ਫ਼ੀਸਾਂ ਘੱਟ ਨੇ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇੰਸਪਾਇਰ ਸਕੀਮ ਅਧੀਨ ਜਾਂ ਕੇਵੀਪੀਵਾਈ ਸਕੀਮ ਅਧੀਨ ਵਜ਼ੀਫ਼ਾ ਵੀ ਮਿਲਦਾ ਹੈ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਬੰਗਲੌਰ ਵਿੱਚ ਚਾਰ ਸਾਲਾ ਬੀਐੱਸ ਕੋਰਸ ਹੈ ਜਿਸ ਵਿੱਚ ਕੇਵੀਪੀਵਾਈ ਫੈਲੋਜ਼, ਜੇਈਈ ਤੇ ਨੀਟ ਪਾਸ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ। ਇਹ ਕੋਰਸ ਵੀ ਆਇਸਰ ਵਾਂਗ ਵਿਗਿਆਨੀ ਬਣਨ ਦੇ ਚਾਹਵਾਨਾਂ ਲਈ ਹੈ। ਵਧੇਰੇ ਜਾਣਕਾਰੀ https://www.iisc.ac.in/ug/ ਵੈੱਬਸਾਈਟ ’ਤੇ ਉਪਲਬਧ ਹੈ।
ਰਾਸ਼ਟਰੀ ਵਿਗਿਆਨ ਵਿੱਦਿਆ ਤੇ ਖੋਜ ਸੰਸਥਾਨ (ਐਨਆਈਐੱਸਈਆਰ) ਭੁਬਨੇਸ਼ਵਰ ਤੇ ਮੂਲ ਵਿਗਿਆਨ ਦਾ ਕੇਂਦਰ (ਸੀਬੀਐਸ) ਮੁੰਬਈ ਵੀ ਆਈਸਰ ਦੀ ਤਰਜ਼ ਦੇ ਪੰਜ ਸਾਲਾ ਕੋਰਸ ਚਲਾਉਂਦੇ ਨੇ। ਇਨ੍ਹਾਂ ਵਿੱਚ ਦਾਖਲਾ ਰਾਸ਼ਟਰੀ ਪੱਧਰ ’ਤੇ ਹੁੰਦਾ ਹੈ। ਜਾਣਕਾਰੀ ਵੈੱਬਸਾਈਟ https:// www. niser.ac.in/content/admission ਉੱਪਰ ਹੈ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਵੀ ਇੱਕ ਕੋਰਸ ਚਲਾਉਂਦੀ ਹੈ, ਜਿਸ ਵਿੱਚ ਬਾਰ੍ਹਵੀਂ ਤੋਂ ਬਾਅਦ ਦੇਸ਼ ਭਰ ਵਿੱਚੋਂ ਵਿਦਿਆਰਥੀ ਲਏ ਜਾਂਦੇ ਨੇ ਤੇ ਉਨ੍ਹਾਂ ਨੂੰ ਪੁਲਾੜ ਵਿਗਿਆਨ ਵਿੱਚ ਕੰਮ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਕੋਰਸ ਬਾਰੇ ਜਾਣਕਾਰੀ ਲਈ ਵੈੱਬਸਾਈਟ https:// www. iist.ac.in/admissions/undergraduate ਵੇਖੋ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਬੀਐੱਸਸੀ ਆਨਰਜ਼ ਦੇ ਕੋਰਸ ਮੌਜੂਦ ਨੇ ਜਿਥੇ ਚੋਣਵਿਆਂ ਬੱਚਿਆਂ ਨੂੰ ਯੂਨੀਵਰਸਿਟੀ ਦੇ ਪ੍ਰੋਫੈਸਰ ਪੜ੍ਹਾਉਂਦੇ ਹਨ। ਇਨ੍ਹਾਂ ਕੋਰਸਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਵਿਗਿਆਨ ਦੀ ਦੁਨੀਆ ਵਿੱਚ ਬਹੁਤ ਉੱਪਰ ਤੱਕ ਪਹੁੰਚੇ ਹਨ।
ਮੁੱਕਦੀ ਗੱਲ, ਅਗਰ ਤੁਸੀਂ ਵਿਗਿਆਨੀ ਬਣਨਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਨੇ। ਦੇਸ਼ ਪੱਧਰ ’ਤੇ ਪਿਛਲੇ ਦਸ ਸਾਲ ਵਿੱਚ ਵਿਗਿਆਨ ਦੀ ਸਿੱਖਿਆ ਵਿੱਚ ਬਹੁਤ ਤਬਦੀਲੀ ਆਈ ਹੈ ਤੇ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਹੋਏ ਨੇ। ਇਸ ਵਕਤ ਭਾਰਤ ਚੰਦ ਦੇਸ਼ਾਂ ਵਿੱਚ ਹੈ ਜਿਥੇ ਵਿਗਿਆਨ ਦੀ ਪੜ੍ਹਾਈ ਤੇ ਖੋਜ ਲਈ ਏਨੀ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਜੇ ਤੁਸੀਂ ਵਿਗਿਆਨੀ ਬਣਨਾ ਚਾਹੁੰਦੇ ਹੋ ਤਾਂ ਮੂਲ ਵਿਗਿਆਨ ਦੇ ਕੋਰਸਾਂ ਵਿੱਚ ਦਾਖਲਾ ਲਵੋ ਅਤੇ ਸਮਾਜਕ ਦਬਾਅ ਹੇਠ ਆ ਕੇ ਆਪਣੇ ਭਵਿੱਖ ਨੂੰ ਉਨ੍ਹਾਂ ਕਿੱਤਿਆਂ ਨਾਲ ਨਾ ਜੋੜੋ ਜਿਨ੍ਹਾਂ ਵਿੱਚ ਤੁਹਾਡੀ ਰੁਚੀ ਨਹੀਂ।

*ਡਾਇਰੈਕਟਰ ਆਈਆਈਐੱਸਈਆਰ, ਮੁਹਾਲੀ
ਈ-ਮੇਲ: arvind@iisermohali.ac.in
ਸੰਪਰਕ: 98885-64456


Comments Off on ਪੜ੍ਹਾਈ ਦੀ ਚੋਣ ਦਾ ਸਵਾਲ: ਕੀ ਮੈਂ ਵਿਗਿਆਨੀ ਬਣ ਸਕਨਾਂਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.