ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਨਫ਼ਰਤ ਵਿਰੁੱਧ ਲੜਾਈ

Posted On March - 17 - 2019

ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਚ ਆਸਟਰੇਲਿਆਈ ਨਾਗਰਿਕ ਬਰੈਂਟਨ ਟੈਰੰਟ ਨੇ ਦੋ ਮਸਜਿਦਾਂ ਵਿਚ ਗੋਲੀਬਾਰੀ ਕਰਕੇ 49 ਵਿਅਕਤੀ ਮਾਰ ਦਿੱਤੇ ਅਤੇ 20 ਦੇ ਕਰੀਬ ਜ਼ਖ਼ਮੀ ਹੋ ਗਏ। ਇਸ ਦਹਿਸ਼ਤਗਰਦ ਨੇ ਲੋਕਾਂ ਨੂੰ ਮਾਰਦੇ ਸਮੇਂ ਇਸ ਕਤਲੇਆਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਲਾਈਵ ਸਾਂਝੀਆਂ ਕੀਤੀਆਂ। ਸੋਸ਼ਲ ਮੀਡੀਆ ਉੱਤੇ ਉਸ ਦੀਆਂ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਉਹ ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਹੈ ਅਤੇ ਇਸਲਾਮ-ਵਿਰੋਧੀ ਮੁਹਿੰਮਾਂ ਦੀ ਹਮਾਇਤ ਕਰਦਾ ਰਿਹਾ ਹੈ। ਆਪਣੀਆਂ ਪੋਸਟਾਂ ਵਿਚ ਉਸ ਨੇ 2017 ਤੋਂ ਇਸ ਹਮਲੇ ਦੀ ਤਿਆਰੀ ਸਬੰਧੀ ਮੰਨਿਆ ਹੈ। ਇਕ ਮਸਜਿਦ ਵਿਚ ਲੋਕਾਂ ਨੂੰ ਮਾਰਨ ਤੋਂ ਬਾਅਦ ਉਹ ਆਪਣੀ ਕਾਰ ਵਿਚ ਬੈਠ ਗਿਆ ਅਤੇ ਇਹ ਗੀਤ ਸੁਣਿਆ ‘‘ਆਈ ਐਮ ਦਿ ਗੌਡ ਆਫ਼ ਹੈੱਲਫਾਇਰ’’ (ਮੈਂ ਨਰਕ ਦੀ ਅੱਗ ਦਾ ਦੇਵਤਾ/ਰੱਬ ਹਾਂ) ਭਾਵ ਉਸ ਦੇ ਮਨ ਵਿਚ ਨਾ ਤਾਂ ਕੋਈ ਪਛਤਾਵਾ ਸੀ ਅਤੇ ਨਾ ਹੀ ਡਰ ਤੇ ਉਤੇਜਨਾ ਕਾਰਨ ਕੋਈ ਮਾਨਸਿਕ ਦਬਾਓ। ਨਫ਼ਰਤ ਵਿਚ ਭਿੱਜਿਆ ਇਹ ਮਨੁੱਖ ਮਾਨਵੀ ਭਾਵਨਾਵਾਂ ਤੋਂ ਪੂਰੀ ਤਰ੍ਹਾਂ ਬੇਗਾਨਾ ਹੋ ਚੁੱਕਾ ਸੀ।
1980ਵਿਆਂ ਤੋਂ ਅਮਰੀਕਾ ਅਤੇ ਯੂਰੋਪ ਵਿਚ ਇਸਲਾਮ ਤੇ ਮੁਸਲਮਾਨਾਂ ਦਾ ਵਿਰੋਧ ਬੜੀ ਤੇਜ਼ੀ ਨਾਲ ਵਧਿਆ। ਕੁਝ ਲੋਕ ਸਿਆਸੀ, ਸੱਭਿਆਚਾਰਕ ਤੇ ਸਮਾਜਿਕ ਪੱਧਰ ਉੱਤੇ ਹੀ ਮੁਸਲਮਾਨਾਂ ਦਾ ਵਿਰੋਧ ਨਹੀਂ ਕਰਦੇ ਸਗੋਂ ਵੱਡੇ ਪੱਧਰ ਉੱਤੇ ਨਫ਼ਰਤ ਫੈਲਾਉਂਦੇ ਹਨ ਜਿਸ ਨੂੰ ‘ਇਸਲਾਮੋਫੋਬੀਆ’ ਕਿਹਾ ਜਾਂਦਾ ਹੈ। ਅਵਾਮ ਵਿਚ ਇਹ ਚਿੰਤਾ, ਫ਼ਿਕਰ ਤੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੁਸਲਮਾਨਾਂ ਧੜਾਧੜ ਅਮਰੀਕਾ ਤੇ ਯੂਰੋਪ ਦੇ ਦੇਸ਼ਾਂ ਵਿਚ ਆ ਰਹੇ ਹਨ ਅਤੇ ਹੌਲੀ ਹੌਲੀ ਉਨ੍ਹਾਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਉੱਥੋਂ ਦੇ ਗੋਰੇ ਵਸਨੀਕ ਘੱਟਗਿਣਤੀ ਵਿਚ ਰਹਿ ਜਾਣਗੇ। ਇਹ ਕੁੜੱਤਣ ਭਰਿਆ ਪ੍ਰਚਾਰ ਨਸਲਵਾਦ ਦੀ ਵਿਚਾਰਧਾਰਾ ਨਾਲ ਡੂੰਘੇ ਰੂਪ ਵਿਚ ਜੁੜਿਆ ਹੋਇਆ ਹੈ। ਲੋਕਾਂ ਵਿਚ ਇਹ ਧਾਰਨਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਗੋਰੇ ਇਸਾਈਆਂ ਅਤੇ ਮੁਸਲਮਾਨਾਂ ਵਿਚਕਾਰ ਕੁਦਰਤੀ ਅਤੇ ਕਦੇ ਵੀ ਖ਼ਤਮ ਨਾ ਹੋਣ ਵਾਲੇ ਵਿਰੋਧ/ਦੁਸ਼ਮਣੀ ਹੈ; ਮੁਸਲਮਾਨ ਪਛੜੇ ਹੋਏ, ਪੁਰਾਤਨ ਵਿਚਾਰਾਂ ਵਾਲੇ, ਵਹਿਸ਼ੀ, ਜਾਲਮ ਤੇ ਹਿੰਸਕ ਲੋਕ ਹਨ; ਉਹ ਸੁਭਾਵਿਕ ਤੌਰ ’ਤੇ ਦਹਿਸ਼ਤਪਸੰਦ ਹਨ ਅਤੇ ਜਿਹਾਦ ਕਰਕੇ ਪੱਛਮੀ ਸੱਭਿਅਤਾ ਦਾ ਮਲੀਆਮੇਟ ਕਰ ਦੇਣਾ ਚਾਹੁੰਦੇ ਹਨ। ਕਈ ਦੇਸ਼ਾਂ ਵਿਚ ਇਹੋ ਜਿਹੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਹੜੀਆਂ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਨੂੰ ਆਪਣਾ ਧਾਰਮਿਕ ਤੇ ਰਾਸ਼ਟਰੀ ਫ਼ਰਜ਼ ਸਮਝਦੀਆਂ ਹਨ। ਫਰਾਂਸ ਵਿਚ ਮੁਸਲਮਾਨਾਂ ਦੀ ਆਮਦ ਨੂੰ ‘ਵੱਡੇ ਬਦਲਾਓ’ ਦੇ ਸਿਧਾਂਤ ਦੇ ਰੂਪ ਵਿਚ ਪ੍ਰਚਾਰਿਆ ਜਾਂਦਾ ਹੈ। ਅਮਰੀਕਾ ਵਿਚ ਕਈ ਜਥੇਬੰਦੀਆਂ ਜਿਵੇਂ ‘ਸਟਾਪ ਇਸਲਾਮਾਈਜੇਸ਼ਨ ਆਫ਼ ਅਮੈਰੀਕਾ’ (ਐੱਸਆਈਓਏ) ਅਤੇ ‘ਅਮੈਰੀਕਨ ਫਰੀਡਮ ਡਿਫੈਂਸ ਇਨਸ਼ੀਏਟਿਵ’ ਆਦਿ ਸੰਸਥਾਤਮਕ ਤੌਰ ’ਤੇ ਇਸਲਾਮ ਅਤੇ ਮੁਸਲਮਾਨਾਂ ਵਿਰੁੱਧ ਪ੍ਰਚਾਰ ਕਰਦੀਆਂ ਹਨ।
ਇੱਥੇ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਸਲਾਮ ਵਿਰੁੱਧ ਹੋ ਰਹੇ ਇਸ ਪ੍ਰਚਾਰ ਲਈ ਕੁਝ ਇਸਲਾਮੀ/ਮੁਸਲਿਮ ਚਿੰਤਕ ਅਤੇ ਦਹਿਸ਼ਤਗਰਦ ਜਥੇਬੰਦੀਆਂ ਵੀ ਜ਼ਿੰਮੇਵਾਰ ਹਨ। ਬਸਤੀਵਾਦ ਦੇ ਸਮਿਆਂ ਵਿਚ ਇੰਗਲੈਂਡ, ਫਰਾਂਸ ਅਤੇ ਹੋਰਨਾਂ ਨੇ ਕਈ ਉਨ੍ਹਾਂ ਦੇਸ਼ਾਂ ਨੂੰ ਗ਼ੁਲਾਮ ਬਣਾਇਆ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੁਸਲਮਾਨ ਰਹਿੰਦੇ ਸਨ। ਪੀੜਤ ਹੋਏ ਮੁਸਲਮਾਨਾਂ ਵਿਚੋਂ ਕਈਆਂ ਨੇ ਇਸ ਦਾ ਵਿਰੋਧ ਧਰਮ ਆਧਾਰਿਤ ਲਹਿਰਾਂ ਅਤੇ ਵਿਚਾਰਧਾਰਾਵਾਂ ਰਾਹੀਂ ਕੀਤਾ। ਕਈ ਮੁਸਲਮਾਨ ਚਿੰਤਕਾਂ ਨੇ ਇਹ ਮਹਿਸੂਸ ਕੀਤਾ ਕਿ ਪੱਛਮ ਦੇ ਇਸਾਈਆਂ ਨੇ ਏਸ਼ੀਆ ਤੇ ਅਫ਼ਰੀਕਾ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੀਆਂ ਬਾਦਸ਼ਾਹਤਾਂ ਤੋਂ ਵਿਰਵਿਆਂ ਕਰਕੇ ਉਨ੍ਹਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਹੈ। ਮੁਹੰਮਦ ਬਿਨ ਅਬਦ ਅਲ-ਵਹਾਬ (ਸਾਊਦੀ ਅਰਬ: 1703-92), ਜਮਾਲੁਦੀਨ ਅਲ-ਅਫਗਾਨੀ (ਇਰਾਨ/ਅਫ਼ਗ਼ਾਨਿਸਤਾਨ: 1839-97), ਮੁਹੰਮਦ ਅਬਦੂ (ਮਿਸਰ: 1849-1905), ਮੌਲਾਨਾ ਮੌਦੂਦੀ (ਹਿੰਦੋਸਤਾਨ: 1903-79) ਅਤੇ ਹੋਰ ਮੁਸਲਮਾਨ ਚਿੰਤਕਾਂ ਨੇ ਮੂਲਵਾਦੀ ਇਸਲਾਮੀ ਚਿੰਤਨ ਉਭਾਰਿਆ ਅਤੇ ਜਿਹਾਦ ਬਾਰੇ ਨਵੀਆਂ ਧਾਰਨਾਵਾਂ ਪੇਸ਼ ਕੀਤੀਆਂ। ਇਸਲਾਮੀ ਵਿਦਵਾਨਾਂ ਵਿਚ ਜਿਹਾਦ ਦੀ ਪ੍ਰੰਪਰਾ ਬਾਰੇ ਬਹਿਸ ਸਦੀਆਂ ਤੋਂ ਚਲਦੀ ਆਈ ਹੈ। ਕੁਝ ਵਿਦਵਾਨਾਂ ਅਨੁਸਾਰ ਜਿਹਾਦ ਦਾ ਮਤਲਬ ਬੰਦੇ ਦੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿਚਲਾ ਸੰਘਰਸ਼ ਹੈ; ਕੁਝ ਹੋਰ ਇਸ ਦੇ ਅਰਥਾਂ ਨੂੰ ਬੇਇਨਸਾਫ਼ੀ ਅਤੇ ਗ਼ੈਰ-ਇਸਲਾਮੀ ਸਿਆਸੀ ਨਿਜ਼ਾਮਾਂ ਵਿਰੁੱਧ ਸੰਘਰਸ਼ਾਂ ਨਾਲ ਜੋੜ ਕੇ ਵੇਖਦੇ ਹਨ। ਕੁਝ ਵਿਦਵਾਨ ਜਿਹਾਦ ਨੂੰ ਇਕ ਹਮਲਾਵਾਰਾਨਾ ਵਿਚਾਰਧਾਰਾ ਵਜੋਂ ਪੇਸ਼ ਕਰਦੇ ਹਨ। ਉਹ ਇਸਲਾਮ ਨੂੰ ਹਰ ਸੰਭਵ ਤਰੀਕੇ, ਜਿਨ੍ਹਾਂ ਵਿਚ ਹਿੰਸਕ ਕਾਰਵਾਈਆਂ ਵੀ ਸ਼ਾਮਲ ਹਨ, ਰਾਹੀਂ ਫੈਲਾਉਣ ਦੀ ਪ੍ਰੋੜ੍ਹਤਾ ਕਰਦੇ ਹਨ।
ਕੁਝ ਰਾਜਸੀ ਮਾਹਿਰ ਇਸ ਸਮੱਸਿਆ ਨੂੰ ਫ਼ਲਸਤੀਨ ਨਾਲ ਜੋੜ ਕੇ ਵੇਖਦੇ ਹਨ ਜਦੋਂ ਅਮਰੀਕਾ, ਇੰਗਲੈਂਡ ਤੇ ਹੋਰ ਪੱਛਮੀ ਤਾਕਤਾਂ ਨੇ ਫ਼ਲਸਤੀਨ ਦੀ ਧਰਤੀ ਉੱਤੇ ਯਹੂਦੀਆਂ ਦੇ ਹੱਕਾਂ ਨੂੰ ਮਾਨਤਾ ਦੇ ਕੇ ਇਜ਼ਰਾਈਲ ਦੀ ਹਸਤੀ ਨੂੰ ਸਵੀਕਾਰ ਕੀਤਾ। ਫ਼ਲਸਤੀਨੀਆਂ ਦੇ ਹੱਕਾਂ ਵਿਚ ਹੋਈਆਂ ਜੰਗਾਂ ਵਿਚ ਫ਼ਲਸਤੀਨੀਆਂ ਤੇ ਉਨ੍ਹਾਂ ਦੇ ਹਮਾਇਤੀ ਅਰਬ ਦੇਸ਼ਾਂ ਨੂੰ ਲਗਾਤਾਰ ਹਾਰ ਹੋਈ। ਬਾਅਦ ਵਿਚ ਫ਼ਲਸਤੀਨੀਆਂ ਨੇ ਦਹਿਸ਼ਤਪਸੰਦ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ। ਇਸ ਸਮੱਸਿਆ ਕਾਰਨ ਦੁਨੀਆਂ ਭਰ ਦੇ ਮੁਸਲਮਾਨਾਂ ਵਿਚ ਰੋਸ ਫੈਲਿਆ ਅਤੇ ਧਾਰਨਾ ਬਣੀ ਕਿ ਇਸਾਈ ਤੇ ਯਹੂਦੀ ਮੁਸਲਮਾਨਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਰਾਨ, ਇਰਾਕ ਅਤੇ ਮੱਧ-ਏਸ਼ੀਆ ਦੇ ਦੇਸ਼ਾਂ ਵਿਚ ਦਿੱਤੇ ਗਏ ਅਮਰੀਕੀ ਦਖ਼ਲ ਨਾਲ ਇਹ ਰੋਸ ਵਧਦਾ ਗਿਆ। ਪਰ ਇਨ੍ਹਾਂ ਦਹਾਕਿਆਂ ਵਿਚ ਇਕ ਖ਼ਾਸ ਘਟਨਾ ਸੋਵੀਅਤ ਯੂਨੀਅਨ ਦੁਆਰਾ ਅਫ਼ਗ਼ਾਨਿਸਤਾਨ ਵਿਚ ਦਿੱਤਾ ਗਿਆ ਦਖ਼ਲ ਸੀ। ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਲੜਨ ਲਈ ਅਮਰੀਕਾ ਨੇ ਪਾਕਿਸਤਾਨ ਵਿਚ ਮੂਲਵਾਦੀ ਤੇ ਦਹਿਸ਼ਤਪਸੰਦ ਮਦਰੱਸਿਆਂ ਤੇ ਜਥੇਬੰਦੀਆਂ ਨੂੰ ਸ਼ਹਿ ਦੇ ਕੇ ਜਿਹਾਦੀ ਪੈਦਾ ਕੀਤੇ। ਸੋਵੀਅਤ ਯੂਨੀਅਨ ਨੇ ਅਫ਼ਗ਼ਾਨਿਸਤਾਨ ਵਿਚੋਂ ਆਪਣੀਆਂ ਫ਼ੌਜਾਂ ਵਾਪਸ ਕਰ ਲਈਆਂ ਤੇ ਸਿੱਟੇ ਵਜੋਂ ਇਹ ਜਿਹਾਦੀ ਉੱਥੇ ਤਾਕਤ ਵਿਚ ਆ ਗਏ। ਅਲ-ਕਾਇਦਾ ਨਾਂ ਦੀ ਜਥੇਬੰਦੀ ਨੇ ਅਮਰੀਕਾ ’ਤੇ ਨਿਸ਼ਾਨਾ ਸਾਧਿਆ ਤੇ 11 ਸਤੰਬਰ ਨੂੰ ਅਮਰੀਕਾ ਦੇ ‘ਜੌੜੇ ਟਾਵਰਾਂ’ ’ਤੇ ਹਮਲਾ ਕੀਤਾ ਅਤੇ ਯੂਰੋਪ ਵਿਚ ਕਈ ਥਾਵਾਂ ’ਤੇ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ। ਇਨ੍ਹਾਂ ਕਾਰਵਾਈਆਂ ਕਾਰਨ ਅਮਰੀਕਾ ਤੇ ਯੂਰੋਪ ਵਿਚ ਇਸਲਾਮ ਅਤੇ ਮੁਸਲਮਾਨ-ਵਿਰੋਧੀ ਭਾਵਨਾਵਾਂ ਦਾ ਹੜ੍ਹ ਆ ਗਿਆ; ਇੱਥੋਂ ਤਕ ਕਿ ਇਸ ਨੂੰ ‘ਸੱਭਿਆਤਾਵਾਂ ਦੇ ਟਕਰਾਓ’ ਵਜੋਂ ਪੇਸ਼ ਕੀਤਾ ਗਿਆ।
ਇਸ ਸਾਰੇ ਘਟਨਾਕ੍ਰਮ ਦੇ ਵੱਡੇ ਪ੍ਰਸੰਗ ਹਨ। ਕਈ ਚਿੰਤਕ ਇਸ ਨੂੰ ਮੱਧਕਾਲੀਨ ਸਮਿਆਂ ਵਿਚ ਯੂਰੋਪ ਵਿਚ ਪਸਰੇ ਯਹੂਦੀਵਾਦ-ਵਿਰੋਧੀ ਚਿੰਤਨ ਨਾਲ ਮੇਲ ਕੇ ਵੇਖਦੇ ਹਨ। ਉਨ੍ਹਾਂ ਸਮਿਆਂ ਵਿਚ ਯਹੂਦੀਵਾਦ-ਵਿਰੋਧੀ ਵਿਚਾਰਧਾਰਾ ਲੋਕਾਂ ਦੇ ਮਨ ਵਿਚ ਏਨੀ ਡੂੰਘੀ ਤਰ੍ਹਾਂ ਨਾਲ ਘਰ ਕਰ ਗਈ ਸੀ ਕਿ ਮਹਾਨ ਲੇਖਕ ਤੇ ਚਿੰਤਕ ਵੀ ਉਸ ਦੇ ਸ਼ਿਕਾਰ ਹੋ ਗਏ। ਸੇਕਸ਼ਪੀਅਰ ਦੇ ਨਾਟਕ ‘ਮਰਚੈਂਟ ਆਫ਼ ਵੀਨਸ’ ਵਿਚ ਯਹੂਦੀ ਕਿਰਦਾਰ ਸ਼ਾਈਲਾਕ ਦੇ ਚਿੱਤਰਣ ਨੂੰ ਇਸ ਦੀ ਉੱਘੜਵੀਂ ਮਿਸਾਲ ਵਜੋਂ ਵੇਖਿਆ ਜਾਂਦਾ ਹੈ। ਮੱਧਕਾਲੀਨ ਸਮਿਆਂ ਦੇ ਇਸਾਈ ਧਰਮ ਸੁਧਾਰਕ ਮਾਰਟਿਨ ਲੂਥਰ ਦੀਆਂ ਲਿਖਤਾਂ ਵਿਚ ਯਹੂਦੀਵਾਦ-ਵਿਰੋਧ ਬੜੇ ਤਿੱਖ਼ੇ ਰੂਪ ਵਿਚ ਪ੍ਰਗਟ ਹੋਇਆ। ਵੀਹਵੀਂ ਸਦੀ ਵਿਚ ਯਹੂਦੀਵਾਦ-ਵਿਰੋਧ ਨੇ ਸਿਖ਼ਰਾਂ ਛੋਹੀਆਂ ਅਤੇ ਨਾਜ਼ੀਆਂ ਨੇ ਕਰੋੜਾਂ ਯਹੂਦੀਆਂ ਦਾ ਕਤਲੇਆਮ ਕੀਤਾ। ਦਲੀਲ ਦਿੱਤੀ ਜਾਂਦੀ ਹੈ ਕਿ ਪੱਛਮ ਦੇ ਗੋਰੇ ਇਸਾਈ ਸੰਸਾਰ ਨੂੰ ਆਪਣੀ ਪਹਿਚਾਣ ਬਣਾਉਣ ਲਈ ਇਕ ਵਿਰੋਧੀ/ਦੂਸਰੇ/ਪਰਾਏ/ਓਪਰੇ (ਦਿ ਅਦਰ) ਦੀ ਜ਼ਰੂਰਤ ਹੈ; ਪਹਿਲਾਂ ਯਹੂਦੀ ਵਿਰੋਧੀਆਂ ਵਜੋਂ ਚਿਤਰੇ ਜਾਂਦੇ ਸਨ ਤੇ ਹੁਣ ਮੁਸਲਮਾਨ। ਇਸਲਾਮ ਦਾ ਵਿਰੋਧ ਏਨਾ ਤਿੱਖ਼ਾ ਹੈ ਕਿ ਕਈ ਵਾਰ ਪ੍ਰਮੁੱਖ ਸਿਆਸਤਦਾਨ ਵੀ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦਿੰਦੇ ਹਨ। ਉਦਾਹਰਨ ਦੇ ਤੌਰ ’ਤੇ 2001 ਵਿਚ ਇਤਾਲਵੀ ਪ੍ਰਧਾਨ ਮੰਤਰੀ ਸਿਲਵੀਓ ਬਾਲੂਸਕੋਨੀ ਨੇ ਕਿਹਾ, ‘‘ਪੱਛਮੀ ਸੱਭਿਅਤਾ ਇਸਲਾਮੀ ਸੱਭਿਅਤਾ ਤੋਂ ਕਿਤੇ ਜ਼ਿਆਦਾ ਮਹਾਨ ਹੈ; ਸਾਨੂੰ ਯੂਰੋਪੀਅਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਛੜੇ ਹੋਏ ਅਰਬਾਂ ਨੂੰ ਜਿੱਤ ਕੇ ਉਨ੍ਹਾਂ ਦਾ ਪੱਛਮੀਕਰਨ ਕਰੀਏ।’’
ਇਸਲਾਮ ਦਾ ਵਿਰੋਧ ਕਰਨ ਵਿਚ ਇਸਾਈ ਤੇ ਯਹੂਦੀ ਕੱਟੜਪੰਥੀ ਹੁਣ ਇਕੱਠੇ ਹਨ। ਉਹ ਅਮਰੀਕਾ ਤੇ ਪੱਛਮ ਦੇ ਲੋਕਾਂ ਨੂੰ ਇਸਲਾਮ ਦੇ ਹਊਏ ਤੋਂ ਲਗਾਤਾਰ ਡਰਾਉਂਦੇ ਹਨ। ਇਹੋ ਜਿਹੀ ਵਿਚਾਰਧਾਰਾ ਸਾਡੇ ਦੇਸ਼ ਵਿਚ ਵੀ ਪਾਈ ਜਾਂਦੀ ਹੈ ਜਿਸ ਵਿਚ ਕਈ ਕੱਟੜਵਾਦੀ ਸੰਗਠਨ ਮੁਸਲਮਾਨਾਂ ਨੂੰ ਹਮਲਾਵਰ, ਸੱਭਿਅਤਾ ਨੂੰ ਤਬਾਹ ਕਰਨ ਵਾਲੇ, ਜਾਲਮ ਅਤੇ ਔਰਤਾਂ ਨਾਲ ਮਾੜਾ ਵਿਵਹਾਰ ਕਰਨ ਵਾਲੇ ਮਨੁੱਖਾਂ ਵਜੋਂ ਚਿਤਰਿਆ ਜਾਂਦਾ ਹੈ। ਕੁਝ ਚਿੰਤਕਾਂ ਨੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਹੈ ਕਿ ਨਾਜ਼ੀਵਾਦ ਦੇ ਉਦੈ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਯਹੂਦੀਵਾਦ-ਵਿਰੋਧ ਲੋਕਾਂ ਦੀ ਸੋਚ-ਸਮਝ ਵਿਚ ਰਚ-ਮਿਚ ਗਿਆ ਸੀ, ਉਸੇ ਤਰ੍ਹਾਂ ਹੀ ਇਸਲਾਮ-ਵਿਰੋਧ ਲੋਕਾਂ ਦੇ ਮਨ ਵਿਚ ਜ਼ਹਿਰ ਭਰ ਰਿਹਾ ਹੈ। ਲੋਕਾਂ ਦੇ ਮਨ ਵਿਚ ਲਗਾਤਾਰ ਜ਼ਹਿਰੀਲੇ ਪ੍ਰਚਾਰ ਰਾਹੀਂ ਫੈਲਾਈ ਜਾਂਦੀ ਕੁੜੱਤਣ ਤੇ ਨਫ਼ਰਤ ਦੇ ਗੰਭੀਰ ਨਤੀਜੇ ਨਿਕਲਦੇ ਹਨ। ਅਮਰੀਕਾ, ਯੂਰੋਪ ਅਤੇ ਹਿੰਦੋਸਤਾਨ ਵਿਚ ਹੋ ਰਹੇ ਇਸਲਾਮ ਵਿਰੋਧੀ ਤੁਅੱਸਬੀ ਪ੍ਰਚਾਰ ਵਿਚੋਂ ਇਸਲਾਮ ਦੀਆਂ ਮਨੁੱਖਤਾਵਾਦੀ ਰਵਾਇਤਾਂ ਤੇ ਪ੍ਰਾਪਤੀਆਂ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਅਤੇ ਇਕਪਾਸੜ ਤਸਵੀਰ ਪੇਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਪ੍ਰਚਾਰਾਂ ਕਰਕੇ ਹਜੂਮੀ ਹਿੰਸਾ ਅਤੇ ਨਿਊਜ਼ੀਲੈਂਡ ਵਿਚ ਹੁਣੇ ਹੁਣੇ ਹੋਈ ਦਹਿਸ਼ਤਪਸੰਦ ਘਟਨਾ ਜਿਹੇ ਹਾਦਸੇ ਹੁੰਦੇ ਹਨ। ਮੁਸਲਮਾਨ ਭਾਈਚਾਰੇ ਵਿਚ ਡਰ ਤੇ ਨਫ਼ਰਤ ਹੋਰ ਫੈਲਦੇ ਹਨ ਅਤੇ ਦਹਿਸ਼ਤਗਰਦ ਜਥੇਬੰਦੀਆਂ ਨੂੰ ਮੂਲਵਾਦੀ ਤੇ ਦਹਿਸ਼ਤਪਸੰਦ ਪ੍ਰਚਾਰ ਕਰਨ ਲਈ ਬਾਰੂਦ ਮਿਲਦਾ ਹੈ। ਮਾਨਵਵਾਦੀ ਅਤੇ ਲੋਕਹਿੱਤ ਦਾ ਖ਼ਿਆਲ ਕਰਨ ਵਾਲੀਆਂ ਜਥੇਬੰਦੀਆਂ ਅਤੇ ਅਵਾਮ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹੋ ਜਿਹੇ ਕੂੜ-ਪ੍ਰਚਾਰਾਂ ਦਾ ਵਿਰੋਧ ਕਰਨ, ਮੁਸਲਮਾਨ ਭਾਈਚਾਰੇ ਦਾ ਭਰੋਸਾ ਜਿੱਤਣ, ਉਨ੍ਹਾਂ ਨਾਲ ਸੰਵਾਦ ਰਚਾਇਆ ਤੇ ਭਾਈਚਾਰਕ ਸਾਂਝ ਵਧਾਈ ਜਾਏ ਅਤੇ ਇਹ ਯਕੀਨ ਦਿਵਾਇਆ ਜਾਏ ਕਿ ਨਫ਼ਰਤ ਵਿਰੁੱਧ ਲੜਾਈ ਵਿਚ ਅਸੀਂ ਸਾਰੇ ਇਕੱਠੇ ਹਾਂ; ਉਹ ਇਕੱਲੇ ਨਹੀਂ ਹਨ।

– ਸਵਰਾਜਬੀਰ


Comments Off on ਨਫ਼ਰਤ ਵਿਰੁੱਧ ਲੜਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.