ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On April - 11 - 2019

ਸਸਤੀ-ਮਿਆਰੀ ਵਿੱਦਿਆ ਜ਼ਰੂਰੀ

ਆਗਾਮੀ ਚੋਣਾਂ ਵਿੱਚ ਨੌਜਵਾਨਾਂ ਦੀ ਵੱਡੀ ਭੂਮਿਕਾ ਰਹੇਗੀ। ਇਸ ਵਕਤ ਭਾਰਤ ਵਿੱਚ ਵੱਡੀ ਪੱਧਰ ’ਤੇ ਸੂਝਵਾਨ ਨੌਜਵਾਨ ਵੋਟਰ ਹਨ ਤੇ ਵੱਖ-ਵੱਖ ਪਾਰਟੀਆਂ ਵਿੱਚ ਬਹੁਤ ਸਾਰੇ ਨੌਜਵਾਨ ਚੋਣ ਮੈਦਾਨ ਵਿੱਚ ਹਨ, ਜੋ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਹਨ। ਉਨ੍ਹਾਂ ਨੂੰ ਮਿਆਰੀ ਤੇ ਸਸਤੀ ਵਿਦਿਆ ਦੀ ਲੋੜ ਹੈ, ਕਿਉਂਕਿ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਕਾਰਨ ਮਿਆਰੀ ਵਿਦਿਆ ਨਹੀਂ ਮਿਲ ਰਹੀ। ਪ੍ਰਾਈਵੇਟ ਕਾਲਜਾਂ ਵਿੱਚ ਭਾਰਤੀ ਤੇ ਬੇਲੋੜੀਆਂ ਫੀਸਾਂ ਦੇ ਨਾਲ ਹੀ ਬਹੁਤ ਸਾਰੇ ਪ੍ਰਾਈਵੇਟ ਕਾਲਜਾਂ ਵਿੱਚ ਵਿਦਿਆ ਦਾ ਮਿਆਰ ਵੀ ਪੇਤਲਾ ਹੈ, ਜਿਸ ਕਰਕੇ ਨੌਜਵਾਨ ਜਾਂ ਤਾਂ ਅੱਗੇ ਪੜ੍ਹ ਨਹੀਂ ਸਕਦੇ, ਜੇ ਮਾੜੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਦੇ ਵੀ ਹਨ ਤਾਂ ਬਾਅਦ ਵਿਚ ਹਕੀਕੀ ਤੌਰ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ। ਵੱਡਾ ਤੇ ਮੁੱਖ ਮੁੱਦਾ ਰੁਜ਼ਗਾਰ ਦਾ ਹੈ। ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹਨ ਜੋ ਚੰਗੀ ਤੇ ਮਿਆਰੀ ਵਿਦਿਆ ਹਾਸਲ ਕਰਕੇ ਬੇਰੁਜ਼ਗਾਰ ਹਨ। ਬਹੁਤੀ ਥਾਈਂ ਰੁਜ਼ਗਾਰ ਦੇ ਬਿਲਕੁਲ ਵੀ ਮੌਕੇ ਨਹੀਂ, ਨਿਜੀ ਖੇਤਰ ਵਿਚ ਘੱਟ ਉਜਰਤਾਂ ਦੇ ਕੇ ਭਾਰੀ ਸ਼ੋਸ਼ਣ ਕੀਤਾ ਜਾਂਦਾ ਹੈ। ਸਰਕਾਰੀ ਨੌਕਰੀਆਂ ਬਹੁਤ ਘੱਟ ਨਿਕਲਦੀਆਂ ਹਨ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਬੇਰੁਜ਼ਗਾਰੀ ਕਾਰਨ ਨੌਜਵਾਨ ਵਲੈਤ ਜਾਂਦੇ ਹਨ ਪਰ ਬਹੁਤ ਵਾਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਗੁਰਦਿੱਤ ਸਿੰਘ ਸੇਖੋਂ, ਵੀਪੀਓ ਦਲੇਲ ਸਿੰਘ ਵਾਲਾ, ਮਾਨਸਾ।
ਸੰਪਰਕ: 97811-72781

ਸਿੱਖਿਆ-ਰੁਜ਼ਗਾਰ ਹੋਣ ਚੋਣ ਮੁੱਦੇ

ਵੋਟ ਪਾਉਣਾ ਤੁਹਾਡਾ ਅਧਿਕਾਰ ਵੀ ਹੈ, ਫ਼ਰਜ਼ ਵੀ ਪਰ ਪਾਉਣੀ ਅਸੀਂ ਬਹੁਤ ਸੋਚ ਵਿਚਾਰ ਕਰਕੇ ਹੈ। ਚੋਣਾਂ ਵਿੱਚ ਮੁੱਦੇ ਤਾਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਹੋਣੇ ਚਾਹੀਦੇ ਹਨ, ਪਰ ਅੱਜ-ਕਲ੍ਹ ਲੀਡਰ ਕਈ ਤਰ੍ਹਾਂ ਦੇ ਵਾਅਦੇ ਕਰ ਕੇ ਲੋਕਾਂ ਨੂੰ ਮਗਰ ਲਾ ਲੈਂਦੇ ਹਨ ਪਰ ਵਾਅਦੇ ਬਾਅਦ ਵਿਚ ਪੂਰੇ ਨਹੀਂ ਹੋ ਪਾਉਂਦੇ। ਇਸ ਕਾਰਨ ਲੋਕਾਂ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ। ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲੱਗੇ ਕਿਸੇ ਦੇ ਦਬਾਅ ਵਿਚ ਨਹੀਂ ਆਉਣਾ ਚਾਹੀਦਾ। ਵੋਟਾਂ ਸਬੰਧੀ ਕੋਈ ਵੀ ਹੁੱਲੜਬਾਜ਼ੀ ਸੋਸ਼ਲ ਮੀਡੀਆ ’ਤੇ ਨਹੀਂ ਕਰਨੀ ਚਾਹੀਦੀ।
ਸਿਮਰਨਜੀਤ ਸਿੰਘ, ਗੁਰੂ ਤੇਗ ਬਹਾਦਰ ਨਗਰ, ਚੌਧਰੀ ਮਾਜਰਾ ਰੋਡ, ਨਾਭਾ।

ਨੌਜਵਾਨਾਂ ਮੁੱਖ ਮੁੱਦਾ ਬੇਰੁਜ਼ਗਾਰੀ

ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਦੇਸ਼ ਦਾ ਭਵਿੱਖ ਤੈਅ ਵੀ ਕਰਦੇ ਹਨ। ਇਸ ਕਾਰਨ ਦੇਸ਼ ਦੀਆਂ ਚੋਣਾਂ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਪਰਿਵਾਰ ਵਿੱਚ ਵੀ ਚੋਣਾਂ ਸਬੰਧੀ ਨੌਜਵਾਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਪੜ੍ਹਿਆ-ਲਿਖਿਆ ਤੇ ਸੂਝਵਾਨ ਨੌਜਵਾਨ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰੇਗਾ। ਦੇਸ਼ ਦੇ ਨੌਜਵਾਨਾਂ ਦਾ ਸਭ ਤੋਂ ਮੁੱਖ ਮੁੱਦਾ ਬੇਰੁਜ਼ਗਾਰੀ ਹੈ। ਲੱਖਾਂ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰ ਫਿਰ ਰਹੇ ਹਨ। ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਸੱਤਾ ਵਿਚ ਆ ਕੇ ਉਨ੍ਹਾਂ ਨੂੰ ਭੁੱਲ ਜਾਂਦੀਆਂ ਹਨ। ਪਾਰਟੀਆਂ ਵੱਲੋਂ ਵੋਟਾਂ ਲਈ ਸਮਾਰਟਫੋਨ ਦੇਣ ਤੇ ਆਟਾ-ਦਾਲ ਸਕੀਮਾਂ ਦੇ ਸਬਜ਼ਬਾਗ਼ ਦਿਖਾਏ ਜਾਂਦੇ ਹਨ, ਪਰ ਅੱਜ ਦਾ ਨੌਜਵਾਨ ਰੁਜ਼ਗਾਰ ਮੰਗ ਰਿਹਾ ਹੈ, ਉਸ ਦੀ ਗੱਲ ਕਰਨ ਲਈ ਵੀ ਕੋਈ ਤਿਆਰ ਨਹੀਂ ਹੈ। ਨੌਜਵਾਨ ਵਿਦੇਸ਼ੀਂ ਪਰਵਾਸ ਦਾ ਕਾਰਨ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹੀ ਹਨ। ਸਰਕਾਰ ਨੂੰ ਰੁਜ਼ਗਾਰ ਪੈਦਾ ਕਰਨ ਲਈ ਵੱਡੀਆਂ ਪਹਿਲਕਦਮੀਆਂ ਕਰਨ ਦੀ ਲੋੜ ਹੈ, ਨਾ ਕਿ ਲਾਰੇ ਲਾਉਣ ਦੀ। ਹਫਤੇ ਦੇ ਵਿੱਚ ਨਸ਼ੇ ਖਤਮ ਕਰਨ ਵਾਲੀ ਕੈਪਟਨ ਦੀ ਸਰਕਾਰ ਨੂੰ 2 ਸਾਲ ਹੋ ਗਏ ਹਨ ਪਰ ਹੁਣ ਰੋਜ਼ਾਨਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ (ਮੁਹਾਲੀ)।

ਜਾਗਰੂਕ ਹੋਰਨਾਂ ਨੂੰ ਜਗਾਉਣ

ਨੌਜਵਾਨ ਕਿਸੇ ਵੀ ਕੌਮ ਦੀ ਧੌਣ ਦਾ ਮਣਕਾ ਹੁੰਦੇ ਨੇ। ਕੌਮ ਦਾ ਉੱਸਰਨਾ ਅਤੇ ਵਿੱਸਰਨਾ ਉਨ੍ਹਾਂ ਦੀ ਸੋਚ ’ਤੇ ਨਿਰਭਰ ਹੁੰਦਾ ਹੈ। ਅਗਾਮੀ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜੜ੍ਹਤਾ ਤੇ ਪ੍ਰਭਾਵਵਾਦੀ ਪਰਿਵਾਰਕ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਥਕ ਰੂਪ ਵਿੱਚ ਸਿਆਸਤ ਦਾ ਵਿਸ਼ਲੇਸ਼ਣਮਈ ਅਧਿਐਨ ਕਰਨ ਤੇ ਉਸ ਨੂੰ ਸੱਥਾਂ ਢਾਣੀਆਂ ਅਤੇ ਗਲੀਆਂ ਵਿੱਚ ਆਮ ਜਨਤਾ ਤੱਕ ਪ੍ਰਚਾਰਨ। ਬੇਰੁਜ਼ਗਾਰੀ, ਗ਼ਰੀਬੀ ਅਤੇ ਸਿਹਤ ਸਹੂਲਤਾਂ ਸੁਧਾਰਨ ਲਈ ਜ਼ਮੀਨੀ ਪੱਧਰ ’ਤੇ ਕੀ ਪੈਮਾਨੇ ਹਨ, ਬਾਰੇ ਸੰਵਾਦ ਰਚਾਇਆ ਜਾਵੇ ਤੇ ਸਿਆਸਤਦਾਨਾਂ ਤੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਅਤੇ ਲੋਕ-ਲੁਭਾਊ ਪਖੰਡਾਂ ਦਾ ਹਿਸਾਬ-ਕਿਤਾਬ ਮੰਗਣ। ਆਮ ਜਨਤਾ ਤੱਕ ਪਹੁੰਚੀਆਂ ਸੁੱਖ ਸਹੂਲਤਾਂ ਦਾ ਗ੍ਰਾਫ ਕੀ ਹੈ, ਇਸ ਦੇ ਜਵਾਬ ਸਿਆਸਤਦਾਨਾਂ ਤੋਂ ਭਰੇ ਇਕੱਠ ਵਿੱਚ ਪੁੱਛੇ ਜਾਣ। ਟੀਵੀ ਚੈਨਲਾਂ ’ਤੇ ਹੋ ਰਹੀ ਫ਼ੋਕੀ ਇਸ਼ਤਿਹਾਰਬਾਜ਼ੀ ਅਤੇ ਅਖੌਤੀ ਬਹਿਸਾਂ ਤੋਂ ਲੋਕਾਂ ਨੂੰ ਸੁਚੇਤ ਕਰਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਵੋਟ ਦਾ ਇਤਿਹਾਸ ਅਤੇ ਸਾਰਥਕ ਮੁੱਲ ਕੀ ਹੈ, ਜਿਵੇਂ ‘ਭੇਡ ਵਿਕੇ 1760 ਦੀ ਤੇ 400 ਨੂੰ ਵੋਟ ਵਿਕ ਗਈ’ ਵਰਗੇ ਨਾਅਰਿਆਂ ਦੀ ਖੁੱਲ੍ਹ ਕੇ ਵਿਆਖਿਆ ਕਰਨ। ਸੱਤਾ ਪ੍ਰਾਪਤੀ ਲਈ ਵਰਤੇ ਗਏ ਗੈਰ ਕਾਨੂੰਨੀ ਹੀਲੇ-ਵਸੀਲਿਆਂ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਵੋਟਾਂ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਉਣ।
ਰਮਨਦੀਪ ਸਿੰਘ ਖੀਵਾ, ਮੀਹਾਂ ਸਿੰਘ ਵਾਲਾ, ਮਾਨਸਾ।
ਸੰਪਰਕ: 8437813558

ਨੌਜਵਾਨ ਖ਼ੁਦ ਸੰਭਾਲਣ ਸਿਆਸਤ ਦੀ ਵਾਗਡੋਰ

ਚੋਣਾਂ ਦਾ ਬਿਗਲ ਵੱਜ ਚੁਕਿਆ ਹੈ, ਜਿਨ੍ਹਾਂ ’ਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਜੇ ਆਪਾਂ ਨੌਜਵਾਨਾਂ ਦੇ ਰੋਲ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਰੋਲ ਨੌਜਵਾਨ ਪੀੜ੍ਹੀ ਦਾ ਹੀ ਹੈ। ਕਿਉਂ ਕਿ ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 51 ਫ਼ੀਸਦੀ ਵੋਟਾਂ ਦੀ ਲੋੜ ਹੁੰਦੀ ਆ ਅਤੇ ਨੌਜਵਾਨ ਪੀੜ੍ਹੀ ਦੀ ਗਿਣਤੀ ਇਸ ਤੋਂ ਜ਼ਿਆਦਾ ਹੈ। ਜੇ ਹੱਕਾਂ ਦੀ ਗੱਲ ਕਰੀਏ ਤਾਂ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਉੱਜਵਲ ਭਵਿੱਖ ਵਾਸਤੇ ਬੋਲਣ, ਕਿਉਂਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ-ਪੜ੍ਹੀ ਲਿਖੀ ਹੈ ਤੇ ਆਵਦੇ ਹੱਕਾਂ ਲਈ ਲੜ ਸਕਦੀ ਹੈ। ਲਾਲਚਾਂ ਦੇ ਵਿਚ ਆ ਕੇ ਹੁਣ ਤਾਂ ਦੋ ਮਹੀਨੇ ਸਭ ਕੁਝ ਮਿਲ ਸਕਦਾ ਪਰ ਅਗਲੇ ਪੰਜ ਸਾਲ ਤਾਂ ਖੁਦ ਨੂੰ ਹੀ ਕਮਾਉਣਾ ਹੈ। ਇਸ ਲਈ ਜੇ ਹੁਣੇ ਸਹੀ ਪਾਰਟੀ ਜਾਂ ਉਮੀਦਵਾਰ ਨੂੰ ਚੁਣਦੇ ਹਾਂ ਤਾਂ ਅਗਲੇ ਪੰਜ ਸਾਲ ਪਛਤਾਵਾ ਕਰਨ ਨਾਲੋਂ ਚੰਗਾ ਹੈ। ਜੇ ਗੌਰ ਕਰੀਏ ਤਾਂ ਸਿਰਫ ਇੱਕ ਚੰਗਾ ਉਮੀਦਵਾਰ ਚੁਣਨ ਦੇ ਨਾਲ ਨਾਲ ਜੇ ਨੌਜਵਾਨਾਂ ਵੱਲੋਂ ਖੁਦ ਰਾਜਨੀਤੀ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ ਤਾਂ ਕਿਸੇ ਦੇ ਹੱਥਾਂ ਵੱਲ ਝਾਕਣ ਨਾਲੋਂ ਬਿਹਤਰ ਹੈ।
ਰਮਨਦੀਪ ਕੌਰ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ, ਬਠਿੰਡਾ।
ਸੰਪਰਕ: 98770-13651

ਸਿਆਸਤਦਾਨਾਂ ਦੇ ਮੋਹਰੇ ਨਾ ਬਣਨ ਨੌਜਵਾਨ

ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤ ਰਹੀਆਂ ਹਨ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਦੀਆਂ ਚੋਣਾਂ ਵਿਚ ਵੀ ਨੌਜਵਾਨਾਂ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ, ਕਿਉਂਕਿ ਕਰੀਬ 50 ਫ਼ੀਸਦੀ ਨੌਜਵਾਨ ਵੋਟਰ ਹਨ। ਪਿਛਲੇ ਕੁਝ ਸਮੇਂ ਤੋਂ ਇਹ ਵਰਗ ਨਿਰਾਸ਼ਾ ਦੇ ਆਲਮ ਵਿੱਚ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ। ਰੁਜ਼ਗਾਰ ਨਾ ਮਿਲਣ ਕਰ ਕੇ ਨੌਜਵਾਨਾਂ ਵਿਚ ਨਸ਼ਿਆ ਦਾ ਰੁਝਾਨ ਵਧ ਰਿਹਾ ਹੈ। ਚੋਣ ਮੈਨੀਫੈਸਟੋ ਵਿਚ ਨੌਜਵਾਨਾਂ ਨੂੰ ਲੁਭਾਉਣ ਲਈ ਬਹੁਤ ਵਾਅਦੇ ਕੀਤੇ ਜਾਂਦੇ ਹਨ ਪਰ ਇਹ ਬਾਅਦ ਵਿਚ ਵਫ਼ਾ ਨਹੀਂ ਹੁੰਦੇ। ਪਿਛਲੀ ਵਾਰ ਭਾਜਪਾ ਨੇ ਕੇਂਦਰ ਵਿਚ ਸਰਕਾਰ ਆਉਣ ’ਤੇ ਇਕ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਜੋ ਇਕ ਜੁਮਲਾ ਹੀ ਸਾਬਿਤ ਹੋਇਆ ਹੈ। ਹੁਣ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਲੁਭਾਉਣ ਲਈ ਨੌਜਵਾਨ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਦੀਆਂ ਸੰਭਾਵਨਾਵਾਂ ਹਨ। ਸਿਆਸੀ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਖਿੱਚਣ ਲਈ ਕਈ ਨੌਜਵਾਨ ਨੇਤਾਵਾਂ ਨੂੰ ਸਿਆਸੀ ਪਿੜ ਵਿਚ ਉਤਾਰਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਉਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਦੇਸ਼ ਦੀ ਸਰਕਾਰ ਬੁਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਉਹ ਸਿਆਸੀ ਪਾਰਟੀਆਂ ਦੇ ਮੋਹਰਾ ਬਣਨ ਦੀ ਥਾਂ ਸੋਚ ਵਿਚਾਰ ਕੇ ਪੜੇ ਲਿਖੇ ਬੇਦਾਗ ਉਮੀਦਵਾਰਾਂ ਨੂੰ ਹੀ ਚੁਣਨ।
ਕਮਲ ਬਰਾੜ, ਪਿੰਡ ਕੋਟਲੀ ਅਬਲੂ।
ਸੰਪਰਕ: 73077-36899


Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.