ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਜਵਾਨੀ ਵੇਲੇ

Posted On April - 18 - 2019

ਸਾਈਕਲ ਨਾਲ ਜੁੜੀ ਯਾਦ

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਮੈਂ ਐਮਆਰ ਕਾਲਜ ਫਾਜ਼ਿਲਕਾ ਤੋਂ 1973 ਵਿਚ ਬੀਐਸਸੀ (ਮੈਡੀਕਲ ) ਤੇ 1974 ਵਿਚ ਡੀਏਵੀ ਕਾਲਜ ਆਫ ਐਜੂਕੇਸ਼ਨ ਅਬੋਹਰ ਤੋਂ ਬੀਐੱਡ ਪਾਸ ਕੀਤੀ। ਕਾਲਜੋਂ ਨਿਕਲਦਿਆਂ ਹੀ ਇੰਟਰਵੀਊ ਕਾਰਡ ਆ ਗਿਆ ਤੇ ਜ਼ਿਲਾ ਸਿਖਿਆ ਅਫਸਰ ਫਿਰੋਜ਼ਪੁਰ ਤੋਂ ਮੈਨੂੰ ਸਾਇੰਸ ਮਾਸਟਰ ਦੀ ਅਸਾਮੀ ’ਤੇ ਸਰਕਾਰੀ ਮਿਡਲ ਸਕੂਲ ਕਮਾਲ ਵਾਲਾ (ਫਾਜ਼ਿਲਕਾ) ਦਾ ਨਿਯੁਕਤੀ ਪੱਤਰ ਮਿਲ ਗਿਆ। ਇਹ ਪਿੰਡ ਫਾਜ਼ਿਲਕਾ–ਮਲੋਟ ਸੜਕ ’ਤੇ ਗੰਗ ਨਹਿਰ ਦੇ ਕੰਢੇ ਹੈ। ਫਾਜ਼ਿਲਕਾ ਤੋਂ ਪੰਦਰਾਂ ਕੁ ਕਿਲੋਮੀਟਰ ਦੂਰ ਹੈ, ਬੱਸ ਸਟਾਪ ਪੱਕੀ ਨਹਿਰ। ਪਿੰਡ ਅਸਲਾਮ ਵਾਲਾ ਇਸ ਬੱਸ ਸਟਾਪ ਤੋਂ ਇਕ ਕਿਲੋਮੀਟਰ ਫ਼ਾਸਲੇ ’ਤੇ ਹੈ। ਉਸ ਤੋਂ ਤਿੰਨ ਕਿਲੋਮੀਟਰ ਦੂਰ ਚੜ੍ਹਦੇ ਵੱਲ ਹੈ ਪਿੰਡ ਕਮਾਲ ਵਾਲਾ। ਉਦੋਂ ਪਿੰਡ ਵਿਚ ਮਿਡਲ ਸਕੂਲ ਹੁੰਦਾ ਸੀ। ਨਾਲ ਹੀ ਇਕੋ ਇਮਾਰਤ ਵਿਚ ਪ੍ਰਾਇਮਰੀ ਸਕੂਲ ਸੀ। ਮੈਂ ਪਹਿਲੀ ਫਰਵਰੀ 1975 ਨੂੰ ਇਸ ਸਕੂਲ ਵਿਚ ਹਾਜ਼ਰੀ ਦਿਤੀ। ਫਾਜ਼ਿਲਕਾ ਸਵੇਰੇ 6.20 ਵਜੇ ਮਲੋਟ ਨੂੰ ਪੈਪਸੂ ਰੋਡਵੇਜ਼ ਦੀ ਬੱਸ ਜਾਂਦੀ ਸੀ। ਰੋਜ਼ ਸਵੇਰੇ ਬੱਸ ’ਤੇ ਜਾਈਦਾ ਸੀ। ਉਨ੍ਹਾਂ ਵੇਲਿਆਂ ਵਿਚ ਗਰਮੀਆਂ ’ਚ ਸਕੂਲ ਸਵੇਰੇ ਸਵਾ ਸੱਤ ਵਜੇ ਲਗਦੇ ਤੇ ਛੁੱਟੀ ਦੁਪਹਿਰੇ ਡੇਢ ਵਜੇ ਹੁੰਦੀ। ਪੱਕੀ ਨਹਿਰ ਦੇ ਅੱਡੇ ਕੋਲ ਨਹਿਰੀ ਵਿਸ਼ਰਾਮ ਘਰ ਹੁੰਦਾ ਸੀ। ਮੈਂ ਬੱਸ ਤੋਂ ਲਹਿ ਕੇ ਵਿਸ਼ਰਾਮ ਘਰ ਵਿਖੇ ਰੱਖਿਆ ਸਾਈਕਲ ਚੁੱਕਣਾ ਤੇ ਚਾਰ ਕਿਲੋਮੀਟਰ ਦੂਰ ਸਾਈਕਲ ’ਤੇ ਸਕੂਲ ਪਹੁੰਚ ਜਾਣਾ। ਇਧਰੋਂ ਫਾਜ਼ਿਲਕਾ- ਅਬੋਹਰ ਸੜਕ ’ਤੇ ਪਿੰਡ ਖੂਹੀ ਖੇੜਾ ਕੋਲੋਂ ਵੀ ਪਿੰਡ ਬੇਗਾਂਵਾਲੀ ਵਿਚੋਂ ਲੰਘ ਕੇ ਕਮਾਲ ਵਾਲੇ ਪਹੁੰਚ ਜਾਈਦਾ ਸੀ। ਇਹ ਪੈਂਡਾ ਵੀ ਚਾਰ ਕੁ ਕਿਲੋਮੀਟਰ ਸੀ। ਉਸ ਵੇਲੇ ਇਹ ਰਸਤੇ ਕੱਚੇ ਹੁੰਦਾ ਸਨ। ਬਾਰਸ਼ਾਂ ਵਿਚ ਬਹੁਤ ਔਖ ਹੁੰਦੀ ਸੀ। ਸਾਈਕਲ ਇਧਰ ਵੀ ਰੱਖਣਾ ਪੈਂਦਾ ਸੀ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਫਾਜ਼ਿਲਕਾ ਤੋਂ ਸਿੱਧੀ ਬੱਸ ਸਰਵਿਸ ਪਿੰਡ ਕਮਾਲ ਵਾਲਾ ਤੱਕ ਉਸ ਸਮੇਂ ਨਹੀਂ ਸੀ ਹੁੰਦੀ। ਮੈਂ ਹਰੇਕ ਸ਼ਨਿਚਰਵਾਰ ਸਾਈਕਲ ’ਤੇ ਹੀ ਵੀਹ ਕੁ ਕਿਲੋਮੀਟਰ ਦੂਰ ਫਾਜ਼ਿਲਕਾ ਆ ਜਾਂਦਾ। ਕਦੇ ਕਦੇ ਬੱਸ ’ਤੇ ਵੀ ਸਾਈਕਲ ਰੱਖ ਲੈਣਾ, ਪਰ ਇਹ ਕੰਮ ਕੁਝ ਔਖਾ ਹੁੰਦਾ ਸੀ। ਬੱਸ ਦੀ ਛੱਤ ਉਪਰ ਸਾਈਕਲ ਚੜ੍ਹਾਉਣਾ ਸੌਖਾ ਨਹੀਂ ਸੀ। ਪੂਰਾ ਖ਼ਤਰਾ ਰਹਿੰਦਾ, ਕੰਡਕਟਰ ਕਾਹਲੀ ਕਰਦੇ। ਡਿੱਗਣ ਦਾ ਡਰ ਰਹਿੰਦਾ। ਇਸ ਕਾਰਨ ਮੈਂ ਸ਼ਨਿਚਰਵਾਰੀਂ ਸਾਈਕਲ ’ਤੇ ਹੀ ਘਰ ਆ ਜਾਣਾ। ਜਵਾਨੀ ਸਮਾਂ ਸੀ। ਸਾਈਕਲ ਚਲਾ ਕੇ ਬਹੁਤ ਖੁਸ਼ੀ ਮਿਲਦੀ। ਨਾਲੇ ਪੂਰੀ ਆਪਣੀ ਮੌਜ ਨਾਲ ਚੱਲਣਾ। ਰਸਤੇ ਵਿਚ ਢਾਣੀ ਕਰਤਾਰ ਸਿੰਘ (ਫਾਜ਼ਿਲਕਾ ਤੋਂ ਚਾਰ ਕਿਲੋਮੀਟਰ) ਕੋਲ ਨਲਕੇ ਦਾ ਠੰਢਾ-ਮਿੱਠਾ ਪਾਣੀ ਪੀਣਾ ਤੇ ਫਿਰ ਤੁਰ ਪੈਣਾ। ਘੰਟਾ ਕੁ ਲੱਗ ਜਾਂਦਾ ਸੀ। ਸੋਮਵਾਰ ਨੂੰ ਮੁੜ ਸਾਈਕਲ ਚੁੱਕਣਾ। ਸਕੂਲ ਨੂੰ ਸਵੇਰੇ ਛੇ ਵਜੇ ਘਰੋਂ ਤੁਰ ਪੈਣਾ। ਸੱਤ-ਸਵਾ ਸੱਤ ਵਜੇ ਸਕੂਲ ਪਹੁੰਚ ਜਾਣਾ।
ਇਕ ਦਿਨ ਸੋਮਵਾਰ ਨੂੰ ਮੈਂ ਸੋਚਿਆ ਸਾਈਕਲ ਬੱਸ ਉਪਰ ਰੱਖ ਲੈਨੇ ਆਂ। ਜਲਦੀ ਪਹੁੰਚ ਜਾਣ ਦਾ ਵਿਚਾਰ ਸੀ। ਪੇਪਰਾਂ ਦੇ ਦਿਨ ਸੀ। ਬੱਚਿਆਂ ਨੂੰ ਤਿਆਰੀ ਕਰਾਉਣੀ ਸੀ। ਉਸ ਦਿਨ ਫਾਜ਼ਿਲਕਾ ਤੋਂ ਹਰਿਆਣਾ ਰੋਡਵੇਜ਼ ਦੀ ਦਿੱਲੀ ਵਾਲੀ ਬਸ ਸਵੇਰੇ ਛੇ ਵਜੇ ਫਾਜ਼ਿਲਕਾ ਤੋਂ ਅਬੋਹਰ ਜਾਂਦੀ ਸੀ। ਬੱਸ ਦੀ ਛੱਤ ’ਤੇ ਸਾਈਕਲ ਚੜ੍ਹਾਉਣ ਲਗਾ ਤਾਂ ਸਾਈਕਲ ਦੀ ਬਰੇਕ ਮੇਰੀ ਕਮੀਜ਼ ਵਿਚ ਅੜ ਗਈ। ਨਾ ਉਪਰ ਜਾਣ ਜੋਗਾ ਨਾ ਸਾਈਕਲ ਛੱਡਣ ਜਗਾ। ਕਿਸੇ ਸਵਾਰੀ ਨੇ ਹੱਥ ਪੁਆ ਕੇ ਸਾਈਕਲ ਤਾਂ ਚੜ੍ਹਵਾ ਦਿਤਾ ਪਰ ਕਮੀਜ਼ ਫਟ ਗਈ। ਪੂਰਾ ਲੰਗਾਰ ਆ ਗਿਆ। ਹੁਣ ਸਕੂਲ ਕਿਵੇਂ ਜਾਈਏ। ਪਰ ਜਾਣਾ ਤਾਂ ਸੀ ਹੀ ਤੇ ਆਖ਼ਰ ਪਾਟੀ ਕਮੀਜ਼ ਨਾਲ ਹੀ ਸਕੂਲ ਪਹੁੰਚ ਗਿਆ। ਨਵੀਂ ਨਵੀਂ ਨੌਕਰੀ ਸੀ। ਫਰਲੋ ਜਾ ਛੁੱਟੀ ਲੈਣ ਦੀ ਗਲ ਤਾਂ ਕਦੇ ਸੋਚੀ ਹੀ ਨਹੀਂ ਸੀ। ਮੋਬਾਈਲ ਫੋਨ ਉਦੋਂ ਕਿੱਥੇ ਸਨ। ਨਹੀਂ ਤਾਂ ਸਕੂਲ ਫੋਨ ਕਰ ਦਿੰਦਾ ਤੇ ਘਰ ਜਾ ਕੇ ਕਮੀਜ਼ ਬਦਲ ਲੈਂਦਾ। ਖੈਰ ਸਕੂਲ ਜਾ ਕੇ ਮੈਂ ਕਮੀਜ਼ ਪੈਂਟ ਵਿਚ ਪਾ ਲਈ ਤਾਂ ਜੋ ਫਟੀ ਕਮੀਜ਼ ਦਾ ਪਤਾ ਨਾ ਲਗੇ। ਜਿਵੇਂ ਕਿਵੇਂ ਡਿਊਟੀ ਵਾਲਾ ਇਹ ਦਿਨ ਲੰਘ ਗਿਆ। ਸਾਥੀ ਅਧਿਆਪਕਾਂ ਨੂੰ ਕੁਝ ਨਾ ਦਸਿਆ। ਛੁੱਟੀ ਵੇਲੇ ਮੈਂ ਸਾਈਕਲ ਸਟੈਂਡ ਤੋਂ ਸਾਈਕਲ ਚੁਕਣ ਗਿਆ, ਪਰ ਸਾਈਕਲ ਉਥੇ ਹੈ ਹੀ ਨਹੀਂ ਸੀ। ਕਿਧਰ ਗਿਆ ਸਾਈਕਲ?
ਸਾਥੀ ਅਧਿਆਪਕਾਂ ਵਿਚੋਂ ਵਡੇਰੀ ਉਮਰ ਦਾ ਪੰਜਾਬੀ ਅਧਿਆਪਕ ਮੈਨੂੰ ਸਾਈਕਲ ਲਭਦੇ ਨੂੰ ਵੇਖ ਕੇ ਹੱਸੀ ਜਾਵੇ। ਕੁਝ ਸਮੇਂ ਬਾਅਦ ਮੈਨੂੰ ਉਦਾਸੀ ਵਿਚ ਵੇਖ ਕੇ ਉਸ ਨੇ ਕੋਈ ਇਸ਼ਾਰਾ ਕੀਤਾ ਤੇ ਕਹਿਣ ਲਗਾ- ਸਾਈਕਲ ਲੱਭ ਪਵੇਗਾ ਤੂੰ ਫਿਕਰ ਨਾ ਕਰ। ਉਸ ਨੇ ਸੇਵਾਦਾਰ ਨੂੰ ਕੰਨ ਵਿਚ ਕੁਝ ਕਿਹਾ ਤੇ ਉਹ ਪੌੜੀਆਂ ਚੜ੍ਹ ਕੇ ਛੱਤ ਤੋਂ ਸਾਈਕਲ ਲਾਹ ਲਿਆਇਆ। ਉਸ ਦਿਨ ਮੈਂ ਲੇਟ ਹੋ ਗਿਆ ਸੀ ਤੇ ਰੋਜ਼ ਵਾਲੀ ਬੱਸ ਲੰਘ ਗਈ। ਅਗਲੀ ਬੱਸ ਫੜੀ। ਘਰ ਵੀ ਦੇਰ ਨਾਲ ਪਹੁੰਚਿਆ।
ਮੇਰੀ ਪਹਿਲੀ ਨੌਕਰੀ ਦੀ ਸਾਈਕਲ ਨਾਲ ਜੁੜੀ ਇਹ ਘਟਨਾ ਹੁਣ ਤਕ ਯਾਦ ਬਣ ਕੇ ਰਹਿ ਗਈ ਹੈ ਤੇ ਉਸ ਸਮੇਂ ਪੰਜਾਬੀ ਅਧਿਆਪਕ ਦੇ ਕਹੇ ਬੋਲ ਵੀ ਯਾਦ ਹਨ: ‘‘ਜਾਹ ਗੁਰਮੀਤ ਹੁਣ ਤੂੰ ਕਿਤੇ ਨਹੀਂ ਡੋਲਦਾ, ਜਿਥੇ ਵੀ ਨੌਕਰੀ ਕਰੇਂਗਾ।’’ ਉਸ ਦੇ ਕਹੇ ਬੋਲ ਮੈਨੂੰ ਕਿਸੇ ਰਿਸ਼ੀ ਦੇ ਅਸ਼ੀਰਵਾਦ ਵਰਗੇ ਜਾਪੇ। ਜੋ ਮੈਨੂੰ ਮੇਰੇ ਭਵਿਖ ਦੇ ਸਕੂਲਾਂ ਦੀ ਨੌਕਰੀ ਸਮੇਂ ਵੀ ਯਾਦ ਰਹੇ। ਇਸ ਸਕੂਲ ਵਿਚ ਮੈਂ ਚਾਰ ਸਾਲ ਰਿਹਾ। ਸ਼ਾਇਦ ਪਹਿਲੀ ਨੌਕਰੀ ਦੇ ਇਹ ਸਾਲ ਮੈਨੂੰ ਆਉਣ ਵੇਲੇ ਹੋਰ ਸੰਘਰਸ਼ਾਂ ਦੀ ਪਿਠਭੂਮੀ ਤਿਆਰ ਕਰ ਗਏ ਸਨ। ਇਸੇ ਸਕੂਲ ਦੀ ਨੌਕਰੀ ਦੌਰਾਨ ਮੈਂ 1978 ਵਿਚ ‘ਪੰਜਾਬੀ ਟ੍ਰਿਬਿਊਨ’ ਨਾਲ ਜੁੜਿਆ। ਇਹ ਸਾਥ ਛੱਤੀ ਸਾਲ ਸੇਵਾ ਮਗਰੋਂ ਅਧਿਆਪਕ ਵਜੋਂ ਸੇਵਾਮੁਕਤੀ ਤੋਂ ਬਾਅਦ ਵੀ ਜਾਰੀ ਹੈ।

ਸੰਪਰਕ: 9814856160


Comments Off on ਜਵਾਨੀ ਵੇਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.