ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਆਪਣੇ ਹਿੱਸੇ ਦਾ ਵਤਨ

Posted On April - 28 - 2019

ਪਾਲ ਕੌਰ

ਸ੍ਰਿਸ਼ਟੀ ਦੇ ਦੋ ਮਨੁੱਖੀ ਜੀਵ, ਔਰਤ ਤੇ ਮਰਦ ਦਾ ਰਿਸ਼ਤਾ ਮਾਂ-ਪੁੱਤਰ ਤੋਂ ਲੈ ਕੇ ਪਤੀ-ਪਤਨੀ/ਪ੍ਰੇਮਿਕਾ ਤੱਕ ਫੈਲਦਾ ਹੈ। ਇਨ੍ਹਾਂ ਸਾਰੇ ਰਿਸ਼ਤਿਆਂ ਨੂੰ ਅਸੀਂ ਰਿਸ਼ਤਿਆਂ ਦਾ ਬੰਧਨ ਕਹਿੰਦੇ ਹਾਂ। ਬੰਧਨ ਧਾਗੇ ਦਾ ਹੋਵੇ ਤਾਂ ਖ਼ੂਬਸੂਰਤ, ਪਰ ਰੱਸੀ ਜਾਂ ਲੋਹੇ ਦਾ ਹੋ ਜਾਵੇ ਤਾਂ ਸਾਹ ਘੁਟਦਾ ਹੈ। ਸਮਾਜ ਤੇ ਨਿਜ਼ਾਮ ਵਿਚ ਜਿਹੜੀ ਵੀ ਚੀਜ਼ ਸੁਰੱਖਿਆ ਲਈ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਬੰਧਨ, ਕਦੋਂ ਮਜਬੂਰੀ ਤੇ ਫਿਰ ਕਦੋਂ ਕੈਦ ਬਣ ਜਾਂਦੀ ਹੈ। ਪਿੰਜਰਾ ਸੁਰੱਖਿਆ ਵੀ ਹੈ ਤੇ ਕੈਦ ਵੀ। ਸੁਰੱਖਿਆ ਲਈ ਕਿਲ੍ਹੇ ਉਸਾਰੇ ਜਾਂਦੇ ਹਨ, ਪਰ ਹਾਲਾਤ ਇਹ ਵੀ ਬਣ ਜਾਂਦੇ ਹਨ ਕਿ ਆਪਣੇ ਹੀ ਬਣਾਏ ਕਿਲ੍ਹੇ ਵਿਚ ਅਸੀਂ ਭੁੱਖੇ ਪਿਆਸੇ ਕੈਦ ਹੋ ਜਾਂਦੇ ਹਾਂ ਤੇ ਸੁਰੱਖਿਆ ਦੇ ਪੱਖ ਤੋਂ ਫਿਰ ਵੀ ਖ਼ਤਰਾ ਰਹਿੰਦਾ ਹੈ। ਸਾਡੇ ਸਮਾਜ ਪ੍ਰਬੰਧ ਵਿਚ ਕੁੜੀ ਲਈ ਪਹਿਲਾਂ ਆਪਣੇ ਮਾਪਿਆਂ ਤੇ ਫਿਰ ਪਤੀ ਦਾ ਘਰ ਸੁਰੱਖਿਆ ਦੀ ਛੱਤ ਸਮਝਿਆ ਜਾਂਦਾ ਹੈ। ਪਰ ਕਿਹੜੇ ਹਾਲਾਤ ਹਨ, ਜਦੋਂ ਉਹ ਇਸ ਸੁਰੱਖਿਆ ਦੇ ਕਿਲ੍ਹੇ ਦੀ ਕੈਦੀ ਹੋ ਜਾਂਦੀ ਹੈ ਅਤੇ ਕਿਹੜੇ ਹਾਲਾਤ ਹਨ ਜਿਨ੍ਹਾਂ ਵਿਚ ਉਸ ਲਈ ਸਾਹ ਲੈਣਾ ਔਖਾ ਹੋ ਜਾਂਦਾ ਹੈ।
ਅੱਜ ਇਸੇ ਗੱਲ ਦੀਆਂ ਕੁਝ ਪਰਤਾਂ ਖੋਲ੍ਹ ਕੇ ਵੇਖਦੇ ਹਾਂ। ਪ੍ਰਸਿੱਧ ਲੇਖਕਾ ਵਰਜੀਨੀਆ ਵੁਲਫ਼ ਦੀ ਪ੍ਰਸਿੱਧ ਲਿਖਤ ਹੈ ‘ਏ ਰੂਮ ਆਫ ਵਨ’ਜ਼ ਓਨ’ (1 Room of One’s Own)। ਇਸ ਵਿਚ ਉਹ ਆਖਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਲਈ ਇਕ ਕਮਰਾ, ਭਾਵ ਸਿਰਫ਼ ਆਪਣੇ ਲਈ ਇਕ ਜਗ੍ਹਾ, ਸਿਰਫ਼ ਆਪਣੇ ਲਈ ਕੁਝ ਸਮਾਂ, ਸਿਰਫ਼ ਆਪਣੇ ਲਈ ਕੋਈ ਕੋਨਾ ਚਾਹੀਦਾ ਹੈ ਜਿੱਥੇ ਉਹ ਸਭ ਫ਼ਿਕਰਾਂ-ਫਾਕਿਆਂ, ਜ਼ਿੰਮੇਵਾਰੀਆਂ ਤੇ ਬੰਧਨਾਂ ਤੋਂ ਕੁਝ ਚਿਰ ਮੁਕਤ ਹੋ ਕੇ ਸਾਹ ਲੈ ਸਕੇ, ਆਪਣੇ ਆਪ ਨਾਲ ਗੱਲ ਕਰ ਸਕੇ, ਆਪਣਾ ਆਉਂਦਾ ਜਾਂਦਾ ਸਾਹ ਵੇਖ ਸਕੇ। ਬਹੁਤੇ ਲੋਕਾਂ ਨੇ ਵਰਜੀਨੀਆ ਵੁਲਫ਼ ਦੀ ਇਸ ਗੱਲ ਨੂੰ ਲੇਖਕ/ਕਲਾਕਾਰ ਦੀ ਆਪਣੀ ਸਪੇਸ, ਜਿਸ ਵਿਚ ਉਹ ਕੰਮ ਕਰ ਸਕੇ, ਦੇ ਸੰਦਰਭ ਵਿਚ ਲਿਆ, ਜਿਸ ਦਾ ਕੋਈ ਮਸਲਾ ਨਹੀਂ। ਜਦੋਂ ਇਹ ਗੱਲ ਔਰਤ ਦੇ ਸਬੰਧ ਵਿਚ ਆਉਂਦੀ ਹੈ ਤਾਂ ਮਸਲਾ ਵੱਡਾ ਬਣ ਜਾਂਦਾ ਹੈ ਜਦੋਂਕਿ ਵਰਜੀਨੀਆ ਵੁਲਫ਼ ਨੇ ਇਹ ਗੱਲ ਵਧੇਰੇ ਔਰਤ ਦੇ ਸਬੰਧ ਵਿਚ ਹੀ ਆਖੀ ਸੀ। ਔਰਤ ਦੇ ਸਬੰਧ ਵਿਚ ਹੀ ਵੱਡਾ ਮਸਲਾ ਹੈ ਤਾਂ ਫਿਰ ਲੇਖਕ/ਕਲਾਕਾਰ ਔਰਤ ਦੇ ਸਬੰਧ ਵਿਚ ਤਾਂ ਮਸਲਾ ਹੋਰ ਵੀ ਵੱਡਾ ਬਣ ਜਾਂਦਾ ਹੈ। ਕੀ ਔਰਤ ਕੋਲ ਆਪਣੀ ਕੋਈ ਥਾਂ, ਕੋਈ ਸਪੇਸ ਹੈ ਜੋ ਸਿਰਫ਼ ਉਸ ਦੀ, ਉਸ ਲਈ ਹੋਵੇ। ਇਸ ਸਵਾਲ ਨੂੰ ਕਈ ਕੋਣਾਂ ਤੋਂ ਸਮਝਿਆ ਜਾ ਸਕਦਾ ਹੈ।

ਪਾਲ ਕੌਰ

ਮਹਾਂਭਾਰਤ ਵਿਚ ਇਕ ਕਥਾ ਆਉਂਦੀ ਹੈ, ਕਾਸ਼ੀ ਦੇ ਰਾਜੇ ਇੰਦ੍ਰ ਦਮਨ ਦੀਆਂ ਤਿੰਨ ਧੀਆਂ ਸਨ ਜਿਨ੍ਹਾਂ ਲਈ ਉਸ ਨੇ ਸੁਅੰਬਰ ਰਚਾਇਆ ਤੇ ਆਲੇ-ਦੁਆਲੇ ਦੇ ਕਈ ਰਾਜਿਆਂ ਤੇ ਰਾਜਕੁਮਾਰਾਂ ਨੂੰ ਸੱਦਾ ਦਿੱਤਾ। ਹਸਤਨਾਪੁਰ ਦੇ ਰਾਜੇ ਵਿਚਿੱਤ੍ਰ ਵੀਰਯ ਨੂੰ ਕਿਸੇ ਰਾਜਨੀਤਕ ਖੁਣਸ ਕਰਕੇ ਸੱਦਾ ਨਾ ਭੇਜਿਆ। ਭੀਸ਼ਮ ਪਿਤਾਮਾ ਨੂੰ ਗੁੱਸਾ ਆਇਆ ਅਤੇ ਉਹ ਭਰੀ ਸਭਾ ਵਿਚੋਂ ਤਿੰਨਾਂ ਰਾਜਕੁਮਾਰੀਆਂ ਨੂੰ ਵਿਚਿੱਤ੍ਰ ਵੀਰਯ ਲਈ ਚੁੱਕ ਲਿਆਇਆ। ਰਾਹ ਵਿਚ ਵੱਡੀ ਰਾਜਕੁਮਾਰੀ ਅੰਬਾ ਨੇ ਰੋ ਰੋ ਕੇ ਦੱਸਿਆ ਕਿ ਉਹ ਇਕ ਰਾਜੇ ਨੂੰ ਪਿਆਰ ਕਰਦੀ ਹੈ ਤੇ ਉਸ ਨੇ ਉਸੇ ਦੇ ਗਲ਼ ਵਿਚ ਵਰਮਾਲਾ ਪਾਉਣੀ ਸੀ। ਭੀਸ਼ਮ ਨੇ ਉਸ ਨੂੰ ਛੱਡ ਦਿੱਤਾ। ਉਹ ਆਪਣੇ ਪ੍ਰੇਮੀ ਰਾਜੇ ਕੋਲ ਗਈ, ਪਰ ਉਸ ਨੇ ਅੰਬਾ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਹ ਉਧਾਲੀ ਹੋਈ ਔਰਤ ਹੈ ਤੇ ਉਹ ਭੀਸ਼ਮ ਦਾ ਦਿੱਤਾ ਦਾਨ ਸਵੀਕਾਰ ਨਹੀਂ ਕਰੇਗਾ। ਅੰਬਾ ਦੁਬਾਰਾ ਭੀਸ਼ਮ ਕੋਲ ਆਉਂਦੀ ਹੈ ਤਾਂ ਭੀਸ਼ਮ ਉਸ ਨੂੰ ਇਸ ਲਈ ਸਵੀਕਾਰ ਨਹੀਂ ਕਰਦਾ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਤੇ ਨਾਲ ਹੀ ਹੁਣ ਉਹ ਤਿਆਗੀ ਹੋਈ ਔਰਤ ਹੈ। ਇਹ ਹੈ ਇਕ ਔਰਤ ਦੀ ਬੇਬਸੀ। ਆਦਮੀ ਦੀ ਬਣਾਈ ਮਰਿਆਦਾ ਦੇ ਕਾਨੂੰਨ ਵਿਚ ਉਹ ਨਿਰਦੋਸ਼ ਹੁੰਦਿਆਂ ਵੀ ਕੈਦ ਹੋ ਜਾਂਦੀ ਹੈ। ਉਸ ਦੀ ਥਾਂ ਕਿੱਥੇ ਹੈ? ਮਹਾਂਭਾਰਤ ਵਿਚ ਦਰੋਪਦੀ ਵੀ ਇਕ ਸਵਾਲ ਪੁੱਛਦੀ ਹੈ ਜਿਸ ਦਾ ਜਵਾਬ ਕੋਈ ਮਹਾਂਰਥੀ ਨਾ ਦੇ ਸਕਿਆ ਕਿ ਆਪ ਹਾਰ ਜਾਣ ਤੋਂ ਬਾਅਦ, ਦਾਸ ਹੋ ਜਾਣ ਤੋਂ ਬਾਅਦ ਯੁਧਿਸ਼ਟਰ ਨੂੰ ਆਪਣੀ ਪਤਨੀ ਨੂੰ ਦਾਅ ’ਤੇ ਲਾਉਣ ਦਾ ਕੀ ਹੱਕ ਸੀ? ਹੁਣ ਕੋਈ ਆਖ ਸਕਦਾ ਕਿ ਹਾਲਾਤ ਤੇ ਕਾਨੂੰਨ ਬਦਲ ਗਏ ਹਨ, ਪਰ ਇਹ ਵੀ ਸੱਚ ਹੈ ਕਿ ਕਾਨੂੰਨ ਬਾਹਰ ਹਨ, ਅੰਦਰਲੀਆਂ ਸਥਿਤੀਆਂ ਉਹੀ ਹਨ। ਅੱਜ ਵੀ ਔਰਤ ਨੂੰ ਆਪਣੇ ਲਈ ਲੋੜੀਂਦੀ ਥਾਂ ਦੀ ਤਲਾਸ਼ ਹੈ।
ਪਹਿਲਾਂ ਤਾਂ ਮਾਂ ਦੀ ਕੁੱਖ ਹੈ, ਕੁੜੀ ਲਈ ਉਹੀ ਸੁਰੱਖਿਅਤ ਨਹੀਂ। ਸਦੀਆਂ ਤੋਂ ਅਸੀਂ ਜੰਮਦੀ ਕੁੜੀ ਨੂੰ ਮਾਰਨ ਦੇ ਤਰੀਕੇ ਲੱਭਦੇ ਆਏ ਹਾਂ, ਇਤਿਹਾਸ ਇਸ ਦੇ ਬਹੁਤ ਕਾਰਨ ਦੱਸਦਾ ਹੈ! ਪਰ ਸਵਾਲ ਉਹੀ ਹੈ ਕਿ ਕੁੜੀ/ਔਰਤ ਲਈ ਸਾਡੇ ਕੋਲ ਕਿੱਥੇ ਥਾਂ ਹੈ? ਜੰਮ ਵੀ ਪਵੇ ਤਾਂ ਘਰ ਵਿਚ ‘ਬੇਗਾਨੀ’। ਉਸ ਦਾ ਤਾਂ ਨਾਮ ਵੀ ਅਧੂਰਾ ਹੈ। ਪਹਿਲਾਂ ਪਿਤਾ ਦਾ ਗੋਤ, ਫਿਰ ਪਤੀ ਦਾ। ਠੀਕ ਹੈ ਸਮਾਂ ਬਦਲਿਆ ਹੈ, ਕੁੜੀਆਂ ਦੇ ਹੱਕ ਵਿਚ ਕਾਨੂੰਨ ਬਣ ਗਏ ਹਨ, ਪਰ ਕਾਨੂੰਨ ਦੀਆਂ ਚੋਰ-ਮੋਰੀਆਂ ਅਸੀਂ ਬਾਖ਼ੂਬੀ ਜਾਣਦੇ ਹਾਂ। ਸਿੱਖਿਆ ਨਾਲ ਹਾਲਾਤ ਬਦਲ ਰਹੇ ਹਨ, ਪਰ ਕੁੜੀ ਦੀ ਸਿੱਖਿਆ ਦਾ ਮਕਸਦ ਹੁੰਦਾ ਹੈ ਕਿ ਉਸ ਲਈ ਚੰਗਾ ਵਰ ਮਿਲ ਜਾਵੇ। ਉਸ ਦੀ ਸਾਰੀ ਸਿਖਲਾਈ ਇਕ ਚੰਗੀ ਪਤਨੀ, ਚੰਗੀ ਨੂੰਹ ਤੇ ਚੰਗੀ ਮਾਂ ਬਣਨ ਲਈ ਹੁੰਦੀ ਹੈ। ਇਸ ਸਭ ਕੁਝ ਵਿਚ ਉਹ ਆਪ, ਉਸ ਦੀ ਇੱਛਾ ਜਾਂ ਉਸ ਦੀ ਹੋਂਦ ਕਿੱਥੇ ਹੈ?
ਪਰਿਵਾਰ ਔਰਤ ਤੋਂ ਸਮਰਪਿਤ ਤੇ ਜ਼ਿੰਮੇਵਾਰ ਹੋਣ ਦੀ ਉਮੀਦ ਰੱਖਦਾ ਹੈ ਜਿਸ ਲਈ ਉਸ ਨੂੰ ਤਿਆਗ ਤੇ ਕੁਰਬਾਨੀ ਕਰਨੀ ਪੈਂਦੀ ਹੈ। ਉਸ ਨੂੰ ਮਮਤਾ, ਤਿਆਗ ਤੇ ਕੁਰਬਾਨੀ ਦੀ ਦੇਵੀ ਕਹਿ ਕੇ ਇਨ੍ਹਾਂ ਗੁਣਾਂ ਨਾਲ ਭਰ ਦਿੱਤਾ ਜਾਂਦਾ ਹੈ। ਉਹ ਸਮਰਪਿਤ ਹੋ ਵੀ ਜਾਂਦੀ ਹੈ, ਜ਼ਿੰਮੇਵਾਰੀਆਂ ਨਿਭਾਉਂਦੀ ਹੈ, ਮਮਤਾ ਲੁਟਾਉਂਦੀ ਹੈ, ਕੁਰਬਾਨੀਆਂ ਵੀ ਕਰਦੀ ਹੈ, ਪਰ ਇਸ ਸਭ ਕੁਝ ਵਿਚ ਉਹ ਖਪਤਯੋਗ ਵਸਤੂ ਵਾਂਗ ਆਪ ਖਰਚੀ ਜਾਂਦੀ ਹੈ। ਸਮਾਂ ਬਦਲਿਆ ਹੈ। ਕੁੜੀਆਂ ਪੜ੍ਹ-ਲਿਖ ਕੇ ਨੌਕਰੀ ਕਰਨ ਲੱਗੀਆਂ ਹਨ। ਸਾਡੇ ਖਰਚੇ ਵਧ ਗਏ ਹਨ। ਇਸ ਲਈ ਮੁੰਡੇ ਵੀ ਨੌਕਰੀ ਕਰਦੀ ਕੁੜੀ ਮੰਗਦੇ ਹਨ, ਪਰ ਕੰਮਕਾਜੀ ਔਰਤ ਲਈ ਇਹ ਖਪਤ ਦੂਹਰੀ ਹੋ ਗਈ ਹੈ। ਆਦਮੀ ਦੀ ਸਾਰੀ ਸਿਖਲਾਈ ਮਰਦ ਪ੍ਰਧਾਨ ਸਮਾਜ ਵਾਲੀ ਹੈ ਕਿ ਮਰਦ ਕਮਾ ਕੇ ਲਿਆਉਂਦਾ ਹੈ ਤੇ ਔਰਤ ਘਰ ਸੰਭਾਲਦੀ ਹੈ। ਇਹ ਸੋਚ ਨਹੀਂ ਬਦਲੀ ਤੇ ਔਰਤ ਦੀ ਭੂਮਿਕਾ ਦੂਹਰੀ ਹੋ ਗਈ। ਉਸ ਨੇ ਇਹ ਵੀ ਬਥੇਰੀ ਨਿਭਾਈ, ਪਰ ਇਸ ਸਭ ਕੁਝ ਵਿਚ ਜਦੋਂ ਕਦੇ ਵੀ ਉਸ ਨੇ ਆਪਣੇ ਲਈ ਕੁਝ ਸਮਾਂ ਜਾਂ ਛੋਟ ਮੰਗ ਲਏ ਜਾਂ ਕਹਿ ਦਿੱਤਾ ਕਿ ਮੇਰਾ ਮੂਡ ਨਹੀਂ ਤਾਂ ਤਿਊੜੀਆਂ ਚੜ੍ਹ ਜਾਂਦੀਆਂ ਹਨ।
ਇਹ ਸਵਾਲ ਵੀ ਉੱਠਦਾ ਹੈ ਕਿ ਆਦਮੀ ਵੀ ਸਭ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਉਸ ਨੂੰ ਵੀ ਸਪੇਸ ਚਾਹੀਦੀ ਹੈ, ਪਰ ਆਦਮੀ ਸ਼ਾਮ ਨੂੰ ਘਰ ਦੇਰ ਨਾਲ ਵੀ ਆ ਸਕਦਾ ਹੈ, ਬਾਹਰ ਦੋਸਤਾਂ ਕੋਲ ਬਹਿ ਗਿਆ, ਘੁੰਮਣ ਨਿਕਲ ਗਿਆ, ਦਾਰੂ ਪੀ ਲਈ ਆਦਿ। ਪਰ ਔਰਤ ਨੂੰ ਸ਼ਾਮ ਨੂੰ ਛੁੱਟੀ ਹੋਣ ਦੇ ਸਮੇਂ ’ਤੇ ਘਰ ਵਿਚ ਸਭ ਦੀਆਂ ਨਜ਼ਰਾਂ ਘੜੀ ਦੀਆਂ ਸੂਈਆਂ ’ਤੇ ਅਟਕ ਜਾਂਦੀਆਂ ਹਨ। ਉਸ ਲਈ ਤਾਂ ਜ਼ਿੰਦਗੀ ਇਕ ਮੁੱਠੀ ਚੁੱਕ ਲੈ, ਦੂਜੀ ਤਿਆਰ ਦੀ ਖੇਡ ਹੈ! ਸਵਾਲ ਹੈ, ਔਰਤ ਦੀ ਸਪੇਸ ਕਿੱਥੇ ਹੈ? ਕੀ ਉਹ ਇਹ ਸਭ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰੀ ਹੈ? ਨਹੀਂ। ਉਹ ਬਸ ਏਨਾ ਚਾਹੁੰਦੀ ਹੈ ਕਿ ਉਸ ਨੂੰ ਵੀ ਇਨਸਾਨ ਸਮਝਿਆ ਜਾਵੇ! ਹਰ ਰਿਸ਼ਤੇ ਵਿਚ ਉਸ ਦੀ ਮੰਗ ਬੱਸ ਥੋੜ੍ਹੀ ਜਿਹੀ ਕਦਰ, ਸਤਿਕਾਰ ਦੀ ਹੀ ਹੈ! ਪਰ ਇਹ ਸ਼ਬਦ ਹਨ, ਇਨ੍ਹਾਂ ਦੇ ਅਰਥਾਂ ਨੂੰ ਉਪਰਲੀ ਸਤਹਿ ’ਤੇ ਨਾ ਸਮਝਣਾ! ਇਨ੍ਹਾਂ ਦੇ ਅਰਥ ਡੂੰਘੇ ਹਨ। ਇਸ ਡੂੰਘਾਈ ਵਿਚ ਹੀ ਪਈ ਹੈ ਔਰਤ ਦੀ ਸਪੇਸ!
ਮਨੂ ਸਿਮ੍ਰਤੀ ਵਿਚਲੇ ਪਰਿਵਾਰ ਦੇ ਸੰਕਲਪ ਮੁਤਾਬਿਕ ਔਰਤ ਦੀ ਸਮਾਜ ਵਿਚ ਥਾਂ ਦਿੱਤੀ ਗਈ, ਉਸੇ ਵਿਚ ਹੀ ਥੋੜ੍ਹਾ ਘਾਟਾ-ਵਾਧਾ ਕਰਕੇ ਅਸੀਂ ਮੰਨਦੇ ਆ ਰਹੇ ਹਾਂ। ਹੁਣ ਵਕਤ ਹੈ ਇਸ ਨੂੰ ਮੁੜ ਵਿਚਾਰਨ ਦਾ।

ਸੰਪਰਕ: 94164-97323


Comments Off on ਆਪਣੇ ਹਿੱਸੇ ਦਾ ਵਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.