ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਮੇਰੇ ਪਾਪਾ ਵਾਪਸ ਬੁਲਾ ਦਿਓ…

Posted On March - 15 - 2019

ਡਾ. ਹਰਸ਼ਿੰਦਰ ਕੌਰ, ਐੱਮਡੀ

ਇਕ ਦਿਨ ਸਾਡੇ ਟਰਸਟ ਰਾਹੀਂ ਦੋ ਬੱਚੀਆਂ ਦੀ ਸਕੂਲ ਫੀਸ ਲੈਣ ਲਈ ਬਜ਼ੁਰਗ ਦਾਦੀ ਆਈ।
ਦੋਵੇਂ ਬੱਚੀਆਂ ਸਹਿਮੀਆਂ ਹੋਈਆਂ ਚੁੱਪ-ਚਾਪ ਦਾਦੀ ਦੇ ਪਿੱਛੇ ਲੁਕੀਆਂ ਹੋਈਆਂ ਸਨ। ਕਈ ਵਾਰ ਬੁਲਾਉਣ ਉੱਤੇ ਵੀ ਉਹ ਅਗਾਂਹ ਨਹੀਂ ਆਈਆਂ। ਮੈਂ ਦਾਦੀ ਤੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਉਸ ਦੱਸਿਆ, “ਮੇਰੇ ਪੁੱਤਰ ਤੇ ਨੂੰਹ ਨੇ ਖ਼ੁਦਕੁਸ਼ੀ ਕਰ ਲਈ ਸੀ। ਹੁਣ ਹੋਰ ਕੋਈ ਇਨ੍ਹਾਂ ਨੂੰ ਪਾਲਣ ਵਾਲਾ ਨਹੀਂ ਹੈ। ਤੁਸੀਂ ਜੇ ਇਨ੍ਹਾਂ ਦੇ ਸਕੂਲ ਦੀ ਫੀਸ ਭਰਨ ਦੀ ਜ਼ਿੰਮੇਵਾਰੀ ਚੁੱਕ ਲਵੋ ਤਾਂ ਮੈਂ ਇਨ੍ਹਾਂ ਨੂੰ ਅਗਾਂਹ ਪੜ੍ਹਾ ਸਕਾਂਗੀ। ਇਨ੍ਹਾਂ ਦਾ ਦਾਦਾ ਹੈ ਨਹੀਂ। ਸਿਰਫ਼ ਭੂਆ ਹੈ। ਉਹਦਾ ਵੀ ਆਪਣਾ ਟੱਬਰ ਹੈ। ਇਨ੍ਹਾਂ ਦਾ ਹੁਣ ਕੋਈ ਨਹੀਂ ਰਿਹਾ। ਮੈਂ ਵੀ ਕਿੰਨੇ ਸਾਲ ਹੋਰ ਜੀਅ ਸਕਾਂਗੀ?”
ਮੈਂ ਤੁਰੰਤ ਬੱਚੀਆਂ ਦੀ ਸਕੂਲ ਦੀ ਫੀਸ ਭਰਨ ਦੀ ਹਾਮੀ ਭਰ ਦਿੱਤੀ। ਕੁਝ ਹੋਰ ਗੱਲਾਂ-ਬਾਤਾਂ ਹੋਈਆਂ ਅਤੇ ਇਸ ਦੌਰਾਨ ਮੈਂ ਉਨ੍ਹਾਂ ਬੱਚੀਆਂ ਨੂੰ ਬਥੇਰਾ ਪੁਚਕਾਰਿਆ ਪਰ ਉਹ ਮੇਰੇ ਨੇੜੇ ਨਾ ਢੁਕੀਆਂ। ਮੈਂ ਉਨ੍ਹਾਂ ਤੋਂ ਉਮਰ ਪੁੱਛੀ ਤਾਂ ਇਕ ਦੀ ਉਮਰ ਸੱਤ ਸਾਲ ਤੇ ਦੂਜੀ ਦੀ ਨੌਂ ਸਾਲ ਸੀ। ਬੱਚੀਆਂ ਬਹੁਤ ਪਿਆਰੀਆਂ ਸਨ ਪਰ ਡਰ ਨੇ ਉਨ੍ਹਾਂ ਨੂੰ ਇਸ ਕਦਰ ਜਕੜਿਆ ਹੋਇਆ ਸੀ ਕਿ ਉਹ ਸਾਹ ਵੀ ਸਹਿਮੇ ਸਹਿਮੇ ਅੰਦਰ ਖਿੱਚ ਰਹੀਆਂ ਸਨ।
ਅਗਲੇ ਮਹੀਨੇ ਫਿਰ ਉਹ ਆਪਣੀ ਫੀਸ ਦੇ ਚੈੱਕ ਲੈਣ ਦਾਦੀ ਨਾਲ ਪਹੁੰਚੀਆਂ ਤਾਂ ਉਦੋਂ ਵੀ ਉਨ੍ਹਾਂ ਦਾ ਉਹੀ ਹਾਲ ਸੀ। ਇੰਜ ਤਿੰਨ ਚਾਰ ਮਹੀਨੇ ਉਹ ਆਉਂਦੀਆਂ ਰਹੀਆਂ। ਇਕ ਵਾਰ ਉਨ੍ਹਾਂ ਵਰਗੀਆਂ ਹੋਰ ਵੀ 54 ਬੱਚੀਆਂ ਆਪਣੀਆਂ ਫੀਸਾਂ ਦੇ ਚੈੱਕ ਲੈਣ ਪਹੁੰਚੀਆਂ ਹੋਈਆਂ ਸਨ। ਉਨ੍ਹਾਂ ਨਾਲ ਕੁੱਝ ਚਿਰ ਬਹਿ ਕੇ ਇਨ੍ਹਾਂ ਬੱਚੀਆਂ ਨੇ ਆਪਣਾ ਦਿਲ ਹੌਲਾ ਕੀਤਾ।
ਇਸ ਵਾਰ ਮੇਰੇ ਬੁਲਾਉਣ ਉੱਤੇ ਦੋਹਾਂ ਨੇ ਹਲਕਾ ਜਿਹਾ ਮੁਸਕਰਾ ਕੇ ਜਵਾਬ ਦਿੱਤਾ ਤਾਂ ਮੈਂ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾਈ ਪਰ ਉਹ ਬੋਲੀਆਂ ਕੁੱਝ ਨਾ।
ਇੰਜ ਉਹ ਪੂਰਾ ਸਾਲ ਆਉਂਦੀਆਂ ਰਹੀਆਂ। ਸਾਲ ਬਾਅਦ ਅਸੀਂ ਆਪਣੇ ਟਰਸਟ ਅਧੀਨ ਪੜ੍ਹ ਰਹੀਆਂ ਬੱਚੀਆਂ ਦਾ ਮੂੰਹ ਮਿੱਠਾ ਕਰਵਾਉਣ ਲਈ ਸਮਾਗਮ ਰੱਖਿਆ ਤਾਂ ਉਦੋਂ ਇਹ ਬੱਚੀਆਂ ਵੀ ਸ਼ਾਮਲ ਹੋਈਆਂ।
ਸਾਰੀਆਂ ਬੱਚੀਆਂ ਨਵੀਆਂ ਕਾਪੀਆਂ, ਰੰਗ, ਪੈਨਸਿਲਾਂ, ਪੈੱਨ ਵੇਖ ਕੇ ਅਤੇ ਪਕੌੜੇ, ਗੁਲਾਬ ਜਾਮੁਨ ਖਾ ਕੇ ਬਹੁਤ ਖ਼ੁਸ਼ ਹੋ ਕੇ ਨੱਚ ਰਹੀਆਂ ਸਨ ਪਰ ਇਹ ਬੱਚੀਆਂ ਇਕ ਪਾਸੇ ਹੋ ਕੇ ਬੈਠੀਆਂ ਸਨ।
ਮੈਂ ਆਪ ਅਗਾਂਹ ਹੋ ਕੇ ਉਨ੍ਹਾਂ ਨੂੰ ਬਾਕੀਆਂ ਨਾਲ ਕਿੱਕਲੀ ਪਾਉਣ ਲਈ ਵਿਚਕਾਰ ਖੜ੍ਹਾ ਕਰ ਦਿੱਤਾ। ਕੁੱਝ ਸੰਕੋਚ ਨਾਲ ਉਹ ਸ਼ੁਰੂ ਹੋਈਆਂ, ਫਿਰ ਕਾਫ਼ੀ ਰਚ ਮਿਚ ਗਈਆਂ। ਛੋਟੀ ਬੇਟੀ ਜ਼ਿਆਦਾ ਖ਼ੁਸ਼ ਜਾਪਦੀ ਸੀ।
ਜਦੋਂ ਸਾਰਿਆਂ ਦੇ ਵਾਪਸ ਜਾਣ ਦਾ ਸਮਾਂ ਆਇਆ ਤਾਂ ਸਾਰੀਆਂ ਬੱਚੀਆਂ ਨੇ ਮੈਨੂੰ ਘੁੱਟ ਕੇ ਜੱਫੀ ਪਾ ਕੇ ਸ਼ੁਕਰਾਨਾ ਕੀਤਾ। ਵੱਡੀ ਬੱਚੀ ਮੇਰੇ ਨੇੜੇ ਹੋ ਕੇ ਕੰਨ ਵਿਚ ਕਹਿਣ ਲੱਗੀ, “ਡਾਕਟਰ ਆਂਟੀ, ਮੈਨੂੰ ਆਪਣੇ ਮੰਮੀ ਪਾਪਾ ਦੀ ਬਹੁਤ ਯਾਦ ਆਉਂਦੀ ਹੈ। ਜਦੋਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਮੰਮੀ ਹੋਰ ਵੀ ਯਾਦ ਆਉਂਦੀ ਹੈ। ਕੀ ਮੈਨੂੰ ਤੁਹਾਡੇ ਕੋਲੋਂ ਮੰਮੀ ਦੀ ਜੱਫੀ ਵੀ ਮਿਲ ਸਕਦੀ ਹੈ?”
ਮੇਰੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ। ਮੈਂ ਉਸ ਨੂੰ ਗੋਦ ਵਿਚ ਬਿਠਾ ਕੇ ਛਾਤੀ ਨਾਲ ਲਾ ਲਿਆ। ਖ਼ੌਰੇ ਸੱਤ ਅੱਠ ਮਿੰਟ ਅਸੀਂ ਇੰਜ ਹੀ ਬੈਠੇ ਰਹੇ। ਬਿਨਾਂ ਇਕ ਹਰਫ਼ ਬੋਲਿਆਂ, ਅਸੀਂ ਸਭ ਕੁੱਝ ਇਕ ਦੂਜੇ ਨੂੰ ਕਹਿ ਲਿਆ ਸੀ।
ਉਸ ਨੂੰ ਇੰਜ ਬੈਠਿਆਂ ਦੇਖ ਛੋਟੀ ਬੇਟੀ ਵੀ ਮੇਰੇ ਕੋਲ ਆ ਗਈ। ਉਸ ਨੂੰ ਵੀ ਮੈਂ ਗੋਦ ਵਿਚ ਬਿਠਾਇਆ ਤਾਂ ਉਹ ਹੌਲੀ ਜਿਹੀ ਬੋਲੀ, “ਡਾਕਟਰ ਆਂਟੀ, ਮੇਰੇ ਪਾਪਾ ਹਮੇਸ਼ਾ ਮੈਨੂੰ ਮੋਢੇ ‘ਤੇ ਚੜ੍ਹਾ ਕੇ ਖਿਡਾਇਆ ਕਰਦੇ ਸੀ। ਮੈਂ ਉਨ੍ਹਾਂ ਨਾਲ ਘੋੜਾ ਘੋੜਾ ਖੇਡਦੀ ਹੁੰਦੀ ਸੀ। ਹੁਣ ਮੇਰੇ ਨਾਲ ਕੋਈ ਘੋੜਾ ਘੋੜਾ ਨਈਂ ਖੇਡਦਾ! ਮੇਰੀ ਗੁੱਡੀ ਲਈ ਉਹ ਨਵੇਂ ਕਪੜੇ ਵੀ ਲੈ ਕੇ ਆਉਂਦੇ ਸੀ। ਹੁਣ ਉਹ ਵੀ ਮੈਲੀ ਹੋਈ ਪਈ ਐ। ਮੈਨੂੰ ਤਾਂ ਹੁਣ ਕੋਈ ਪਿਆਰ ਨਾਲ ਪਾਪਾ ਵਾਂਗ ‘ਮੇਰੀ ਪਰੀ’ ਕਹਿ ਕੇ ਵੀ ਨਈਂ ਬੁਲਾਉਂਦਾ। ਤੁਸੀਂ ਡਾਕਟਰ ਹੋ। ਮੇਰੇ ਪਾਪਾ ਨੂੰ ਠੀਕ ਕਰ ਦਿਓ। ਪਲੀਜ਼ ਆਂਟੀ। ਸਿਰਫ਼ ਇਕ ਵਾਰ ਮੈਂ ਪਾਪਾ ਦੇ ਮੋਢੇ ‘ਤੇ ਚੜ੍ਹਨੈ। ਮੈਨੂੰ ਪਾਪਾ ਬਹੁਤ ਯਾਦ ਆਉਂਦੇ ਨੇ। ਪਰੌਮਿਸ ਕਰੋ, ਤੁਸੀਂ ਮੇਰੇ ਪਾਪਾ ਨੂੰ ਜ਼ਰੂਰ ਵਾਪਸ ਲੈ ਆਓਗੇ। ਮੈਂ ਫਿਰ ਕਦੇ ਉਨ੍ਹਾਂ ਨੂੰ ਤੰਗ ਨਹੀਂ ਕਰਾਂਗੀ। ਆਂਟੀ ਪਲੀਜ਼।”
ਉਸ ਨੂੰ ਮੈਂ ਜੱਫੀ ਵਿਚ ਲਿਆ ਤੇ ਹੰਝੂ ਪੂੰਝਦਿਆਂ ਕਿਹਾ, “ਮੈਂ ਕੋਸ਼ਿਸ਼ ਕਰਾਂਗੀ। ਤੂੰ ਮਿਹਨਤ ਨਾਲ ਪੜ੍ਹਾਈ ਕਰ।” ਉਹ ਫਿਰ ਬੋਲੀ, “ਆਂਟੀ ਤੁਸੀਂ ਰੱਬ ਨੂੰ ਮੇਰੀ ਪਿਆਰੀ ਗੁੱਡੀ ਦੇ ਦੇਣਾ। ਮੈਂ ਅਗਲੀ ਵਾਰ ਤੁਹਾਨੂੰ ਆਪਣੀ ਗੁੱਡੀ ਲਿਆ ਕੇ ਦਿਆਂਗੀ। ਹੋਰ ਵੀ ਮੇਰੀਆਂ ਸਾਰੀਆਂ ਚੰਗੀਆਂ ਚੀਜ਼ਾਂ ਲੈ ਲਓ ਪਰ ਸਿਰਫ਼ ਪਾਪਾ ਵਾਪਸ ਬੁਲਾ ਦਿਓ। ਪਲੀਜ਼। ਉਨ੍ਹਾਂ ਨੂੰ ਦੱਸਿਓ, ਉਨ੍ਹਾਂ ਦੀ ਪਰੀ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਐ। ਫਿਰ ਉਹ ਭੱਜ ਕੇ ਵਾਪਸ ਆ ਜਾਣਗੇ।”

ਸੰਪਰਕ: 0175-2216783


Comments Off on ਮੇਰੇ ਪਾਪਾ ਵਾਪਸ ਬੁਲਾ ਦਿਓ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.