ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੇਚਰੋਪੈਥੀ: ਕੁਝ ਸਵਾਲ-ਜਵਾਬ

Posted On April - 26 - 2019

ਪ੍ਰਤੀਕਰਮ

ਸੰਜੀਵ ਕੁਮਾਰ ਸ਼ਰਮਾ

19 ਅਪਰੈਲ ਦੇ ਸਿਹਤ ਤੇ ਸਿੱਖਿਆ ਪੰਨੇ ਉਤੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਜੀਵਨੀ ਸ਼ਕਤੀ ਦਾ ਕੱਚ-ਸੱਚ’ ਪੜ੍ਹਿਆ ਜਿਸ ਵਿਚ ਉਨ੍ਹਾਂ 5 ਅਪਰੈਲ ਨੂੰ ਮੇਰੇ ਲੇਖ ‘ਜੀਵਨੀ ਸ਼ਕਤੀ’ ਬਾਰੇ ਟਿੱਪਣੀ ਕੀਤੀ ਹੈ। ਉਹ ਸਦਾ ਗਰੀਬਾਂ, ਮਜ਼ਲੂਮਾਂ, ਕਿਸਾਨਾਂ ਦੇ ਹਾਲਾਤ, ਪਿੰਡਾਂ, ਖੇਤੀਬਾੜੀ, ਪੰਜਾਬੀ ਭਾਸ਼ਾ ਆਦਿ ਮਸਲਿਆਂ ’ਤੇ ਸਮਾਜ ਨੂੰ ਸੇਧ ਦਿੰਦੇ ਆਏ ਹਨ। ਉਨ੍ਹਾਂ ਨੇ ਇਸ ਲੇਖ ਰਾਹੀਂ ਸਮਾਜ ਵਿਚ ਫੈਲਦੇ ਅੰਧ-ਵਿਸ਼ਵਾਸ, ਗਰੀਬਾਂ ਅਤੇ ਔਰਤਾਂ ਨਾਲ ਹੁੰਦੇ ਅਨਿਆਂ, ਧਰਮ ਦੇ ਨਾਂ ’ਤੇ ਹੁੰਦੇ ਅਤਿਆਚਾਰ ਆਦਿ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।
ਉਂਜ, ਜਾਪਦਾ ਹੈ ਕਿ ਡਾ. ਗਰਗ ਨੇ ਇਹ ਲੇਖ ਮੇਰੇ ਲੇਖ ਨੂੰ ਪੜ੍ਹ ਕੇ ਨਹੀਂ ਬਲਕਿ ਆਪਣੇ ਮਨ ਉੱਤੇ ਪਈ ਕਿਸੇ ਪੂਰਵ-ਨਿਰਧਾਰਿਤ ਛਾਪ ਦੇ ਅਸਰ ਅਧੀਨ ਲਿਖਿਆ ਹੈ। ਨੇਚਰੋਪੈਥੀ ਇਲਾਜ ਦੀ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਬਿਨਾ ਦਵਾਈਆਂ ਦੇ ਆਪਣੀ ਜੀਵਨਸ਼ੈਲੀ ਨੂੰ ਨਿਯਮਿਤ ਕਰਕੇ ਆਹਾਰ ਤੇ ਵਿਹਾਰ ਉੱਤੇ ਕੰਟਰੋਲ ਰਾਹੀਂ ਜਲ, ਮਿੱਟੀ, ਮਾਲਿਸ਼ਾਂ, ਯੋਗ, ਆਦਿ ਦੀ ਮਦਦ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਂਦਾ ਹੈ। ਇਹ ਪ੍ਰਣਾਲੀ ਅਪਨਾਉਣ ਨਾਲ ਮਨੁੱਖ ਦੀ ਡਾਕਟਰਾਂ ਕੋਲ ਜਾ ਕੇ ਮਹਿੰਗੇ ਇਲਾਜ ਕਰਵਾਉਣ ਦੀ ਲੋੜ ਦਿਨੋਂ-ਦਿਨ ਘਟਦੀ ਜਾਂਦੀ ਹੈ। ਇਸ ਲਈ ਡਾ. ਗਰਗ ਦਾ ਇਹ ਕਹਿਣਾ ਕਿ ਲੋਕਾਂ ਨੂੰ ਹਕੀਕਤ ਤੋਂ ਦੂਰ ਲਿਜਾਉਣ ਲਈ ਗੈਰ-ਵਿਗਿਆਨਿਕ ਤਰੀਕੇ ਦਾ ਪ੍ਰਚਾਰ ਕੀਤਾ ਜਾਂਦਾ ਹੈ, ਸਹੀ ਨਹੀਂ।
ਡਾ. ਗਰਗ ਦਾ ਪੰਜ ਤੱਤਾਂ ਬਾਰੇ ਅਸਹਿਮਤ ਹੋਣ ਦਾ ਵੀ ਕੋਈ ਵਿਸ਼ੇਸ਼ ਆਧਾਰ ਸਮਝ ਵਿਚ ਨਹੀਂ ਆਉਂਦਾ। ਇਹ ਤਾਂ ਸਾਡੇ ਸਰੀਰ ਅਤੇ ਬ੍ਰਹਿਮੰਡ ਨੂੰ ਸਰਲਤਾ ਨਾਲ ਸਮਝਾਉਣ ਲਈ ਸਾਡੇ ਸ਼ਾਸਤਰਾਂ, ਗ੍ਰੰਥਾਂ, ਗੁਰੂਆਂ ਦੁਆਰਾ ਕੀਤਾ ਵਰਗੀਕਰਨ ਹੈ; ਜਿਵੇਂ ਪ੍ਰਿਥਵੀ ਭਾਵ ਠੋਸ (ਹੱਡੀਆਂ, ਮਾਸ, ਨਹੁੰ, ਚਮੜੀ ਆਦਿ), ਜਲ ਭਾਵ ਤਰਲ (ਲਹੂ, ਪਸੀਨਾ, ਪਿਸ਼ਾਬ, ਲਾਰ ਆਦਿ), ਵਾਯੂ (ਆਕਸੀਜਨ, ਕਾਰਬਨ-ਡਾਇਕਸਾਈਡ ਆਦਿ), ਅਗਨੀ (ਸਰੀਰ ਦਾ ਤਾਪਮਾਨ, ਸਰੀਰ ਵਿਚ ਊਰਜਾ, ਪਾਚਨ ਕਿਰਿਆ ਆਦਿ), ਆਕਾਸ਼ (ਖਾਲੀ ਥਾਂ ਜਿਵੇਂ ਪੇਟ, ਮੂੰਹ, ਨੱਕ, ਸਾਹ ਦੀ ਨਲੀ ਆਦਿ)। ਇਹੀ ਵਰਗੀਕਰਨ ਇਸ ਬ੍ਰਹਿਮੰਡ ’ਤੇ ਵੀ ਲਾਗੂ ਹੁੰਦਾ ਹੈ। ਫਿਰ ਵਿਗਿਆਨ ਇਸ ਨੂੰ ਭਾਵੇਂ 118 ਤੱਤਾਂ ਜਿਸ ਵਿਚ ਧਾਤਾਂ, ਗੈਰ-ਧਾਤਾਂ, ਨੋਬਲ ਗੈਸਾਂ ਆਦਿ ਦੇ ਰੂਪ ਵਿਚ ਗਿਣੇ ਜਾਂ ਫਿਰ ਯੋਗਿਕਾਂ ਤੇ ਮਿਸ਼ਰਨਾਂ ਦੇ ਰੂਪ ਵਿਚ ਗਿਣੇ। ਸੰਤੁਲਿਤ ਰੂਪ ਵਿਚ ਇਨ੍ਹਾਂ ਪੰਜਾਂ ਤੱਤਾਂ, ਭਾਵ ਹੁਣ ਦੇ ਵਿਗਿਆਨ ਅਨੁਸਾਰ ਸਭ ਤੱਤਾਂ ਦੀ ਮੌਜੂਦਗੀ, ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਇਸ ਤਰੀਕੇ ਨਾਲ ਕੀਤਾ ਗਿਆ ਵਰਗੀਕਰਨ, ਆਧੁਨਿਕ ਵਿਗਿਆਨਿਕ ਵਰਗੀਕਰਨ ਨਾਲੋਂ ਭਾਵੇਂ ਕਿੰਨਾ ਵੀ ਭਿੰਨ ਕਿਉਂ ਨਾ ਹੋਵੇ, ਗੈਰ-ਵਿਗਿਆਨਿਕ ਨਹੀਂ ਹੈ।
ਇਸੇ ਤਰ੍ਹਾਂ ਡਾ. ਗਰਗ ਦੁਆਰਾ ਵਰਤਾਂ ਜਾਂ ਭੁੱਖ ਬਾਰੇ ਕੀਤੀ ਟਿੱਪਣੀ ਵੀ ਇਥੇ ਢੁਕਦੀ ਨਹੀਂ। ਲੇਖ ਵਿਚ ਮੈਂ ਇਕ ਵਾਰ ਵੀ ਵਰਤ (ਛੋਟੇ ਜਾਂ ਲੰਮੇ) ਜਾਂ ਫਿਰ ਭੁੱਖੇ ਰਹਿਣ ਬਾਰੇ ਜ਼ਿਕਰ ਨਹੀਂ ਕੀਤਾ। ਹਾਂ, ਇੰਨਾ ਜ਼ਰੂਰ ਆਖਿਆ ਕਿ ਆਕਾਸ਼ ਤੱਤ ਪੇਟ ਨੂੰ ਖਾਲੀ ਰੱਖ ਕੇ ਪ੍ਰਾਪਤ ਹੁੰਦਾ ਹੈ ਅਤੇ ਪੇਟ ਵਿਚ ਖਾਲੀ ਥਾਂ ਹੋਣ ’ਤੇ ਹੀ ਖਾਧੇ ਹੋਏ ਪਦਾਰਥ ਨੂੰ ਗਤੀ ਮਿਲੇਗੀ ਅਤੇ ਉਹ ਪਚੇਗਾ। ਆਧੁਨਿਕ ਵਿਗਿਆਨ ਵੀ ਕਿਤੇ ਇਹ ਦਲੀਲ ਨਹੀਂ ਦਿੰਦਾ ਕਿ ਤੁੰਨ ਤੁੰਨ ਕੇ ਭਰੇ ਪੇਟ ਵਿਚ ਖਾਣਾ ਚੰਗੇ ਢੰਗ ਨਾਲ ਪਚੇਗਾ। ਕੀ ਆਧੁਨਿਕ ਵਿਗਿਆਨ ਇਹ ਨਹੀਂ ਮੰਨਦਾ ਕਿ ਸਿਹਤਮੰਦ ਰਹਿਣ ਲਈ ਜਿੰਨੀ ਭੁੱਖ ਮਹਿਸੂਸ ਹੁੰਦੀ ਹੋਵੇ, ਉਸ ਤੋਂ ਕੁਝ ਘੱਟ ਖਾਧਾ ਜਾਣਾ ਚਾਹੀਦਾ ਹੈ?
ਆਪਣੇ ਲੇਖ ਵਿਚ ਮੈਂ ਭੋਜਨ ਦੇ ਮਹੱਤਵ ਨੂੰ ਘਟਾਇਆ ਨਹੀਂ ਸਗੋਂ ਲਿਖਿਆ ਹੈ ਕਿ ਭੋਜਨ ਸਰੀਰ ਦਾ ਨਿਰਮਾਣ ਵੀ ਕਰਦਾ ਹੈ, ਇਸ ਵਿਚ ਹੋਣ ਵਾਲੀ ਟੁੱਟ-ਫੁੱਟ ਦੀ ਮੁਰੰਮਤ ਵੀ ਕਰਦਾ ਹੈ ਅਤੇ ਤੰਦਰੁਸਤ ਰਹਿਣ ਲਈ ਪੰਜੇ ਤੱਤ ਸੰਤੁਲਿਤ ਰੂਪ ਵਿਚ ਸਰੀਰ ਨੂੰ ਮਿਲਦੇ ਰਹਿਣੇ ਚਾਹੀਦੇ ਹਨ। ਇਸੇ ਨੂੰ ਹੀ ਆਧੁਨਿਕ ਵਿਗਿਆਨ ਸੰਤੁਲਿਤ ਆਹਾਰ ਜਾਂ ਸੰਤੁਲਿਤ ਭੋਜਨ ਦਾ ਨਾਂ ਦਿੰਦਾ ਹੈ।
ਡਾ. ਗਰਗ ਦਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਨਾ ਜਿਵੇਂ ‘ਜੀਵਨੀ ਸ਼ਕਤੀ’ ਵਰਗੇ ਲੇਖਾਂ ਨਾਲ ਸਮਾਜ ਵਿਚ ਅੰਧ-ਵਿਸ਼ਵਾਸ ਵਧਦਾ ਹੈ, ਭੁੱਖਮਰੀ, ਕੁਪੋਸ਼ਣ, ਬਲਾਤਕਾਰ, ਜਾਤ ਤੇ ਧਰਮ ਆਧਾਰਿਤ ਕਤਲ, ਭੀੜਤੰਤਰ ਰਾਹੀਂ ਕੁੱਟ-ਮਾਰ, ਜਿਸਮਾਨੀ ਹਮਲੇ’ ਆਦਿ ਵਧਦੇ ਹਨ, ਇਸ ਲੇਖ ਨਾਲ ਅਨਿਆਂ ਹੈ। ਮੈਂ ਆਪਣੇ ਲੇਖ ਵਿਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਫਰਤ, ਨਿੰਦਾ, ਸੁਆਰਥ, ਲੋੜ ਤੋਂ ਵੱਧ ਇੱਛਾਵਾਂ ਆਦਿ ਤੋਂ ਦੂਰ ਰਹਿਣ ਅਤੇ ਰਚਨਾਤਮਕ ਵਿਚਾਰ ਸੱਚ, ਸੰਤੋਖ, ਦਇਆ, ਧਰਮ, ਸੰਜਮ, ਪ੍ਰੇਮ, ਦੋਸਤੀ, ਸ਼ਾਂਤੀ, ਤਿਆਗ, ਮੁਆਫ ਕਰਨਾ, ਮੁਆਫੀ ਮੰਗਣੀ ਆਦਿ ਨੂੰ ਅਪਨਾਉਣ ਦੀ ਗੱਲ ਕੀਤੀ ਹੈ। ਜੇ ਮਨੁੱਖ ਇਨ੍ਹਾਂ ਨਿਯਮਾਂ ਉੱਤੇ ਚੱਲੇਗਾ ਤਾਂ ਡਾ. ਗਰਗ ਦੁਆਰਾ ਦਰਸਾਈਆਂ ਸਮਾਜਿਕ ਬੁਰਾਈਆਂ ਖਤਮ ਕੀਤੀਆਂ ਜਾ ਸਕਦੀਆਂ ਹਨ।
ਇੰਜ ਭਾਸਦਾ ਹੈ ਜਿਵੇਂ ਡਾ. ਗਰਗ ਨੇ ਮੇਰੇ ਲੇਖ ਬਾਰੇ ਪ੍ਰਤੀਕਿਰਿਆ ਕੇਵਲ ‘ਪਰਮੇਸ਼ਵਰ’ ਜਾਂ ‘ਪੰਜ ਤੱਤ’ ਵਰਗੇ ਸ਼ਬਦਾਂ ਨੂੰ ਦੇਖ ਕੇ ਦਿੱਤੀ ਹੈ। ਆਸਤਿਕਤਾ ਜਾਂ ਨਾਸਤਿਕਤਾ ਜੀਵਨ ਜਿਉਣ ਦੇ ਦੋ ਢੰਗ ਹਨ। ਇਹ ਹਰ ਇਨਸਾਨ ਦਾ ਨਿਜੀ ਫੈਸਲਾ ਹੈ ਅਤੇ ਉਸ ਨੂੰ ਇਹ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਆਪਣੀ ਜ਼ਿੰਦਗੀ ਜਿਉਣ ਲਈ ਉਸ ਨੇ ਕਿਹੜਾ ਰਾਹ ਚੁਣਨਾ ਹੈ। ਕੇਵਲ ਇਸ ਕਰਕੇ ਕਿ ਕੋਈ ਪਰਮੇਸ਼ਵਰ ਵਿਚ ਵਿਸ਼ਵਾਸ ਰਖਦਾ ਹੈ, ਰਾਇ ਕਾਇਮ ਕਰ ਲੈਣੀ ਕਿ ਉਹ ਅੰਧ-ਵਿਸ਼ਵਾਸ ਜਾਂ ਗਲਤ ਧਾਰਨਾਵਾਂ ਪੈਦਾ ਕਰਦਾ ਹੈ, ਜਾਇਜ਼ ਨਹੀਂ। ਵਿਸ਼ਵਾਸ ਅਤੇ ਅੰਧ-ਵਿਸ਼ਵਾਸ ਵਿਚਕਾਰ ਬਹੁਤ ਬਰੀਕ ਰੇਖਾ ਹੁੰਦੀ ਹੈ। ਜੇ ਈਸ਼ਵਰ ਦੀ ਹੋਂਦ ਨੂੰ ਸਵੀਕਾਰਨਾ ਅੰਧ-ਵਿਸ਼ਵਾਸ ਹੈ ਤਾਂ ਮਨੁੱਖ ਦੀ ਬਾਂਦਰ ਤੋਂ ਆਧੁਨਿਕ ਮਨੁੱਖ ਬਣਨ ਦੀ ਕਹਾਣੀ, ਬ੍ਰਹਿਮੰਡ ਦੇ ਮਹਾਂ-ਵਿਸਫੋਟ (ਬਿਗ-ਬੈਂਗ) ਦੁਆਰਾ ਹੋਂਦ ਵਿਚ ਆਉਣ ਦਾ ਸਿਧਾਂਤ ਕਿਸ ਸ਼੍ਰੇਣੀ ਵਿਚ ਆਉਂਦੇ ਹਨ?
ਮੇਰਾ ਉਹ ਲੇਖ ਅਤੇ ਆਪਣੇ ਆਪ ਵਿਚ ਨੇਚਰੋਪੈਥੀ ਤਾਂ ਮਨੁੱਖ ਨੂੰ ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਚੱਲਣ ਲਈ ਕਹਿੰਦੀ ਹੈ ਤਾਂ ਕਿ ਹਰ ਇਨਸਾਨ ਭਾਵੇਂ ਉਹ ਧਾਰਮਿਕ ਹੋਵੇ ਜਾਂ ਗੈਰ ਧਾਰਮਿਕ, ਵਿਗਿਆਨੀ ਹੋਵੇ ਜਾਂ ਸਾਧਾਰਨ ਸ਼ਖ਼ਸ, ਸਮਾਜ ਦੇ ਭਲੇ ਲਈ ਆਪਣਾ ਯੋਗਦਾਨ ਪਾ ਸਕੇ, ਲੋਕਾਂ ਨੂੰ ਚੰਗੀ ਸੇਧ ਦੇ ਸਕੇ। ਵਿਗਿਆਨ ਤਾਂ ਸਗੋਂ ਇਸ ਪਾਸੇ ਵੱਡਾ ਰੋਲ ਅਦਾ ਕਰ ਸਕਦਾ ਹੈ। ਬਜਾਏ ਇਸ ਦੇ ਕਿ ਇਹ ਗਿਆਨ, ਧਨ ਤੇ ਹੋਰ ਵਸੀਲੇ ਸਮੂਹਿਕ ਤਬਾਹੀ ਦੇ ਹਥਿਆਰਾਂ, ਗਾਡ-ਪਾਰਟੀਕਲ, ਬਲੈਕ ਹੋਲ ਵਰਗੀਆਂ ਖੋਜਾਂ ਤੇ ਹੋਰ ਅਜਿਹੇ ਕੰਮਾਂ ’ਤੇ ਲੱਗਣ, ਉਹ ਖੋਜ ਕਰਨ ਕਿ ਮਨੁੱਖ ਵਿਚ ਰਚਨਾਤਮਕ ਵਿਚਾਰ ਕਿਸ ਤਰ੍ਹਾਂ ਪੈਦਾ ਕੀਤੇ ਜਾ ਸਕਦੇ ਹਨ ਅਤੇ ਉਸ ਦੀ ਸੋਚ ਨੂੰ ਸਦਾ ਲਈ ਸਕਾਰਾਤਮਕ ਕਿਵੇਂ ਕੀਤਾ ਜਾ ਸਕਦਾ ਹੈ।

ਸੰਪਰਕ: 98147-11605


Comments Off on ਨੇਚਰੋਪੈਥੀ: ਕੁਝ ਸਵਾਲ-ਜਵਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.