ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਅੰਗਰੇਜ਼ਾਂ ਦੀ ਮਾਨਸਿਕਤਾ ਅਤੇ ਖ਼ੂਨੀ ਸਾਕਾ

Posted On April - 13 - 2019

ਡਾ. ਜਸਬੀਰ ਸਿੰਘ

ਜੱਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦੀ ਸ਼ਤਾਬਦੀ ਇਤਿਹਾਸਕ ਮਹੱਤਤਾ ਰੱਖਦੀ ਹੈ। ਕਿਸੇ ਵੀ ਘਟਨਾ ਦੀ ਸ਼ਤਾਬਦੀ ਉਸ ਘਟਨਾ ਨੂੰ ਯਾਦ ਕਰਨ ਦੇ ਨਾਲ ਨਾਲ ਉਸਨੂੰ ਨਵੇਂ ਸਿਰੇ ਤੋਂ ਘੋਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਂਜ ਵੀ ਇਤਿਹਾਸ ਲੇਖਣ ਦੀ ਪਰੰਪਰਾ ਵਿਚ ਮੰਨਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਕਿਸੇ ਘਟਨਾ ਤੋਂ ਸਮੇਂ ਦੀ ਦੂਰੀ ਵਧਦੀ ਜਾਂਦੀ ਹੈ ਉਸ ਘਟਨਾ ਬਾਰੇ ਸਾਡੀ ਸਮਝ ਵਿਚ ਹੋਰ ਨਿਖਾਰ ਆਉਂਦਾ ਜਾਂਦਾ ਹੈ। ਅਜਿਹਾ ਹੀ ਇਕ ਮੌਕਾ ਜੱਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦੇ ਸ਼ਤਾਬਦੀ ਸਮਾਰੋਹ ਦੇ ਰਹੇ ਹਨ। ਇਸ ਲਈ ਇਹ ਖੋਜਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਘਿਨਾਉਣੇ ਵਰਤਾਰੇ ਪਿੱਛੇ ਕਿਸ ਕਿਸਮ ਦੀ ਮਾਨਸਿਕਤਾ ਕੰਮ ਕਰ ਰਹੀ ਸੀ।
ਇਕ ਪਾਸੇ ਜਨਰਲ ਡਾਇਰ ਦੀ ਇਸ ਵਹਿਸ਼ੀ ਹਰਕਤ ਦੀ ਕੁਝ ਅੰਗਰੇਜ਼ ਅਫ਼ਸਰਾਂ ਅਤੇ ਸਿਆਸਤਦਾਨਾਂ ਨੇ ਹਮਾਇਤ ਕੀਤੀ। ਈ. ਪੀ ਥਾਮਸਨ ਨੇ 1925 ਵਿਚ ਲਿਖਿਆ ਸੀ ‘ਅਸੀਂ ਅਜੇ ਵੀ ਹਿੰਦੁਸਤਾਨ ਨੂੰ ਆਪਣੇ ਕਬਜ਼ੇ ਵਿਚ ਰੱਖ ਸਕਦੇ ਹਾਂ ਜੇ ਅਸੀਂ ਲੋੜੀਂਦਾ ਖੂੂਨ ਵਹਾਉਣ ਲਈ ਤਿਆਰ ਹੋਈਏ, ਪਰ ਅੰਮ੍ਰਿਤਸਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਦੇਖਦੇ ਅਜਿਹਾ ਨਹੀਂ ਲੱਗਦਾ।’ ਦੂਜੇ ਪਾਸੇ 13 ਅਪਰੈਲ 1919 ਦੇ ਖੂਨੀ ਸਾਕੇ ਦੀ ਵੱਡੇ ਪੱਧਰ ’ਤੇ ਆਲੋਚਨਾ ਕੀਤੀ ਗਈ। ਵਿੰਸਟਨ ਚਰਚਿਲ ਜੋ ਬਾਅਦ ਵਿਚ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ, ਸਮੇਤ ਬਹੁਤ ਸਾਰੇ ਅੰਗਰੇਜ਼ ਸਿਆਸਤਦਾਨਾਂ ਨੇ ਇਸ ਕਤਲੇਆਮ ਦੀ ਨਿੰਦਾ ਕੀਤੀ। ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਜਨਰਲ ਡਾਇਰ ਨੂੰ ਮਾਨਸਿਕ ਰੋਗੀ ਸਾਬਤ ਕਰਕੇ ਬਰਤਾਨਵੀ ਹਕੂਮਤ ਦੇ ਮੱਥੇ ’ਤੇ ਲੱਗੇ ਕਲੰਕ ਨੂੰ ਧੋਤਾ ਜਾਵੇ। ਉਨ੍ਹਾਂ ਵੱਲੋਂ ਇਹ ਵੀ ਯਤਨ ਕੀਤਾ ਗਿਆ ਕਿ ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੂੰ ਇਕਹਰੀ ਤੇ ਨਿਖੜਵੀਂ ਘਟਨਾ ਸਾਬਤ ਕੀਤਾ ਜਾਵੇ। ਇਸ ਪਿੱਛੇ ਉਨ੍ਹਾਂ ਦਾ ਮਕਸਦ ਇਹ ਸਾਬਤ ਕਰਨਾ ਸੀ ਕਿ ਬਰਤਾਨਵੀ ਹਕੂਮਤ ਰਾਜ ਕਰਨ ਦੀਆਂ ਅਜਿਹੀਆਂ ਰਵਾਇਤਾਂ ਨੂੰ ਪ੍ਰਵਾਨਿਤ ਨਹੀਂ ਕਰਦੀ।

ਬਾਬਾ ਸੋਹਣ ਸਿੰਘ ਭਕਨਾ

ਜੇਕਰ ਅਸੀਂ ਇਸ ਘਟਨਾ ਦੀ ਇਤਿਹਾਸਕ ਸੱਚਾਈ ਨੂੰ ਧਿਆਨ ਨਾਲ ਦੇਖੀਏ ਤਾਂ ਸਾਨੂੰ ਕਾਫ਼ੀ ਹੱਦ ਤਕ ਅੰਗਰੇਜ਼ਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਰਾਜ ਕਰਨ ਦੀ ਵਿਧੀ ਸਪੱਸ਼ਟ ਹੋ ਜਾਵੇਗੀ। ਅਸਲ ਵਿਚ 1919 ਦਾ ਖੂਨੀ ਸਾਕਾ ਅੰਗਰੇਜ਼ਾਂ ਦੀ ਉਸ ਮਾਨਸਿਕਤਾ ਵਿਚੋਂ ਉਪਜਦਾ ਹੈ ਜਿੱਥੇ ਵੱਡਾ ਸਵਾਲ ਇਹ ਸੀ ਕਿ ਹਿੰਦੋਸਤਾਨ ਉੱਪਰ ਆਪਣੀ ਹਕੂਮਤ ਦਾ ਗਲਬਾ ਕਿਵੇਂ ਜਾਰੀ ਰੱਖਿਆ ਜਾਵੇ। 1857 ਦੇ ਗ਼ਦਰ ਨੇ ਭਾਰਤ ਵਿਚ ਅੰਗਰੇਜ਼ੀ ਹਕੂਮਤ ਦੇ ਤੌਰ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲਕੇ ਰੱਖ ਦਿੱਤਾ। ਕਹਿਣ ਨੂੰ ਤਾਂ ਮਹਾਰਾਣੀ ਵਿਕਟੋਰੀਆ ਨੇ ਆਪਣੇ ਘੋਸ਼ਣਾ ਪੱਤਰ (1858) ਵਿਚ ਹਿੰਦੋਸਤਾਨ ਦੀ ਜਨਤਾ ਨੂੰ ਬਿਹਤਰ ਅਤੇ ਉਦਾਰ ਰਾਜ ਦੇਣ ਦਾ ਵਾਅਦਾ ਕੀਤਾ ਸੀ, ਪਰ ਅਸਲ ਵਿਚ ਗ਼ਦਰ ਤੋਂ ਬਾਅਦ ਨਸਲੀ ਹਕੂਮਤ ਦੀ ਪਕੜ ਹੋਰ ਵੀ ਪੀਡੀ ਹੋ ਗਈ। ਲਾਹੌਰ ਸ਼ਹਿਰ ਵਿਚ ਜੌਹਨ ਲਾਰੈਂਸ ਦੇ ਬੁੱਤ ਦੇ ਥੱਲੇ ਲਿਖੇ ਇਹ ਸ਼ਬਦ ਕਿ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਹ ਕਲਮ ਦੀ ਹਕੂਮਤ ਚਾਹੁੰਦੇ ਹਨ ਜਾਂ ਤਲਵਾਰ ਦੀ, ਉਨੀਵੀਂ ਸਦੀ ਵਿਚ ਚੱਲ ਰਹੀ ਉਸ ਅੰਗਰੇਜ਼ੀ ਬਹਿਸ ਦੇ ਸੰਕੇਤਕ ਸਨ ਕਿ ਉਪਨਿਵੇਸ਼ੀ ਬਸਤੀਆਂ ’ਤੇ ਸਥਿਰ ਜਾਂ ਚਿਰਸਥਾਈ ਹਕੂਮਤ ਕਿਵੇਂ ਕਾਇਮ ਰੱਖੀ ਜਾ ਸਕਦੀ ਸੀ। 1857 ਦੇ ਗ਼ਦਰ ਨੇ ਅੰਗਰੇਜ਼ੀ ਹਕੂਮਤ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਚਾਹੇ ਅੰਗਰੇਜ਼ ਇਸ ਬਗਾਵਤ ਨੂੰ ਦਬਾਉਣ ਵਿਚ ਕਾਮਯਾਬ ਹੋ ਗਏ ਸਨ, ਪਰ ਇਹ ਉਨ੍ਹਾਂ ਲਈ ਇਕ ਅਜਿਹਾ ਡਰਾਉਣਾ ਸੁਪਨਾ ਬਣ ਗਿਆ ਜੋ ਆਉਣ ਵਾਲੇ 90 ਸਾਲਾਂ ਤਕ ਬਰਤਾਨਵੀ ਹੁਕਮਰਾਨਾਂ ਨੂੰ ਬੇਚੈਨ ਕਰਦਾ ਰਿਹਾ। ਉਹ ਛੋਟੀ ਤੋਂ ਛੋਟੀ ਘਟਨਾ ਨੂੰ ਵੀ ਬਗਾਵਤ ਦੀ

ਪੰਡਿਤ ਕਾਂਸ਼ੀ ਰਾਮ

ਨਜ਼ਰ ਨਾਲ ਹੀ ਦੇਖਦੇ ਸਨ ਅਤੇ ਅਜਿਹੀ ਹਰੇਕ ਘਟਨਾ ਨੂੰ ਪੂਰੀ ਸਖ਼ਤੀ ਨਾਲ ਦਬਾ ਕੇ ਇਕ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਸਨ। ਕਿਉਂਕਿ ਉਹ ਜਾਣਦੇ ਸਨ ਕਿ ਇਲਾਕਾਈ ਬਸਤੀਵਾਦ ਨਾਲੋਂ ਬਸਤੀ ਦੇ ਲੋਕਾਂ ਦਾ ਮਾਨਸਿਕ ਬਸਤੀਕਰਨ ਜ਼ਿਆਦਾ ਜ਼ਰੂਰੀ ਸੀ। ਇਸ ਲਈ ਬਸਤੀਵਾਦੀ ਦਹਿਸ਼ਤ ਸਭ ਤੋਂ ਵੱਡਾ ਹਥਿਆਰ ਸੀ। ਮਿਸਾਲ ਦੇ ਤੌਰ ’ਤੇ 1857 ਦੀ ਬਗਾਵਤ ਦੌਰਾਨ ਅਜਨਾਲਾ (ਅੰਮ੍ਰਿਤਸਰ) ਵਿਖੇ ਵਿਦਰੋਹੀ ਸੈਨਿਕਾਂ ਦੇ ਕਤਲੇਆਮ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਾਲਿਆਂ ਵਾਲੇ ਖੂਹ ਵਿਚ ਸੁੱਟ ਦਿੱਤਾ ਗਿਆ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈੱਡਰਿਕ ਕੂਪਰ ਨੇ ਇਹ ਲਿਖਿਆ ਸੀ ਕਿ ਇਕ ਖੂਹ ਕਾਨ੍ਹਪੁਰ ਵਿਚ ਹੈ (ਜਿੱਥੇ ਵਿਦਰੋਹੀ ਸੈਨਿਕਾਂ ਨੇ ਕੁਝ ਅੰਗਰੇਜ਼ਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੂਹ ਵਿਚ ਸੁੱਟ ਦਿੱਤਾ ਸੀ) ਅਤੇ ਇਕ ਖੂਹ ਅਜਨਾਲਾ ਵਿਚ ਵੀ ਹੈ। 1857 ਦੀ ਬਗਾਵਤ ਉੱਨੀਵੀਂ ਸਦੀ ਦੀਆਂ ਉਨ੍ਹਾਂ ਵੱਡੀਆਂ ਘਟਨਾਵਾਂ ਵਿਚੋਂ ਇਕ ਸੀ ਜਿਨ੍ਹਾਂ ਉੱਪਰ ਕਾਫ਼ੀ ਸਾਹਿਤ ਰਚਿਆ ਗਿਆ। ਇਸ ਮਹਾਨ ਵਿਦਰੋਹ ਨੂੰ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਅਤੇ ਰਚਨਾਤਮਕ ਲੇਖਕਾਂ ਨੇ ਇਕ ਯੁੱਗ ਪਲਟਾਊ ਘਟਨਾ ਦੇ ਤੌਰ ’ਤੇ ਕੇਂਦਰ ਬਿੰਦੂ ਚਿਤਰਿਆ। ਗ਼ਦਰ ਪਾਰਟੀ ਤੋਂ ਲੈ ਕੇ ਆਜ਼ਾਦੀ ਘੋਲ ਅਤੇ ਬਾਅਦ ਦੀਆਂ ਜੁਝਾਰੂ ਲਹਿਰਾਂ ਨੇ ਬਾਰ ਬਾਰ 1857 ਦੇ ਗ਼ਦਰ ਨੂੰ ਯਾਦ ਕੀਤਾ ਅਤੇ ਲੋਕਾਂ ਨੂੰ ਜ਼ਬਰ ਜ਼ੁਲਮ, ਨਾ ਬਰਾਬਰੀ ਅਤੇ ਸ਼ੋਸ਼ਣ ਕੇਂਦਰਤ ਹਕੂਮਤਾਂ ਖਿਲਾਫ਼ ਲੜਣ ਲਈ ਪ੍ਰੇਰਿਆ। ਦੂਜੇ ਪਾਸੇ 1857 ਦਾ ਗ਼ਦਰ ਅੰਗਰੇਜ਼ੀ ਸਾਹਿਤ ਵਿਚ ਵੀ ਭਾਰੂ ਰਿਹਾ। ਅੰਗਰੇਜ਼ੀ ਸਾਹਿਤ ਵਿਚ ਇਕ ਨਵੀਂ ਵੰਨਗੀ ਹੋਂਦ ਵਿਚ ਆਈ ਜਿਸਨੂੰ ‘ਮਿਊਟਨੀ ਨਾਵਲ’ ਕਿਹਾ ਜਾਣ ਲੱਗਾ। ਇਨ੍ਹਾਂ ਨਾਵਲਾਂ ਵਿਚ ਗ਼ਦਰ ਦੌਰਾਨ ਹਿੰਦੋਸਤਾਨੀਆਂ ਵੱਲੋਂ ਅੰਗਰੇਜ਼ਾਂ ਖ਼ਾਸ ਕਰਕੇ ਅੰਗਰੇਜ਼ ਔਰਤਾਂ ਉੱਪਰ ਹੋਏ ਤਸ਼ੱਦਦਾਂ (ਜ਼ਿਆਦਾਤਰ ਕਾਲਪਨਿਕ) ਨੂੰ ਬਾਖੂਬੀ ਚਿਤਰਿਆ ਗਿਆ। ਇਸ ਕਿਸਮ ਦੀਆਂ ਲਿਖਤਾਂ ਅਤੇ ਵਿਚਾਰਧਾਰਾ ਨੇ ਅੰਗਰੇਜ਼ ਅਫ਼ਸਰਾਂ ਦੀ ਇਕ ਅਜਿਹੀ ਨਸਲ ਪੈਦਾ ਕੀਤੀ ਜਿਹੜੀ ਹਿੰਦੋਸਤਾਨੀਆਂ ਨੂੰ ਸਮੂਹਿਕ ਤੌਰ ’ਤੇ ਬਰਬਰਤਾ ਪੂਰਵਕ ਸਜ਼ਾ ਦੇ ਕੇ ਆਪਣੇ ਆਪ ਨੂੰ 1857 ਵਿਚ ਹਿੰਸਾ ਦਾ ਸ਼ਿਕਾਰ ਹੋਏ ਅੰਗਰੇਜ਼ਾਂ ਦੇ ਮਸੀਹਾ ਸਮਝਦੇ ਸਨ। ਰੁਡਯਾਰਡ ਕਿਪਲਿੰਗ ਜੋ ਬਾਅਦ ਵਿਚ ਅੰਗਰੇਜ਼ੀ ਭਾਸ਼ਾ ਦਾ ਪਹਿਲਾ ਨੋਬਲ ਪੁਰਸਕਾਰ ਜੇਤੂ ਬਣਿਆ, ਨੇ ਤੀਹ ਸਾਲਾਂ ਬਾਅਦ 1857 ਦੇ ਗ਼ਦਰ ਨੂੰ ਯਾਦ ਕਰਦਿਆਂ ਸਿਵਿਲ ਐਂਡ ਮਿਲਟਰੀ ਗਜ਼ਟ ਵਿਚ 14 ਅਤੇ 23 ਮਈ 1887 ਨੂੰ ਆਪਣੇ ਲੇਖਾਂ ਰਾਹੀਂ ਜੌਹਨ ਲਾਰੈਂਸ ਅਤੇ ਜੌਹਨ ਨਿਕਲਸਨ ਦੇ ਸੂਰਬੀਰਤਾ ਦੇ ਕਾਰਨਾਮਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ। ਜਨਰਲ ਡਾਇਰ ਨੂੰ ਵੀ ਇਸੇ ਲੜੀ ਵਿਚ ਦੇਖਣ ਦੀ ਜ਼ਰੂਰਤ ਹੈ ਜਦੋਂ ਉਹ 10 ਅਪਰੈਲ 1919 ਦੀ ਅੰਮ੍ਰਿਤਸਰ ਦੀ ਹਿੰਸਾ ਦੇ ਦੋਸ਼ੀਆਂ ਨੂੰ ਸਬਕ ਸਿਖਾਉਣ ਦੀ ਗੱਲ ਕਰਦਾ ਹੈ।

ਬ੍ਰਿਟਿਸ਼ ਹਕੂਮਤ ਨੇ ਕੂਕਾ ਅੰਦੋਲਨ ਨੂੰ ਦਬਾਉਣ ਲਈ ਚਾਰ ਮੋਹਰੀ ਆਗੂਆਂ ਨੂੰ ਫਾਹੇ ਲਾਇਆ।

ਪੰਜਾਬ ਵਿਚ ਅੰਗਰੇਜ਼ਾਂ ਦੀ ਹਾਲਤ ਹੋਰ ਵੀ ਪਤਲੀ ਸੀ। ਲੰਬੇ ਸਮੇਂ ਤੋਂ ਪੰਜਾਬੀਆਂ ਉੱਪਰ ਇਹ ਧੱਬਾ ਲੱਗਦਾ ਰਿਹਾ ਕਿ ਉਨ੍ਹਾਂ ਨੇ 1857 ਦੇ ਗ਼ਦਰ ਵਿਚ ਸ਼ਮੂਲੀਅਤ ਨਹੀਂ ਕੀਤੀ, ਪਰ ਹੁਣ ਤਾਜ਼ਾ ਖੋਜਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਵੀ ਜਬਰਦਸਤ ਬਗਾਵਤ ਹੋਈ ਸੀ। ਅੰਗਰੇਜ਼ਾਂ ਨੇ ਪੰਜਾਬ ਵਿਚ ਗ਼ਦਰ ਨੂੰ ਦੋਹਰੇ ਤਰੀਕੇ ਨਾਲ ਦਬਾ ਦਿੱਤਾ। ਇਕ ਪਾਸੇ ਪੰਜਾਬ ਵਿਚ ਫ਼ੌਜ ਦੀ ਤਾਇਨਤੀ ਸਭ ਤੋਂ ਵਧੇਰੇ ਸੀ ਅਤੇ ਦੂਜੇ ਪਾਸੇ ਜਾਣ ਬੁੱਝ ਕੇ ਪੰਜਾਬ ਵਿਚ ਫੈਲੀ ਬਗਾਵਤ ਦੀ ਖ਼ਬਰ ਬਾਹਰ ਨਾ ਆਉਣ ਦਿੱਤੀ। ਅਸਲ ਵਿਚ ਪੰਜਾਬ ਵਿਚ ਅੰਗਰੇਜ਼ਾਂ ਨੂੰ ਗ਼ਦਰ ਤੋਂ ਪਹਿਲਾਂ ਵੀ ਭਿਆਨਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। 1845-46 ਅਤੇ 1848-49 ਵਿਚ ਹੋਈਆਂ ਲੜਾਈਆਂ ਵਿਚ ਖਾਲਸਾ ਫ਼ੌਜ ਨੇ ਅੰਗਰੇਜ਼ੀ ਫ਼ੌਜ ਦੀ ਅਜੇਤੂ ਹੋਣ ਦੀ ਮਿੱਥ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਰਾਬਰਟ ਐੱਨ. ਕਸਟ ਵਰਗੇ ਅੰਗਰੇਜ਼ ਅਫ਼ਸਰਾਂ ਨੇ ਖ਼ੁਦ ਇਹ ਮੰਨਿਆ ਸੀ ਕਿ ਇਨ੍ਹਾਂ ਲੜਾਈਆਂ ਵਿਚ ਉਨ੍ਹਾਂ ਨੂੰ 1857 ਤੋਂ ਲੈ ਕੇ ਹੁਣ ਤਕ ਦੇ ਸਭ ਤੋਂ ਭਿਆਨਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਰਕੇ ਅੰਗਰੇਜ਼ ਹੁਕਮਰਾਨਾਂ ਨੇ ਪੰਜਾਬ ਵਿਚ ਇਕ ਵੱਖਰਾ ਪ੍ਰਸ਼ਾਸਨਿਕ ਮਾਡਲ ਲਾਗੂ ਕੀਤਾ। ਇਸ ਸਖ਼ਤੀ ਦੇ ਬਾਵਜੂਦ ਅੰਗਰੇਜ਼ਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਦਬਾ ਲੈਣਗੇ। ਇਸ ਕਰਕੇ ਹੀ ਬਰਤਾਨਵੀ ਹੁਕਮਰਾਨਾਂ ਨੂੰ ਬੜਾ ਅਚੰਭਾ ਹੋਇਆ ਜਦੋਂ ਪੰਜਾਬੀਆਂ ਨੇ ਐੱਸ.ਐੱਸ. ਥੌਰਬਰਨ ਦੇ ਕਥਨ ਅਨੁਸਾਰ, ‘ਅਲਕ ਵੱਛੇ ਦੀ ਜ਼ਿੱਦ ਨਾ ਵਿਖਾਉਂਦੇ ਹੋਏ ਇਕ ਸਮਝੇ ਹੋਏ ਬਲਦ ਦੀ ਤਰ੍ਹਾਂ ਆਪਣਾ ਸਿਰ ਪੰਜਾਲੀ ਵਿਚ ਦੇ ਦਿੱਤਾ।’ ਇਸ ਕਰਕੇ ਅੰਗਰੇਜ਼ ਪੰਜਾਬੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ ਅਤੇ ਪੰਜਾਬ ਵਿਚ ਹਮੇਸ਼ਾਂ ਸਖ਼ਤੀ ਦੇ ਸ਼ਾਸਨ ਨੂੰ ਤਰਜੀਹ ਦਿੰਦੇ ਸਨ। ਇਸ ਮਾਨਸਿਕਤਾ ਨੇ ਕਾਵਨ ਅਤੇ ਫਾਰਸਿਥ ਵਰਗੇ ਅਫ਼ਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਨੇ 1872 ਵਿਚ ਮਾਲੇਰਕੋਟਲਾ ਵਿਚ ਕੂਕਿਆਂ ਨੂੰ ਤੋਪ ਨਾਲ ਉਡਾ ਦਿੱਤਾ ਸੀ। ਕਿਮ ਏ. ਵਾਗਨਰ ਦੱਸਦਾ ਹੈ ਕਿ ਕਿਵੇਂ ਇਨ੍ਹਾਂ ਅਫ਼ਸਰਾਂ ਦੀ ਹਮਾਇਤ ਕੀਤੀ ਗਈ। ‘ਪਾਇਨੀਅਰ’ ਅਖ਼ਬਾਰ ਨੇ ਇਕ ਲੇਖ ਵਿਚ ਵਿਅੰਗਾਤਮਕ ਤਰੀਕੇ ਨਾਲ ਲਿਖਿਆ, ‘ਤੁਸੀਂ ਆਂਡਾ ਤੋੜੇ ਬਿਨਾਂ ਆਮਲੇਟ ਨਹੀਂ ਬਣਾ ਸਕਦੇ।’ ਇਸੇ ਉਕਸਾਹਟ ਨੇ ਅੱਗੇ ਜਾ ਕੇ ਡਾਇਰ ਵਰਗੇ ਅਫ਼ਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਿਸਨੇ ਰੱਜ ਕੇ ਬੁਰਛਾਗਰਦੀ ਕੀਤੀ ਅਤੇ ਅੰਨ੍ਹੇਵਾਹ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ।

ਡਾ. ਜਸਬੀਰ ਸਿੰਘ

1907 ਵਿਚ ਗ਼ਦਰ ਦੀ 50ਵੀਂ ਵਰ੍ਹੇਗੰਢ ਨੇ ਪੰਜਾਬ ਵਿਚ ਦੁਬਾਰਾ ਗ਼ਦਰ ਦੀ ਯਾਦ ਨੂੰ ਤਾਜ਼ਾ ਕੀਤਾ, ਪੰਜਾਬ ਦੀ ਫਿਜ਼ਾ ਵਿਚ ਕ੍ਰਾਂਤੀਕਾਰੀ ਪੌਣਾਂ ਰੁਮਕਦੀਆਂ ਨਜ਼ਰ ਆਈਆਂ। ਇਸ ਵੇਲੇ ਕੁਝ ਅਖ਼ਬਾਰਾਂ ਨੇ ਦੇਸ਼ ਭਗਤੀ ਨਾਲ ਲਬਰੇਜ਼ ਲੇਖ ਅਤੇ ਗੀਤ ਛਾਪੇ। ਬਾਂਕੇ ਦਿਆਲ ਦਾ ਗੀਤ ‘ਪਗੜੀ ਸੰਭਾਲ ਜੱਟਾ’ ਲੋਕਾਂ ਦੀ ਜ਼ੁਬਾਨ ’ਤੇ ਸੀ। ਇਸ ਸਾਰੇ ਕੁਝ ਨੇ ਅੰਗਰੇਜ਼ ਅਫ਼ਸਰਾਂ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ। ਇਕ ਪਾਸੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਗ਼ਦਰ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ ਜਾ ਰਿਹਾ ਸੀ, ਦੂਜੇ ਪਾਸੇ ਅੰਗਰੇਜ਼ ਵੀ 1857 ਨੂੰ ਵੱਖਰੇ ਤਰੀਕੇ ਨਾਲ ਯਾਦ ਕਰ ਰਹੇ ਸਨ। ਕਿੰਮ ਵਾਗਨਰ ਇਕ ਅੰਗਰੇਜ਼ ਔਰਤ ਅਮੇਲੀਆ ਬੇਨੈਟ ਜੋ ਕਿ ਕਾਨ੍ਹਪੁਰ ਦੇ ਕਤਲੇਆਮ ਵਿਚ ਬਚ ਗਈ ਸੀ, ਦਾ ਹਵਾਲਾ ਦੇ ਕੇ ਲਿਖਦਾ ਹੈ ਕਿ ਉਸਨੇ 1857 ਦੇ ‘ਜ਼ੁਲਮਾਂ’ ਨੂੰ ਯਾਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਹਾਲਾਤ 1857 ਦੇ ਸਮਰੂਪ ਹੀ ਸਨ।
1913 ਵਿਚ ਬਣੀ ਗ਼ਦਰ ਪਾਰਟੀ ਨੇ ਅੰਗਰੇਜ਼ਾਂ ਦੇ ਡਰ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਪ੍ਰਬਲ ਕੀਤਾ। ਇਸ ਪਾਰਟੀ ਦੇ ਝੰਡੇ ਹੇਠ ਤਕਰੀਬਨ 8 ਹਜ਼ਾਰ ਪੰਜਾਬੀ ਉੱਤਰੀ ਅਮਰੀਕਾ ਤੋਂ ਵਾਪਸ ਆਏ ਜਿਨ੍ਹਾਂ ਨੇ ਪੰਜਾਬ ਵਿਚ ਹਥਿਆਰਬੰਦ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਵਿਚ ਗ਼ਦਰ ਜੁਝਾਰੂਆਂ ਨੇ ਹਿੰਦੋਸਤਾਨੀ ਸ਼ਾਂਤੀ ਤੇ ਪੂਰਨ ਅੰਗਰੇਜ਼ੀ ਸਾਥ ਦੇ ਅੰਗਰੇਜ਼ੀ ਭਰਮ ਨੂੰ ਨੰਗਾ ਕਰ ਦਿੱਤਾ। ਅੰਗਰੇਜ਼ੀ ਹਕੂਮਤ ਨੇ ਦਮਨ ਦਾ ਦੌਰ ਚਲਾਇਆ ਜਿਸ ਤਹਿਤ 291 ਗ਼ਦਰੀਆਂ ’ਤੇ ਮੁਕੱਦਮੇ ਚੱਲੇ, 42 ਨੂੰ ਮੌਤ ਦੀ ਸਜ਼ਾ, 114 ਨੂੰ ਉਮਰ ਕੈਦ, 93 ਨੂੰ ਵੱਖ ਵੱਖ ਸਜ਼ਾਵਾਂ ਹੋਈਆਂ ਅਤੇ 42 ਬਰੀ ਹੋਏ। ਇਨ੍ਹਾਂ ਕ੍ਰਾਂਤੀਕਾਰੀ ਗਤੀਵਿਧੀਆਂ ’ਤੇ ਕਾਬੂ ਪਾਉਣ ਲਈ ‘ਸੈਡੀਸ਼ਨ ਕਮੇਟੀ’ ਬਣਾਈ ਗਈ ਜਿਸ ਦੀਆਂ ਸਿਫਾਰਸ਼ਾਂ ’ਤੇ ਰੌਲਟ ਬਿੱਲ ਪੇਸ਼ ਹੋਏ ਅਤੇ ਅੱਗੇ ਜਾ ਕੇ ਰੌਲਟ ਐਕਟ ਬਣਿਆ। ਬੇਸ਼ੱਕ ਦੂਜੇ ਪਾਸੇ 1914 ਤੋਂ ਬਾਅਦ ਪੰਜਾਬ ਦਾ ਬ੍ਰਿਟਿਸ਼ ਫ਼ੌਜ ਵਿਚ ਸਭ ਤੋਂ ਜ਼ਿਆਦਾ ਹਿੱਸਾ ਸੀ। ਸੈਨਾ ਅਤੇ ਸਾਧਨਾਂ ਦੇ ਰੂਪ ਵਿਚ ਪੰਜਾਬ ਵੱਲੋਂ ਦਿੱਤੀ ਜਾ ਰਹੀ ਭਰਵੀਂ ਹਮਾਇਤ ਦੇ ਬਾਵਜੂਦ ਅੰਗਰੇਜ਼ਾਂ ਨੂੰ ਬਗਾਵਤ ਦੀ ਬੋ ਆ ਰਹੀ ਸੀ। ਪੰਜਾਬ ਦਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਬਾਰ ਬਾਰ 1857 ਦਾ ਹਵਾਲਾ ਦੇ ਕੇ ਦਮਨਕਾਰੀ ਕਾਨੂੰਨ ਪਾਸ ਕਰਵਾਉਣਾ ਚਾਹੁੰਦਾ ਸੀ ਜਿਸ ਵਿਚ ਉਹ ਕਾਮਯਾਬ ਵੀ ਹੋ ਗਿਆ।
ਰੌਲਟ ਐਕਟ ਵਿਰੁੱਧ ਦੇਸ਼ ਵਿਆਪੀ ਹੜਤਾਲ ਹੋਈ ਜਿਸਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਅਤੇ ਖ਼ਾਸਕਰ ਅੰਮ੍ਰਿਤਸਰ ਵਿਚ ਨਜ਼ਰ ਆਇਆ। ਹੜਤਾਲ ਦੌਰਾਨ 6 ਅਤੇ 9 ਅਪਰੈਲ ਨੂੰ ‘ਹਿੰਦੂ ਮੁਸਲਮਾਨ ਕੀ ਜੈ’, ‘ਮਹਾਤਮਾ ਗਾਂਧੀ ਕੀ ਜੈ’ ਅਤੇ ‘ਕਿਚਲੂ- ਸੱਤਿਆਪਾਲ ਕੀ ਜੈ’ ਦੇ ਨਾਅਰੇ ਲੱਗੇ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਅੰਗਰੇਜ਼ਾਂ ਨੇ ਆਪਣਾ ਪੁਲੀਸ ਬੰਦੋਬਸਤ ਵਧਾ ਲਿਆ। ਇਸ ਕਰਕੇ ਮਾਰਚ ਅਪਰੈਲ 1919 ਦੀਆਂ ਘਟਨਾਵਾਂ ਉਨ੍ਹਾਂ ਲਈ 1857 ਦੇ ਡਰਾਉਣੇ ਸੁਪਨੇ ਨਾਲੋਂ ਘੱਟ ਨਹੀਂ ਸਨ। ਇਸ ਕਰਕੇ ਜਨਰਲ ਡਾਇਰ ਜੱਲ੍ਹਿਆਂ ਵਾਲੇ ਬਾਗ਼ ਵਿਚ ਜਾਣ ਤੋਂ ਪਹਿਲਾਂ ਆਪਣਾ ਮਨ ਬਣਾ ਚੁੱਕਾ ਸੀ। 9-10 ਅਪਰੈਲ ਦੀਆਂ ਘਟਨਾਵਾਂ ਦਹਾਕਿਆਂ ਤੋਂ ਪਰਿਪੱਕ ਹੋ ਰਹੀ ਬਸਤੀਵਾਦੀ ਨੀਤੀ ਨੂੰ ਉਸਦੇ ਅੰਜ਼ਾਮ ਵੱਲ ਲੈ ਗਈਆਂ। ਜੱਲ੍ਹਿਆਂ ਵਾਲੇ ਬਾਗ਼ ਦੀ ਘਟਨਾ ਤੋਂ ਤੁਰੰਤ ਬਾਅਦ ਕਈ ਅੰਗਰੇਜ਼ਾਂ ਨੇ ਇਹ ਕਹਿ ਕੇ, ‘ਡਾਇਰ ਇਕ ਅੰਗਰੇਜ਼ ਨਾ ਹੋ ਕੇ ਆਇਰਿਸ਼ ਹੈ’ ਇਕ ਪਾਸੇ ਤਾਂ ਡਾਇਰ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੂਜੇ ਪਾਸੇ ਇਸ ਕਤਲੇਆਮ ਦੀ ਨੈਤਿਕ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। ਯੂਨਾਈਟਿਡ ਪ੍ਰੋਵਿੰਸਜ਼ ਦੇ ਲੈਫਟੀਨੈਂਟ ਗਵਰਨਰ ਹਾਰਕੋਰਟ ਬਟਲਰ ਦਾ ਕਹਿਣਾ ਸੀ ਕਿ ਜੇ ਡਾਇਰ ਦੀ ਜਗ੍ਹਾ ਕੋਈ ‘ਅੰਗਰੇਜ਼’ ਅਫ਼ਸਰ ਹੁੰਦਾ ਤਾਂ ਹਾਲਾਤ ਕਦੀ ਏਨੇ ਖ਼ਰਾਬ ਨਹੀਂ ਸੀ ਹੋਣੇ। ਪਰ ਡਾਇਰ ਆਪਣੇ ਆਪ ਵਿਚ ਕੋਈ ਅਪਵਾਦ ਨਹੀਂ ਸੀ। ਉਹ ਤਾਂ ਉਸੇ ਸੋਚ ਨੂੰ ਲਾਗੂ ਕਰ ਰਿਹਾ ਸੀ ਜਿਸਦੀ ਸਮੇਂ ਸਮੇਂ ’ਤੇ ਤਾਕੀਦ ਹੁੰਦੀ ਰਹੀ ਸੀ। ਇਸੇ ਕਰਕੇ ਮਹਾਤਮਾ ਗਾਂਧੀ ਨੇ ਇਹ ਕਿਹਾ ਸੀ ਕਿ ਸਾਡੀ ਮੰਗ ਡਾਇਰ ਨੂੰ ਸਜ਼ਾ ਦਿਵਾਉਣ ਦੀ ਨਹੀਂ ਸਗੋਂ ਉਸ ਨਿਜ਼ਾਮ ਨੂੰ ਖ਼ਤਮ ਕਰਨ ਦੀ ਹੈ ਜੋ ਡਾਇਰ ਵਰਗੇ ਲੋਕਾਂ ਨੂੰ ਪੈਦਾ ਕਰਦਾ ਹੈ।

*ਸਹਾਇਕ ਪ੍ਰੋਫੈਸਰ,
ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਸੰਪਰਕ: 98786-14630

ਡਾਇਰ ਨੇ ਗੋਲੀ ਕਿਉਂ ਚਲਾਈ?

ਜੱਲ੍ਹਿਆਂ ਵਾਲਾ ਬਾਗ਼ ਸਾਕੇ ਤੋਂ ਬਾਅਦ ਜਨਰਲ ਡਾਇਰ ਨੇ ਕਿਹਾ, ‘ਮੈਂ ਉਦੋਂ ਤਕ ਗੋਲੀ ਚਲਾਉਂਦਾ ਰਿਹਾ ਜਦੋਂ ਤਕ ਭੀੜ ਪੂਰੀ ਤਰ੍ਹਾਂ ਤਿੱਤਰ ਬਿੱਤਰ ਨਾ ਹੋ ਗਈ। ਮੈਂ ਇਸਨੂੰ ਘੱਟੋ ਘੱਟ ਇਕ ਜਾਇਜ਼ ਕੰਮ ਮੰਨਦਾ ਸੀ ਤਾਂ ਕਿ ਇਕ ਜ਼ਰੂਰੀ ਨੈਤਿਕ ਅਸਰ ਪਵੇ। ਮੇਰੇ ਸਾਹਮਣੇ ਵੱਡਾ ਸਵਾਲ ਭੀੜ ਨੂੰ ਖਿੰਡਾਉਣਾ ਨਹੀਂ ਸੀ ਬਲਕਿ ਸੈਨਿਕ ਪੱਖ ਤੋਂ ਇਕ ਮਾਹੌਲ ਪੈਦਾ ਕਰਨਾ ਸੀ ਜਿਸਦਾ ਅਸਰ ਉੱਥੇ ਮੌਜੂਦ ਲੋਕਾਂ ਦੇ ਨਾਲ ਨਾਲ ਪੂਰੇ ਪੰਜਾਬ ਵਿਚ ਨਜ਼ਰ ਆਉਣਾ ਲਾਜ਼ਮੀ ਸੀ।’

ਥੌਮਸ ਆਰ. ਮੈਟਕਾਲਫ ਦੇ ਕਥਨ ਅਨੁਸਾਰ ‘ਪੰਜਾਬ ਸਕੂਲ ਆਫ ਐਡਮਿਨਿਸਟਰੇਸ਼ਨ’ ਨਿੱਜੀ ਸ਼ਾਸਨ ’ਤੇ ਆਧਾਰਿਤ ਸੀ ਜਿਸ ਵਿਚ ‘ਮੈਜਿਸਟਰੇਟ ਘੋੜੇ ਦੀ ਪਿੱਠ ਉੱਪਰ ਬੈਠਕੇ ਹੀ ਦਰੱਖਤ ਦੀ ਛਾਂ ਹੇਠ ਜਾਂ ਪਿੰਡ ਦੇ ਦਰਵਾਜ਼ੇ ’ਤੇ ਖੜ੍ਹਾ ਹੋ ਕੇ ਆਪਣੇ ਗੋਡੇ ਉੱਪਰ ਕਾਗਜ਼ ਰੱਖ ਕੇ ਫ਼ੈਸਲਾ ਲਿਖ ਦਿੰਦਾ ਸੀ ਅਤੇ ਫਿਰ ਉਹ ਇਸੇ ਤਰਤੀਬ ਨੂੰ ਅਗਲੇ ਪਿੰਡ ਵਿਚ ਜਾ ਕੇ ਦੁਹਰਾਉਂਦਾ ਸੀ।’


Comments Off on ਅੰਗਰੇਜ਼ਾਂ ਦੀ ਮਾਨਸਿਕਤਾ ਅਤੇ ਖ਼ੂਨੀ ਸਾਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.