ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਤਿਨਾ ਦਰੀਆਵਾ ਸਿਉ ਦੋਸਤੀ

Posted On April - 7 - 2019

ਅਵਤਾਰ ਸਿੰਘ (ਪ੍ਰੋ.)

ਦਰਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਗਦਾ ਹੋਇਆ ਪਾਣੀ। ਖੜ੍ਹੇ ਪਾਣੀ ਦੀ ਨਿਸਬਤ ਵਗਦਾ ਪਾਣੀ ਸ਼ੁੱਧ ਹੁੰਦਾ ਹੈ। ਦਰਿਆ ਸਾਡੀ ਸੱਭਿਅਤਾ ਹੈ। ਇਹ ਸਾਡੇ ਮੁਹਾਵਰਿਆਂ ’ਚ ਵੀ ਰਮਿਆਂ ਹੋਇਆ ਹੈ। ‘ਦਰਿਆ-ਦਿਲ’ ਹੋਣਾ ਬਹੁਤ ਮਹਾਨ ਅਤੇ ਵਿਸ਼ਾਲ-ਚਿੱਤ ਹੋਣਾ ਹੈ। ਦਰਿਆਵਾਂ ਨਾਲ ਮੁਹੱਬਤ ਕਰਨ ਵਾਲੇ ਦਰਿਆ-ਦਿਲ ਹੋਣ ਵੱਲ ਵਧਦੇ ਹਨ। ਦਰਿਆ ਜ਼ਿੰਦਗੀ ਦਾ ਪ੍ਰਤੀਕ ਹੈ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਫੁਰਮਾਨ ਹੈ:
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ।।
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ।।
ਰਾਤ ਦੇ ਚੌਥੇ ਪਹਿਰ ਸੁਰਤ ਵਾਲੇ ਲੋਕਾਂ ਦੇ ਮਨ ਵਿਚ ਚਾਅ ਉਪਜਦਾ ਹੈ। ਉਹ ਦਰਿਆਵਾਂ ਦੇ ਦੋਸਤ ਹੁੰਦੇ ਹਨ; ਉਨ੍ਹਾਂ ਦੇ ਮਨ ਵਿਚ ਪਿਆਰੇ ਦੀ ਯਾਦ ਅਤੇ ਮੁਖ ’ਤੇ ਉਸਦਾ ਨਾਮ ਹੁੰਦਾ ਹੈ।
ਇਸ਼ਨਾਨ ਕਰਨਾ ਸੱਭਿਅਕ ਹੋਣ ਦੀ ਨਿਸ਼ਾਨੀ ਹੈ। ਪੁਰਾਤਨ ਸੱਭਿਆਤਾਵਾਂ ਦਰਿਆਵਾਂ ਦੇ ਕਿਨਾਰਿਆਂ ’ਤੇ ਉਸਰੀਆਂ ਅਤੇ ਦਰਿਆਵਾਂ ਦੇ ਨਾਂ ਨਾਲ ਹੀ ਜਾਣੀਆਂ ਗਈਆਂ। ਦਰਿਆ ਕਿਸੇ ਵੇਲੇ ਮਨੁੱਖ ਦੇ ਭਲੇ ਦੋਸਤ ਹੁੰਦੇ ਸਨ।
ਪੰਜਾਬ ਦਾ ਅਰਥ ਹੈ ਪੰਚ-ਅਪ, ਅਰਥਾਤ ਪੰਜ-ਆਬ, ਅਰਥਾਤ ਪੰਜ ਦਰਿਆ। ਅਸੀਂ ਪੰਜਾਬੀ ਪੰਜ ਦਰਿਆਵਾਂ ਦੇ ਦੋਸਤ ਹਾਂ। ਦਰਿਆ ਸਾਡੀ ਪਛਾਣ ਹਨ। ਵਿਦੇਸ਼ੀ ਹਮਲਾਵਰ ਵੀ ਸਾਨੂੰ ਦਰਿਆਵਾਂ ਨਾਲ ਜੋੜ ਕੇ ਦੇਖਦੇ ਸਨ। ਹਿੰਦੂ ਸ਼ਬਦ ਦਾ ਸਬੰਧ ਵੀ ਸਿੰਧ ਦਰਿਆ ਨਾਲ ਜੋੜਿਆ ਜਾਂਦਾ ਹੈ। ਸਿੰਧੀ ਲੋਕ ਆਪਣੇ ਆਪ ਨੂੰ ਅਸਲ ਪੰਜਾਬੀ ਮੰਨਦੇ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਪਵਣ ਨੂੰ ਗੁਰੂ ਕਿਹਾ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ। ਪਰ ਸਾਡੀ ਪ੍ਰੀਤ ਇਨ੍ਹਾਂ ਤਿੰਨਾਂ ਨਾਲ ਹੀ ਟੁੱਟ ਚੁੱਕੀ ਹੈ; ਤੜੱਕ ਕਰਕੇ ਨਹੀਂ; ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਟੁੱਟ ਗਈ। ਪਵਣ, ਪਾਣੀ ਅਤੇ ਧਰਤੀ ਹੁਣ ਰਾਕਸ਼ਾਂ ਵਾਂਗ ਮੂੰਹ ਅੱਡੀ ਖਲੋਤੇ ਹਨ ਤੇ ਮਨੁੱਖ ਨੂੰ ਨਿਗਲ ਜਾਣ ਲਈ ਤਿਆਰ ਬਰ ਤਿਆਰ ਹਨ।
ਜਦੋਂ ਦਾ ਸਾਡੀ ਸੱਭਿਅਤਾ ਨੇ ਦਰਿਆਵਾਂ ਨਾਲੋਂ ਤੋੜ ਵਿਛੋੜਾ ਕੀਤਾ ਹੈ, ਅਸੀਂ ਉਦੋਂ ਦੀ ਦਰਿਆਵਾਂ ਪ੍ਰਤੀ ਬੇਰੁਖ਼ੀ ਅਪਣਾਈ ਹੋਈ ਹੈ। ਸਾਡੇ ਦਰਿਆ ਉਦਾਸ ਹਨ ਤੇ ਸਾਡੇ ਪਿਆਰ ਨੂੰ ਤਰਸਦੇ ਹਨ। ਉਹ ਸਾਨੂੰ ਖਾਣਾ ਨਹੀਂ ਚਾਹੁੰਦੇ; ਅਸੀਂ ਉਨ੍ਹਾਂ ਨੂੰ ਮਜਬੂਰ ਕਰ ਰਹੇ ਹਾਂ। ਅਸੀਂ ਨਾ ਗੁਰੂ ਦੇ ਸਕੇ ਰਹੇ ਹਾਂ, ਨਾ ਪਿਓ ਦੇ ਤੇ ਨਾ ਮਾਂ ਦੇ – ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ।।
ਪੱਛਮੀ ਸੱਭਿਅਤਾ ਨੇ ਸਾਨੂੰ ਸ਼ੁੱਧਤਾ ਦੀ ਬਿਮਾਰੀ ਚਮੇੜ ਦਿੱਤੀ ਹੈ। ਅਸੀਂ ਸ਼ੁੱਧ ਹੁੰਦੇ ਹੁੰਦੇ ਘੋਰ ਅਸ਼ੁੱਧਤਾ ਵਿਚ ਗਰਕ ਹੋ ਗਏ ਹਾਂ। ਅਸੀਂ ਆਪਣੀ ਤਰੱਕੀ ਦੀ ਸਾਰੀ ਮੈਲ਼ ਦਰਿਆਵਾਂ ਦੇ ਹਵਾਲੇ ਕਰ ਦਿੱਤੀ ਹੈ। ਅੰਮ੍ਰਿਤ ਦੇ ਸੋਮਿਆਂ ਨੂੰ ਅਸੀਂ ਜ਼ਹਿਰੀਲੇ ਨਾਗ ਬਣਾ ਦਿੱਤਾ ਹੈ। ਸਾਡੇ ਜੀਵਨ ਸੋਮੇ ਸਾਡੀ ਮੌਤ ਦੇ ਕਾਰਨ ਬਣ ਗਏ ਹਨ।
ਕਿਸੇ ਵਲੈਤੀਏ ਨੇ ਸ਼ਿਕਾਇਤ ਕੀਤੀ ਕਿ ਸਾਡੇ ਇੱਥੇ ਗੰਦਗੀ ਬਹੁਤ ਹੈ। ਮੇਰੇ ਦੋਸਤ ਨੇ ਉਸ ਨੂੰ ਆਖਿਆ ਕਿ ਇਹ ਗੰਦਗੀ ਤੁਹਾਡੀ ਦੇਣ ਹੈ। ਉਹ ਬੜਾ ਹੈਰਾਨ ਹੋਇਆ। ਮੇਰੇ ਦੋਸਤ ਨੇ ਦੱਸਿਆ ਕਿ ਵਲੈਤੀ ਹਾਈਜੀਨ ਨੇ ਸਾਡੇ ਵਾਤਾਵਰਣ ਨੂੰ ਕਿਵੇਂ ਭ੍ਰਸ਼ਟ ਅਤੇ ਨਸ਼ਟ ਕੀਤਾ ਹੈ; ਕਿਵੇਂ ਵਲੈਤੀ ਸ਼ੈਂਪੂ, ਸਰਫਾਂ, ਹੈਂਡਵਾਸ਼, ਫਾਸਟ ਫੂਡ ਅਤੇ ਫੀਡ ਦੇ ਰੁਝਾਨ ਨੇ ਸਾਡੀ ਪੌਸ਼ਟਿਕਤਾ ਹਰਨ ਕਰ ਦਿੱਤੀ ਹੈ।
ਸਾਨੂੰ ਮੱਛਰਦਾਨੀਆਂ ਜਾਂ ਸੁਰਮੇਦਾਣੀਆਂ ਦੀ ਤਹਿਜ਼ੀਬ ਨੇ ਨਹੀਂ ਮਾਰਿਆ। ਸਾਨੂੰ ਮਾਰਿਆ ਹੈ ‘ਔਡੋਮਾਸ’, ‘ਗੁੱਡ ਨਾਈਟ’, ‘ਆਲ ਆਊਟ’ ਤੇ ‘ਫੇਅਰ ਐਂਡ ਲਵਲੀ’ ਨੇ। ਸਾਨੂੰ ਗੱਡਿਆਂ ਦੀ ਨਹੀਂ, ਗੱਡੀਆਂ ਦੀ ਮਾਰ ਪਈ ਹੈ। ਅਗਿਆਨ ਨਹੀਂ, ਅਲਪ ਗਿਆਨ ਸਾਡੇ ਹੱਡੀਂ ਬਹਿ ਗਿਆ ਹੈ।
ਸਾਨੂੰ ਮਹਿੰਗਾਈ ਨੇ ਨਹੀਂ, ਅਮੀਰੀ ਨੇ ਮਾਰਿਆ; ਅਫ਼ੀਮ ਨੇ ਨਹੀਂ, ਚਿੱਟੇ ਨੇ ਖਾ ਲਿਆ; ਸ਼ਰਾਬ ਨੇ ਨਹੀਂ, ਕੋਕ ਨੇ ਪੀ ਲਿਆ; ਕੋਠਿਆਂ ਨੇ ਨਹੀਂ, ਸਾਨੂੰ ਕੋਠੀਆਂ ਨੇ ਠਾਰ ਕੇ ਅਤੇ ਸਾੜ ਕੇ ਰੱਖ ਦਿੱਤਾ ਹੈ। ਅਨਪੜ੍ਹਾਂ ਨੇ ਨਹੀਂ, ਪਾੜ੍ਹਿਆਂ ਨੇ ਸਾਡੀ ਸੁਰਤ ਮਾਰ ਦਿੱਤੀ ਹੈ; ਸਾਡੀ ਖ਼ਬਰਸਾਰ ਨੂੰ ਅਖ਼ਬਾਰ ਨੇ ਹੜੱਪ ਲਿਆ ਹੈ; ਰੁੱਖਾਂ ਨੂੰ ਪੱਖੇ ਖਾ ਗਏ ਹਨ ਤੇ ਪੱਖਿਆਂ ਨੂੰ ਏਸੀ ਨਿਗਲ ਗਿਆ ਹੈ। ਸਾਨੂੰ ਅੰਦਰਲੀ ਕਸਰ ਨੇ ਨਹੀਂ, ਬਾਹਰਲੇ ਝੋਰਿਆਂ ਨੇ ਖ਼ਤਮ ਕਰ ਦਿੱਤਾ ਹੈ; ਪੂਰਬੀ ਸੰਜਮ ਅਤੇ ਸਹਿਜ ਨੂੰ ਪੱਛਮੀ ਅਸਹਿਜ ਨੇ ਚਟਮ ਕਰ ਦਿੱਤਾ ਹੈ।
ਮੇਰੇ ਮਿੱਤਰ ਨੇ ਦੱਸਿਆ ਕਿ ਉਸ ਦਾ ਬਾਬਾ ਖੇਤਾਂ ਵਿਚ ਖਾਦ ਨਹੀਂ ਸੀ ਪਾਉਣ ਦਿੰਦਾ; ਅਖੇ ਇਹ ਖੇਤਾਂ ਨੂੰ ਲੱਗ ਜਾਵੇਗੀ; ਜਿਵੇਂ ਬੰਦੇ ਨੂੰ ਨਸ਼ਾ ਲੱਗ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਬਾਬੇ ਦੀਆਂ ਗੱਲਾਂ ’ਤੇ ਹੱਸ ਛੱਡਦੇ ਸਨ; ਸਮਝਦੇ ਸਨ ਕਿ ਇਹ ਬੂਝੜ ਗਿਆਨ ਹੈ। ਅਸਲ ਵਿਚ ਉਹ ਲੋਕ ਤਾਂ ਬਿਹਤਰ ਸਨ ਜੋ ਬੇਜ਼ੁਬਾਨ ਜ਼ਮੀਨ ਦੀ ਜ਼ੁਬਾਨ ਵੀ ਸਮਝਦੇ ਸਨ। ਅਸੀਂ ਤਾਂ ਜ਼ੁਬਾਨ ਵਾਲਿਆਂ ਦੀ ਜ਼ੁਬਾਨ ਵੀ ਨਹੀਂ ਸਮਝਦੇ।
ਵਰਦਾਨ ਸਮਝੀ ਜਾਂਦੀ ਤਕਨਾਲੋਜੀ ਨੇ ਨਵਾਂ ਕੂੜਾ ਈਜਾਦ ਕਰ ਦਿੱਤਾ ਹੈ ਜਿਸ ਦਾ ਕੋਈ ਹੱਲ ਹੀ ਨਹੀਂ। ਸਾਡਾ ਕੂੜਾ ਤਾਂ ਪਸ਼ੂਆਂ ਦੀ ਖ਼ੁਰਾਕ ਬਣਦਾ ਸੀ ਤੇ ਰੂੜੀ ਬਣ ਫ਼ਸਲਾਂ ਦੇ ਕੰਮ ਆਉਂਦਾ ਸੀ। ਇਹ ਆਧੁਨਿਕ ਕੂੜਾ ਸਾਡੀ ਜਾਨ ਦਾ ਖੌਅ ਬਣ ਗਿਆ ਹੈ। ਕਿਸੇ ਵੇਲੇ ਸਾਡਾ ਵਾਤਾਵਰਣ ਹਾਲ-ਪਾਹਰਿਆ ਮਚਾ ਰਿਹਾ ਸੀ ਕਿ ‘ਮੈਨੂੰ ਬਚਾਓ’; ਅਸੀਂ ਉਸ ਨੂੰ ਨਹੀਂ ਬਚਾਇਆ; ਹੁਣ ਉਹ ਗੁਹਾਰਾਂ ਪਾ ਰਿਹਾ ਹੈ ਕਿ ‘ਮੈਥੋਂ ਬਚੋ’।
ਹੁਣ ਵੀ ਜੇ ਅਸੀਂ ਨਾ ਸੁਣੀਏ; ਫਿਰ ਮਰੀਏ ਖਪੀਏ! ਹਰਮਨ ਹੈੱਸ ਦੇ ਨਾਵਲ ਸਿਧਾਰਥ ਵਿਚ ਦਰਿਆ ਬੋਲਦੇ ਹਨ, ਗੱਲਾਂ ਕਰਦੇ ਹਨ ਤੇ ਬੁੱਧ ਪੁਰਸ਼ ਉਨ੍ਹਾਂ ਨੂੰ ਸੁਣਦੇ ਹਨ। ਉਸ ਨਾਵਲ ਵਿਚ ਸਿਧਾਰਥ ਨੂੰ ਅਨਪੜ੍ਹ ਪਰ ਅਨੁਭਵੀ ਮਲਾਹ ਦੱਸਦਾ ਹੈ ਕਿ ਦਰਿਆ ਸਾਡੇ ਮਹਾਨ ਗੁਰੂ ਹਨ, ਇਨ੍ਹਾਂ ਨੂੰ ਸੁਣੋ, ਇਹ ਸਾਨੂੰ ਕੀ ਕਹਿੰਦੇ ਹਨ – “ਜੀਭੈ ਬਾਝਹੁ ਬੋਲਣਾ” … “ਵਿਣੁ ਕੰਨਾ ਸੁਨਣਾ”।
ਦਰਿਆਵਾਂ ਤੋਂ ਦੂਰ ਹੋ ਕੇ ਅਸੀਂ ਉਸ ਮੋੜ ’ਤੇ ਪੁੱਜ ਗਏ ਹਾਂ ਜਿੱਥੋਂ ਸਾਨੂੰ ਹੁਣ ਸੋਚਣਾ ਪੈ ਰਿਹਾ ਹੈ ਕਿ ਜਾਈਏ ਤਾਂ ਜਾਈਏ ਕਿੱਥੇ – ਨਾ ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ!
‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ’। ਸੱਚਮੁੱਚ ਦਰਿਆਵਾਂ ਜਿਹੇ ਡੂੰਘੇ ਦਿਲਾਂ ਦੇ ਦਰਦ ਕੌਣ ਜਾਣ ਸਕਦਾ ਹੈ! ਕਵੀ ਮਨ ਹੀ ਦਰਿਆਵਾਂ ਦੇ ਦਰਦ ਜਾਣ ਸਕਦੇ ਹਨ; ਦਰਅਸਲ ਕਵਿਤਾ ਦਰਿਆਵਾਂ ਜਿਹੇ ਦਿਲਾਂ ਦੀ ਦਾਸਤਾਂ ਹੀ ਹੁੰਦੀ ਹੈ। ਆਉ, ਆਪਣੇ ਦਰਿਆਵਾਂ ਨਾਲ ਜ਼ਿੰਦਗੀ ਦਾ ਨਾਤਾ ਜੋੜੀਏ ਤੇ ਆਪਣੀ ਟੁੱਟੀ ਗੰਢੀਏ। ਦਰਿਆਵਾਂ ਬਾਝੋਂ ਜੀਣਾ, ਕਾਹਦਾ ਜੀਣਾ!
ਦਰਿਆ ਸਾਡੇ ਇਤਿਹਾਸ ਦੇ ਉਸਰੱਈਏ ਹਨ; ਸਾਡੀ ਸੱਭਿਅਤਾ ਦੇ ਪਾਲਣਹਾਰੇ ਹਨ; ਇਹ ਸਾਡੀ ਜਿੰਦ ਜਾਨ ਹਨ; ਸਾਡੇ ’ਤੇ ਇਨ੍ਹਾਂ ਦਾ ਮਣਾਂ ਮੂੰਹੀ ਕਰਜ਼ ਹੈ; ਅਸੀਂ ਇਨ੍ਹਾਂ ਦੇ ਦੇਣਦਾਰ ਹਾਂ; ਇਹ ਸਾਡੇ ਲਹਿਣੇਦਾਰ ਹਨ। ਗੁਰੂ ਨਾਨਕ ਪਾਤਸ਼ਾਹ ਦੇ ਲਹਿਣੇਦਾਰ ਭਾਈ ਲਹਿਣੇ ਦੇ ਵਾਰਿਸ ਅਤੇ ਦਰਿਆਵਾਂ ਦੇ ਦਰਦਮੰਦ ਇਹ ਗੁਹਾਰ ਸੁਣ ਰਹੇ ਹਨ।

ਸੰਪਰਕ: 94175-18384


Comments Off on ਤਿਨਾ ਦਰੀਆਵਾ ਸਿਉ ਦੋਸਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.