ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On April - 4 - 2019

ਸੁਤੰਤਰਤਾ ਸੰਗਰਾਮੀ ਤੇਜਾ ਸਿੰਘ ਗੱਜੂ ਮਾਜਰਾ

ਸਰਦਾਰ ਤੇਜਾ ਸਿੰਘ ਸੁਤੰਤਰਤਾ ਸੰਗਰਾਮੀ, ਜਨਮ ਸਥਾਨ ਪਿੰਡ ਗੱਜੂ ਮਾਜਰਾ (ਪਟਿਆਲਾ) ਵੱਲੋਂ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਸਦਕਾ ਸਾਡਾ ਸ਼ੀਸ਼ ਉਨ੍ਹਾਂ ਅੱਗੇ ਹਮੇਸ਼ਾ ਝੁਕਦਾ ਰਹੇਗਾ। ਉਨ੍ਹਾਂ ਦੇ ਪਿਤਾ ਦਾ ਨਾਂ ਖਜ਼ਾਨ ਸਿੰਘ ਸੀ, ਪਰ ਮਾਤਾ ਦੇ ਨਾਂ ਦਾ ਵੇਰਵਾ ਨਹੀਂ ਮਿਲ ਸਕਿਆ। ਉਨ੍ਹਾਂ ਦੀ ਪਤਨੀ ਚਰਨ ਕੌਰ ਦੀ ਕੁਖੋਂ ਦੋ ਬੇਟੀਆਂ ਗੁਰਦੇਬ ਕੌਰ ਅਤੇ ਗੁਰਚਰਨ ਕੌਰ ਨੇ ਜਨਮ ਲਿਆ। ਨੌਂ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦੀ ਮੌਤ ਹੋਣ ’ਤੇ ਤੇਜਾ ਸਿੰਘ ਦੀ ਵੱਡੀ ਭੈਣ ਉਨ੍ਹਾਂ ਨੂੰ ਪਿੰਡ ਜਹਾਂਗੀਰ (ਸੰਗਰੂਰ) ਲੈ ਗਈ, ਪਰ ਵੱਡੀ ਭੈਣ ਅਤੇ ਜੀਜੇ ਦਾ ਵੀ ਜਲਦੀ ਹੀ ਦੇਹਾਂਤ ਹੋ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਬਚਪਨ ਬਹੁਤ ਔਖਾ ਲੰਘਿਆ। ਉਹ 21 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਦੇ ਖਿਲਾਫ਼ ਪੰਜਾਬੀਆਂ ਵੱਲੋਂ 1924 ਵਿੱਚ ਲਾਏ ਗੁਰਦੁਆਰਾ ਜੈਤੋ ਦੇ ਮੋਰਚੇ ਵਿੱਚ ਕੁੱਦ ਪਏ।
ਮੋਰਚੇ ਵਿੱਚ ਸ਼ਾਮਿਲ 300 ਵਿਅਕਤੀਆਂ ਦੇ ਜੱਥੇ ਵਿੱਚੋਂ ਕੇਵਲ 100 ਹੀ ਰਹਿ ਗਏ ਸਨ, ਕਿਉਂਕਿ ਅੰਗਰੇਜ਼ਾਂ ਵੱਲੋਂ ਜੱਥੇ ਉੱਪਰ ਹਲਕੇ ਹੋਏ ਕੁੱਤੇ ਛੱਡਣ ਸਣੇ ਅਨੇਕਾਂ ਮੁਸੀਬਤਾਂ ਵੀ ਖੜੀਆਂ ਕੀਤੀਆਂ ਜਾਂਦੀਆ ਰਹੀਆਂ। ਉਨ੍ਹਾਂ ਨੂੰ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ। ਜੇਲ ਯਾਤਰਾ ਕਈ ਵਾਰ ਕਰਨੀ ਪਈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਦੋ ਮਹੀਨੇ ਤੱਕ ਸੂਰਜ ਦਾ ਮੂੰਹ ਵੀ ਨਹੀਂ ਦੇਖਿਆ ਪਰ ਡਟ ਕੇ ਅੰਗਰੇਜ਼ਾਂ ਦੇ ਤਸੀਹੇ ਝੱਲਦੇ ਰਹੇ। ਭਾਰਤ ਦੀ ਅਜ਼ਾਦੀ ਦੇ ਪੱਚੀ ਵਰ੍ਹੇ ਪੂਰੇ ਹੋਣ ’ਤੇ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਵੱਲੋਂ ਤੇਜਾ ਸਿੰਘ ਨੂੰ ਤਾਮਰ ਪੱਤਰ ਦਿੱਤਾ ਗਿਆ। ਪੰਜਾਬ ਰਿਆਸਤੀ ਪਰਜਾ ਮੰਡਲ ਦੀ ਨੁਮਾਇੰਦਾ ਜੱਥੇਬੰਦੀ ਪੰਜਾਬ ਸਟੇਟ ਫਰੀਡਮ ਫਾਈਟਰਜ਼ ਕਮੇਟੀ (ਜੈਤੋ) ਸਮਾਣਾ ਵੱਲੋਂ ਵੀ ਸਨਮਾਨ ਪੱਤਰ ਭੇਟ ਕੀਤਾ ਗਿਆ ਸੀ। ਉਹ ਜੂਨ 1986 ਵਿੱਚ ਚਲਾਣਾ ਕਰ ਗਏ।
ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਪਟਿਆਲਾ। ਸੰਪਰਕ: 95010-33005

ਸ਼ਹੀਦ ਜਵਾਨ ਹਰਪ੍ਰੀਤ ਸਿੰਘ

ਸੰਨ 1965, 1971, 1999 ਦੀਆਂ ਜੰਗਾਂ ਵਿੱਚ ਹਜ਼ਾਰਾਂ ਫ਼ੌਜੀਆਂ ਨੂੰ ਬੰਦੀ ਬਣਾਇਆ ਗਿਆ, ਜੋ ਕਿ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ, ਕੁਝ ਮਰ ਚੁੱਕੇ ਹਨ ਅਤੇ ਕੁਝ ਦਾ ਪਤਾ ਨਹੀਂ ਕਿ ਕਿੱਥੇ ਕਿਸ ਹਾਲ ਵਿੱਚ ਹਨ। ਹੋਰ ਕਈ ਕਾਰਨਾਂ ਕਰ ਕੇ ਵੀ ਜਵਾਨ ਸ਼ਹੀਦ ਹੋ ਜਾਂਦੇ ਹਨ। ਅਜਿਹਾ ਇੱਕ ਸ਼ਹੀਦ ਸਿਪਾਹੀ ਹਰਪ੍ਰੀਤ ਸਿੰਘ ਹੈ, ਜੋ ਪਿਛਲੇ ਦਿਨੀਂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਤਾਇਨਾਤ ਸੀ ਕਿ ਅੱਤਵਾਦੀਆਂ ਵੱਲੋ ਪਿੰਡ ਦੇ ਇੱਕ ਘਰ ਵਿੱਚ ਹੋਣ ਸੂਚਨਾ ਮਿਲਣ ’ਤੇ ਸੈਨਾ ਦੀ ਟੁਕੜੀ ਨੇ ਪਿੰਡ ਨੂੰ ਘੇਰਾ ਪਾ ਲਿਆ। ਅੱਤਵਾਦੀਆਂ ਵੱਲੋ ਗੋਲੀਬਾਰੀ ਸ਼ਰੂ ਹੋਣ ’ਤੇ ਸੈਨਾ ਨੇ ਆਮ ਲੋਕਾਂ ਨੂੰ ਸੁਰੱਖਿਅਤ ਕਰਕੇ ਜਵਾਬੀ ਗੋਲੀਬਾਰੀ ਕੀਤੀ। ਅਪ੍ਰੇਸ਼ਨ ਕਈ ਘੰਟੇ ਚੱਲਦਾ ਰਿਹਾ। ਕੁਦਰਤ ਵੀ ਸ਼ਾਇਦ ਜਵਾਨਾਂ ਦਾ ਇਮਤਿਹਾਨ ਲੈ ਰਹੀ ਸੀ ਅਤੇ ਲਗਾਤਾਰ ਤੇਜ਼ ਬਾਰਿਸ਼ ਹੁੰਦੀ ਰਹੀ ਅਤੇ ਕਸ਼ਮੀਰ ਦੀ ਠੰਢ ਵੀ ਜੋਬਨ ’ਤੇ ਸੀ।
ਤੇਜ਼ ਬਾਰਿਸ਼ ਅਤੇ ਠੰਢ ਕਾਰਨ ਹਰਪ੍ਰੀਤ ਨੂੰ ਤੇਜ਼ ਬੁਖ਼ਾਰ ਹੋ ਗਿਆ। ਸਾਥੀ ਵੱਲੋਂ ਪਿੱਛੇ ਆਰਾਮ ਕਾਰਨ ਲਈ ਕਹਿਣ ਦੇ ਬਾਵਜੂਦ ਉਹ ਡਟਿਆ ਰਿਹਾ। ਅਪਰੇਸ਼ਨ ਚਾਰ ਦਿਨ ਚੱਲਿਆ, ਕੁਝ ਸੈਨਿਕ ਜ਼ਖ਼ਮੀ ਹੋਏ, ਪਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਅਪ੍ਰੇ਼ਸ਼ਨ ਸਫਲ ਰਿਹਾ ਦੇ ਸੁਨੇਹੇ ਫੈਲ ਗਏ ਪਰ ਹਰਪ੍ਰੀਤ ਸਿੰਘ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਸ ਨੂੰ ਸ੍ਰੀਨਗਰ ਦੇ ਸੈਨਿਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਪਰ ਉਸ ਨੂੰ ਨਮੂਨੀਆ ਨੇ ਬੁਰੀ ਤਰ੍ਹਾਂ ਜਕੜ ਲਿਆ ਸੀ। ਉਸ ਨੂੰ ਦਿੱਲੀ ਸੈਨਿਕ ਹਸਪਤਾਲ ਭੇਜਿਆ ਗਿਆ ਪਰ ਚਾਰ ਦਿਨ ਜੂਝ ਕੇ ਅਤਿਵਾਦੀਆਂ ’ਤੇ ਫਤਹਿ ਪਾਉਣ ਵਾਲਾ ਇਹ ਜਵਾਨ ਹੋਰ ਪੰਜ-ਛੇ ਦਿਨ ਜੂਝਣ ਮਗਰੋਂ ਬਿਮਾਰੀ ਤੇ ਮੌਤ ਅੱਗੇ ਹਾਰ ਗਿਆ। ਹਰਪ੍ਰੀਤ ਸਿੰਘ ਦਾ ਵਿਆਹ ਨਵੰਬਰ 2018 ਵਿੱਚ ਹੋਇਆ ਸੀ। ਉਸ ਦੀ 23 ਕੁ ਸਾਲਾਂ ਦੀ ਪਤਨੀ ਗਰਭਵਤੀ ਹੈ। ਸ਼ਹੀਦ ਹਰਪ੍ਰੀਤ ਹੀ ਨਹੀਂ, ਉਸ ਦੀ ਪਤਨੀ ਤੇ ਪੂਰਾ ਪਰਿਵਾਰ ਵੀ ਹੋ ਗਿਆ। ਸਾਨੂੰ ਸਾਡੇ ਦੇਸ਼ ਦੇ ਸੈਨਿਕਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਦੇਸ਼ ਦੇ ਗੁੰਮਨਾਮ ਸ਼ਹੀਦਾਂ ਨੂੰ ਉਨ੍ਹਾਂ ਦੀ ਬਣਦੀ ਪਛਾਣ ਦਵਾਉਣੀ ਚਾਹੀਦੀ ਹੈ।
ਰਮਨਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੰਪਰਕ: 87260-60041

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ

ਜ਼ਿਲ੍ਹਾ ਬਰਨਾਲਾ ਦੇ ਜੰਮਿਆਂ-ਜਾਇਆਂ ਦਾ ਆਜ਼ਾਦੀ ਲਹਿਰ ਵਿਚ ਭਾਰੀ ਯੋਗਦਾਨ ਹੈ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਰਿਆਸਤ ਪਰਜਾ ਮੰਡਲ ਪਾਰਟੀ ਦੇ ਪ੍ਰਧਾਨ ਸਨ। ਉਨ੍ਹਾਂ ਅੰਗਰੇਜ਼ਾਂ ਅਤੇ ਦੇਸੀ ਰਿਆਸਤਾਂ ਦੀ ਦੋਹਰੀ ਗੁਲਾਮੀ ਖਿਲਾਫ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦਾ ਜਨਮ ਅਗਸਤ 1886 ਈਸਵੀ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ ਹੋਇਆ। ਪਿਤਾ ਦਾ ਨਾਂ ਦੇਵਾ ਸਿੰਘ ਸੀ, ਜੋ ਮਹਾਰਾਜਾ ਭੁਪਿੰਦਰ ਸਿੰਘ ਸਮੇਂ ਪਟਿਆਲਾ ਰਿਆਸਤ ਵਿੱਚ ਉੱਚ ਅਹੁਦੇ ’ਤੇ ਸਨ। ਪੜ੍ਹਾਈ ਪਟਿਆਲੇ ਤੋਂ ਹੀ ਪੂਰੀ ਕੀਤੀ ਅਤੇ ਨੌਕਰੀ ਲੱਗ ਗਏ। ਕੁਝ ਸਮੇਂ ਬਾਅਦ ਗੁਰਦੁਆਰਾ ਸਿੰਘ ਸਭਾ ਲਹਿਰ ਨਾਲ ਜੁੜ ਗਏ ਅਤੇ ਗੁਰਮੁਖੀ ਲਿਪੀ ਅਤੇ ਵਿਆਹ ਆਨੰਦ ਕਾਰਜ ਨਾਲ ਕਰਾਉਣ ਦਾ ਪ੍ਰਚਾਰ ਕੀਤਾ। ਪਰਜਾ ਮੰਡਲ ਅੰਦੋਲਨ ਪੰਜਾਬ ਦੀਆਂ ਕਾਨਫਰੰਸਾਂ ’ਚ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਪ੍ਰਸਿੱਧੀ ਦੇਖਦਿਆਂ ਉਨ੍ਹਾਂ ’ਤੇ ਝੂਠੇ ਮੁੱਕਦਮੇ ਤੇ ਗ੍ਰਿਫਤਾਰੀਆਂ ਹੋਈਆਂ। ਅੰਗਰੇਜ਼ ਸਰਕਾਰ ਨੇ ਦੋ ਮਹੀਨਿਆ ਲਈ ਅਮ੍ਰਿੰਤਸਰ ਤੇ ਲਾਹੌਰ ਜ਼ਿਲ੍ਹਿਆਂ ’ਚ ਵੜਨ ’ਤੇ ਪਾਬੰਦੀ ਵੀ ਲਾਈ, ਕਿਉਕਿ ਉਹ ਪਰਜਾ ਮੰਡਲ ਲਹਿਰ ਦੇ ਪ੍ਰਭਾਵਸ਼ਾਲੀ ਆਗੂ ਸਨ। ਅੰਤ 1932 ਉਨ੍ਹਾਂ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਮੁਕੱਦਮਾ ਚਲਾਇਆ ਗਿਆ, ਪਰ ਉਨ੍ਹਾਂ ਆਪਣਾ ਬਚਾਅ ਨਹੀਂ ਕੀਤਾ। ਤਿੰਨ ਸਾਲ ਕੈਦ ਦੀ ਸਜ਼ਾ ਅਤੇ 500 ਰੁਪਏ ਜੁਰਮਾਨਾ ਹੋਇਆ। ਬਾਅਦ ਵਿੱਚ ਜੇਲ੍ਹ ਦੇ ਮਾੜੇ ਪ੍ਰਬੰਧ ਖ਼ਿਲਾਫ਼ ਉਨ੍ਹਾਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਅੰਤ ਸ਼ਹੀਦੀ ਪਾ ਗਏ। ਉਨ੍ਹਾਂ ਦੇ ਪੜਪੋਤਰੇ ਜਗਮੀਤ ਸਿੰਘ, ਕੈਨੇਡਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਉਸ ਮੁਲਕ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋਣਗੇ।
ਹਰਦੀਪ ਸਿੰਘ ਗੋਲਣ, ਪਿੰਡ ਨੰਗਲ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ। ਸੰਪਰਕ: 62808-21910


Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.