ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਕਿਸਾਨਾਂ ਵੱਲੋਂ ਐਚਡੀਐਫਸੀ ਅਤੇ ਸਹਿਕਾਰੀ ਵਿਕਾਸ ਬੈਂਕ ਦਾ ਘਿਰਾਓ

Posted On March - 15 - 2019

ਬਠਿੰਡਾ ਵਿੱਚ ਖੇਤੀਬਾੜੀ ਵਿਕਾਸ ਬੈਂਕ ਦਾ ਘਿਰਾਓ ਕਰਨ ਜਾਂਦੇ ਬੀ.ਕੇ.ਯੂ. ਉਗਰਾਹਾਂ ਦੇ ਕਾਰਕੁਨਾਂ ਨੂੰ ਰੋਕਦੀ ਹੋਈ ਪੁਲੀਸ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 14 ਮਾਰਚ
ਕਿਸਾਨਾਂ ਤੋਂ ਬੈਂਕਾਂ ਕੋਲ ਪਏ ਚੈੱਕ ਵਾਪਸ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਪੰਜ ਮਾਰਚ ਤੋਂ ਚੱਲ ਰਹੇ ਸੰਘਰਸ਼ੀ ਪੰਦਰਵਾੜੇ ਤਹਿਤ ਅੱਜ ਜ਼ਿਲ੍ਹੇ ਵਿੱਚ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ, ਜੋ ਅਸਫ਼ਲ ਰਹੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਸਾਰੀਆਂ ਬੈਂਕਾਂ ਵੱਲੋਂ ਕਿਸਾਨਾਂ ਦੇ ਖ਼ਾਲੀ ਚੈੱਕ ਵਾਪਸ ਨਹੀਂ ਕੀਤੇ ਜਾਂਦੇ ਘਿਰਾਓ ਜਾਰੀ ਰਹੇਗਾ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਅਤੇ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਦੱਬੇ ਜਾ ਰਹੇ ਹਨ। ਕਰਜ਼ੇ ਅਤੇ ਆਰਥਿਕ ਤੰਗੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਬੈਂਕਾਂ ਵੱਲੋਂ ਖ਼ਾਲੀ ਚੈੱਕਾਂ ਦੀ ਦੁਰਵਰਤੋਂ ਕਰ ਕੇ ਕਿਸਾਨਾਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਇਸ ਮੌਕੇ ਕਿਸਾਨੀ ਮੰਗਾਂ ਦਾ ਜ਼ਿਕਰ ਕੀਤਾ। ਧਰਨਾਕਾਰੀਆਂ ਨੂੰ ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੂੰਬਾ, ਜਗਦੇਵ ਸਿੰਘ ਜੋਗੇਵਾਲਾ, ਬਾਬੂ ਸਿੰਘ ਮੰਡੀ ਖ਼ੁਰਦ, ਹੁਸ਼ਿਆਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ ਆਦਿ ਨੇ ਸੰਬੋਧਨ ਕੀਤਾ। ਦੇਰ ਸ਼ਾਮ ਕਿਸਾਨਾਂ ਅਤੇ ਬੈਂਕ ਅਧਿਕਾਰੀਆਂ ਵਿਚਾਲੇ ਸਹਿਮਤੀ ਬਣ ਗਈ। ਇਸ ਤੋਂ ਬਾਅਦ ਬੈਂਕ ਦੇ ਜ਼ਿਲ੍ਹਾ ਮੈਨੇਜਰ ਨੇ ਕਰਜ਼ਾ ਪੀੜਤ ਕਿਸਾਨਾਂ ਦੀ ਸੂਚੀ ਮੰਗ ਲਈ। ਅਧਿਕਾਰੀਆਂ ਨੇ ਧਰਨੇ ’ਤੇ ਬੈਠੇ 4 ਕਿਸਾਨਾਂ ਨੂੰ ਚੈੱਕ ਦੇਣ ਦੀ ਪੇਸ਼ਕਸ਼ ਕੀਤੀ ਪਰ ਜਥੇਬੰਦੀ ਸਾਰੇ ਕਿਸਾਨਾਂ ਦੇ ਚੈੱਕ ਵਾਪਸ ਕਰਨ ’ਤੇ ਅੜੀ ਹੋਈ ਸੀ। ਖ਼ਬਰ ਲਿਖੇ ਜਾਣ ਤੱਕ 20 ਕਿਸਾਨਾਂ ਦੀ ਸੂਚੀ ਬੈਂਕ ਨੂੰ ਦਿੱਤੀ ਗਈ ਸੀ ਤੇ ਜਥੇਬੰਦੀ ਦੇ ਆਗੂ ਸਿੰਗਾਰਾ ਸਿੰਘ ਮਾਨ ਨਾਲ ਬੈਂਕ ਅਧਿਕਾਰੀਆਂ ਦੀ ਮੀਟਿੰਗ ਜਾਰੀ ਸੀ।
ਭੀਖੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਚਡੀਐਫਸੀ ਬੈਂਕ ਦੀ ਸਥਾਨਕ ਸ਼ਾਖ਼ਾ ਦਾ ਘਿਰਾਓ ਕੀਤਾ ਗਿਆ। ਇਹ ਘਿਰਾਓ ਕਰਜ਼ਾ ਦੇਣ ਬਦਲੇ ਜ਼ਮੀਨੀ ਰਜਿਸਟਰੀ ਦੇ ਨਾਲ ਕਿਸਾਨਾਂ ਦੇ ਦਸਤਖ਼ਤਾਂ ਵਾਲੇ ਲਏ ਖਾਲੀ ਚੈੱਕ ਵਾਪਸ ਲੈਣ ਲਈ ਦਿੱਤਾ ਗਿਆ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਾਨੂੰਨ ਤਹਿਤ ਕੋਈ ਵੀ ਬੈਂਕ ਦਸਤਖ਼ਤਾਂ ਵਾਲੇ ਖਾਲੀ ਚੈੱਕ ਨਹੀਂ ਲੈ ਸਕਦਾ। ਪੂਰੇ ਪੰਜਾਬ ’ਚ ਬੈਂਕਾਂ ਦੇ ਅਧਿਕਾਰੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਕਿਸ਼ਤ ਨਾ ਮੁੜਨ ਦੀ ਸ਼ਰਤ ’ਚ ਚੈੱਕ ਬਾਊਂਸ ਕਰਵਾ ਕੇ ਕਿਸਾਨ ਦੇ ਖਿਲਾਫ਼ ਧਾਰਾ 138 ਤਹਿਤ ਕੇਸ ਦਾਖਲ ਕਰਾਇਆ ਜਾਂਦਾ ਹੈ, ਜਿਸ ਕਾਰਨ ਮਜਬੂਰ ਹੋ ਕੇ ਪੀੜਿਤ ਕਿਸਾਨ ਖੁਦਕੁਸ਼ੀ ਕਰਦਾ ਹੈ, ਜਾਂ ਗੁਜ਼ਾਰੇ ਜੋਗੀ ਜ਼ਮੀਨ ਵੇਚਣ ਲਈ ਕਦਮ ਚੁੱਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਲੁਧਿਆਣਾ ’ਚ ਲੱਗੇ ਪੰਜ ਰੋਜ਼ਾ ਮੋਰਚੇ ਦੌਰਾਨ ਬੈਂਕ ਅਧਿਕਾਰੀਆਂ ਨੇ ਮੰਨਿਆ ਕਿ ਪੂਰੇ ਪੰਜਾਬ ’ਚ ਕਿਸਾਨਾਂ ਕੋਲੋਂ ਲਏ ਗਏ ਖਾਲੀ ਚੈੱਕ ਵਾਪਿਸ ਕਰ ਦਿੱਤੇ ਜਾਣਗੇ ਪਰ ਅਜੇ ਤੱਕ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ, ਜਿਸ ਤੋਂ ਮਜਬੂਰ ਹੋ ਕੇ ਜਥੇਬੰਦੀ ਵਲੋਂ ਬੈਂਕ ਅਧਿਕਾਰੀਆਂ ਦੇ ਘਿਰਾਉ ਕਰਨੇ ਪੈ ਰਹੇ ਹਨ।


Comments Off on ਕਿਸਾਨਾਂ ਵੱਲੋਂ ਐਚਡੀਐਫਸੀ ਅਤੇ ਸਹਿਕਾਰੀ ਵਿਕਾਸ ਬੈਂਕ ਦਾ ਘਿਰਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.