ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਪੀੜ੍ਹੀ ਦੀ ਮਾਨਸਿਕ ਤੰਦਰੁਸਤੀ ਜ਼ਰੂਰੀ

Posted On April - 18 - 2019

ਤੇਜਪ੍ਰੀਤ ਕੌਰ ਕੰਗ ਤੇ ਸੀਮਾ ਸ਼ਰਮਾ*

ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਮੁਤਾਬਕ ਮਾਨਸਿਕ ਸਿਹਤ ਸਲਾਮਤੀ ਦੀ ਉਹ ਅਵਸਥਾ ਹੈ, ਜਿਸ ਵਿਚ ਵਿਅਕਤੀ ਆਪਣੀਆਂ ਯੋਗਤਾਵਾਂ ਤੇ ਕਾਬਲੀਅਤ ਨੂੰ ਸਮਝ ਲੈਂਦਾ ਹੈ, ਜ਼ਿੰਦਗੀ ਦੇ ਆਮ ਤਣਾਵਾਂ ਦਾ ਸਾਹਮਣਾ ਕਰਦਿਆਂ ਉਸਾਰੂ ਤੇ ਸਫਲਤਾਪੂਰਨ ਢੰਗ ਨਾਲ ਕੰਮ ਕਰ ਸਕਦਾ ਹੈ। ਇਸ ਤਰ੍ਹਾਂ ਉਹ ਸਮਾਜ ਦੀ ਉਸਾਰੀ ਵਿਚ ਸੁਚੱਜਾ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ।
ਉਮਰ ਅਤੇ ਮਾਨਸਿਕ ਸਿਹਤ ਦਾ ਬਹੁਤ ਨਜ਼ਦੀਕੀ ਰਿਸ਼ਤਾ ਹੈ। ਮਾਨਸਿਕ ਸਿਹਤ ਵਿਅਕਤੀ ਨੂੰ ਜੀਵਨ ਦੇ ਵੱਖ ਵੱਖ ਪੜਾਵਾਂ ’ਤੇ ਵੱਖ ਵੱਖ ਸਮੱਸਿਆਵਾਂ ਨਾਲ ਨਜਿੱਠਣ ਦੇ ਯੋਗ ਬਣਾਉਂਦੀ ਹੈ। ਇਹ ਵਿਅਕਤੀ ਦੇ ਸੋਚਣ ਦੇ ਢੰਗ, ਭਾਵਨਾਵਾਂ, ਵਰਤਾਉ ਅਤੇ ਮਨੋਬਿਰਤੀ ਨੂੰ ਬਦਲਦੇ ਸਮੇਂ, ਸੋਚ ਤੇ ਵਿਚਾਰ ਅਨੁਸਾਰ ਢਾਲਣ ਵਿਚ ਮਦਦ ਕਰਦੀ ਹੈ। ਅੱਲ੍ਹੜ ਉਮਰ ਨੂੰ ਜੀਵਨ ਦਾ ਸਭ ਤੋਂ ਅਹਿਮ ਸਮਾਂ ਮੰਨਿਆ ਗਿਆ ਹੈ, ਕਿਉਂਕਿ ਇਸ ਅਵਸਥਾ ਵਿਚ ਸਰੀਰਕ, ਮਾਨਸਿਕ, ਭਾਵਨਾਤਮਕ ਤੇ ਸਮਾਜਿਕ ਤਬਦੀਲੀਆਂ ਆਉਦੀਆਂ ਹਨ। ਇਹ ਤਬਦੀਲੀਆਂ ਬੱਚੇ ਨੂੰ ਬਾਲਗ ਵਿਚ ਤਬਦੀਲ ਕਰਦੀਆਂ ਹਨ। ਇਨ੍ਹਾਂ ਤਬਦੀਲੀਆਂ ਦੀ ਤੀਬਰਤਾ ਕਰਕੇ ਇਸ ਅਵਸਥਾ ਨੂੰ ਜੀਵਨ ਦਾ ਤੂਫਾਨੀ ਤੇ ਤਣਾਅਪੂਰਕ ਸਮਾਂ ਵੀ ਕਿਹਾ ਜਾਂਦਾ ਹੈ। ਕੁਝ ਅੱਲ੍ਹੜ ਬਚਿਆਂ ਲਈ ਇਹ ਅਵਸਥਾ ਅਸ਼ਾਂਤ ਸਥਿਤੀ ਹੁੰਦੀ ਹੈ ਤੇ ਉਨ੍ਹਾਂ ਨੂੰ ਇਸ ਦੌਰਾਨ ਸਹੀ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ। ਸਹੀ ਦਿਸ਼ਾ ਨਾ ਮਿਲਣ ’ਤੇ ਬਹੁਤ ਵਾਰ ਉਹ ਡਿਪਰੈਸ਼ਨ, ਵਤੀਰੇ ਸਬੰਧੀ ਸਮੱਸਿਆਵਾਂ, ਆਤਮਹੱਤਿਆ ਦੀ ਪ੍ਰਵਿਰਤੀ, ਨਸ਼ੇ, ਸ਼ਰਾਬ ਤੇ ਸਮਾਜ ਪ੍ਰਤੀ ਨਫਰਤ ਵਾਲੇ ਵਤੀਰੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਅਵਸਥਾ ਦੌਰਾਨ ਨੌਜਵਾਨ ਬੱਚੇ ਸਕੂਲ ਤੋਂ ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖਲਾ ਲੈਂਦੇ ਹਨ, ਸ਼ਹਿਰ ਜਾਂ ਮੁਲਕ ਬਦਲਦੇ ਹਨ ਅਤੇ ਕਿੱਤੇ ਦੀ ਸ਼ੁਰੂਆਤ ਕਰਦੇ ਹਨ। ਇਹ ਸਮਾਂ ਉਨ੍ਹਾਂ ਲਈ ਉਤੇਜਨਾ ਵਾਲਾ ਹੁੰਦਾ ਹੈ ਅਤੇ ਇਸ ਦੇ ਨਾਲ ਨਾਲ ਇਹ ਡਰ, ਘਬਰਾਹਟ ਤੇ ਤਣਾਅ ਦਾ ਸਮਾਂ ਵੀ ਹੋ ਸਕਦਾ ਹੈ।
ਕਈ ਹਾਲਤਾਂ ਵਿਚ ਜੇ ਇਸ ਉਤੇਜਨਾ ਨੂੰ ਪਛਾਨਣ ਤੇ ਸੰਭਾਲਣ ਵਿਚ ਅਣਗਹਿਲੀ ਹੋ ਜਾਵੇ ਤਾਂ ਇਹ ਮਾਨਸਿਕ ਰੋਗ ਦਾ ਕਾਰਨ ਵੀ ਬਣ ਸਕਦੀ ਹੈ। ਆਨਲਾਈਨ (ਕੰਪਿਊਟਰ) ਤਕਨੀਕਾਂ ਦੀ ਵਧ ਰਹੀ ਵਰਤੋਂ ਨੇ ਬੇਸ਼ੱਕ ਜ਼ਿੰਦਗੀ ਨੂੰ ਸੌਖਾਲਾ ਕੀਤਾ ਹੈ, ਪਰ ਦਿਨ ਰਾਤ ਨੈੱਟ ’ਤੇ ਜੁੜੇ ਰਹਿਣ ਦੀ ਇੱਛਾ ਤੇ ਦਬਾਅ ਨੇ ਨੌਜਵਾਨਾਂ ਉਤੇ ਇਕ ਵਾਧੂ ਬੋਝ ਪਾਇਆ ਹੈ, ਜਿਸ ਨੂੰ ਝੱਲਣਾ ਇਕ ਸਮੱਸਿਆ ਦਾ ਰੂਪ ਲੈ ਰਿਹਾ ਹੈ। ਇਕ ਖੋਜ ਅਨੁਸਾਰ ਅੱਧੇ ਤੋਂ ਜ਼ਿਆਦਾ ਮਾਨਸਿਕ ਰੋਗ 14 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੇ ਹਨ। ਜ਼ਿਆਦਾਤਰ ਕੇਸ ਪਛਾਣ, ਜਾਂਚ ਤੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ! ਨੌਜਵਾਨਾਂ ਵਿਚ ਡਿਪਰੈਸ਼ਨ, ਤੀਜਾ ਮੁੱਖ ਰੋਗ ਹੈ। ਆਤਮਹੱਤਿਆ 15-29 ਸਾਲ ਦੀ ਉਮਰ ਵਿਚ ਮੌਤ ਦਾ ਮੁੱਖ ਕਾਰਨ ਬਣ ਕੇ ਸਾਹਮਣੇ ਆਈ ਹੈ। ਸ਼ਰਾਬ ਦੀ ਵੱਧ ਵਰਤੋਂ ਅਤੇ ਨਸ਼ਾਖੋਰੀ, ਅਸੁਰੱਖਿਅਤ ਸਰੀਰਕ ਸਬੰਧ, ਅੰਨ੍ਹੇਵਾਹ ਡਰਾਈਵਿੰਗ ਤੇ ਹੋਰ ਕਾਰਵਾਈਆ ਖਤਰੇ ਭਰਪੂਰ ਕਿਰਿਆਵਾਂ ਦਾ ਕਾਰਨ ਬਣਦੀਆਂ ਹਨ।
ਨੌਜਵਾਨ ਇਸ ਅਸਥਾਈ ਪੜਾਅ ਦਾ ਬਿਨਾਂ ਕਿਸੇ ਅਨਿਸ਼ਚਤਤਾ ਅਤੇ ਪ੍ਰੇਸ਼ਾਨੀ ਦੇ ਬਹੁਤ ਸਫਲਤਾ ਪੂਰਵਕ, ਖੁਸ਼ੀ ਅਤੇ ਅਤਮਵਿਸ਼ਵਾਸ ਨਾਲ ਸਾਹਮਣਾ ਕਰ ਸਕਦੇ ਹਨ ਪਰ ਇਹ ਸਿਰਫ ਤੰਦਰੁਸਤ ਮਾਨਸਿਕ ਸਿਹਤ ਨਾਲ ਹੀ ਸੰਭਵ ਹੈ। ਖੁਸ਼ਕਿਸਮਤੀ ਨਾਲ ਅੱਜ-ਕੱਲ੍ਹ ਨੌਜਵਾਨ ਬਚਿਆਂ ਵਿਚ ਮਾਨਸਿਕ ਸਹਿਣਸ਼ੀਲਤਾ ਤੇ ਮੁੜ ਉਭਰਨ ਦੀ ਯੋਗਤਾ ਵਿਕਸਤ ਕਰਨ ਦੀ ਲੋੜ ਦੀ ਅਹਿਮੀਅਤ ਨੂੰ ਪਛਾਣ ਮਿਲੀ ਹੈ। ਇਹ ਵਿਚਾਰਿਆ ਗਿਆ ਹੈ ਕਿ ਅੱਜ-ਕੱਲ੍ਹ ਦੀ ਤੇਜ਼ ਰਫਤਾਰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਸੰਤੁਲਨ ਬਣਾ ਕੇ ਰੱਖਣ ਲਈ ਛੋਟੀ ਉਮਰ ਤੋਂ ਹੀ ਬੱਚਿਆਂ ਵਿਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਦੀ ਲੋੜ ਹੈ। ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਨੌਜਵਾਨਾਂ ਵਿਚ ਮਾਨਸਿਕ ਸਿਹਤ ਨੂੰ ਵਧਾਉਣਾ ਤੇ ਸੁਰੱਖਿਅਤ ਰੱਖਣਾ ਨੌਜਵਾਨਾਂ ਦੇ ਨਾਲ ਨਾਲ ਦੇਸ਼ ਅਤੇ ਸਮਾਜ ਦੀ ਆਰਥਿਕਤਾ ਲਈ ਵੀ ਲਾਭਕਾਰੀ ਹੈ, ਕਿਉਂਕਿ ਤੰਦਰੁਸਤ ਨੌਜਵਾਨ ਹੀ ਤੰਦਰੁਸਤ ਸਮਾਜ ਦੀ ਸਿਰਜਣ ਕਰ ਸਕਦੇ ਹਨ। ਉਹ ਆਪਣੇ, ਕਿਤੇ, ਪਰਿਵਾਰ, ਭਾਈਚਾਰੇ, ਸਮਾਜ ਤੇ ਦੇਸ਼ ਲਈ ਨਿਆਮਤ ਸਾਬਤ ਹੁੰਦੇ ਹਨ।
ਮਾਨਸਿਕ ਸਮੱਸਿਆਵਾਂ ਰੋਕਣ ਲਈ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਜ਼ਰੂਰੀ ਹੈ। ਇਸ ਰੋਕਥਾਮ ਦੀ ਸ਼ੁਰੂਆਤ ਨੌਜਵਾਨਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਤੋਂ ਹੁੰਦੀ ਹੈ। ਮਾਨਸਿਕ ਕਸ਼ਟ ਨੂੰ ਰੋਕਣ ਲਈ ਛੋਟੀ ਉਮਰ ਤੋਂ ਮਾਨਸਿਕ ਸੰਤੁਲਨ ਬਣਾ ਕੇ ਰੱਖਣ ਦੀ ਸਿਖਲਾਈ ਨੌਜਵਾਨਾਂ ਤੇ ਬਾਲਗਾਂ ਵਿਚ ਮਾਨਸਿਕ ਸਮੱਸਿਆਵਾਂ ਦੀ ਰੋਕਥਾਮ ਕਰ ਸਕਦੀ ਹੈ।
ਇਸ ਦੇ ਨਾਲ ਨਾਲ ਇਹ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਮਾਨਸਿਕ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣਾਂ ਅਤੇ ਚੇਤਾਵਨੀ ਸੰਕੇਤਾਂ ਨੂੰ ਸਮਝਣ ਤੇ ਇਸ ਬਾਰੇ ਚੰਗੀ ਤਰਾਂ ਜਾਣੂ ਹੋਣ। ਮਾਪੇ ਤੇ ਅਧਿਆਪਕ, ਬੱਚਿਆਂ ਤੇ ਨੌਜਵਾਨਾਂ ਵਿਚ ਜੀਵਨ ਦੇ ਹੁਨਰਾਂ ਜਾਂ ਨਿਪੁੰਨਤਾਵਾਂ ਦਾ ਵਿਕਾਸ ਕਰ ਕੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਰੋਜ਼ਮਰ੍ਹਾ ਦੀਆਂ ਚੁਣੌਤੀਆਂ ਤੇ ਦਿਮਾਗੀ ਬੋਝ ਦਾ ਸਾਹਮਣਾ ਕਰਨ ਤੇ ਆਪਣੀਆਂ ਆਮ ਮੁਸ਼ਕਲਾਂ ਨੂੰ ਆਪਣੇ-ਆਪ ਸੁਲਝਾਉਣ ਦੇ ਯੋਗ ਬਣਾ ਸਕਦੇ ਹਨ। ਉਨ੍ਹਾਂ ਵਿਚ ਇਹ ਯਕੀਨ ਪੈਦਾ ਕੀਤਾ ਜਾਏ ਕਿ ਉਹ ਹਰ ਹਲਾਤ ਦਾ ਸਫਲਤਾ ਪੂਰਵਕ ਸਾਹਮਣਾ ਕਰ ਸਕਦੇ ਹਨ ਅਤੇ ਮੁਸ਼ਕਲ ਆਉਣ ’ਤੇ ਵੱਡੇ ਉਨ੍ਹਾਂ ਦੇ ਨਾਲ ਹਨ। ਸਕੂਲ ਤੇ ਇਲਾਕੇ ਵਿਚ ਉਨ੍ਹਾਂ ਨੂੰ ਮਨੋਵਿਗਿਆਨਕ ਤੇ ਸਮਾਜਿਕ ਸਹਾਇਤਾ ਦਿਤੀ ਜਾਵੇ। ਸਿਹਤ ਮੁਲਾਜ਼ਮਾਂ ਨੂੰ ਵੀ ਮਾਨਸਿਕ ਸਿਹਤ ਸਬੰਧੀ ਚੇਤਾਵਨੀਆਂ ਸਮਝਣ ਤੇ ਉਸ ਦੇ ਇਲਾਜ ਕਰਨ ਬਾਰੇ ਸਲਾਹ ਦੇਣ ਦੇ ਯੋਗ ਬਣਾਇਆ ਜਾਏ। ਇਸ ਬਾਰੇ ਉਨ੍ਹਾਂ ਨੂੰ ਖਾਸ ਟਰੇਨਿੰਗ ਦੇਣਾ ਜ਼ਰੂਰੀ ਹੈ। ਸਰਕਾਰ ਅਤੇ ਸਮਾਜਿਕ, ਸਿਹਤ ਤੇ ਵਿਦਿਅਕ ਖੇਤਰਾਂ ਦੀ ਸ਼ਮੂਲੀਅਤ ਵੀ ਅਤਿ ਜ਼ਰੂਰੀ ਹੈ, ਤਾਂ ਕਿ ਮਾਨਸਿਕ ਅਸੰਤੁਲਨ ਦੀਆਂ ਨਿਸ਼ਾਨੀਆਂ ਨੂੰ ਲੱਭ ਕੇ ਇਨ੍ਹਾਂ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ ਅਤੇ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਨਾਲ ਮਾਪਿਆਂ ਵਿਚ ਇਸ ਬਾਰੇ ਜਾਗਰੂਕਤਾ ਲਿਆਂਦੀ ਜਾਵੇ ਕਿ ਇਹ ਕੋਈ ਸ਼ਰਮ ਦੀ ਗੱਲ ਨਹੀਂ, ਇਸ ਦਾ ਇਲਾਜ ਹੋ ਸਕਦਾ ਹੈ। ਉਨ੍ਹਾਂ ਨੂੰ ਦੱਸਿਆ ਜਾਏ ਕਿ ਇਸ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਤੇ ਇਹ ਹੀ ਸੁਨੇਹਾ ਉਹ ਆਪਣੇ ਹੋਰ ਸਾਥੀ ਮਾਪਿਆਂ ਤੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਹੀ ਅਸੀਂ ਮਾਨਸਿਕ ਤੌਰ ’ਤੇ ਇਕ ਅਰੋਗ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

*ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਸੰਪਰਕ: 98552-03033


Comments Off on ਨੌਜਵਾਨ ਪੀੜ੍ਹੀ ਦੀ ਮਾਨਸਿਕ ਤੰਦਰੁਸਤੀ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.