ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On April - 25 - 2019

ਲਾਰੇਬਾਜ਼ਾਂ ਨੂੰ ਲੋਕ ਕਚਹਿਰੀ ਵਿਚ ਸਵਾਲ ਪੁੱਛੇ ਜਾਣ

ਅਗਾਮੀ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਵੋਟਰਾਂ ਦੀ ਅਹਿਮ ਭੂਮਿਕਾ ਹੈ। ਸਾਡੇ ਨੌਜਵਾਨਾਂ ਨੂੰ ਆਪਣੀ ਕੀਮਤੀ ਵੋਟ ਉਸ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ, ਜਿਸ ਨੇ ਆਪਣੇ ਪਹਿਲੇ ਵਾਅਦੇ ਨਿਭਾਏ ਹੋਣ, ਜਿਹੜਾ ਨੌਜਵਾਨਾਂ ਦੇ ਹੱਕਾਂ ਤੇ ਨਵੇਂ ਰੁਜ਼ਗਾਰ ਦੇਣ ਲਈ ਆਵਾਜ਼ ਉਠਾਉਂਦਾ ਹੋਵੇ ਅਤੇ ਪੜ੍ਹਿਆ-ਲਿਖਿਆ ਤੇ ਈਮਾਨਦਾਰ ਹੈ। ਇਸ ਸਮੇਂ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਿਹਾ ਹੈ ਤੇ ਵਿਦੇਸ਼ ਜਾਣ ਦੇ ਚੱਕਰ ਵਿਚ ਜ਼ਮੀਨਾਂ ਵੇਚ ਕੇ ਫਰਜ਼ੀ ਏਜੰਟਾਂ ਦੇ ਹੱਥੋਂ ਲੁਟਾਈ ਕਰਵਾ ਰਿਹਾ ਹੈ। ਸਾਡੇ ਲੀਡਰ ਨੌਜਵਾਨਾਂ ਪ੍ਰਤੀ ਬਿਲਕੁਲ ਗੰਭੀਰ ਨਹੀਂ ਹਨ ਤੇ ਕੁਰਸੀ ਮਿਲਦਿਆਂ ਹੀ ਸਾਰੇ ਵਾਅਦੇ ਭੁੱਲ ਜਾਂਦੇ ਹਨ ਤੇ ਲੋਕ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਕਰਦੇ ਹਨ। ਸਿਰਫ਼ ਵੋਟਾਂ ਵੇਲੇ ਪਿੰਡਾਂ ਵਿੱਚ ਦਿਖਾਈ ਦਿੰਦੇ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਸਗੋਂ ਅਜਿਹੇ ਲੀਡਰਾਂ ਨੂੰ ਲੋਕ ਕਚਹਿਰੀ ਵਿੱਚ ਘੇਰ ਕੇ ਸਵਾਲ ਕਰਨੇ ਚਾਹੀਦੇ ਹਨ ਤੇ ਪਹਿਲੇ ਵਾਅਦੇ ਚੇਤੇ ਕਰਾਉਣੇ ਚਾਹੀਦੇ ਹਨ। ਪਾਰਟੀਬਾਜ਼ੀ ਵਿੱਚ ਆ ਕੇ ਨੌਜਵਾਨਾਂ ਨੂੰ ਆਪਣੀ ਵੋਟ ਕਿਸੇ ਭਿਸ਼ਟ ਲੀਡਰ ਨੂੰ ਨਹੀਂ ਪਾਉਣੀ ਚਾਹੀਦੀ।

ਸੁਖਦੇਵ ਸਿੰਘ ਕੁਸਲਾ, ਤਹਿ. ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ। ਸੰਪਰਕ: 94650-33331

ਨੌਜਵਾਨ ਖ਼ੁਦ ਜ਼ਿੰਮੇਵਾਰੀ ਸਮਝਣ

ਨੌਜਵਾਨ ਦੇਸ਼ ਦਾ ਭਵਿੱਖ ਹਨ। ਉਹ ਜੇ ਚਾਹੇ ਤਾਂ ਸਮਾਜ ਨੂੰ ਬਦਲ ਕੇ ਰੱਖ ਸਕਦਾ ਹੈ। ਜੇ ਨੇਤਾ ਨੌਜਵਾਨ ਹੋਵੇ ਤਾਂ ਦੇਸ਼ ਦੀ ਤੱਰਕੀ ਲਾਜ਼ਮੀ ਆ। ਪਰ ਨੌਜਵਾਨ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ, ਤਾਂ ਹੀ ਕੁਝ ਹੋ ਸਕਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕਾਲਜ ਪੱਧਰ ’ਤੇ ਅਜਿਹੇ ਕੰਮ ਕਰਨ ਕਿ ਲੋਕਾਂ ਨੂੰ ਉਨ੍ਹਾਂ ’ਤੇ ਵਿਸ਼ਵਾਸ ਹੋ ਸਕੇ।
ਉਹ ਲੋਕਾਂ ਨੂੰ ਚੋਣਾਂ ਬਾਰੇ ਜਾਣਕਾਰੀ ਦੇ ਸਕਦੇ ਹਨ, ਸਹੀ-ਗਲਤ ਬਾਰੇ ਦੱਸ ਕੇ ਜਾਗਰੂਕ ਕਰ ਸਕਦੇ ਹਨ। ਨੌਜਵਾਨ ਸਹੀ ਸੇਧ ਦੇ ਕੇ ਲੋਕਾਂ ਨੂੰ ਸਿਆਸੀ ਪਾਰਟੀਆਂ ਬਾਰੇ ਦੱਸ ਸਕਦੇ ਹਨ ਤੇ ਅੱਗੇ ਵਧ ਕੇ ਚੋਣਾਂ ਦੇ ਕੰਮ ਵਿੱਚ ਹਿੱਸਾ ਪਾ ਸਕਦੇ ਹਨ। ਸਿਆਸੀ ਪਾਰਟੀਆਂ ਅਕਸਰ ਸ਼ਰਾਬ ਜਾਂ ਪੈਸੇ ਵੰਡ ਕੇ ਵੋਟਾਂ ਖਰੀਦਣੀਆਂ ਚਾਹੁੰਦੀਆਂ ਹਨ, ਪਰ ਨੌਜਵਾਨਾਂ ਨੂੰ ਇਸ ਕੁਰੀਤੀ ਖ਼ਿਲਾਫ਼ ਅੱਗੇ ਆਉਣਾ ਚਾਹੀਦਾ ਹੈ।

ਹਰਪ੍ਰੀਤ ਕੌਰ, ਪਿਪਲੀ, ਕੁਰੂਕਸ਼ੇਤਰ (ਹਰਿਆਣਾ)।

ਲੋਕਾਂ ਨੂੰ ਗੁੰਮਰਾਹ ਹੋਣੋਂ ਬਚਾਉਣ ਨੌਜਵਾਨ

ਨੌਜਵਾਨਾਂ ਦੀ ਚੋਣਾਂ ਵਿਚ ਅਹਿਮ ਭੂਮਿਕਾ ਹੈ। ਜਾਗਰੂਕ ਨਾਗਰਿਕ ਹੋਣ ਦੇ ਨਾਤੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਿਵੇਂ ਸੋਸ਼ਲ ਮੀਡਿਆਂ ਰਾਹੀਂ ਇਕ ਪਾਰਟੀ ਵੱਲੋਂ ਦੂਜੀ ਖ਼ਿਲਾਫ਼ ਭੜਕਾਊ ਭਾਸ਼ਣ ਦਿੱਤੇ ਜਾਂਦੇ ਹਨ ਤਾਂ ਆਮ ਭੋਲੇ-ਭਾਲੇ ਲੋਕ ਇਨ੍ਹਾਂ ਦੀਆਂ ਗੱਲਾਂ ਦੇ ਵਿਚ ਆ ਕੇ ਗੁੰਮਰਾਹ ਹੋ ਜਾਂਦੇ ਹਨ। ਪੜ੍ਹੇ- ਲਿਖੇ ਨੌਜਵਾਨਾਂ ਨੂੰ ਇਸ ਸਬੰਧੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਤੇ ਆਪਣੇ ਆਸ-ਪਾਸ ਰਹਿਣ ਵਾਲੇ ਹੋਰ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਤੇ ਗ਼ਲਤ ਜਾਣਕਾਰੀ ਦੇਣ ਵਾਲੇ ਮੀਡੀਆ ਅਦਾਰਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਗਗਨਦੀਪ ਕੌਰ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦਿਉਣ (ਬਠਿੰਡਾ)।
ਸੰਪਰਕ: 70872-87956

ਨੌਜਵਾਨ ਵਰਗ ਦੀ ਅਹਿਮ ਭੂਮਿਕਾ

ਪੰਜਾਬ ਵਿੱਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਪੱਖੋਂ ਨੌਜਵਾਨ ਵਰਗ ਦੀ ਬਹੁਤ ਅਹਿਮੀਅਤ ਹੈ। ਸਾਡੇ ਲੋਕਤੰਤਰੀ ਦੇਸ਼ ਵਿੱਚ ਸਰਕਾਰ ਨੂੰ ਉਸ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਅੱਜ ਦੇ ਬਹੁਤੇ ਨੌਜਵਾਨ ਪੜ੍ਹੇ-ਲਿਖੇ ਹੋਣ ਕਰਕੇ ਆਪਣੇ ਸਹੀ ਉਮੀਦਵਾਰ ਦੀ ਚੋਣ ਕਰਨ ਵਿਚ ਸਹਾਈ ਹੋ ਸਕਦੇ ਹਨ, ਤਾਂ ਕਿ ਦੇਸ਼ ਨੂੰ ਦਰਪੇਸ਼ ਭੁੱਖਮਰੀ, ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਇਨ੍ਹਾਂ ਹਾਲਾਤ ਨੂੰ ਬਦਲਣ ਲਈ ਜੋਸ਼ ਦੇ ਨਾਲ ਹੋਸ਼ ਦੀ ਵੀ ਜ਼ਰੂਰਤ ਹੈ ਅਤੇ ਨੋਟਾਂ ਤੇ ਨਸ਼ੇ ਬਦਲੇ ਵੋਟਾਂ ਮੰਗਣ ਵਾਲਿਆਂ ਨੂੰ ਤਾਂ ਨੇੜੇ ਨਹੀਂ ਲੱਗਣ ਦਿੱਤਾ ਜਾਣਾ ਚਾਹੀਦਾ।

ਹਰਦੀਪ ਸਿੰਘ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ (ਬਠਿੰਡਾ)।

ਉਮੀਦਵਾਰਾਂ ਦੀ ਪਿਛਲੀ ਕਾਰਗੁਜ਼ਾਰੀ ਦੇਖੀ ਜਾਵੇ

ਨੌਜਵਾਨਾਂ ਨੂੰ ਚੋਣਾਂ ਵਿੱਚ ਸਰਗਰਮੀ ਨਾਲ ਭਾਗ ਲੈਣਾ ਚਾਹੀਦਾ ਹੈ, ਕਿਉਕਿ ਵੋਟ ਅਧਿਕਾਰ ਦੀ ਵਰਤੋਂ ਕਰਨਾ ਅਤੇ ਜਮਹੂਰੀ ਪ੍ਰਬੰਧ ਦਾ ਹਿੱਸੇਦਾਰ ਬਣਨਾ ਸਾਡਾ ਹੱਕ ਹੀ ਨਹੀਂ ਫ਼ਰਜ਼ ਵੀ ਹੈ। ਸਵਾਲ ਇਹ ਹੈ ਕਿ ਸਾਡਾ ਐੱਮਪੀ ਕਿਹੋ ਜਿਹਾ ਹੋਵੇ, ਅਸੀਂ ਵੋਟ ਕਿਸ ਨੂੰ ਪਾਉਣੀ ਹੈ। ਜੇ ਉਹ ਪਹਿਲਾਂ ਹੀ ਐੱਮਪੀ ਹੈ ਤਾਂ ਕੀ ਉਸ ਨੇ ਹਲਕੇ ਦੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਸ ਨੇ ਐੱਮਪੀ ਲੈਡ ਫੰਡ ਦੀ 100 ਫ਼ੀਸਦੀ ਵਰਤੋਂ ਕੀਤੀ ਹੈ? ਕੀ ਉਸ ਦੀ ਲੋਕ ਸਭਾ ਵਿੱਚ ਹਾਜ਼ਰੀ ਸਹੀ ਸੀ? ਜੇ ਨਵੇਂ ਵਿਅਕਤੀ ਨੂੰ ਅਸੀਂ ਮੌਕਾ ਦੇ ਰਹੇ ਹਾਂ, ਤਾਂ ਕੀ ਉਹ ਇਨ੍ਹਾਂ ਪੈਮਾਨਿਆਂ ’ਤੇ ਪੂਰਾ ਉਤਰ ਸਕੇਗਾ। ਇਹ ਸਵਾਲ ਵਿਚਾਰ ਕੇ ਹੀ ਨੌਜਵਾਨ ਵਰਗ ਭਵਿੱਖ ਦੇ ਸਹੀ ਮੈਂਬਰ ਪਾਰਲੀਮੈਂਟ ਦੀ ਚੋਣ ਕਰ ਸਕਦਾ ਹੈ। ਸਾਨੂੰ ਪੜਿ੍ਹਆ-ਲਿਖਿਆ ਅਤੇ ਅਗਾਂਹ-ਵਧੂ ਸੋਚ ਰੱਖਣ ਵਾਲਾ ਆਗੂ ਚੁਣਨਾ ਚਾਹੀਦਾ ਹੈ।

ਸੰਦੀਪ ਸਿੰਘ ਸਰਾਂ, ਬਾਬਾ ਦੀਪ ਸਿੰਘ ਨਗਰ, ਹੰਡਿਆਇਆ ਰੋਡ, ਬਰਨਾਲਾ।
ਸੰਪਰਕ: 85588-76251

ਬੇਰੁਜ਼ਗਾਰੀ ਨੌਜਵਾਨਾਂ ਲਈ ਅਹਿਮ ਮੁੱਦਾ

ਦੇਸ਼ ਵਿੱਚ ਨੌਜਵਾਨਾਂ ਦੀ ਜ਼ਿਆਦਾ ਗਿਣਤੀ ਕਾਰਨ ਹਰੇਕ ਪਾਰਟੀ ਉਨ੍ਹਾਂ ਨੂੰ ਲਭਾਉਣ ਵਿੱਚ ਰੁਝੀ ਹੋਈ ਹੈ। ਦੇਸ਼ ਦੀ ਸਿਖਰਲੀ ਪੰਚਾਇਤ ਦੀਆਂ ਚੋਣਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਦੇਸ਼ ਨੂੰ ਭ੍ਰਿਸ਼ਟ ਨੇਤਾਵਾਂ ਦੇ ਜਾਲ ਤੋਂ ਬਚਾਉਣ ਲਈ ਨੌਜਵਾਨ ਵਰਗ ਦਾ ਅੱਗੇ ਆਉਣਾ ਜ਼ਰੂਰੀ ਹੈ ਤਾਂ ਕਿ ਆਰਥਿਕ ਅਤੇ ਸਮਾਜਿਕ ਤੌਰ ’ਤੇ ਗਰਕ ਰਹੇ ਦੇਸ਼ ਨੂੰ ਬਚਾਇਆ ਜਾ ਸਕੇ। ਇਨ੍ਹਾਂ ਚੋਣਾਂ ਵਿੱਚ ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਪ੍ਰਾਈਵੇਟ ਖੇਤਰ ਵਿੱਚ ਹੁੰਦਾ ਸ਼ੋਸ਼ਣ ਸਮੇਤ ਅਜਿਹੇ ਕਈ ਅਹਿਮ ਮੁੱਦੇ ਹਨ। ਹੁਣ ਦੇਖਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਨੌਜਵਾਨ ਵਰਗ ਕਿਸ ਹੱਦ ਤੱਕ ਤੇ ਜ਼ਿੰਮੇਵਾਰੀ ਨਾਲ ਆਪਣੀ ਹਿੱਸੇਦਾਰੀ ਪਾ ਕੇ ਦੇਸ਼ ਨੂੰ ਬਚਾਉਣ ਵਿੱਚ ਯੋਗਦਾਨ ਪਾਉਂਦਾ ਹੈ?

ਗੁਰਵਿੰਦਰ ਸਿੱਧੂ, ਪਿੰਡ ਭਗਵਾਨ ਪੁਰਾ, ਤਹਿ. ਤਲਵੰਡੀ ਸਾਬੋ, ਬਠਿੰਡਾ।
ਸੰਪਰਕ: 94658-26040

ਪੁਰਾਣੇ ਲੀਡਰ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ

ਪੰਜਾਬ ਦੇ ਨੌਜਵਾਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਤਾਉਣ ਲਈ ਕਾਫ਼ੀ ਜ਼ੋਰ ਲਾਇਆ, ਪਰ ਹਲਾਤ ਅਜਿਹੇ ਬਣੇ ਕਿ ਨੌਜਵਾਨਾਂ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ‘ਆਪ’ ਲੀਡਰਾਂ ਦੀਆਂ ਗ਼ਲਤੀਆਂ ਕਾਰਨ ਪਾਰਟੀ ਹਾਰ ਗਈ ਤੇ ਨੌਜਵਾਨਾਂ ਦੇ ਸੁਪਨੇ ਚੂਰ ਚੂਰ ਹੋ ਗਏ। ਇਸ ਕਰਕੇ ਲੱਗਦਾ ਹੈ ਕਿ ਹੁਣ ਨੌਜਵਾਨਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਰਿਹਾ ਹੈ। ਸਿਆਸਤ ਤੋਂ ਹੀ ਨਹੀਂ ਪੰਜਾਬ ਤੋਂ ਵੀ। ਅੱਜ ਕੋਈ ਵਿਰਲਾ ਹੀ ਨੌਜਵਾਨ ਹੋਵੇਗਾ, ਜਿਸ ਨੇ ਪਾਸਪੋਰਟ ਨਹੀਂ ਬਣਵਾਇਆ, ਭਾਵ ਬਹੁ ਗਿਣਤੀ ਨੌਜਵਾਨ ਪੰਜਾਬ ਛੱਡ ਕੇ ਜਾਣ ਲਈ ਤਿਆਰ ਹਨ। ਅੱਜ ਵਿਦੇਸ਼ਾਂ ਵੱਲ ਜਾ ਰਹੇ ਜਹਾਜ਼ ਨੌਜਵਾਨਾਂ ਨਾਲ ਭਰੇ ਹੁੰਦੇ ਹਨ। ਪੰਜਾਬ ਦੇ ਪੁਰਾਣੇ ਲੀਡਰ ਨੌਜਵਾਨਾਂ ਨੂੰ ਅੱਗੇ ਆਉਣ ਵੀ ਨਹੀਂ ਦੇ ਰਹੇ। ਸੋ ਲਗਦਾ ਹੈ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਵਿੱਚ ਨੌਜਵਾਨਾਂ ਦੀ ਖਾਸ ਭੂਮਿਕਾ ਨਹੀਂ ਹੋਣੀ।

ਜਸਕਰਨ ਲੰਡੇ, ਪਿੰਡ ਤੇ ਡਾਕ ਲੰਡੇ ਜ਼ਿਲ੍ਹਾ ਮੋਗਾ। ਸੰਪਰਕ: 94171-03413

ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਤੋਂ ਸੁਚੇਤ

ਸੋਸ਼ਲ ਮੀਡੀਆ ਅੱਜ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਪਰ ਇਸ ’ਤੇ ਵੱਡੇ ਪੱਧਰ ਉਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਕੇ ਰੱਖ ਦਿੱਤਾ ਹੈ। ਝੂਠੀਆਂ ਖ਼ਬਰਾਂ ਨੂੰ ਇਕ ਸਾਜ਼ਿਸ਼ ਤਹਿਤ ਸੋਸ਼ਲ ਮੀਡੀਆ ਉਤੇ ਪਾਇਆ ਜਾਂਦਾ ਹੈ ਤੇ ਸੋਸ਼ਲ ਮੀਡੀਆ ਵਰਤਣ ਵਾਲੇ ਹੋਰ ਲੋਕ ਬਿਨਾਂ ਜਾਂਚ-ਪੜਤਾਲ ਇਸ ਨੂੰ ਅਗਾਂਹ ਤੋਂ ਅਗਾਂਹ ਫੈਲਾਉਂਦੇ ਜਾਂਦੇ ਹਨ। ਨੌਜਵਾਨ ਪੀੜ੍ਹੀ ਇਸ ਦਾ ਭਾਰੀ ਸ਼ਿਕਾਰ ਹੋ ਰਹੀ ਹੈ। ਹੁਣ ਜਦੋਂ ਲੋਕ ਸਭਾ ਚੋਣਾਂ ਦਾ ਸਮਾਂ ਹੈ, ਤਾਂ ਨੌਜਵਾਨਾਂ ਨੂੰ ਇਸ ਪੱਖੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸੁਚੇਤ ਕਰਨਾ ਚਾਹੀਦਾ ਹੈ। ਇਹ ਨੌਜਵਾਨ ਪੀੜ੍ਹੀ ਦਾ ਫ਼ਰਜ਼ ਹੈ।

ਹੈਪੀ ਬਜਾੜ, ਸ੍ਰੀ ਅਰਬਿੰਦੋ ਕਾਲਜ, ਲੁਧਿਆਣਾ। ਸੰਪਰਕ: 95920-11708


Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.