ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਪਰਿਵਾਰਕ ਖ਼ੁਦਕੁਸ਼ੀ ਦਾ ਦੁਖਾਂਤ

Posted On April - 1 - 2019

ਪੰਜਾਬ ਵਿਚ ਆਏ ਦਿਨ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹੋ ਰਹੀਆਂ ਖ਼ੁਦਕੁਸ਼ੀਆਂ ਅਤੇ ਵਧੇਰੇ ਨਸ਼ਾ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਦੇ ਚਿੰਤਾਜਨਕ ਵਰਤਾਰੇ ਦੇ ਨਾਲ ਨਾਲ ਜਲੰਧਰ ਨੇੜਲੇ ਕਸਬਾ ਆਦਮਪੁਰ ਦੇ ਪਿੰਡ ਮਾਣਕੋ ਦੇ ਪਰਿਵਾਰ ਦੇ ਚਾਰ ਜੀਆਂ ਦੀ ਸਮੂਹਿਕ ਖ਼ੁਦਕੁਸ਼ੀ ਧੁਰ ਅੰਦਰ ਤੱਕ ਝੰਜੋੜ ਦੇਣ ਵਾਲੀ ਹੈ। ਦੋਆਬੇ ਵਿਚ ਕਿਸਾਨੀ ਖ਼ੁਦਕੁਸ਼ੀਆਂ ਦਾ ਰੁਝਾਨ ਇਸ ਕਰਕੇ ਮਾਲਵੇ ਨਾਲੋਂ ਘੱਟ ਮੰਨਿਆ ਜਾਂਦਾ ਹੈ, ਕਿਉਂਕਿ ਇਸ ਖੇਤਰ ਵਿਚ ਵਿਦੇਸ਼ੀ ਪੈਸੇ ਦੀ ਆਮਦ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਹਾਇਤਾ ਕਰਦੀ ਰਹੀ ਹੈ। ਦੋਆਬੇ ਦੇ ਹੀ ਇਸ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਲਈ ਲਗਭੱਗ ਡੇਢ ਦਹਾਕੇ ਤੋਂ ਦੁਬਈ ਵਿਚ ਕੰਮ ਕਰ ਰਿਹਾ ਸੀ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ 60 ਵਰ੍ਹਿਆਂ ਦਾ ਇਹ ਮਿਹਨਤਕਸ਼ ਬਿਮਾਰੀ ਕਾਰਨ ਵਾਪਸ ਆਉਣ ਦੀ ਤਿਆਰੀ ਵਿਚ ਸੀ। ਕਰਜ਼ੇ ਦੇ ਬੋਝ ਹੇਠ ਦੱਬੇ ਹੋਣ ਕਾਰਨ ਅਸੁਰੱਖਿਅਤ ਭਵਿੱਖ ਪਰਿਵਾਰ ਦੇ ਸਾਹਮਣੇ ਮੂੰਹ ਅੱਡੀਂ ਖੜ੍ਹਾ ਸੀ।
ਇਸ ਪਰਿਵਾਰ ਦੇ ਸਭ ਤੋਂ ਵੱਡੇ ਪੁੱਤਰ ਨੇ ਬਾਰ੍ਹਵੀਂ ਕਰ ਲਈ ਸੀ ਅਤੇ ਆਈਲੈਟਸ ਕਰਕੇ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਤੋਂ ਛੋਟੀ ਬੇਟੀ ਮਹਾਂਰਾਸ਼ਟਰ ਵਿੱਚ ਹੋਈਆਂ ਖੇਡਾਂ ਵਿਚੋਂ ਅਥਲੈਟਿਕਸ ਵਿਚ ਤਿੰਨ ਗੋਲਡ ਮੈਡਲ ਲੈ ਕੇ ਆਈ ਸੀ। ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦੀ ਮਾਂ ਨੇ ਆਪਣੇ ਜਿਗਰ ਦੇ ਟੁਕੜਿਆਂ ਦੇ ਨਾਲ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਰਾਹ ਚੁਣਿਆ। ਇਹ ਖ਼ੁਦਕੁਸ਼ੀ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਦੇਸ਼ ਵਿਚ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣੀ ਵੀ ਮੁਸ਼ਕਿਲ ਹੋਣ ਕਰਕੇ ਦੁਬਈ ਆਪਣੇ ਪਰਿਵਾਰ ਤੋਂ ਦੂਰ ਦਿਹਾੜੀ ਜੋਤੇ ਰਾਹੀਂ ਕਮਾਏ ਪੈਸੇ ਨਾਲ ਪਰਿਵਾਰ ਪਾਲ ਰਹੇ ਬੰਦੇ ਨੂੰ ਬਿਮਾਰੀ ਨੇ ਢਾਅ ਲਿਆ। ਬੇਟਾ ਵਿਦੇਸ਼ ਜਾਣ ਦਾ ਦਬਾਅ ਬਣਾ ਰਿਹਾ ਸੀ ਪਰ ਪੈਸਾ ਨਾ ਹੋਣ ਕਰਕੇ ਦਿਮਾਗੀ ਤਣਾਅ ਹੋਣਾ ਸੁਭਾਵਿਕ ਹੈ। ਕਿਹਾ ਜਾਂਦਾ ਹੈ ਕਿ ਮਨੁੱਖ ਦੀ ਬੁਨਿਆਦੀ ਫਿਤਰਤ ਜ਼ਿੰਦਾ ਰਹਿਣ ਦੀ ਹੈ, ਇਸ ਲਈ ਬੱਚਿਆਂ ਸਮੇਤ ਸਮੂਹਿਕ ਖ਼ੁਦਕੁਸ਼ੀ ਵਰਗਾ ਕਦਮ ਘੋਰ ਨਿਰਾਸ਼ਾ ਵਿਚ ਹੀ ਉਠਾਇਆ ਜਾ ਸਕਦਾ ਹੈ। ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਔਰਤਾਂ ਬੱਚਿਆਂ ਨੂੰ ਪਾਲਣ ਲਈ ਹਰ ਮੁਸ਼ਕਿਲ ਨਾਲ ਟਕਰਾਅ ਰਹੀਆਂ ਹਨ।
ਆਰਥਿਕ ਤੰਗੀ ਅਤੇ ਰੁਜ਼ਗਾਰ ਦੇ ਘੱਟ ਮੌਕੇ ਕਾਰਨ ਨਿਰਾਸ਼ਤਾ ਵਧ ਰਹੀ ਹੈ। ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਰੁਝਾਨ ਪਿੰਡਾਂ ਅੰਦਰ ਭਾਈਚਾਰਕ ਸਾਂਝ ਦਾ ਖ਼ਤਮ ਹੋ ਜਾਣਾ ਹੈ। ਭਾਈਚਾਰਾ ਜਾਂ ਜਜ਼ਬਾਤੀ ਸਾਂਝ ਹਰ ਸੰਕਟ ਵਿਚੋਂ ਉੱਭਰਨ ਦਾ ਹੌਸਲਾ ਦਿੰਦਾ ਹੈ। ਨਸ਼ਿਆਂ ਸਮੇਤ ਹੋਰ ਬੁਰਾਈਆਂ ਦਾ ਇਲਾਜ ਵੀ ਭਾਈਚਾਰਿਆਂ ਦੀ ਸਮੂਹਿਕ ਚਾਰਾਜੋਈ ਵਿਚ ਹੈ। ਪੰਜਾਬ ਜਿਸ ਸੰਕਟ ਵਿਚੋਂ ਗੁਜ਼ਰ ਰਿਹਾ ਹੈ, ਇਸ ਲਈ ਜਿਸ ਤਰ੍ਹਾਂ ਦੀ ਚਿੰਤਾ ਅਤੇ ਚਿੰਤਨ ਕਰਨ ਦੀ ਲੋੜ ਹੈ, ਉਹ ਸਿਆਸੀ ਪਾਰਟੀਆਂ ਜਾਂ ਆਗੂਆਂ ਦੇ ਚਿਹਰਿਆਂ ਅਤੇ ਕਾਰਗੁਜ਼ਾਰੀ ਤੋਂ ਕੋਹਾਂ ਦੂਰ ਨਜ਼ਰ ਆਉਂਦੀ ਹੈ। ਪੰਜਾਬ ਦੇ ਸਿਆਸਤਦਾਨਾਂ, ਬੁੱਧੀਜੀਵੀਆਂ ਤੇ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ’ਤੇ ਇਹ ਅਹਿਮ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਇਸ ਸੰਕਟ ਦੀ ਘੜੀ ਵਿਚ ਭਵਿੱਖ ਲਈ ਵਿਕਲਪ ਤਲਾਸ਼ਣ ਦੀ ਕੋਸ਼ਿਸ਼ ਕਰਨ ਜਿਸ ਨਾਲ ਆਮ ਲੋਕਾਂ ਅੰਦਰ ਉਮੀਦ ਪੈਦਾ ਹੋ ਸਕੇ।


Comments Off on ਪਰਿਵਾਰਕ ਖ਼ੁਦਕੁਸ਼ੀ ਦਾ ਦੁਖਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.