ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਬੱਬੀ ਬਾਦਲ ਵੱਲੋਂ ਸੁਖਬੀਰ ਨੂੰ ਝਟਕਾ

Posted On March - 15 - 2019

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੰਦਾ ਹੋਇਆ ਬੱਬੀ ਬਾਦਲ। -ਫੋਟੋ: ਮਨੋਜ ਮਹਾਜਨ

ਤਰਲੋਚਨ ਸਿੰਘ
ਚੰਡੀਗੜ੍ਹ, 14 ਮਾਰਚ
ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਿਛਲੇ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਕਈ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਰਸੁਖਇੰਦਰ ਸਿੰਘ ਉਰਫ਼ ਬੱਬੀ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਹਨ। ਇਸ ਸਿਆਸੀ ਘਟਨਾਕ੍ਰਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਰੀ ਝਟਕਾ ਲੱਗਾ ਹੈ।
ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੱਬੀ ਬਾਦਲ ਦੇ ਪਾਰਟੀ ਵਿਚ ਸ਼ਾਮਲ ਹੁੰਦਿਆਂ ਹੀ ਉਸ ਨੂੰ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਬਣਾ ਕੇ ਬਾਦਲ ਪਰਿਵਾਰ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਸੰਕੇਤ ਮਿਲੇ ਹਨ ਕਿ ਜਿਵੇਂ ਕਾਂਗਰਸ ‘ਘਰ ਦੇ ਭੇਤੀ’ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਮੇਂ-ਸਮੇਂ ਬਾਦਲਾਂ ਉਪਰ ਨਿੱਜੀ ਹਮਲੇ ਕਰਨ ਲਈ ਵਰਤਦੀ ਆ ਰਹੀ ਹੈ, ਉਸੇ ਤਰ੍ਹਾਂ ਟਕਸਾਲੀ ਵੀ ਹੁਣ ਬੱਬੀ ਬਾਦਲ ਦੀ ਬਾਦਲਾਂ ਖ਼ਿਲਾਫ਼ ਵਰਤੋਂ ਕਰਨਗੇ। ਅੱਜ ਇਥੇ ਪ੍ਰੈੱਸ ਕਲੱਬ ਵਿਚ ਬੱਬੀ ਬਾਦਲ ਨੇ ਸ੍ਰੀ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਤੇ ਆਨੰਦਪੁਰ ਸਾਹਿਬ ਹਲਕੇ ਦੇ ਉਮੀਦਵਾਰ ਬੀਰਦਵਿੰਦਰ ਸਿੰਘ, ਸਕੱਤਰ ਜਨਰਲ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ, ਚੰਡੀਗੜ੍ਹ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਅਤੇ ਉਜਾਗਰ ਸਿੰਘ ਵਡਾਲੀ ਦੀ ਹਾਜ਼ਰੀ ’ਚ ਟਕਸਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਬਾਦਲ ਦਲ ਵਿਚ ਉਸ ਨੇ 25 ਸਾਲ ਤਕ ਕਈ ਅਹਿਮ ਅਹੁਦਿਆਂ ਉਪਰ ਜ਼ਿਮੇਵਾਰੀਆਂ ਨਿਭਾਈਆਂ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਉਥੇ ਦਮ ਘੁਟ ਰਿਹਾ ਸੀ।
ਉਨ੍ਹਾਂ ਕਿਹਾ ਕਿ ਰਿਸ਼ਤੇਦਾਰੀ ਦੀਆਂ ਤੰਦਾਂ ਨੂੰ ਤੋੜਨਾ ਸੌਖਾ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਵਿਚ ਲੰਮਾ ਸਮਾਂ ਲੱਗ ਗਿਆ ਹੈ। ਉਨ੍ਹਾਂ ਕਿਹਾ,‘‘ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਉਪਰ ਭਾਰੂ ਹੋਇਆ ਹੈ, ਬਾਦਲ ਦਲ ਵਿਚ ਕਦਰਾਂ-ਕੀਮਤਾਂ ਤੇ ਰਵਾਇਤਾਂ ਦਾ ਘਾਣ ਹੋ ਰਿਹਾ ਹੈ। ਸ੍ਰੀ ਮਜੀਠੀਆ ਨੂੰ ਸਾਰੇ ਅਹੁਦੇ ਤਿਆਗ ਕੇ ਪਹਿਲਾਂ ਡਰੱਗ ਦੇ ਮਾਮਲੇ ਵਿਚ ਕਲੀਨ ਚਿੱਟ ਲਿਆਉਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਨੇ ਬੇਅਦਬੀਆਂ ਦੇ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਬਾਈਕਾਟ ਕਰਨ ਦਾ ਫ਼ੈਸਲਾ ਲੈ ਕੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਮਝਣ ਦੀ ਭੁੱਲ ਕੀਤੀ ਹੈ। ਬੱਬੀ ਬਾਦਲ ਨੇ ਕਿਹਾ ਕਿ ਉਹ ਕੱਲ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਆਖਰੀ ਫਤਿਹ ਬੁਲਾ ਆਏ ਹਨ। ਇਸ ਮੌਕੇ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਬੱਬੀ ਬਾਦਲ ਦੇ ਟਕਸਾਲੀ ਦਲ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਵੱਡੀ ਤਾਕਤ ਮਿਲੀ ਹੈ ਕਿਉਂਕਿ ਕਿਸੇ ਵੇਲੇ ਬੱਬੀ ਬਾਦਲ ਨੂੰ ਸੁਖਬੀਰ ਬਾਦਲ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬਾਦਲ ਦਲ ਪੂਰੀ ਤਰ੍ਹਾਂ ਨਾਲ ਗਰਕ ਚੁੱਕਾ ਹੈ ਕਿਉਂਕਿ ਖਡੂਰ ਸਾਹਿਬ ਵਿਚ ਕੀਤੇ ਗਏ ਇਕੱਠ ਲਈ ਲੰਗਰ ਸ੍ਰੀ ਹਰਿਮੰਦਰ ਸਾਹਿਬ ਤੋਂ ਮੰਗਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਥੇ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ ਆਦਿ ਦੀ ਹਾਜ਼ਰੀ ਵਿਚ ਸ਼ਰਾਬ ਵੀ ਵਰਤਾਈ ਗਈ। ਸ੍ਰੀ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਭਤੀਜੇ ਵੱਲੋਂ ਬਾਦਲ ਦਲ ਵਿਚ ਸ਼ਾਮਲ ਹੋਣ ਦਾ ਨਾਟਕ ਵੀ ਝੂਠਾ ਹੈ ਅਤੇ ਜਿਹੜਾ ਨੌਜਵਾਨ ਸ਼ਾਮਲ ਹੋਇਆ ਹੈ, ਉਹ ਨਾਲ ਦੇ ਪਿੰਡ ਦਾ ਹੈ। ਸੂਤਰਾਂ ਮੁਤਾਬਕ ਬਾਦਲ ਦਲ ਦਾ ਮੁਹਾਲੀ ਤੋਂ ਇਕ ਹੋਰ ਆਗੂ ਛੇਤੀ ਟਕਸਾਲੀਆਂ ਨਾਲ ਹੱਥ ਮਿਲਾ ਸਕਦਾ ਹੈ।


Comments Off on ਬੱਬੀ ਬਾਦਲ ਵੱਲੋਂ ਸੁਖਬੀਰ ਨੂੰ ਝਟਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.