ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਡਾਇਰ ਨੇ ਗੋਲੀ ਕਿਉਂ ਚਲਾਈ…ਡਾਇਰ ਦੇ ਆਪਣੇ ਸ਼ਬਦਾਂ ਵਿਚ

Posted On April - 13 - 2019

ਰੇਜੀਨਲਡ ਡਾਇਰ ਨੂੰ ਜੱਲ੍ਹਿਆਂ ਵਾਲਾ ਬਾਗ਼ ਵਿਖੇ ਗੋਲੀ ਚਲਾਉਣ ਦਾ ਕੋਈ ਪਛਤਾਵਾ ਨਹੀਂ ਸੀ। ਇਹ ਤੱਥ ਇਸਦੀ ਪੁਸ਼ਟੀ ਕਰਦੇ ਹਨ।

ਫ਼ੌਜੀ ਕੌਂਸਿਲ ਨੂੰ ਆਪਣੀ ਰਿਪੋਰਟ ਵਿਚ ਡਾਇਰ ਨੇ ਇੰਕਸ਼ਾਫ ਕੀਤਾ ਕਿ ਉਸ ਵੱਲੋਂ ਕੀਤੇ ਗਏ ਵਰਤਾਰੇ ਦੇ ਇਹੀ ਕਾਰਨ ਸਨ :
‘‘…ਜੇ ਮੇਰਾ ਕੋਈ ਮੰਤਵ ਲੱਭਿਆ ਜਾ ਸਕਦਾ ਹੈ ਤਾਂ ਉਹ ਮੇਰਾ ਦ੍ਰਿੜ੍ਹ ਇਰਾਦਾ ਸੀ ਕਿ ਯੂਰੋਪੀਅਨ ਇਸਤਰੀਆਂ, ਬੱਚਿਆਂ ਅਤੇ ਅਮਨ ਪਸੰਦ ਹਿੰਦੁਸਤਾਨੀਆਂ ਨੂੰ ਮੌਤ ਹੋਣੀ ਦੇ ਮੂੰਹ ਵਿਚ ਡਿੱਗਣੋਂ ਬਚਾ ਲਵਾਂ। ਮੈਨੂੰ ਨਿਸ਼ਚਾ ਹੋ ਗਿਆ ਸੀ ਕਿ ਜੇ ਮੈਂ ਚਣੌਤੀ ਪ੍ਰਵਾਨ ਕਰ ਕੇ ਅਮਨ ਅਤੇ ਕਾਨੂੰਨ ਬਹਾਲ ਕਰਨ ਜੋਗਾ ਅਸਰ ਨਹੀਂ ਪਾਉਂਦਾ ਤਾਂ ਇਹ ਮੌਤ-ਹੋਣੀ ਉਨ੍ਹਾਂ ਸਾਰਿਆਂ ਨੂੰ ਲਪੇਟ ਲਏਗੀ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸੇ ਮੰਤਵ ਨੇ ਮੈਨੂੰ ਡਿਊਟੀ ਭੁਗਤਾਉਣ ਲਈ ਬਲ ਬਖ਼ਸ਼ਿਆ।’’
***
ਜਨਰਲ ਸਟਾਫ ਸੋਲ੍ਹਵੀਂ ਇੰਡੀਅਨ ਡਿਵੀਜ਼ਨ ਨੂੰ ਆਪਣੀ ਰਿਪੋਰਟ ਵਿਚ ਉਸਨੇ ਇਸ ਦਲੀਲ ਨੂੰ ਹੋਰ ਅਗ੍ਹਾਂਹ ਤੋਰਿਆ। ਉਸਨੇ ਲਿਖਿਆ :
‘‘ਭੀੜ ਏਨੀ ਸੰਘਣੀ ਸੀ ਕਿ ਕਿਸੇ ਵੇਲੇ ਜੇ ਉਹ ਇਕ ਦਮ ਹੱਲਾ ਕਰ ਕੇ ਪੈ ਜਾਂਦੀ ਤਾਂ ਹਥਿਆਰਾਂ ਦੇ ਹੋਣ ਨਾ ਹੋਣ ਦਾ ਕੋਈ ਫ਼ਰਕ ਨਹੀਂ ਸੀ ਪੈਣਾ, ਮੇਰੇ ਫ਼ੌਜੀ ਦਸਤੇ ਨੂੰ ਉਸਨੇ ਫੌਰਨ ਨੱਪ ਲੈਣਾ ਸੀ। ਇਸ ਕਰਕੇ ਮੈਂ ਉਸ ਭੀੜ ਨੂੰ ਅਜਿਹਾ ਕਰਨ ਦਾ ਮੌਕਾ ਨਹੀਂ ਸੀ ਦੇ ਸਕਦਾ।’’
***
ਫ਼ੌਜੀ ਕੌਂਸਿਲ ਨੂੰ ਰਿਪੋਰਟ ਕਰਦਿਆਂ ਡਾਇਰ ਨੇ ਕਿਹਾ :
‘‘ਮੇਰੇ ਫਾਇਰ ਖੋਲ੍ਹਦਿਆਂ ਸਾਰ ਹੀ ਭੀੜ ਖਿੱਲਰ ਗਈ ਅਤੇ ਲੋਕੀਂ ਬਾਹਰ ਨੂੰ ਜਾਣ ਵਾਲੇ ਲਾਂਘਿਆਂ ਵੱਲ ਨੂੰ ਨੱਸ ਤੁਰੇ। ਕੁਝ ਗੋਲੀਆਂ ਚੱਲਣ ਪਿੱਛੋਂ ਦੋ ਥਾਵਾਂ ’ਤੇ ਲੋਕਾਂ ਦਾ ਇਕੱਠ ਹੁੰਦਾ ਦਿੱਸਿਆ। ਇਉਂ ਪ੍ਰਤੀਤ ਹੋਇਆ ਕਿ ਉਹ ਸਾਡੇ ਉੱਪਰ ਝਪਟਣਗੇ। ਮੇਰੇ ਬ੍ਰਿਗੇਡ ਮੇਜਰ ਬ੍ਰਿਗਸ ਨੇ ਮੇਰਾ ਧਿਆਨ ਉੱਧਰ ਮੋੜਿਆ ਤਾਂ ਮੈਂ ਫੌਰਨ ਉਨ੍ਹਾਂ ਦੋਹਾਂ ਟਿਕਾਣਿਆਂ ’ਤੇ ਨਿਸ਼ਾਨੇ ਬੀੜ ਕੇ ਗੋਲੀਆਂ ਚਲਾਈਆਂ ਤੇ ਉਨ੍ਹਾਂ ਨੂੰ ਤਿਤਰ-ਬਿਤਰ ਕਰ ਛੱਡਿਆ।’’
***
ਜਦੋਂ ਡਾਇਰ ਹੰਟਰ ਕਮੇਟੀ ਦੇ ਰੂਬਰੂ ਪੇਸ਼ ਹੋਇਆ ਤਾਂ ਲਾਰਡ ਹੰਟਰ ਨੇ ਉਸਨੂੰ ਪੁੱਛਿਆ ਸੀ ਕਿ ਕੀ ਤੂੰ ਗੋਲੀ ਚਲਾਏ ਬਗੈਰ ਹਜੂਮ ਨੂੰ ਤਿਤਰ-ਬਿਤਰ ਨਹੀਂ ਸੀ ਕਰ ਸਕਦਾ?
ਡਾਇਰ ਦਾ ਉੱਤਰ ਸੀ :
‘‘ਮੈਂ ਕੁਝ ਦੇਰ ਲਈ ਭੀੜ ਨੂੰ ਤਿਤਰ-ਬਿਤਰ ਜ਼ਰੂਰ ਕਰ ਸਕਦਾ ਸਾਂ, ਪਰ ਉਨ੍ਹਾਂ ਲੋਕਾਂ ਨੇ ਮੁੜ ਕੇ ਆਣ ਕੇ ਮੇਰੀਆਂ ਦੰਦੀਆਂ ਖਰਾਉਣੀਆਂ ਸਨ। ਮੇਰੇ ਉੱਪਰ ਹੱਸਣਾ ਸੀ। ਇਸ ਲਈ ਮੈਂ ਇਉਂ ਕਰਕੇ ਮੂਰਖ ਬਣਨ ਲਈ ਤਿਆਰ ਨਹੀਂ ਸਾਂ।’’
‘‘ਮੇਰੇ ਉੱਪਰ ਹੱਸਣਾ ਸੀ’’! ਇਹੀ ਗੱਲ ਤਾਂ ਡਾਇਰ ਲਈ ਸਭ ਤੋਂ ਵੱਡੀ ਹੱਤਕ ਸੀ।
***
14 ਅਪਰੈਲ ਨੂੰ ਡਾਇਰ ਨੇ ਜਨਰਲ ਸਟਾਫ ਡਿਵੀਜ਼ਨ ਨੂੰ ਆਪਣੀ ਪਹਿਲੀ ਰਿਪੋਰਟ ਵਿਚ ਲਿਖਿਆ :
‘‘ਮੈਂ ਇਹ ਗੱਲ ਭਾਂਪ ਲਈ ਕਿ ਮੇਰੇ ਕੋਲ ਤਾਂ ਛੋਟੀ ਜਿਹੀ ਫ਼ੌਜੀ ਟੁਕੜੀ ਹੈ। ਜੇ ਮੈਂ ਜ਼ਰਾ ਜਿੰਨਾ ਵੀ ਥਿੜਕਿਆ ਤਾਂ ਹੋ ਸਕਦਾ ਹੈ ਕਿ ਹਜੂਮ ਮੇਰੇ ’ਤੇ ਹੱਲਾ ਬੋਲ ਦੇਵੇ। ਇਸ ਲਈ ਮੈਂ ਫੌਰਨ ਫਾਇਰ ਖੋਲ੍ਹਿਆ ਅਤੇ ਭੀੜ ਨੂੰ ਤਿਤਰ-ਬਿਤਰ ਕਰ ਕੇ ਰੱਖ ਦਿੱਤਾ।’’
***
‘‘ਮੇਰੇ ਅਫ਼ਸਰ ਪਹਿਲਾਂ ਹੀ ਮੇਰੀ ਕਾਰਵਾਈ ਦੀ ਪ੍ਰਵਾਨਗੀ ਦੇ ਚੁੱਕੇ ਹਨ। ਇਸ ਲਈ ਰਿਪੋਰਟ ਇਕ ਰਸਮੀ ਜਿਹੀ ਚੀਜ਼ ਹੈ। ਇਸ ਬਾਰੇ ਘੜੀ ਮੁੜੀ ਸਫ਼ਾਈਆਂ ਪੇਸ਼ ਕਰਨ ਦੀ ਕਿਹੜੀ ਲੋੜ ਹੈ।’’
***
‘‘ਜੇ ਮੈਂ ਗੋਲੀਆਂ ਚਲਾਉਣੀਆਂ ਜਾਰੀ ਨਾ ਰੱਖਦਾ ਤਾਂ ਉਸ ਛੋਟੀ ਜਿਹੀ ਫ਼ੌਜੀ ਟੁਕੜੀ ਨੂੰ ਸ਼ਹਿਰ ਵਿਚੋਂ ਬਚਾ ਕੇ ਲੈ ਜਾਣਾ ਵੀ ਅਸੰਭਵ ਹੋ ਜਾਂਦਾ।’’
***
ਡਾਇਰ ਨੇ ਆਪਣੇ ਪੱਖ ਦੀ ਪੁਸ਼ਟੀ ਲਈ ਅੱਗੇ ਕਿਹਾ:
‘‘ਮੈਂ ਡਿਪਟੀ ਐਸਿਸਟੈਂਟ ਐਡਜੂਟੈਂਟ ਜਨਰਲ ਫਾਰ ਇਨਸਟਰਕਸ਼ਨ ਇਨ ਮਿਲਟਰੀ ਲਾਅ ਵੀ ਰਹਿ ਚੁੱਕਿਆ ਹਾਂ, ਇਸ ਲਈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤਾਕਤ ਦੀ ਘੱਟ ਤੋਂ ਘੱਟ ਵਰਤੋਂ ਦਾ ਸਿਧਾਂਤ ਕੀ ਹੁੰਦਾ ਹੈ, ਪਰ ਮੈਂ ਮਹਿਸੂਸ ਕੀਤਾ ਸੀ ਕਿ ਮੇਰੇ ਸਾਹਮਣੇ ਬੜੀ ਬਿਖੜੀ ਸਮੱਸਿਆ ਪੇਸ਼ ਹੈ। ਇਹ ਤਾਂ ਹੰਟਰ ਕਮੇਟੀ ਨੇ ਵੀ ਮੰਨਿਆ ਹੈ ਕਿ ਅੰਮ੍ਰਿਤਸਰ ਵਿਚ ਗੜਬੜ ਬਹੁਤ ਜ਼ੋਰਾਂ ’ਤੇ ਸੀ। ਪੰਜਾਬ ਵਿਚ ਇਕ ਡੰਡਾ ਫ਼ੌਜ ਭਰਤੀ ਕੀਤੀ ਹੋਈ ਸੀ ਤੇ ਅੰਮ੍ਰਿਤਸਰ ਦੇ ਲੋਕ ਬੜੇ ਚਾਮ੍ਹਲੇ ਹੋਏ ਖਰੂਦੀ ਹੋ ਗਏ ਸਨ। 10 ਅਤੇ 11 ਅਪਰੈਲ ਨੂੰ ਸ਼ਹਿਰ ਇਨ੍ਹਾਂ ਭੂਤਰੇ ਹੋਏ ਲੋਕਾਂ ਦੇ ਹੀ ਕਬਜ਼ੇ ਵਿਚ ਰਿਹਾ ਸੀ। ਭੀੜਾਂ ਦੇ ਸਰਗਨੇ ਸਰਕਾਰ ਨੂੰ ਤਹਿਸ-ਨਹਿਸ ਕਰਨ ’ਤੇ ਆਤੁਰ ਹੋ ਗਏ ਸਨ ਅਤੇ ਹਰ ਪਾਸੇ ਮਾਰਸ਼ਲ-ਲਾਅ ਲੱਗਣ ਯੋਗ ਹਾਲਤ ਬਣ ਰਹੀ ਸੀ। ਯੂਰੋਪੀਅਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਅਤੇ ਮਾਰਿਆ ਕੁੱਟਿਆ ਗਿਆ ਸੀ। ਸਰਕਾਰੀ ਜਾਇਦਾਦਾਂ ਦੀ ਇਉਂ ਲੁੱਟ ਮਾਰ ਹੋਈ ਕਿ ਲੋਕੀਂ ਸਮਝਣ ਲੱਗ ਪਏ ਕਿ ਅੰਗਰੇਜ਼ੀ ਰਾਜ ਦਮ ਤੋੜ ਗਿਆ ਹੈ। ਸ਼ਹਿਰ ਦੇ ਬਾਹਰਵਾਰ ਮਾਝੇ ਦੇ ਸਿੱਖ ਆਕੀ ਹੋਏ ਬੈਠੇ ਸਨ। ਸੰਚਾਰ ਸਾਧਨਾਂ ਵਿਚ ਵਿਘਨ ਪੈ ਗਿਆ ਸੀ ਤੇ ਇਨ੍ਹਾਂ ਸਾਰੀਆਂ ਗੱਲਾਂ ਦੇ ਉਤੋਂ ਦੀ ਉੱਤਰ ਵਾਲੇ ਪਾਸਿਓਂ ਅਫ਼ਗਾਨੀ ਹਮਲੇ ਦਾ ਖ਼ਤਰਾ ਵੀ ਪੈਦਾ ਹੋ ਗਿਆ ਸੀ।’’
***
‘‘ਬਾਗ਼ ਵਿਚ ਮੇਰੇ ਸਾਹਮਣੇ ਆਕੀ ਹੋਏ ਲੋਕਾਂ ਦੀ ਭੀੜ ਜੁੜੀ ਬੈਠੀ ਸੀ ਜਿਸਨੂੰ ਸਰਕਾਰ ਖਿਲਾਫ਼ ਭੜਕਾਊ ਅਤੇ ਜ਼ਹਿਰ ਭਰੀਆਂ ਤਕਰੀਰਾਂ ਕਰਨ ਵਾਲੇ ਸੰਬੋਧਨ ਕਰ ਰਹੇ ਸਨ (ਇਨ੍ਹਾਂ ਵਿਚੋਂ ਬਹੁਤ ਸਾਰਿਆਂ ’ਤੇ ਮਗਰੋਂ ਜਾ ਕੇ ਸਾਜ਼ਿਸ਼ਾਂ ਕਰਨ, ਅੱਗਾਂ ਲਾਉਣ ਅਤੇ ਕਤਲ ਆਦਿ ਕਰਨ ਦੇ ਇਲਜ਼ਾਮਾਂ ਵਿਚ ਮੁਕੱਦਮੇ ਚਲਾਏ ਗਏ ਸਨ)। ਮੈਂ ਸੋਚਿਆ ਕਿ ਜੇ ਮੈਂ ਹਿੰਦੋਸਤਾਨ ਦੀ ਆਮ ਸਿਆਸੀ ਹਾਲਤ, ਅੰਮ੍ਰਿਤਸਰ ਦੇ ਬਾਕੀ ਮੁਲਕ ਨਾਲ ਤੁਅੱਲਕਾਤ ਅਤੇ ਬਾਹਰਲੇ ਹਮਲੇ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਕਾਰਵਾਈ ਨਹੀਂ ਕਰਦਾ ਤਾਂ ਮੈਂ ਆਪਣੇ ਫਰਜ਼ ਦੀ ਪਾਲਣਾ ਕਰਨ ਵਿਚ ਕੋਤਾਹੀ ਦਾ ਮੁਜਰਿਮ ਹੋਵਾਂਗਾ। ਇਓਂ ਜੇ ਮੇਰੀ ਕਾਰਵਾਈ ਨੂੰ ਠੀਕ ਪ੍ਰਸੰਗ ਵਿਚ ਰੱਖ ਕੇ ਵੇਖਿਆ ਜਾਏ ਤਾਂ ਜਲ੍ਹਿਆਂਵਾਲੇ ਬਾਗ਼ ਵਿਚ ਮਰਨ ਜਾਂ ਫੱਟੜ ਹੋਣ ਵਾਲਿਆਂ ਦੀ ਗਿਣਤੀ ਪ੍ਰਾਪਤ ਹੋਏ ਮਨੋਰਥਾਂ ਦੇ ਟਾਕਰੇ ’ਤੇ ਕੁਝ ਵੀ ਨਹੀਂ ਰਹਿ ਜਾਂਦੀ।’’

– ਹਵਾਲਾ : ਇਤਿਹਾਸਕਾਰ ਵੀ.ਐੱਨ.ਦੱਤ


Comments Off on ਡਾਇਰ ਨੇ ਗੋਲੀ ਕਿਉਂ ਚਲਾਈ…ਡਾਇਰ ਦੇ ਆਪਣੇ ਸ਼ਬਦਾਂ ਵਿਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.