ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On April - 18 - 2019

ਸਿਆਸਤਦਾਨਾਂ ਦੇ ਵਾਅਦੇ ਵਫ਼ਾ ਨਹੀਂ ਹੁੰਦੇ

ਭਾਰਤ ਵਿੱਚ ਲੋਕ ਸਭਾ ਚੋਣਾਂ ਕੁੱਲ 7 ਪੜਾਵਾਂ ਅਧੀਨ 11 ਅਪਰੈਲ ਤੋਂ ਸ਼ੁਰੂ ਹੋ ਕੇ ਅੰਤਲੇ ਪੜਾਅ ਵਿਚ 19 ਮਈ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਹਨ। ਨੌਜਵਾਨਾਂ ਨੂੰ ਦੇਸ਼ ਦਾ ਸੁਨਹਿਰੀ ਭਵਿੱਖ ਮੰਨਿਆ ਜਾਂਦਾ ਹੈ, ਜੋ ਬਹੁਗਿਣਤੀ ਵਿੱਚ ਹੋਣ ਕਰਕੇ ਹਰ ਤਰ੍ਹਾਂ ਦੀਆਂ ਚੋਣਾਂ ਦੇ ਨਤੀਜੇ ਪ੍ਰਭਾਵਿਤ ਕਰਦੇ ਹਨ। ਸੋਸ਼ਲ ਮੀਡੀਆ ਦਾ ਬੋਲਬਾਲਾ ਹੋਣ ਕਰਕੇ ਇਸ ਵਾਰ ਨੌਜਵਾਨਾਂ ਦੀ ਰੁਚੀ ਪਿਛਲੇ ਸਮਿਆਂ ਦੇ ਮੁਕਾਬਲੇ ਚੋਣਾਂ ਵਿੱਚ ਵੱਧ ਦੇਖਣ ਨੂੰ ਮਿਲ ਰਹੀ ਹੈ। ਸਿੱਟੇ ਵਜੋਂ ਇਸ ਵਾਰ ਦੀਆਂ ਚੋਣਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਰਹੇਗੀ। ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਪੰਜਾਬ ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜੋ ਸਰਕਾਰ ਦੇ 2 ਸਾਲ ਤੋਂ ਵੱਧ ਸਮਾਂ ਬੀਤਣ ’ਤੇ ਵੀ ਵਫਾ ਨਹੀਂ ਹੋਇਆ। ਘਰ-ਘਰ ਸਰਕਾਰੀ ਨੌਕਰੀ ਦਾ ਵਾਅਦਾ ਵੀ ਲਾਰਾ ਹੀ ਹੋ ਨਿੱਬੜਿਆ।
ਇਕਬਾਲ ਸਿੰਘ ਸਿੱਧੂ ਰਾਏਪੁਰੀ, ਪਿੰਡ ਤੇ ਡਾਕ: ਰਾਏਪੁਰ, ਮਾਨਸਾ। ਸੰਪਰਕ: 91931-00001

ਸੀ-ਵਿਜਿਲ ਐਪ ਵਰਤਣ ਨੌਜਵਾਨ

ਨੌਜਵਾਨਾਂ ਦੀ ਦੇਸ਼ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਹੈ, ਕਿਉਂਕਿ ਨੌਜਵਾਨ ਵੋਟ ਜ਼ਿਆਦਾ ਹੈ ਤੇ ਇਸੇ ਵੋਟ ਨੇ ਫ਼ੈਸਲਾ ਕਰਨਾ ਹੈ ਕਿ ਕਿਹੜੀ ਪਾਰਟੀ ਚੋਣ ਜਿੱਤੇਗੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੋਟ ਪਾਉਣ ਦੇ ਮਹੱਤਵ ਨੂੰ ਸਮਝਦੇ ਹੋਏ ਸਹੀ ਨੇਤਾ/ਪਾਰਟੀ, ਜਿਸ ਨੇ ਆਪਣੇ ਚੋਣ ਮਨੋਰਥ ਵਿੱਚ ਕੀਤੇ ਹੋਏ ਵਾਅਦੇ ਪੂਰੇ ਕੀਤੇ ਹਨ, ਨੂੰ ਵੋਟ ਪਾਉਣ ਲਈ ਪ੍ਰੇਰਤ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਖੁਦ ਚੋਣ ਲੜਨੀ ਚਾਹੀਦੀ ਹੈ ਤਾਂ ਕਿ ਦੇਸ਼ ’ਤੇ ਰਾਜ ਕਰ ਰਹੇ ਅੱਸੀ-ਅੱਸੀ ਸਾਲਾਂ ਦੇ ਬਾਬਿਆਂ ਨੂੰ ਘਰੇ ਬਿਠਾਇਆ ਅਤੇ ਪਰਿਵਾਰਵਾਦ ਨੂੰ ਤੋੜਿਆ ਜਾ ਸਕੇ। ਨੌਜਵਾਨ, ਚੋਣ ਕਮਿਸ਼ਨਰ ਦੀ ਵਿਜਿਲ ਐਪ ਦੀ ਵਰਤੋਂ ਰਾਹੀਂ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਰਕੇ ਚੋਣਾਂ ਨੂੰ ਸ਼ਾਂਤੀ ਨਾਲ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਹਨ।
ਲੱਖਾ ਧੀਮਾਨ, ਬਰਨਾਲਾ। ਸੰਪਰਕ: 90417-36550

ਵੋਟਾਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਨੌਜਵਾਨ

ਦੇਸ਼ ਦੀਆਂ ਆਮ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਇਸ ਚੋਣ ਦੰਗਲ ਵਿਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਵੋਟਾਂ ਵਿਚ ਨੌਜਵਾਨ ਵਰਗ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਆਖਿਰ ਉਨ੍ਹਾਂ ਦੇ ਭਵਿੱਖ ਦਾ ਸਵਾਲ ਹੈ। ਨੌਜਵਾਨ ਨਾ ਸਿਰਫ਼ ਆਪ ਸੁਚੇਤ ਹੋਣ, ਸਗੋਂ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਲਈ ਜਾਗਰੂਕ ਕਰਨ ਤੇ ਕੋਈ ਵੀ ਭ੍ਰਿਸ਼ਟ ਨੇਤਾ ਉਨ੍ਹਾਂ ਦੀ ਵੋਟ ਨੂੰ ਖਰੀਦਣ ਦੀ ਜੁਰਅੱਤ ਨਾ ਕਰ ਸਕੇ। ਵੋਟਾਂ ਮੰਗਣ ਆਏ ਨੇਤਾਵਾਂ ਤੋਂ ਉਨ੍ਹਾਂ ਦੇ ਪਿਛਲੇ ਕੰਮਾਂ ਦਾ ਹਿਸਾਬ ਕਿਤਾਬ ਮੰਗਿਆ ਜਾਵੇ, ਲੰਬੇ ਸਮੇਂ ਤੋਂ ਸਮੱਸਿਆਵਾਂ ਦੇ ਜਾਰੀ ਰਹਿਣ ਦੇ ਕਾਰਨ ਪੁੱਛੇ ਜਾਣ।
ਸੁਖਪ੍ਰੀਤ ਕੌਰ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦਿਉਣ (ਬਠਿੰਡਾ)।
ਸੰਪਰਕ: 9877676027

ਨੌਜਵਾਨ ਆਪਣੇ ਹੱਥ ਲੈਣ ਰਾਜਨੀਤੀ ਦੀ ਕਮਾਨ

ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਅਜੋਕੇ ਸਮੇਂ ਦੀ ਲੋੜ ਹੈ ਕਿ ਨੌਜਵਾਨ ਮੌਜੂਦਾ ਸਰਕਾਰਾਂ ਤੋਂ ਆਪਣੇ ਭਵਿੱਖ ਲਈ ਬਹੁਤੀ ਆਸ ਨਾ ਰੱਖਦੇ ਹੋਏ ਰਾਜਨੀਤੀ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ, ਕਿਉਂਕਿ ਅੱਜ ਦੀ ਰਾਜਨੀਤੀ ਪਰਿਵਾਰਵਾਦ ਅਤੇ ਧਰਮ ਵਿੱਚ ਸਿਮਟ ਕੇ ਰਹਿ ਗਈ ਹੈ ਤੇ ਡਾਕਟਰੇਟ ਦੀਆਂ ਡਿਗਰੀਆਂ ਵਾਲੇ ਨੌਜਵਾਨ ਦੇਸ਼ ਦੀ ਰਾਜਨੀਤੀ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦੀ ਸੋਚ ਆਪਣੀ ਨਿੱਜੀ ਜ਼ਿੰਦਗੀ ਤੱਕ ਸੀਮਤ ਰਹਿ ਗਈ ਹੈ। ਇੱਕ ਵਿਦਵਾਨ ਨੇ ਕਿਹਾ ਹੈ, ‘‘ਦੇਸ਼ ਦੇ ਨੌਜਵਾਨਾਂ ਦੀ ਜ਼ੁਬਾਨ ਉੱਤੇ ਕਿਹੋ ਜਿਹੇ ਗੀਤ ਹਨ, ਉਸ ਤੋਂ ਕਿਸੇ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।’’ ਨੌਜਵਾਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਹੋਰ ਲੋਕਾਂ ਨੂੰ ਤਿਆਰ ਕਰ ਕੇ ਦੇਸ਼ ਦੀ ਰਾਜਨੀਤੀ ਦੇ ਮੋਹਰੀ ਬਣਨ ਤਾਂ ਜੋ ਦੇਸ਼ ਦੇ ਲੋਕਤੰਤਰ, ਸੰਵਿਧਾਨ ਅਤੇ ਦੇਸ਼ ਨੂੰ ਪਰਿਵਾਰਵਾਦੀ ਰਾਜਨੀਤੀ ਤੇ ਫ਼ਿਰਕਾਪ੍ਰਸਤੀ ਤੋਂ ਬਚਾਇਆ ਜਾ ਸਕੇ।
ਸੁਖਪ੍ਰੀਤ ਸਿੰਘ, ਪਿੰਡ ਮਹਿਲ ਖੁਰਦ, ਜ਼ਿਲ੍ਹਾ ਬਰਨਾਲਾ। ਸੰਪਰਕ: 9569835909

ਵੋਟ ਪਾਓ ਬਿਨਾਂ ਦਬਾਅ

ਜਦੋਂ ਵੀ ਕਿਸੇ ਦੇਸ਼ ਦੀ ਆਰਥਿਕਤਾ ਜਾਂ ਕਿਸੇ ਕੰਪਨੀ ਦੀ ਜੜ੍ਹ ਨੂੰ ਮਜ਼ਬੂਤ ਕਰਨ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਨੌਜਵਾਨ ਵਰਗ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹੋ ਗੱਲ ਆਗਾਮੀ ਚੋਣਾਂ ਵਿੱਚ ਵੀ ਲਾਗੂ ਹੁੰਦੀ ਹੈ। ਪੰਜ ਸਾਲ ਬੀਤਣ ਤੋਂ ਬਾਅਦ ਹੁਣ ਫਿਰ ਜਦੋਂ ਆਪਣੀ ਸਰਕਾਰ ਚੁਣਨ ਦਾ ਮੌਕਾ ਹੱਥ ਹੈ ਤਾਂ ਲਾਜ਼ਮੀ ਹੈ ਕਿ ਸਮੁੱਚਾ ਨੌਜਵਾਨ ਵਰਗ, ਜਿਨ੍ਹਾਂ ਵਿਚ ਮੁਟਿਆਰਾਂ ਵੀ ਸ਼ਾਮਲ ਹਨ, ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝੇ। ਕਿਸੇ ਵੀ ਦਬਾਅ ਤੋਂ ਬਿਨਾਂ ਵੋਟ ਪਾਉਣੀ ਪਵੇਗੀ। ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਜ਼ਿਆਦਾਤਰ ਔਰਤਾਂ ਘਰ ਦੇ ਮੁਖੀ ਦੀ ਗੱਲ ਮੰਨਦੀਆਂ ਹਨ ਤੇ ਉਸਦੇ ਕਹਿਣੇ ‘ਚ ਵੋਟ ਪਾਉਂਦੀਆਂ ਹਨ। ਘਰ ਦੇ ਮੁਖੀ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਵੋਟ ਦਾ ਹੱਕ ਸਭ ਦਾ ਆਪਣਾ ਹੈ। ਵੋਟ ਦੇਸ਼ ਦੇ ਭਵਿੱਖ ਲਈ ਹੀ ਪਾਈ ਜਾਵੇ। ਨਸ਼ੇ ਜਾਂ ਲਾਲਚ ਵਿਚ ਜ਼ਮੀਰ ਤੇ ਵੋਟ ਵੇਚਣਾ ਦੇਸ਼ ਦਾ ਭਵਿੱਖ ਧੁੰਦਲਾ ਕਰਨ ਵਾਲੀ ਗੱਲ ਹੈ।
ਗੁਰਪ੍ਰੀਤ ਕੌਰ ਮਾਨ, ਕੱਲ੍ਹੋ (ਮਾਨਸਾ)

ਬੇਰੁਜ਼ਗਾਰੀ ਵੱਡੀ ਸਮੱਸਿਆ

ਭਾਰਤ ਦੁਨੀਆਂ ਦੇ ਨੌਜਵਾਨ ਦੇਸ਼ਾਂ ਵਿੱਚੋਂ ਹੈ, ਜਿਥੇ ਜ਼ਿਆਦਾਤਰ ਆਬਾਦੀ ਜਵਾਨ ਹੈ, ਜਦੋਂਕਿ ਲਗਪਗ ਵਿਕਸਤ ਦੇਸ਼ਾਂ ਦੀ ਆਬਾਦੀ ਦੀ ਉਮਰ ਵਧ ਰਹੀ ਹੈ। ਇਸਦੇ ਬਾਵਜੂਦ ਭਾਰਤ ਵਿੱਚ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਹਰ ਪ੍ਰਕਾਰ ਦੇ ਰੁਜ਼ਗਾਰ ਘਟ ਰਹੇ ਹਨ। ਜ਼ਿਆਦਾਤਰ ਨੌਜਵਾਨਾਂ ਨੂੰ ਕਾਬਲੀਅਤ ਅਤੇ ਹੁਨਰ ਮੁਤਾਬਕ ਕੰਮ ਬਹੁਤ ਘੱਟ ਮਿਲਦੇ ਹਨ, ਜਿਸ ਕਾਰਨ ਜ਼ਿਆਦਾਤਰ ਨੌਜਵਾਨ ਨਿਰਾਸ਼ਾ ਦਾ ਸ਼ਿਕਾਰ ਹਨ। ਨਸ਼ਿਆਂ ਤੇ ਗੁਨਾਹਾਂ ਦੇ ਵਧ ਰਹੇ ਮਾਮਲੇ ਇਸ ਨਿਰਾਸ਼ਾ ਦੀ ਹੀ ਉਪਜ ਹਨ। ਹਰੇਕ ਪਾਰਟੀ ਰੁਜ਼ਗਾਰ ਦੇਣ ਦੇ ਵਾਅਦੇ ਕਰਦੀ ਹੈ ਪਰ ਚੋਣਾਂ ਤੋਂ ਬਾਅਦ ਵਾਅਦੇ ਨੂੰ ਮਨੋਂ ਵਿਸਾਰ ਜਾਦੀਆਂ ਹਨ। ਭਾਰਤ ਵਿੱਚ ਬੇਰੁਜ਼ਗਾਰੀ, ਨੀਮ ਬੇਰੁਜ਼ਗਾਰੀ ਅਤੇ ਲੁਕਵੀਂ ਬੇਰੁਜ਼ਗਾਰ ਵੱਡੀ ਸਮੱਸਿਆ ਹਨ। ਇਸ ਲਈ ਸਾਨੂੰ ਵੋਟ ਆਪਣੇ ਹਲਕੇ ਅਨੁਸਾਰ ਕੰਮ ਕਰਨ ਵਾਲੇ ਯੋਗ ਤੇ ਈਮਾਨਦਾਰ ਵਿਅਕਤੀ ਨੂੰ ਪਾਉਣੀ ਚਾਹੀਦੀ ਹੈੇ। ਯੋਗ ਵਿਅਕਤੀ ਹੀ ਸਮੱਸਿਆਵਾਂ ਦੇ ਹੱਲ ਕੱਢ ਸਕਦੇ ਹਨ।
ਕਮਲ ਨੰਗਲ, ਪਿੰਡ ਤੇ ਡਾਕ- ਨੰਗਲ, ਤਹਿਸੀਲ ਤੇ ਜ਼ਿਲ੍ਹਾ: ਬਰਨਾਲਾ। ਸੰਪਰਕ: 95019-04088


Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.