1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਪੰਜਾਬੀ ਨਾਟਕਾਂ ’ਚ ਭਗਤ ਸਿੰਘ

Posted On March - 31 - 2019

ਪ੍ਰਤੀਕਰਮ

ਦਵਿੰਦਰ ਦਮਨ

ਦਵਿੰਦਰ ਦਮਨ

ਜਦੋਂ ਕੋਈ ਸਮੀਖਿਆਕਾਰ ਕਿਸੇ ਰਚਨਾ ਦੀ ਸਮੀਖਿਆ ਕਰਦਾ ਹੈ ਤਾਂ ਉਸ ਨੂੰ ਆਪਣੀ ਸਮਝ ਅਨੁਸਾਰ ਉਸ ਰਚਨਾ ਦੀ ਸਮੀਖਿਆ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਹੈ। ਪਰ ਜਦੋਂ ਰਚਨਾ ਨੂੰ ਬਿਨਾਂ ਪੜ੍ਹੇ-ਜਾਣੇ ਸਮੀਖਿਆ ਕੀਤੀ ਜਾਵੇ ਤਾਂ ਇਹ ਰਚਨਾ ਨਾਲ ਬਹੁਤ ਵੱਡਾ ਅਨਿਆਂ ਹੁੰਦਾ ਹੈ। ਇਸ ਦੀ ਇਕ ਉਦਾਹਰਣ ਪ੍ਰੋ. ਤੇਜਵੰਤ ਗਿੱਲ ਦੀ ਮੇਰੇ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੰਜਾਬੀ ਟ੍ਰਿਬਿਊਨ ਵਿਚ ਕੁਝ ਹੋਰ ਨਾਟਕਾਂ ਸਮੇਤ (ਮਿਤੀ 23 ਮਾਰਚ, 2019) ਛਪੀ ਸਮੀਖਿਆ ਹੈ। ਪਹਿਲੀ ਗੱਲ ਇਹ ਹੈ ਕਿ ਪ੍ਰੋਫ਼ੈਸਰ ਸਾਹਿਬ ਮੇਰੇ ਇਸ ਨਾਟਕ ਨੂੰ 2006 ਵਿਚ ਛਪਿਆ ਦੱਸਦੇ ਹਨ ਜਦੋਂਕਿ ਇਹ ਨਾਟਕ ਮੈਂ 1981 ਵਿਚ ਅਮਰੀਕਾ-ਕੈਨੇਡਾ ਦੀ ਆਪਣੀ ਪਹਿਲੀ ਫੇਰੀ ਸਮੇਂ ਉੱਥੋਂ ਦੇ ਪ੍ਰਬੰਧਕਾਂ ਤੇ ਦਰਸ਼ਕਾਂ ਦੀ ਮੰਗ ’ਤੇ ਲਿਖਿਆ ਸੀ। ਦੂਜੀ ਗੱਲ ਇਹ ਹੈ ਕਿ ਪ੍ਰੋਫ਼ੈਸਰ ਗਿੱਲ ਨੇ ਭਗਤ ਸਿੰਘ ਦੀ ਉਹ ਵਿਚਾਰਧਾਰਕ ਵਾਰਤਲਾਪ, ਜੋ ਉਸ ਨੇ ਜੇਲ੍ਹ ਸੁਪਰਡੈਂਟ ਅਕਬਰ ਖਾਨ, ਵਕੀਲ ਪ੍ਰਾਣ ਨਾਥ ਮਹਿਤਾ ਅਤੇ ਸਫ਼ਾਈ ਸੇਵਕ ਬੋਘੇ ਨਾਲ ਕੀਤੀ, ਨੂੰ ਨਜ਼ਰਅੰਦਾਜ਼ ਕਰਕੇ ਸਾਰੇ ਨਾਟਕ ਵਿਚੋਂ ਉਸ ਤੋਂ ਮੱਕੀ ਦੀ ਰੋਟੀ ਅਤੇ ਸਾਗ ਦੀ ਮੰਗ ਨੂੰ ਉਭਾਰਨ ’ਤੇ ਹੀ ਜ਼ੋਰ ਲਾ ਦਿੱਤਾ। ਭਗਤ ਸਿੰਘ ਦਾ ਉਸ ਦੇ ਹੱਥਾਂ ਦੀ ਪੱਕੀ ਰੋਟੀ ਮੰਗਣਾ ਇਤਿਹਾਸਕ ਸੱਚ ਹੈ, ਪਰ ਮੈਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ। ਇੱਥੇ ਸ਼ਾਇਦ ਪ੍ਰੋਫ਼ੈਸਰ ਤੇਜਵੰਤ ਗਿੱਲ ਦੀ ਆਪਣੀ ਪਸੰਦ ਉਨ੍ਹਾਂ ’ਤੇ ਹਾਵੀ ਹੋ ਗਈ ਜਾਪਦੀ ਹੈ। ਜਿੱਥੋਂ ਤਕ ਭਗਤ ਸਿੰਘ ਦੇ ਜਾਤ-ਪਾਤ, ਵਰਗ, ਨਸਲ ਤੋਂ ਉਪਰ ਉੱਠ ਕੇ ਮਾਨਵਤਾ ਵਿਚ ਵਿਸ਼ਵਾਸ ਰੱਖਣ ਦੀ ਗੱਲ ਹੈ ਉਹ ਤਾਂ ਭਗਤ ਸਿੰਘ, ਬੋਘੇ ਨੂੰ ਪਹਿਲੀ ਮੁਲਾਕਾਤ ਵਿਚ ਹੀ ਤੇ ਨਾਟਕ ਦੀ ਦੂਜੀ ਝਾਕੀ ਵਿਚ ਸਪਸ਼ਟ ਕਰ ਦਿੰਦਾ ਹੈ। ਬੋਘੇ ਤੋਂ ਉਸ ਦੇ ਹੱਥਾਂ ਦੀ ਪੱਕੀ ਰੋਟੀ ਮੰਗਣਾ ਤਾਂ ਉਸ ਦੇ ਇਸ ਵਿਸ਼ਵਾਸ ਦਾ ਸਿਖਰ ਹੈ।
ਪ੍ਰੋਫ਼ੈਸਰ ਸਾਹਿਬ ਪਰਿਵਾਰ ਦੇ ਪ੍ਰਸੰਗ ਵਿਚ ਨਾਟਕਕਾਰ ਦੇ ਟਪਲਾ ਖਾਣ ਦੀ ਗੱਲ ਕਰਦੇ ਹਨ, ਪਰ ਉਹ ਟਪਲਾ ਨਹੀਂ ਇਤਿਹਾਸਕ ਸਚਾਈ ਹੈ। ਮੈਂ ਇਸ ਵਿਚ ਆਪਣੇ ਵੱਲੋਂ ਕੁਝ ਵੀ ਨਹੀਂ ਠੋਸਿਆ। ਮੈਂ ਜਦੋਂ 19 ਵਰ੍ਹਿਆਂ ਦਾ ਸਾਂ ਤਾਂ ਮੈਨੂੰ ਸ਼ਹੀਦ ਦੀ ਮਾਤਾ ਨੂੰ ਚਾਰ-ਪੰਜ ਵਾਰ ਮਿਲਣ ਦਾ ਮੌਕਾ ਨਸੀਬ ਹੋਇਆ। ਮੇਰੀ ਉਤਸੁਕਤਾ ਨੇ ਮਾਤਾ ਨੂੰ ਭਗਤ ਸਿੰਘ ਦੇ ਜੀਵਨ ਸਬੰਧੀ ਸਵਾਲ ਕਰਨ ਲਈ ਮੈਨੂੰ ਉਕਸਾਇਆ ਸੀ। ਮਾਤਾ ਦੇ ਦਿੱਤੇ ਉੱਤਰ ਵੀ ਮੇਰੀ ਇਸ ਰਚਨਾ ਦਾ ਹਿੱਸਾ ਬਣੇ। ਜੋ ਮੈਂ ਭਗਤ ਸਿੰਘ ਦੇ ਪਰਿਵਾਰ ਬਾਰੇ ਫ਼ਿਕਰ ਕਰਨ ਸਬੰਧੀ ਜਾਂ ਕੁਲਬੀਰ ਨੂੰ ਅਮਰੀਕਾ ਭੇਜਣ ਦੇ ਸੁਝਾਅ ਬਾਰੇ ਨਾਟਕ ਵਿਚ ਵਰਤੋਂ ਕੀਤੀ ਹੈ, ਇਸ ਦੀ ਪ੍ਰਮਾਣਕਤਾ ਨੂੰ ਜਾਂਚਣ ਲਈ ਪ੍ਰੋਫ਼ੈਸਰ ਸਾਹਿਬ ਨੂੰ ਸ਼ਹੀਦ ਭਗਤ ਸਿੰਘ ਦੀ ਭਤੀਜੀ ਵੀਇੰਦਰ ਸੰਧੂ ਦੀ ਲਿਖੀ ਪੁਸਤਕ ‘ਯੁੱਗ ਪੁਰਸ਼ ਭਗਤ ਸਿੰਘ ਅਤੇ ਉਨ੍ਹਾਂ ਦੇ ਬਜ਼ੁਰਗ’ ਪੜ੍ਹਨੀ ਪਵੇਗੀ। ਮੈਂ ਬਹੁਤ ਸਾਰੇ ਇਤਿਹਾਸਕ ਨਾਟਕ ਲਿਖੇ ਅਤੇ ਖਿਡਾਏ ਹਨ। ਇਤਿਹਾਸਕ ਨਾਟਕ ਲਿਖਣ ਸਮੇਂ ਮੈਂ ਹਮੇਸ਼ਾਂ ਦੋ ਗੱਲਾਂ ਦਾ ਖ਼ਿਆਲ ਰੱਖਦਾ ਹਾਂ। ਪਹਿਲੀ ਇਹ ਕਿ ਖੋਜ ਅਤੇ ਤਰਕ ਦੇ ਆਧਾਰ ’ਤੇ ਇਤਿਹਾਸਕ ਸੱਚ ਪੇਸ਼ ਕੀਤਾ ਜਾਵੇ ਅਤੇ ਦੂਜਾ, ਇਹ ਨਾਟਕ ਅੱਜ ਦੇ ਸਮੇਂ ਨੂੰ ਵੀ ਸੰਬੋਧਿਤ ਹੋਵੇ। ਇਸ ਲਈ ਮੈਂ ਅਚੇਤ ਤੌਰ ’ਤੇ ਕੁਝ ਵੀ ਨਹੀਂ ਲਿਖਿਆ ਅਤੇ ਨਾ ਹੀ ਲਿਖਦਾ ਹਾਂ। ਆਪਣੀ ਟਿੱਪਣੀ ਦੇ ਆਰੰਭ ਵਿਚ ਪ੍ਰੋਫ਼ੈਸਰ ਤੇਜਵੰਤ ਗਿੱਲ ਨਾਟਕ ‘ਛਿਪਣ ਤੋਂ ਪਹਿਲਾਂ’ ਨੂੰ ਸਟੇਜੀ ਨਾਟਕ ਦਾ ਨਾਂ ਦਿੰਦੇ ਹਨ। ਮੇਰੇ ਵਿਚਾਰ ਅਨੁਸਾਰ ਨਾਟਕ ਕੋਈ ਵੀ ਹੋਵੇ, ਉਹ ਸਟੇਜ ਲਈ ਹੀ ਲਿਖਿਆ ਜਾਂਦਾ ਹੈ। ਸਾਹਿਤ ਦੀ ਇਹ ਵਿਧਾ ਦ੍ਰਿਸ਼-ਸਾਹਿਤ ਅਖਵਾਉਂਦੀ ਹੈ। ਦੁਨੀਆਂ ਭਰ ਦੇ ਸਾਰੇ ਨਾਟਕ ਸਟੇਜ ਲਈ ਹੀ ਲਿਖੇ ਗਏ ਹਨ ਅਤੇ ਉਨ੍ਹਾਂ ਨਾਟਕਾਂ ਨੂੰ ਹੀ ਸ਼ਾਹਕਾਰ ਕ੍ਰਿਤਾਂ ਦਾ ਦਰਜਾ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਸਟੇਜ ਪੱਖ ਤੋਂ ਕਾਮਯਾਬੀ ਮਿਲੀ ਹੈ। ਸੋ ਨਾਟਕ ਨਾ ਸਟੇਜੀ ਹੁੰਦਾ ਹੈ ਨਾ ਹੀ ਗ਼ੈਰ-ਸਟੇਜੀ… ਨਾਟਕ ਨਾਟਕ ਹੀ ਹੁੰਦਾ ਹੈ।

ਸੰਪਰਕ: 98551-09660


Comments Off on ਪੰਜਾਬੀ ਨਾਟਕਾਂ ’ਚ ਭਗਤ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.