ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਟਕਰਾਓ ਨਾਲ ਸਿੱਖਿਆ ਦਾ ਨੁਕਸਾਨ ਹੋਵੇਗਾ

Posted On March - 15 - 2019

ਗੁਰਦੀਪ ਸਿੰਘ ਢੁੱਡੀ

ਇਨ੍ਹੀਂ ਦਿਨੀਂ ਸਿੱਖਿਆ ਵਿਭਾਗ ਪਾਟੋਧਾੜ ਹੈ। ਇਕ ਪਾਸੇ ਵਿਭਾਗ ਦਾ ਸਕੱਤਰ ‘ਪੜ੍ਹੋ ਪੰਜਾਬ’ ਲਾਗੂ ਕਰਨ ਦੀ ਜ਼ਿੱਦ ਪੁਗਾਉਣ ਲਈ ਤਰ੍ਹਾਂ ਤਰ੍ਹਾਂ ਦੇ ਫ਼ਰਮਾਨ ਜਾਰੀ ਕਰ ਰਿਹਾ ਹੈ; ਦੂਜੇ ਪਾਸੇ ਖੱਖੜੀਆਂ ਕਰੇਲੇ ਹੋਈਆਂ ਅਧਿਆਪਕ ਜਥੇਬੰਦੀਆਂ ਇਕ ਮੁਹਾਜ਼ ‘ਤੇ ਇਕੱਤਰ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਵਿਖਾਵਾ ਕਰ ਰਹੀਆਂ ਹਨ। ਇਸ ਦਾ ਨਤੀਜਾ ਇਹ ਹੋਵੇਗਾ ਕਿ ਸਿੱਖਿਆ ਹੋਰ ਨਿਘਾਰ ਵੱਲ ਸਰਕੇਗੀ। ਲੋਕਾਂ ਵਿਚ ਇਹ ਪ੍ਰਭਾਵ ਜਾਵੇਗਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਤਾਂ ਹੁੰਦੀ ਨਹੀਂ ਹੈ, ਇੱਥੇ ਤਾਂ ਅਧਿਆਪਕਾਂ ਤੇ ਸਰਕਾਰ ਦੀ ਲੜਾਈ ਹੋ ਰਹੀ ਹੈ। ਅਧਿਆਪਕ ਕੇਵਲ ਧਰਨੇ ਮੁਜ਼ਾਹਰੇ ਕਰ ਰਹੇ ਹਨ। ਇੱਥੇ ਬੱਚਿਆਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਇਸ ਲਈ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਨਹੀਂ ਭੇਜਣਾ ਚਾਹੀਦਾ; ਭਾਵ ਲੋਕਾਂ ਵਿਚ ਬੇਗਾਨਗੀ ਦੀ ਭਾਵਨਾ ਹੋਰ ਵਧ ਜਾਵੇਗੀ ਅਤੇ ਸਰਕਾਰੀ ਸਕੂਲਾਂ ਤੋਂ ਲੋਕਾਂ ਦਾ ਰਹਿੰਦਾ ਖੂੰਹਦਾ ਵਿਸ਼ਵਾਸ ਵੀ ਉੱਠ ਜਾਵੇਗਾ।
ਦੇਖਿਆ ਜਾਵੇ ਤਾਂ ਸਿੱਖਿਆ ਸਕੱਤਰ, ਕਾਮਾ ਆਈਏਐੱਸ ਅਫ਼ਸਰ ਹੈ। ਜ਼ਿਲ੍ਹਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਵਰਤਮਾਨ ਅਹੁਦੇ ਤੱਕ ਉਨ੍ਹਾਂ ਮਿਹਨਤ ਕੀਤੀ ਹੈ ਅਤੇ ਕੁੱਝ ਥਾਵਾਂ ‘ਤੇ ਸਾਰਥਿਕ ਸਿੱਟੇ ਵੀ ਹਾਸਲ ਕੀਤੇ ਹਨ ਪਰ ਲੋੜੋਂ ਜ਼ਿਆਦਾ ਕੇਵਲ ਆਪਣੀ ਹੀ ਗੱਲ ਨੂੰ ਪੁਗਾਉਣ ਵਾਲੀ ਉਨ੍ਹਾਂ ਦੀ ਜ਼ਿੱਦ ਨੇ ਸਿੱਖਿਆ ਵਿਭਾਗ ਵਿਚ ਡੀਜੀਐੱਸਈ ਹੁੰਦਿਆਂ ਅਤੇ ਹੁਣ ਸਿੱਖਿਆ ਸਕੱਤਰ ਹੁੰਦਿਆਂ ਅਧਿਆਪਕ ਜਥੇਬੰਦੀਆਂ ਨਾਲ ਆਢਾ ਲਾਈ ਰੱਖਿਆ ਹੈ। ਅਧਿਆਪਕ ਜਥੇਬੰਦੀਆਂ ਦੇ ਨੇਤਾਵਾਂ ਵਿਚ ਸਿੱਖਿਆ ਵਿਚ ਆਈਆਂ ਕਮਜ਼ੋਰੀਆਂ ਦੂਰ ਕਰਨ ਦੀ ਇੱਛਾ ਤਾਂ ਹੁੰਦੀ ਹੈ ਪਰ ਵਿਭਾਗ ਦੇ ਆਹਲਾ ਅਫ਼ਸਰ ਨਾਲ ਇਕਸੁਰਤਾ ਨਾ ਹੋਣ ਕਰਕੇ ਅਕਸਰ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪੈਂਦਾ ਹੈ। ਇਹ ਜ਼ਿੱਦ ਪੁਗਾਉਣ ਅਤੇ ਆਢਾ ਲਾਉਣ ਕਰਕੇ ਪਹਿਲਾਂ ਹੀ ਸੰਤਾਪ ਭੋਗ ਰਹੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਿਚ ਵਿਦਿਅਕ ਪ੍ਰਾਪਤੀ ਪੱਖੋਂ ਹੋਰ ਵੀ ਨਿਘਾਰ ਆਉਣਾ ਹੈ। ਸਭ ਤੋਂ ਜ਼ਿਆਦਾ ਅਸਰ ਪ੍ਰਾਇਮਰੀ ਸਿੱਖਿਆ ਉੱਤੇ ਪੈਣਾ ਹੈ। ਉਂਜ, ਸੈਕੰਡਰੀ ਵਿੰਗ ਦਾ ਵੀ ਮਾੜਾ ਹਾਲ ਹੋਣਾ ਹੈ। ਨਾਲੇ ਜੇ ਨੀਂਹ ਕਮਜ਼ੋਰ ਹੋਵੇ ਤਾਂ ਮਜ਼ਬੂਤ ਇਮਾਰਤ ਦੀ ਉਸਾਰੀ ਨਹੀਂ ਹੋ ਸਕਦੀ।
ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਜਾਣ ਤੋਂ ਰੋਕਣ ਲਈ ਸਰਕਾਰ ਨੇ ਪ੍ਰੀ-ਪ੍ਰਾਇਮਰੀ ਸਿੱਖਿਆ ਵਾਲਾ ਬੜਾ ਹੀ ਪੇਤਲਾ ਜੁਮਲਾ ਸ਼ੁਰੂ ਕਰ ਦਿੱਤਾ। ਨਾ ਵਿਸ਼ੇਸ਼ ਸਿਖਲਾਈਯਾਫ਼ਤਾ ਅਧਿਆਪਕ, ਨਾ ਨੰਨ੍ਹੇ ਬੱਚਿਆਂ ਲਈ ਲੋੜੀਂਦੀਆਂ ਵਿਸ਼ੇਸ਼ ਸਹੂਲਤਾਂ। ਦੇਖਿਆ ਜਾਵੇ ਤਾਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਤਾਂ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈ, ਫਿਰ ਵੀ ਪ੍ਰਾਈਵੇਟ ਸਕੂਲ ਜਨਤਾ ਨੂੰ ਕਿਉਂ ਖਿੱਚ ਰਹੇ ਹਨ? ਸਰਕਾਰੀ ਸਕੂਲਾਂ ਵਾਸਤੇ ਸਹੂਲਤਾਂ (ਅੱਠਵੀਂ ਜਮਾਤ ਤੱਕ ਮੁਫ਼ਤ ਸਿੱਖਿਆ, ਵਰਦੀ, ਪੁਸਤਕਾਂ, ਮਿੱਡ-ਡੇ ਮੀਲ, ਕੰਪਿਊਟਰ ਸਿੱਖਿਆ, ਅੰਗਰੇਜ਼ੀ ਮੀਡੀਅਮ, ਸਮਾਰਟ ਸਕੂਲ ਆਦਿ) ਵੀ ਪ੍ਰਾਈਵੇਟ ਸਕੂਲਾਂ ਦੀ ਖਿੱਚ ਨੂੰ ਘਟਾ ਨਹੀਂ ਸਕੇ ਤਾਂ ਫਿਰ ਪ੍ਰੀ-ਪ੍ਰਾਇਮਰੀ ਸਿੱਖਿਆ ਕੀ ਰੰਗ ਦਿਖਾਏਗੀ? ਵਿਦਿਆ ਅੱਖਾਂ ਨਾਲ ਦੇਖਣ ਵਾਲੀ ਕੋਈ ਵਸਤੂ ਨਹੀਂ ਹੁੰਦੀ, ਇਹ ਪ੍ਰਾਪਤੀ ਤਾਂ ਆਪਣੇ ਆਪ ਬੋਲਦੀ ਹੈ। ਸਰਕਾਰੀ ਸਕੂਲਾਂ ਦੇ ਪਾੜ੍ਹੇ ਜੇਕਰ ਐੱਨਟੀਐੱਸਈ, ਐਂਟਰੈਂਸ ਟੈਸਟ ਵਰਗੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲ ਖੜ੍ਹਨਗੇ ਤਾਂ ਇਹ ਸਮਝਿਆ ਜਾਵੇਗਾ ਕਿ ਸਰਕਾਰੀ ਸਕੂਲਾਂ ਵਿਚ ਵੀ ਪੜ੍ਹਾਈ ਦਾ ਸਤਰ ਉੱਚਾ ਹੋਇਆ ਹੈ। ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਕਿੰਨੇ ਵਿਦਿਆਰਥੀ ਹੁਣ ਡਾਕਟਰ, ਇੰਜੀਨੀਅਰ, ਵਿਗਿਆਨੀ ਬਣ ਰਹੇ ਹਨ ਤੇ ਸਿਵਲ ਸੇਵਾਵਾਂ ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ? ਇਹ ਵੱਡਾ ਸੁਆਲ ਹੈ।
ਸਰਕਾਰੀ ਸਕੂਲਾਂ ਦਾ ਵਿਦਿਅਕ ਪੱਧਰ ਡਿੱਗਣ ਵਿਚ ਕੇਵਲ ਅਧਿਆਪਕ ਹੀ ਦੋਸ਼ੀ ਨਹੀਂ ਹਨ। ਅਧਿਆਪਕਾਂ ਵਿਚ ਸਮਰਪਣ ਦੀ ਉਹ ਭਾਵਨਾ ਭਾਵੇਂ ਮਰ ਚੁੱਕੀ ਹੈ ਜਿਹੜੀ ਅਧਿਆਪਕ ਦੇ ਅਰਥਾਂ ਦੀ ਵਾਹਕ ਬਣਦੀ ਹੈ ਪਰ ਇਸ ਵਿਚ ਕਸੂਰ ਕਿਸ ਦਾ ਹੈ? ਸਭ ਤੋਂ ਸਿਖ਼ਰਲਾ ਕਸੂਰ ਸਿਆਸਤ ਦਾ ਹੈ। ਸਿਆਸਤ ਨੇ ਜ਼ਿੰਦਗੀ ਦੇ ਹਰ ਸ਼ੋਬ੍ਹੇ ਵਿਚ ਘੁਸਪੈਠ ਕੀਤੀ ਹੋਈ ਹੈ ਅਤੇ ਸਿੱਖਿਆ ਵਿਭਾਗ (ਤੇ ਪੁਲੀਸ ਵੀ) ਨੂੰ ਤਾਂ ਇਹ ਆਪਣਾ ਹੱਥਠੋਕਾ ਮੰਨਦੀ ਹੈ। ਅਧਿਆਪਕ ਦੀ ਚੋਣ ਤੋਂ ਲੈ ਕੇ ਬਦਲੀ ਤੱਕ ਸਾਰੇ ਕੰਮ ਕੇਵਲ ਸਿਆਸੀ ਸਰਪ੍ਰਸਤੀ ਨਾਲ ਹੀ ਸੰਭਵ ਹੁੰਦੇ ਹਨ। ਸਰਕਾਰੀ ਸਹੂਲਤਾਂ (ਵਜ਼ੀਫ਼ਾ ਤੇ ਸਾਈਕਲ ਵੰਡਣ, ਕੋਈ ਸਰਕਾਰੀ ਗ੍ਰਾਂਟ ਦੇਣ ਆਦਿ) ਸਮੇਂ ਸਿਆਸੀ ਆਗੂਆਂ ਨੂੰ ਬੁਲਾ ਕੇ ਸਕੂਲ ਦੀ ਪੜ੍ਹਾਈ ਨੂੰ ਗੁਆਉਣਾ ਪੈਂਦਾ ਹੈ। ਦੂਜੇ ਪਾਸੇ ਸਰਕਾਰ ਦੇ ਆਹਲਾ ਅਧਿਕਾਰੀਆਂ ਦਾ ਅਧਿਆਪਕਾਂ ਪ੍ਰਤੀ ਵਤੀਰਾ ਦੇਖਿਆ ਜਾ ਸਕਦਾ ਹੈ। ਅਧਿਆਪਕਾਂ ਨੂੰ ਸਕੂਲਾਂ ਵਿਚੋਂ ਕੱਢਣ ਸਮੇਂ ਛੋਟੇ ਅਧਿਕਾਰੀ ਤੋਂ ਲੈ ਕੇ ਹਰ ਵੱਡਾ ਅਧਿਕਾਰੀ ਇਹ ਸਮਝਦਾ ਹੈ ਕਿ ਅਧਿਆਪਕਾਂ ਦਾ ਪੜ੍ਹਾਉਣਾ ਅਸਲ ਕਾਰਜ ਹੀ ਨਹੀਂ ਹੈ ਸਗੋਂ ਉਨ੍ਹਾਂ ਦੇ ਹੁਕਮਾਂ ਦੀ ਤਾਮੀਲ ਕਰਨੀ ਅਧਿਆਪਕ ਦਾ ਪਹਿਲਾ ਅਤੇ ਅਖੀਰਲਾ ਫ਼ਰਜ਼ ਹੈ। ਪੜ੍ਹਾਉਣ ਨੂੰ ਤਾਂ ਕਿਸੇ ਵੀ ਪੱਧਰ ‘ਤੇ ਕੋਈ ਕੰਮ ਹੀ ਨਹੀਂ ਗਿਣਿਆ ਜਾਂਦਾ।
ਸਾਲ 2017-18 ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਟ੍ਰਿਬਿਊਨ ਗਰੁੱਪ ਨੇ ਮਾੜੇ ਨਤੀਜਿਆਂ ਦੇ ਕਾਰਨਾਂ ਦੀ ਥਹੁ ਪਾਉਣ ਲਈ ਅੰਕੜੇ ਇਕੱਤਰ ਕਰਦਿਆਂ ਇਹ ਸਿੱਟਾ ਕੱਢਿਆ ਸੀ ਕਿ ਬਦਤਰ ਨਤੀਜਿਆਂ ਵਾਲੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਬਹੁਤਾ ਸਮਾਂ ਖਾਲੀ ਰਹੀਆਂ ਹਨ। ਦਫ਼ਤਰਾਂ ਵਿਚ ਫ਼ਾਈਲਾਂ ਵਾਲਾ ਕੰਮ ਕਰਨ ਵਾਲਾ ਅਧਿਆਪਕਾਂ ਦਾ ਨਹੀਂ ਹੈ ਕਿ ਇਕ ਸੀਟ ‘ਤੇ ਕੰਮ ਕਰਨ ਵਾਲਾ ਨਹੀਂ ਆਇਆ ਤਾਂ ਦੂਜੀ ਸੀਟ ਵਾਲਾ ਕੰਮ ਕਰ ਲਵੇਗਾ। ਗਣਿਤ ਵਿਸ਼ਾ ਕੇਵਲ ਗਣਿਤ ਅਧਿਆਪਕ ਹੀ ਪੜ੍ਹਾ ਸਕਦਾ ਹੈ। ਇਕ ਦਿਨ ਬਲਕਿ ਇਕ ਸਕੂਲ ਵਿਚ ਜਮਾਤ ਦਾ ਇਕ ਪੀਰੀਅਡ ਛੁੱਟਣ ਦਾ ਅਰਥ ਹੈ ਕਿ ਬੱਚੇ ਓਨੇ ਸਮੇਂ ਲਈ ਪਛੜ ਗਏ ਹਨ। ‘ਪੜ੍ਹੋ ਪੰਜਾਬ’ ਜਾਂ ਹੋਰ ਕੋਈ ਤਕਨੀਕ ਅਧਿਆਪਕ ਦੇ ਕਾਰਜ ਤੋਂ ਕੋਈ ਵਧੇਰੇ ਚੰਗੇਰੀ ਨਹੀਂ ਹੈ। ਫਿਰ ਵੀ ਜੇ ਕੁੱਝ ਸਿਖਾਉਣਾ ਜਾਂ ਨਵਾਂ ਦੇਣਾ ਜਾਂ ਕਰਾਉਣਾ ਜਾਂ ਕਰਨਾ ਹੈ ਤਾਂ ਇਸ ਲਈ ਸਲਾਹਕਾਰ ਹੋਣਾ ਚਾਹੀਦਾ ਹੈ, ਡਿਕਟੇਟਰ ਨਹੀਂ। ਇੱਥੇ ਸਾਰਾ ਕੁੱਝ ਥੋਪਿਆ ਜਾਂਦਾ ਹੈ, ਅਧਿਆਪਕ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ।
ਸਿੱਖਿਆ ਵਿਭਾਗ ਨੂੰ ਸਹੀ ਅਰਥਾਂ ਵਿਚ ਲੀਹ ‘ਤੇ ਲਿਆਉਣ ਲਈ ਦੋ ਕੰਮ ਜ਼ਰੂਰੀ ਹਨ। ਪਹਿਲਾ, ਅਧਿਆਪਕ ਦੀ ਕੋਈ ਅਸਾਮੀ ਖਾਲੀ ਨਾ ਰਹੇ ਅਤੇ ਦੂਜਾ ਅਧਿਆਪਕ ਤੋਂ ਸਕੂਲ ਤੋਂ ਬਾਹਰਲੇ ਕੰਮ ਘੱਟ ਤੋਂ ਘੱਟ ਲਏ ਜਾਣ। ਸਕੂਲਾਂ ਵਿਚੋਂ ਸਿਆਸੀ ਦਖ਼ਲਅੰਦਾਜ਼ੀ ਹਰ ਹਾਲਤ ਬੰਦ ਹੋਣੀ ਚਾਹੀਦੀ ਹੈ। ਜਿਵੇਂ ਸਿੱਖਿਆ ਸਕੱਤਰ ਨੇ ਅਧਿਆਪਕਾਂ ਦੇ ਦਫ਼ਤਰੀ ਕੰਮ ਬਹੁਤ ਸੁਖਾਲੇ ਕੀਤੇ ਹਨ, ਇਵੇਂ ਹੀ ਹੋਰ ਯਤਨ ਹੋਣੇ ਚਾਹੀਦੇ ਹਨ। ਲੋੜ ਅਨੁਸਾਰ ਸਿੱਖਿਆ ਦੇ ਬਜਟ ਵਿਚ ਵਾਧਾ ਕਰਨ ਨੂੰ ਪਹਿਲ ਦਿੱਤੀ ਜਾਵੇ; ਸੰਭਵ ਹੋਵੇ ਤਾਂ ਵਿਦਿਆਰਥੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ। ਸਕੂਲਾਂ ਵਿਚ ਵਿਦਿਅਕ ਮਾਹੌਲ ਉਸਾਰਨ ਲਈ ਪੇਤਲੇ ਨਹੀਂ ਸਗੋਂ ਕਾਰਗਰ ਯਤਨ ਕਰਨੇ ਚਾਹੀਦੇ ਹਨ। ਸਰਕਾਰ ਅਤੇ ਅਧਿਆਪਕਾਂ ਦੇ ਟਕਰਾਓ ਨੂੰ ਪ੍ਰਾਪਤੀ ਜਾਂ ਕਿਸੇ ਹੋਰ ਤਰ੍ਹਾਂ ਦੀ ਹਓਮੈ ਦੀ ਪੂਰਤੀ ਵਾਲੀ ਗੱਲ ਨੂੰ ਨਕਾਰਦਿਆਂ ਸੁਹਿਰਦ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਸੰਪਰਕ: 95010-20731


Comments Off on ਟਕਰਾਓ ਨਾਲ ਸਿੱਖਿਆ ਦਾ ਨੁਕਸਾਨ ਹੋਵੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.