ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਸੱਤਾ ਲਈ ਬੇਕਰਾਰੀ

Posted On March - 20 - 2019

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਕਾਫ਼ੀ ਦੇਰ ਤੋਂ ਬਿਮਾਰ ਚੱਲ ਰਹੇ ਸਨ ਅਤੇ 17 ਮਾਰਚ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। 18 ਮਾਰਚ ਨੂੰ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਪ੍ਰਧਾਨ ਮੰਤਰੀ, ਭਾਜਪਾ ਮੁਖੀ, ਕੇਂਦਰੀ ਮੰਤਰੀ ਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਅੰਤਿਮ ਰਸਮਾਂ ਵਿਚ ਭਾਗ ਲਿਆ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਮਨੋਹਰ ਪਰੀਕਰ ਦਾ ਅਕਸ ਸਾਊ ਸਿਆਸਤਦਾਨ ਵਾਲਾ ਸੀ ਅਤੇ ਗੋਆ ਤੇ ਹੋਰਨਾਂ ਪ੍ਰਾਂਤਾਂ ਦੇ ਲੋਕ ਉਨ੍ਹਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਸਨ/ਹਨ। ਉਨ੍ਹਾਂ ਦੇ ਸਸਕਾਰ ਤੋਂ ਬਾਅਦ ਹੋਈ ਸੱਤਾ ਲਈ ਆਪੋ-ਧਾਪੀ ਬੜੀ ਨਿਰਾਸ਼ ਕਰਨ ਵਾਲੀ ਹੈ। ਅੱਧੀ ਰਾਤ ਵੇਲ਼ੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੋਦ ਸਾਵੰਤ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਪਹਿਲਾਂ ਉਹ ਗੋਆ ਵਿਧਾਨ ਸਭਾ ਦੇ ਸਪੀਕਰ ਸਨ। ਇਸ ਛੋਟੇ ਜਿਹੇ ਸੂਬੇ ਵਿਚ ਦੋ ਉੱਪ ਮੁੱਖ ਮੰਤਰੀ ਵੀ ਲਗਾਏ ਗਏ ਹਨ; ਗੋਆ ਫਾਰਵਰਡ ਪਾਰਟੀ ਦੇ ਵਿਜੈ ਸਰਦੇਸਾਈ ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਸੁਦੀਨ ਧਵਲੀਕਰ। ਗੋਆ ਵਿਧਾਨ ਸਭਾ ਦੀਆਂ ਚਾਲੀ ਸੀਟਾਂ ਹਨ ਜਿਨ੍ਹਾਂ ਵਿਚੋਂ ਚਾਰ ਖਾਲੀ ਹਨ; ਕਾਂਗਰਸ ਦੇ ਦੋ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਅਤੇ ਦਯਾਨੰਦ ਸੋਪਤੇ ਨੇ ਪਿਛਲੇ ਸਾਲ ਅਸਤੀਫ਼ੇ ਦੇ ਦਿੱਤੇ ਸਨ ਅਤੇ ਦੋ ਸੀਟਾਂ ਭਾਜਪਾ ਦੇ ਮਨੋਹਰ ਪਰੀਕਰ ਅਤੇ ਫਰਾਂਸਿਸ ਡਿਸੂਜ਼ਾ ਦੇ ਦੇਹਾਂਤ ਕਾਰਨ ਖਾਲੀ ਹੋਈਆਂ ਹਨ। ਭਾਜਪਾ ਦੇ ਬਾਰਾਂ ਵਿਧਾਇਕ ਹਨ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਤਿੰਨ, ਗੋਆ ਫਾਰਵਰਡ ਪਾਰਟੀ ਦੇ ਤਿੰਨ ਅਤੇ ਤਿੰਨ ਵਿਧਾਇਕ ਆਜ਼ਾਦ ਹਨ। ਕਾਂਗਰਸ ਦੇ ਚੌਦਾਂ ਅਤੇ ਉਸ ਦੀ ਸਹਿਯੋਗੀ ਪਾਰਟੀ ਨੈਸ਼ਨਲ ਕਾਂਗਰਸ ਪਾਰਟੀ ਦਾ ਇਕ ਵਿਧਾਇਕ ਹੈ।
ਗੋਆ ਵਿਚ ਭਾਜਪਾ ਦੀ ਸਰਕਾਰ ਬਣਨ ਵੇਲੇ ਵੀ ਇਸ ਬਾਰੇ ਕਾਫ਼ੀ ਵਾਦ-ਵਿਵਾਦ ਹੋਇਆ। ਕਾਂਗਰਸ ਦਾ ਕਹਿਣਾ ਸੀ ਕਿ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਵੀ ਉਸ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦਿੱਤਾ ਗਿਆ। ਇਸ ਸਬੰਧ ਵਿਚ ਕਾਂਗਰਸ ਦੇ ਵਿਰੋਧੀਆਂ ਦੀ ਦਲੀਲ ਸੀ ਕਿ ਕਾਂਗਰਸ ਨੇ ਸਰਕਾਰ ਬਣਾਉਣ ਦਾ ਦਾਅਵਾ ਸਮੇਂ ਸਿਰ ਪੇਸ਼ ਨਹੀਂ ਕੀਤਾ ਅਤੇ ਭਾਜਪਾ ਨੇ ਦੂਸਰੀਆਂ ਪਾਰਟੀਆਂ ਨਾਲ ਗੱਠਜੋੜ ਕਰਕੇ ਕਾਂਗਰਸ ਨੂੰ ਸਿਆਸੀ ਤੌਰ ’ਤੇ ਮਾਤ ਦਿੱਤੀ। ਹੁਣ ਭਾਜਪਾ ਦਾ ਆਪਣੇ ਮੁੱਖ ਮੰਤਰੀ ਨੂੰ ਅੱਧੀ ਰਾਤ ਗਏ ਸਹੁੰ ਚੁਕਾਉਣਾ ਹੋਰ ਵੀ ਹੈਰਾਨੀਜਨਕ ਹੈ। ਕੇਂਦਰ ਵਿਚ ਭਾਜਪਾ ਸੱਤਾਧਾਰੀ ਹੈ ਅਤੇ ਬਾਹਰੀ ਤੌਰ ’ਤੇ ਉਸ ਦੇ ਆਗੂਆਂ ਦੇ ਬਿਆਨਾਂ ਵਿਚੋਂ ਅਥਾਹ ਆਤਮ-ਵਿਸ਼ਵਾਸ ਝਲਕਦਾ ਹੈ ਪਰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਭਾਜਪਾ ਨੂੰ ਇਹ ਲੱਗ ਰਿਹਾ ਸੀ ਕਿ ਉਸ ਦੀਆਂ ਸਹਿਯੋਗੀ ਪਾਰਟੀਆਂ ਵਿਚੋਂ ਕੋਈ ਵੀ ਕਾਂਗਰਸ ਨਾਲ ਹੱਥ ਮਿਲਾ ਸਕਦੀ ਹੈ ਅਤੇ ਅਜਿਹਾ ਹੋਣ ਤੋਂ ਪਹਿਲਾਂ ਆਪਣੀ ਸਰਦਾਰੀ ਹੇਠਲੀ ਸਰਕਾਰ ਸਥਾਪਤ ਕਰਨਾ ਉਸ ਦੀ ਸਿਆਸੀ ਮਜਬੂਰੀ ਬਣ ਗਈ।
ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ 36 ਵਿਧਾਇਕਾਂ ਵਿਚੋਂ ਭਾਜਪਾ ਗੱਠਜੋੜ ਨਾਲ 21 ਵਿਧਾਇਕ ਹਨ ਅਤੇ ਇਸ ਲਈ ਮੁੱਖ ਮੰਤਰੀ ਨੂੰ ਸਹੁੰ ਚੁਕਾਉਣ ਵਿਚ ਕੁਝ ਵੀ ਅਸੰਵਿਧਾਨਕ ਜਾਂ ਗ਼ੈਰ-ਕਾਨੂੰਨੀ ਨਹੀਂ ਪਰ ਸਰਕਾਰ ਬਣਾਉਣ ਵਿਚ ਜੋ ਕਾਹਲੀ ਤੇ ਬੇਕਰਾਰੀ ਦਿਖਾਈ ਗਈ, ਉਸ ਵਿਚੋਂ ਅਨੈਤਿਕਤਾ ਦੀ ਗੰਧ ਆਉਂਦੀ ਹੈ। ਸਿਆਸੀ ਪਾਰਟੀਆਂ ਤਾਕਤ ਵਿਚ ਰਹਿਣ ਨੂੰ ਹੀ ਆਪਣੀ ਅੰਤਿਮ ਮੰਜ਼ਿਲ ਸਮਝਦੀਆਂ ਹਨ ਅਤੇ ਸਿਆਸੀ ਨੈਤਿਕਤਾ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ। ਸਿਆਸੀ ਵਾਤਾਵਰਨ ਦੇ ਇਸ ਗੰਧਲੇਪਣ ਕਾਰਨ ਹੀ ਲੋਕਾਂ ਦਾ ਸਿਆਸੀ ਜਮਾਤ ਵਿਚੋਂ ਵਿਸ਼ਵਾਸ ਉੱਠਦਾ ਜਾਂਦਾ ਹੈ ਅਤੇ ਉਹ ਸਰਕਾਰਾਂ ਪ੍ਰਤੀ ਉਦਾਸੀਨ ਹੋ ਜਾਂਦੇ ਹਨ। ਜਮਹੂਰੀ ਅਮਲ ਬਾਰੇ ਅਲਗਾਓ ਤੇ ਉਦਾਸੀਨਤਾ ਲੋਕਰਾਜ ਵਾਸਤੇ ਚੰਗੇ ਲੱਛਣ ਨਹੀਂ ਪਰ ਸਿਆਸੀ ਪਾਰਟੀਆਂ ਵਿਚ ਆਪਣੇ ਸਹਿਯੋਗੀਆਂ ਤੇ ਇੱਥੋਂ ਤਕ ਕਿ ਆਪਣੇ ਮੈਂਬਰਾਂ ਪ੍ਰਤੀ ਵੀ ਬੇਭਰੋਸਗੀ ਵਧਦੀ ਜਾਂਦੀ ਹੈ ਅਤੇ ਉਹ ਤਾਕਤ ਵਿਚ ਰਹਿਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ। ਮੌਜੂਦਾ ਸਿਆਸੀ ਹਾਲਾਤ ਵਿਚ ਰਾਜਨੀਤਕ ਪਾਰਟੀਆਂ ਦੀ ਜਵਾਬਦੇਹੀ ਨਿਸ਼ਚਿਤ ਕਰਨੀ ਬਹੁਤ ਮੁਸ਼ਕਲ ਪ੍ਰਤੀਤ ਹੋ ਰਹੀ ਹੈ ਭਾਵੇਂ ਕਿ ਇਹ ਜ਼ਿੰਮੇਵਾਰ ਜਮਹੂਰੀ ਨਿਜ਼ਾਮ ਦੀ ਮੁੱਢਲੀ ਮੰਗ ਹੈ।


Comments Off on ਸੱਤਾ ਲਈ ਬੇਕਰਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.