ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

‘ਆਈ ਪੁਰੇ ਦੀ ਵਾਅ’ ਮਾਣਦਿਆਂ

Posted On April - 28 - 2019

ਮਨਮੋਹਨ

ਆਪਣੇ ਕਲਮੀ ਨਾਂ ਨੈਣ ਸੁੱਖ ਨਾਲ ਪ੍ਰਸਿੱਧ ਖ਼ਾਲਿਦ ਪਰਵੇਜ਼

ਪੱਛਮੀ ਪੰਜਾਬ ’ਚ ਸ਼ਾਹਮੁਖੀ ’ਚ ਛਪੀ ਕਿਤਾਬ ‘ਆਈ ਪੁਰੇ ਦੀ ਵਾਅ’ ਦੇ ਲੇਖਕ ਨੈਣ ਸੁੱਖ ਦਾ ਅਸਲ ਨਾਮ ਖ਼ਾਲਿਦ ਪਰਵੇਜ਼ ਹੈ ਜੋ ਪੇਸ਼ੇ ਵਜੋਂ ਵਕੀਲ ਹੈ। ਉਹਦੀਆਂ ਹੁਣ ਤੱਕ ਪੰਜ ਕਿਤਾਬਾਂ ‘ਕਿੱਕਰ ਤੇ ਅੰਗੂਰ’ (ਕਵਿਤਾ), ‘ਠੀਕਰੀਆਂ’, ‘ਉੱਥਲ ਪੁੱਥਲ’, ‘ਸ਼ਹੀਦ’ (ਕਹਾਣੀਆਂ) ਤੇ ‘ਮਾਧੋ ਲਾਲ ਹੁਸੈਨ’ (ਨਾਵਲ) ਛਪ ਚੁੱਕੀਆਂ ਹਨ। ਉਸ ਦੇ ਨਾਵਲ ‘ਮਾਧੋ ਲਾਲ ਹੁਸੈਨ’ ਤੇ ਕਹਾਣੀ ਸੰਗ੍ਰਹਿ ‘ਸ਼ਹੀਦ’ ਦਾ ਪਾਕਿਸਤਾਨੀ ਪੰਜਾਬੀ ਅਦਬੀ ਹਲਕਿਆਂ ’ਚ ਖ਼ਾਸਾ ਚਰਚਾ ਰਿਹਾ। ਜਦੋਂ ‘ਆਈ ਪੁਰੇ ਦੀ ਹਵਾ’ ਛਪੀ ਤਾਂ ਇਸ ਨੂੰ ‘ਆਈ ਬੁਰੇ ਦੀ ਵਾਅ’ ਦਾ ਲਕਬ ਦਿੱਤਾ ਗਿਆ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਨੈਨ ਸੁੱਖ ਸੱਚ ਲਿਖਦਿਆਂ ਜ਼ਰਾ ਵੀ ਡਰਦਾ ਨਹੀਂ। ਇਸ ਦੀਆਂ ਛੇ ਕਹਾਣੀਆਂ ਦਾ ਬਿਰਤਾਂਤ ਆਪਣੇ ਅੰਦਰ ਅਜਿਹਾ ਤੱਥਾਤਮਕ, ਕਲਪਨਾਤਮਕ ਤੇ ਸਿਰਜਣਾਤਮਕ ਪ੍ਰਗਟਾਵਾ ਸਾਂਭੀ ਬੈਠਾ ਹੈ ਕਿ ਇਹ ਆਪਣੇ ਸਮਿਆਂ ਦੇ ਸੱਭਿਆਚਾਰਕ ਮਨੋਵਿਗਿਆਨ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜਦਾ ਹੈ।
ਚੜ੍ਹਦੇ ਪੰਜਾਬ ਵਿਚ ਇਹ ਆਪਣੀ ਕਿਸਮ ਦੀ ਅਜਿਹੀ ਕਿਤਾਬ ਹੈ ਜਿਸ ਨੂੰ ਕਿਸੇ ਵਿਧਾ ਦੇ ਪ੍ਰਤੀਮਾਨਾਂ ’ਚ ਬੱਝ ਕੇ ਨਹੀਂ ਦੇਖਿਆ ਜਾ ਸਕਦਾ। ਇਹ ਇਕ ਤਰ੍ਹਾਂ ਦਾ ਅ-ਗਲਪ ਹੈ ਕਿਉਂਕਿ ਇਨ੍ਹਾਂ ਸਾਰੀਆਂ ਰਚਨਾਵਾਂ ਦੇ ਨਾਇਕ-ਨਾਇਕਾਵਾਂ ਅਤੀਤ/ਇਤਿਹਾਸ ’ਚ ਵਿਚਰੀਆਂ ਜਿਉਂਦੀਆਂ ਜਾਗਦੀਆਂ ਸ਼ਖ਼ਸੀਅਤਾਂ ਹਨ। ਇਸ ਕਿਤਾਬ ਦੇ ਸੰਪਾਦਕ ਅਮਨਪ੍ਰੀਤ ਸਿੰਘ ਗਿੱਲ ਦਾ ਕਹਿਣਾ ਸਹੀ ਹੈ ਕਿ ਇਨ੍ਹਾਂ ਦਾ ਜੀਵਨ ਬਿਰਤਾਂਤ ਕਿੰਨਾ ਕੁ ਅਸਲੀਅਤ ਦੇ ਨੇੜੇ ਹੈ ਤੇ ਕਿੰਨਾ ਕੁ ਕਲਪਨਾ ਲੋਕ ਦੀ ਉਪਜ ਹੈ, ਲੇਖਕ ਬਿਹਤਰ ਜਾਣਦਾ ਹੈ। ਪਰ ਇਸ ਕਿਤਾਬ ’ਚੋਂ ਜੀਵਨ ਦੀ ਪ੍ਰਮਾਣਿਕ ਤਸਵੀਰ ਉਭਰਦੀ ਹੈ, ਇਸ ਬਾਰੇ ਦਾਅਵਾ ਬੇਬੁਨਿਆਦ ਨਹੀਂ, ਪਰ ਆਖ਼ਰੀ ਫ਼ੈਸਲਾ ਤਾਂ ਪਾਠਕ ਹੀ ਕਰਨਗੇ। ਨੈਨ ਸੁੱਖ ਦੀਆਂ ਇਨ੍ਹਾਂ ਲਿਖਤਾਂ ਦਾ ਇਕ ਝਲਕਾਰਾ ਕਲਮੀ ਚਿੱਤਰਾਂ ਦਾ ਵੀ ਹੈ। ਕਲਮੀ ਚਿੱਤਰ ਸਾਅਦਤ ਹਸਨ ਮੰਟੋ, ਬਲਵੰਤ ਗਾਰਗੀ ਤੇ ਹੋਰ ਅਨੇਕਾਂ ਨੇ ਲਿਖੇ, ਪਰ ਕਲਮੀ ਚਿੱਤਰਾਂ ਦਾ ਪੱਲਾ ਬੜਾ ਛੋਟਾ ਹੁੰਦਾ ਹੈ। ਉਨ੍ਹਾਂ ’ਚ ਬੰਦੇ ਦੇ ਸੁਭਾਅ ਤੇ ਉਸ ਦੀ ਲਿਖਤ ਦੀ ਸਿੱਧ-ਪੁੱਠ ਤਾਂ ਬਥੇਰੀ ਮਿਲ ਜਾਂਦੀ ਹੈ, ਪਰ ਉਸ ਦੇ ਯੁੱਗ ਦੀ ਤਸਵੀਰ ਨਦਾਰਦ ਹੁੰਦੀ ਹੈ। ਇਸ ਦੇ ਉਲਟ, ਨੈਨ ਸੁੱਖ ਦੀਆਂ ਇਹ ਰਚਨਾਵਾਂ ਮਨੁੱਖ ਦੀ ਜੀਵਨ ਕਹਾਣੀ ਨਾ ਹੋ ਕੇ ਉਸ ਦੇ ਯੁੱਗ ਦਾ ਅਕਸ ਹਨ। ਇਸ ਲਈ ਇਹ ਲਿਖਤਾਂ ਮਹਿਜ਼ ਕਲਮੀ ਚਿੱਤਰ ਨਹੀਂ।

ਪੁਸਤਕ ਦਾ ਟਾਈਟਲ।

ਪਹਿਲੀ ਕਹਾਣੀ ‘ਆਈ ਪੁਰੇ ਦੀ ਵਾਅ’ ਅਛੂਤ ਸਮਝੇ ਜਾਂਦੇ ਉਨ੍ਹਾਂ ਦੀਨਦਾਰਾਂ, ਮਜ਼ਹਬੀ ਸਿੱਖਾਂ ਤੇ ਮੇਘਾਂ ਦੀ ਕਹਾਣੀ ਹੈ ਜਿਹੜੇ ਧਰਮ ਤਬਦੀਲੀ ਬਾਅਦ ਵੀ ਅਛੂਤ ਹੀ ਰਹੇ। ਇਹ ਕਹਾਣੀ ‘ਪੰਜਾਬੀ ਜ਼ਬੂਰ ਦੇਸੀ ਰਾਗਾਂ ’ਚ’ ਤਿਆਰ ਕਰਕੇ ਇਸਾਈਅਤ ਦਾ ਪ੍ਰਚਾਰ ਕਰਨ ਵਾਲੇ ਦੇਸੀ ਬੰਦੇ ਇਮਾਮਦੀਨ ਦੀ ਕਹਾਣੀ ਹੈ ਜੋ ਡਾਕਟਰ ਆਫ ਡਿਵਨਿਟੀ ਦੀ ਡਿਗਰੀ ਹਾਸਲ ਕਰਕੇ ਦੱਬੀ ਕੁਚਲੀ ਲੋਕਾਈ ਦੀ ਰੂਹ ਠਾਰਣ ਵਾਲਾ ਪਾਦਰੀ ਆਈ.ਡੀ. ਸ਼ਹਿਬਾਜ਼ ਬਣ ਗਿਆ। ਇਸ ਕਹਾਣੀ ’ਤੇ ਇਤਰਾਜ਼ ਕੀਤਾ ਗਿਆ ਕਿ ਇਹ ਇਸਾਈ ਭਾਈਚਾਰੇ ਦੇ ਖ਼ਿਲਾਫ਼ ਲਿਖੀ ਗਈ ਹੈ, ਹਲਾਂਕਿ ਇਹ ਸਿਰਫ਼ ਬਾਲਮੀਕੀਆਂ ਦੇ ਕ੍ਰਿਸਚਨ ਹੋਣ ਦੀ ਕਥਾ ਹੈ ਜੋ ਨਾਲ ਨਾਲ ਬਾਲਮੀਕੀਆਂ ਦਾ ਪਿਛੋਕੜ ਵੀ ਦੱਸਦੀ ਹੈ। ਪੰਜਾਬੀ ਬੋਲੀ ਦੇ ਵਿਕਾਸ ਤੇ ਪੁਖਤਗੀ ’ਚ ਇਸਾਈ ਮਿਸ਼ਨਰੀਆਂ ਦੇ ਛਾਪੇਖਾਨਿਆਂ ਤੇ ਲਿਖਤਾਂ ਦੀ ਕੀ ਭੂਮਿਕਾ ਰਹੀ, ਇੱਕਾ ਦੁੱਕਾ ਪੀਐੱਚ.ਡੀ. ਖੋਜ ਨਿਬੰਧਾਂ ਨੂੰ ਛੱਡ ਕੇ ਇਸਾਈਆਂ ਮਿਸ਼ਨਰੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਸਾਹਿਤ ਦਾ ਇਤਿਹਾਸ ਚੁੱਪ ਹੈ। ਨੈਨ ਸੁੱਖ ਦੀ ਇਸ ਲਿਖਤ ’ਚ ਇਸਾਈ ਸਾਹਿਤ ਵਿਚ ਧਰਤੀ ਪੁੱਤਰਾਂ ਦੇ ਯੋਗਦਾਨ ਨੂੰ ਸ਼ਾਇਦ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ।
ਦੂਜੀ ਕਹਾਣੀ ‘ਨਿਥਾਵਾਂ’ ਵਿਚ ਹਿੰਦੂ ਪਰਿਵਾਰ ’ਚ ਜੰਮਿਆ ਤੇ ਸਿੱਖੋਂ ਵਹਾਬੀ ਹੋਇਆ ਮੌਲਾਨਾ ਉਬੈਦ ਉੱਲਾਹ ਸਿੰਧੀ ਕੇਂਦਰੀ ਪਾਤਰ ਹੈ। ਉਸ ਨੂੰ ਫਿਰੰਗੀ ਨਾਲ ਦੁਸ਼ਮਣੀ ਰੱਖਣ ਕਾਰਨ ਚੌਵੀ ਸਾਲ ਜਲਾਵਤਨੀ ਕੱਟਣੀ ਪਈ। ਭਰਤਪੁਰ ਦੇ ਦੇਸ਼ ਬਦਰ ਰਾਜਾ ਮਹਿੰਦਰ ਪ੍ਰਤਾਪ ਦੀ ਪ੍ਰਧਾਨਗੀ ਹੇਠ ਕਾਬਲ, ਅਫ਼ਗ਼ਾਨਿਸਤਾਨ ਵਿਖੇ ਬਣੀ ਪ੍ਰੋਵੀਜ਼ਨਲ ਗਵਰਮੈਂਟ ਆਫ ਇੰਡੀਆ ਦਾ ਉਸ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਮੌਲਾਨਾ ਉਬੈਦ ਉੱਲਾਹ ਸਿੰਧੀ ਨੇ ਹੀ ਰੂਸੀ ਵਿਦੇਸ਼ ਮੰਤਰੀ ਚਿਚਰਨ ਕੋਲੋਂ ਹਿੰਦੋਸਤਾਨ ਦੀ ਆਜ਼ਾਦੀ ਲਈ ਇਕ ਕਰੋੜ ਰੁਪਏ ਦੀ ਸਹਾਇਤਾ ਮਨਜ਼ੂਰ ਕਰਵਾਈ ਜਿਹੜੀ ਅਫ਼ਗ਼ਾਨ ਹਕੂਮਤ ਰਾਹੀਂ ਇੰਡੀਅਨ ਨੈਸ਼ਨਲ ਕਾਂਗਰਸ ਤੱਕ ਪੰਹੁਚਣੀ ਸੀ। ਮੌਲਾਨਾ ਨੇ ਚਿਚਰਨ ਤੋਂ ਸਿਰਫ਼ ਰਕਮ ਹੀ ਨਾ ਮੰਗੀ ਸਗੋਂ ਇਸਲਾਮ ’ਚੋਂ ਸਮਾਜਵਾਦ ਵੀ ਕੱਢਿਆ ਜਿਹਦੇ ਤੋਂ ਰੂਸੀ ਏਨੇ ਖ਼ੁਸ਼ ਹੋਏ ਕਿ ਉਨ੍ਹਾਂ ਨੇ ਮੌਲਾਨਾ ਨੂੰ ਬੁਖ਼ਾਰਾ ਵਿਖੇ ਸਰਕਾਰੀ ਅਹੁਦਾ ਵੀ ਪੇਸ਼ ਕਰ ਦਿੱਤਾ। ਪਾਕਿਸਤਾਨ ’ਚ ‘ਨਿਥਾਵਾਂ’ ਕਹਾਣੀ ’ਤੇ ਮੌਲਵੀਆਂ ਰੋਸ ਕੀਤਾ ਕਿ ਇਸ ਵਿਚ ਮਜ਼ਹਬੀ ਲੋਕਾਂ ਨੂੰ ਬਦਨਾਮ ਕੀਤਾ ਗਿਆ ਹੈ।

ਮਨਮੋਹਨ

ਤੀਜੀ ਕਹਾਣੀ ‘ਅਛਨਾ ਗੱਛਨਾ’ ਪੋਠੋਹਾਰ ਦੇ ਪੁੱਤਰ ਦਾਦਾ ਅਮੀਰ ਹੈਦਰ ਅਲੀ ਦੀ ਜੀਵਨ ਗਾਥਾ ਹੈ। ਦਾਦਾ ਵੰਡ ਤੋਂ ਬਾਅਦ ਵੀ ਪਾਕਿਸਤਾਨ ’ਚ ਮਰਦੇ ਦਮ ਤੱਕ ਆਪਣੇ ਆਪ ਨੂੰ ਇੰਡੀਅਨ ਹੀ ਲਿਖਦਾ ਰਿਹਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਵਿਚੋਂ ਇਕ ਸੀ। ਕੋਈ ਉਸ ਨੂੰ ਟੋਨੀ ਵਜੋਂ ਜਾਣਦਾ ਸੀ, ਕੋਈ ਕਾਮਰੇਡ ਸਖ਼ਾਰੋਫ਼ ਵਜੋਂ ਤੇ ਕੋਈ ਪਠਾਣ, ਫ਼ਰਾਂਸਿਸਕੋ ਫ਼ਰਨਾਂਡੇਜ਼, ਕਾਮਰੇਡ ਮਿਸ਼ਰਾ ਜਾਂ ਮੋਟਰ ਮਕੈਨਿਕ ਸ਼ੰਕਰ ਵਜੋਂ। ਵੰਡ ਤੋਂ ਬਾਅਦ ਉਸ ਨੇ ‘ਮਈ ਦਿਵਸ’ ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਂ ਨੂੰ ਗੁੰਡਾ ਕਹਿ ਕੇ ਲਲਕਾਰਿਆ। ਉਸ ਦਾ ਤਾਉਮਰ ਇਕੋ ਇਕ ਮਕਸਦ ਸੀ ‘ਇਨਕਲਾਬ’, ਪਰ ਇਸ ਕਹਾਣੀ ਬਾਰੇ ਪਾਕਿਸਤਾਨੀ ਕਾਮਰੇਡ ਬਹੁਤੇ ਖ਼ੁਸ਼ ਨਹੀਂ ਸਨ ਭਾਵੇਂ ਉਨ੍ਹਾਂ ਕੋਲ ਕੋਈ ਦਲੀਲ ਨਹੀਂ ਸੀ।
‘ਮੁਸੱਲੀ, ਅਸੀਂ ਦਰਾਵੜ’ ਕਹਾਣੀ ਦਾ ਨਾਇਕ ਸਾਂਦਲ ਬਾਰ ਵਾਲੇ ਸਾਂਦਲ ਨੂੰ ਆਪਣਾ ਵਡੇਰਾ ਕਹਿਣ ਵਾਲੇ, ਮਸਨੇ ਮੁਸੱਲੀ ਦਾ ਪੋਤਰਾ ਆਗ਼ਾ ਖ਼ਾਂ ਸਹੋਤਰਾ ਹੈ। ਉਸ ਨੇ ਬਾਰ ਨੂੰ ‘ਚੰਗੜ ਬਾਰ’ ਸਾਬਤ ਕਰਦਿਆਂ ਜਾਤ, ਬਰਾਦਰੀ ਤੇ ਮਜ਼ਹਬੀ ਬਖੇੜਿਆਂ ਪਿੱਛੇ ਕੰਮ ਕਰਦੀ ਸਿਆਸਤ ਦਾ ਸੱਚ ਸਾਹਮਣੇ ਲਿਆਉਣ ਲਈ ਆਪਣੀ ਸਾਰੀ ਜ਼ਿੰਦਗੀ ਲੋਕਾਈ ਦੇ ਲੇਖੇ ਲਾ ਦਿੱਤੀ। ਪਾਕਿਸਤਾਨੀ ਡਰਾਮੇ ‘ਮੁਸੱਲੀ’ ਦੇ ਲੇਖਕ ਮੇਜਰ ਇਸਹਾਕ ਦੇ ਬੜਾ ਲਾਗੇ ਰਿਹਾ ਆਗ਼ਾ ਖ਼ਾਂ ਸਹੋਤਰਾ। ਇਸ ਕਹਾਣੀ ’ਚ ਇਕ ਵਾਕਿਆ ਹੈ ਕਿ ਲਾਇਲਪੁਰ ਦੇ ਰਿਕਸ਼ਾ ਵਾਹੁਣ ਵਾਲੇ ਇਨਕਲਾਬੀ ਸ਼ਾਇਰ ਮਨਜ਼ੂਰ ਨਿਆਜ਼ੀ ਨੇ ਡਰਾਮੇ ’ਚ ਮਜ਼ਦੂਰ ਲੀਡਰ ਨੂਰੇ ਦਾ ਰੋਲ ਕੀਤਾ, ਤੇ ਉਸ ਗਾਇਆ:
ਮੈਂ ਬੋਹੜ ਹਾਂ ਛਾਂ ਪਿਆ ਵੰਡਦਾ ਹਾਂ
ਮੇਰੇ ਸਿਰ ’ਤੇ ਕਿਸੇ ਦੀ ਛਾਂ ਵੀ ਨਹੀਂ
ਜੇਹੜਾ ਮਹਿਲ ਮੈਂ ਆਪ ਉਸਾਰਿਆ ਸੀ
ਕਿਸੇ ਇੱਟ ’ਤੇ ਮੇਰਾ ਨਾਂ ਵੀ ਨਹੀਂ
ਪਰ ਮੇਜਰ ਇਸਹਾਕ ਓਦਣ ਬਹੁਤ ਖ਼ੁਸ਼ ਹੋਇਆ, ਜਿੱਦਣ ਆਪਣੀ ਸ਼ਾਇਰੀ ਸੁਣਾਉਣ ਲਈ ਆਗ਼ਾ ਖ਼ਾਂ ਸਹੋਤਰੇ ਨੇ ਬਾਂਹ ਚੁੱਕੀ। ਇੰਝ ਇਹ ਕਹਾਣੀ ਮੱਲਮਾਰੀ ਦਾ ਕਿੱਸਾ ਹੈ। ਪੰਜਾਬ ਦੀ ਧਰਤੀ ਦੇ ਅਸਲ ਵਾਰਿਸ ਕੌਣ ਹਨ ਤੇ ਨਾਜਾਇਜ਼ ਕਬਜ਼ਾ ਕਿਨ੍ਹਾਂ ਦਾ ਹੈ, ਉਸ ਮਾਰਮਿਕਤਾ ਦੀ ਦਾਸਤਾਨਗੋਈ ਹੈ।
ਪੰਜਵੀਂ ਕਹਾਣੀ ‘ਕੰਮ ਵਾਲੀ’ ਪਾਕਿਸਤਾਨੀ ਰੇਡੀਓ, ਸਟੇਜ ’ਤੇ ਪੀ.ਟੀਵੀ ਦੇ ਡਰਾਮਿਆਂ ਅਤੇ ਫ਼ਿਲਮਾਂ ’ਚ ਕੰੰਮ ਕਰਨ ਵਾਲੀ ਆਲੀਆ ਬੇਗਮ ਦੀ ਕਹਾਣੀ ਹੈ ਜਿਸ ਦਾ ਪਿਛੋਕੜ ਲਾਹੌਰ ਦੀ ਹੀਰਾ ਮੰਡੀ ਨਾਲ ਜੁੜਿਆ ਸੀ। ਜ਼ਿਲ੍ਹਾ ਜੇਹਲਮ ਦੀ ਗਰਾਈਂ ਜੀਰਾਂ, ਬਾਗ਼ ਮੁਨਸ਼ੀ ਲੱਧਾ ਦੀ ਲਾਹੌਰਨ ਹੋ ਕੇ ਨਜ਼ੀਰ ਬੇਗਮ ਅਤੇ ਅੱਗੇ ਜੱਜ ਸਾਹਿਬ ਦੀ ਹਵੇਲੀ ’ਚ ਸ਼ਾਇਸਤਾ ਬੇਗਮ ਹੋ ਗਈ। ਉਹ ਪਰਦਾਦਾਰ ਸਾਦਾਤ ਦੀ ਨੂੰਹ ਬਣੀ ਜਿਹਨੇ ਰੋਜ਼ੀ ਰੋਟੀ ਲਈ ਦੋ ਮਾਸੂਮ ਧੀਆਂ ਨੂੰ ਘਰ ਡੱਕਿਆ ਤੇ ਚੋਰੀ ਲਾਹੌਰ ਰੇਡੀਓ ਦੇ ਡਰਾਮਿਆਂ ’ਚ ਕੰਮ ਕੀਤਾ ਅਤੇ ਆਪਣਾ ਨਾਮ ਆਲੀਆ ਬੇਗਮ ਰੱਖ ਲਿਆ। ਉਹਦੇ ਚਾਰ ਨਿਕਾਹ ਹੋਏ। ਚੌਥਾ ਪਤੀ ਸ਼ੇਖ ਫ਼ਾਰੂਕ ਅਹਿਮਦ ਸਪੀਕਰ ਪੰਜਾਬ ਅਸੈਂਬਲੀ ਸ਼ੇਖ ਰਫ਼ੀਕ ਅਹਿਮਦ ਦਾ ਭਰਾ। ਆਲੀਆ ਦਾ ਪਹਿਲਾ ਨਿਕਾਹ ਓਸ ਅਇਰਸ਼ ਫ਼ੌਜੀ ਨਾਲ ਹੋਇਆ ਜਿਸਨੇ ਜੱਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ (1919) ’ਚ ਨਿਹੱਥੇ ਲੋਕਾਂ ’ਤੇ ਗੋਲੀ ਚਲਾਉਣ ਤੋਂ ਨਾਂਹ ਕਰ ਦਿੱਤੀ ਸੀ।
ਛੇਵੀਂ ਕਹਾਣੀ ‘ਵੇ ਕੇਹੜਾ ਏ’ ਪਾਕਿਸਤਾਨ ਦੀ ਬੇਬਾਕ ਇਸਾਈ ਸ਼ਾਇਰਾ ਨਸਰੀਨ ਅੰਜੁਮ ਭੱਟੀ ਬਾਰੇ ਹੈ। ਪਾਕਿਸਤਾਨ ’ਚ ਸਿਤਾਰਾ-ਏ-ਇਮਤਿਆਜ਼ ਹਾਸਲ ਕਰਨ ਵਾਲੀ ਇਹ ਸ਼ਖ਼ਸੀਅਤ ਆਜ਼ਾਦ ਜੀਵਨ ਜਿਊਣ ਦੀ ਆਪਣੀ ਚਾਹਤ ਤੇ ਆਪਣੀ ਅਦਬੀ ਬੇਬਾਕੀ ਕਾਰਨ ਹਮੇਸ਼ਾ ਰੂੜੀਵਾਦੀ ਸੋਚ ਵਾਲੇ ਅਖੌਤੀ ਸਿਆਣਿਆਂ ਦੀਆਂ ਅੱਖਾਂ ’ਚ ਰੜਕਦੀ ਰਹੀ। ਉਸ ਦੀ ਸ਼ਾਇਰੀ ਵਿਚਲੀ ਬੇਬਾਕੀ ਨੂੰ ਪੇਸ਼ ਕਰਦੀਆਂ ਇਹ ਸਤਰਾਂ ਪਾਕਿਸਤਾਨ ’ਚ ਬਹੁਤ ਮਸ਼ਹੂਰ ਹੋਈਆਂ:
ਮੇਰੇ ਨੰਗ ਤੋਂ ਨਾ ਸ਼ਰਮਾਅ
ਕਦੀ ਅੱਗਾਂ ਵੀ ਲੀੜੇ ਪਾਏ ਨੇ…
ਮੈਂ ਆਪਣੇ ਪਿੰਡੇ ਹੇਠ ਲੁਕ ਗਈ
ਓਹ ਮੇਰੇ ਪਿੰਡੇ ਤੋਂ ਲੰਘ ਗਏ
ਮੈਂ ਫੇਰ ਪਿੰਡੇ ਉੱਤੇ ਆਣ ਬੈਠੀ
ਤੇ ਵੈਣ ਕਰਨ ਲੱਗ ਪਈ…
ਉਪਰਲੀਆਂ ਦੋਹਾਂ ਕਹਾਣੀਆਂ ਖ਼ਿਲਾਫ਼ ਪਾਕਿਸਤਾਨੀ ਨਾਰੀਵਾਦੀਆਂ ਨੂੰ ਇਤਰਾਜ਼ ਹੈ ਕਿ ਇਨ੍ਹਾਂ ਕਹਾਣੀਆਂ ’ਚ ਔਰਤ ਰੱਜ ਕੇ ਬਦਨਾਮ ਹੋਈ।
‘ਆਈ ਪੁਰੇ ਦੀ ਵਾਅ’ ਦੀਆਂ ਕਹਾਣੀਆਂ ਵਿਚ ਆਏ ਵੇਰਵੇ ਪੂਰਬੀ ਪੰਜਾਬ ਦੇ ਪਾਠਕਾਂ ਲਈ ਇਕ ਵੱਡੀ ਵੰਗਾਰ ਸਾਬਤ ਹੋਣਗੇ, ਵਿਸ਼ੇਸ਼ ਕਰਕੇ ਸਾਹਿਤ ਸੱਭਿਆਚਾਰ ਤੇ ਇਤਿਹਾਸ ਦੇ ਵਿਦਿਆਰਥੀਆਂ ਤੇ ਖੋਜੀਆਂ ਲਈ। ਸਾਡੀ ਪੰਜਾਬੀ ਰਹਿਤਲ ਕਿਵੇਂ ਸਾਡੀਆਂ ਸਿਮਰਤੀਆਂ ਵਿਚੋਂ ਵਿਸਰ ਗਈ, ਇਸਦੀ ਗਵਾਹੀ ਇਨ੍ਹਾਂ ਲਿਖਤਾਂ ਵਿਚੋਂ ਮਿਲੇਗੀ। ਕੰਡਿਆਲੀ ਤਾਰ ਸਰਹੱਦ ਉਪਰ ਲੱਗੀ ਹੈ। ਮਨੁੱਖ ਉਸ ਦੇ ਆਰਪਾਰ ਜਾ ਨਹੀਂ ਸਕਦਾ, ਪਰ ਵੇਖ ਤਾਂ ਸਕਦਾ ਹੈ। ਆਪਣੇ ਮਨਾਂ ਅੰਦਰ ਪੰਜਾਬੀਆਂ ਨੇ ਤਾਂ ਲੋਹ ਪਰਦਾ ਤਾਣਿਆ ਹੋਇਆ ਹੈ। ਗੁਰਮੁਖੀ ਤੇ ਸ਼ਾਹਮੁਖੀ ਦੀ ਵੰਡ ਨੇ ਪੰਜਾਬੀਆਂ ਨੂੰ ਇਕ ਦੂਜੇ ਤੋਂ ਦੂਰ ਕਰ ਛੱਡਿਆ ਹੈ। ਇਸ ਮੁਸ਼ਕਿਲ ਨਾਲ ਸਿੱਝਣ ਲਈ ‘ਆਈ ਪੁਰੇ ਦੀ ਵਾਅ’ ਦਾ ਸ਼ਾਹਮੁਖੀ ਤੋਂ ਲਿਪੀਅੰਤਰਣ ਪਰਮਜੀਤ ਸਿੰਘ ਮੀਸ਼ਾ ਨੇ ਕੀਤਾ ਹੈ ਜਿਸ ਨੂੰ ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ ਨੇ ਛਾਪਿਆ ਹੈ।
ਸੰਤਾਲੀ ਤੋਂ ਬਾਅਦ ਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਪੰਜਾਬੀ ਸਾਹਿਤ ਦਾ ਇਤਿਹਾਸ ਹਾਲੇ ਲਿਖਿਆ ਨਹੀਂ ਗਿਆ। ਜਦੋਂ ਲਿਖਿਆ ਜਾਏਗਾ, ਨੈਨ ਸੁੱਖ ਦੀ ਇਹ ਕਿਤਾਬ ਅ-ਗਲਪ ਦੇ ਜਗਤ ’ਚ ਨਿਵੇਕਲੀ ਵਿੱਢ ਪਾਉਣ ਵਾਲੀ ਕਿਤਾਬ ਮੰਨੀ ਜਾਵੇਗੀ।

ਸੰਪਰਕ: 82839-48811


Comments Off on ‘ਆਈ ਪੁਰੇ ਦੀ ਵਾਅ’ ਮਾਣਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.