ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    

ਕਾਂਗਰਸ ਦੀ ਚੋਣ ਰਣਨੀਤੀ

Posted On March - 14 - 2019

12 ਮਾਰਚ 1930 ਨੂੰ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਵੱਲੋਂ ਲੂਣ ਬਣਾਉਣ ’ਤੇ ਲੱਗੀ ਪਾਬੰਦੀ ਵਿਰੁੱਧ ‘ਡਾਂਡੀ ਯਾਤਰਾ’ ਆਰੰਭੀ ਸੀ ਜੋ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋ ਕੇ ਸਮੁੰਦਰ ਕੰਢੇ ਵਸੇ ਪਿੰਡ ਡਾਂਡੀ ਤਕ ਗਈ ਜਿੱਥੇ ਗਾਂਧੀ ਜੀ ਨੇ ਲੂਣ ਬਣਾ ਕੇ ਅੰਗਰੇਜ਼ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ। ਕਾਂਗਰਸ ਪਾਰਟੀ ਨੇ ਵੀ ਅਗਲੀਆਂ ਲੋਕ ਸਭਾ ਚੋਣਾਂ ਵਿਚ ਰਣਨੀਤੀ ਤੈਅ ਕਰਨ ਲਈ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ 12 ਮਾਰਚ (ਮੰਗਲਵਾਰ) ਵਾਲੇ ਦਿਨ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਸੰਘਰਸ਼ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਖ਼ਿਲਾਫ਼ ਆਰੰਭਿਆ ਸੀ, ਕਾਂਗਰਸ ਭਾਰਤੀ ਜਨਤਾ ਪਾਰਟੀ ਵਿਰੁੱਧ ਉਸੇ ਤਰ੍ਹਾਂ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਮੌਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘‘ਮਹਾਤਮਾ ਗਾਂਧੀ ਦੇ ਇਤਿਹਾਸਕ ਡਾਂਡੀ ਮਾਰਚ ਦੀ ਵਰ੍ਹੇਗੰਢ ਮੌਕੇ ਕਾਂਗਰਸ ਵਰਕਿੰਗ ਕਮੇਟੀ ਨੇ ਆਰਐੱਸਐੱਸ/ਭਾਜਪਾ ਦੀ ਫਾਸ਼ੀਵਾਦੀ, ਨਫ਼ਰਤ ਤੇ ਵੰਡ ਪਾਉਣ ਵਾਲੀ ਵਿਚਾਰਧਾਰਾ ਨੂੰ ਹਰਾਉਣ ਦਾ ਅਹਿਦ ਲਿਆ ਹੈ।’’ ਕਾਂਗਰਸ ਅਨੁਸਾਰ ਦੇਸ਼ ਕੌਮੀ ਸੁਰੱਖਿਆ ਦੇ ਮੁੱਦਿਆਂ ’ਦੇ ਇਕਜੁੱਟ ਹੈ ਪਰ ਮੌਜੂਦਾ ਸਰਕਾਰ ਇਸ ਮੁੱਦੇ ’ਤੇ ਖਿਲਵਾੜ ਕਰ ਰਹੀ ਹੈ। ਵਰਕਿੰਗ ਕਮੇਟੀ ਵਿਚ ਪਾਸ ਕੀਤੇ ਗਏ ਮਤੇ ਵਿਚ ਦੋਸ਼ ਲਾਇਆ ਗਿਆ ਕਿ ਦੇਸ਼ ਦੀਆਂ ਔਰਤਾਂ, ਵਿਦਿਆਰਥੀਆਂ, ਵਿਦਵਾਨਾਂ ਤੇ ਲੇਖਕਾਂ ਅੰਦਰ ਡਰ ਦਾ ਮਾਹੌਲ ਹੈ। ਮਤੇ ਵਿਚ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਅਤੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ’ਤੇ ਕੀਤੇ ਜਾ ਰਹੇ ਹਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ।
ਕਾਂਗਰਸ ਹੁਣ ਸਰਬਹਿੰਦ ਆਧਾਰ ਵਾਲੀ ਪਾਰਟੀ ਨਹੀਂ ਰਹੀ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਦਿੱਲੀ ਵਿਚ ਕਾਂਗਰਸ ਦੇ ਆਧਾਰ ਨੂੰ ਖ਼ੋਰਾ ਲੱਗਾ ਹੈ। ਪਾਰਟੀ ਦੀ ਤਾਕਤ ਹਿਮਾਚਲ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਆਸਾਮ ਵਿਚ ਸਾਂਵੇਂ ਪੱਧਰ ਦੀ ਹੈ। ਪੱਛਮੀ ਬੰਗਾਲ ਤੇ ਉੱਤਰ ਪੂਰਵੀ ਰਾਜਾਂ ਵਿਚ ਵੀ ਇਸ ਦਾ ਆਧਾਰ ਸੀਮਤ ਹੈ। ਇਹ ਲਗਭਗ ਦੋ ਸੌ ਸੀਟਾਂ ਉੱਤੇ ਭਾਜਪਾ ਅਤੇ ਹੋਰ ਵਿਰੋਧੀਆਂ ਨੂੰ ਚੰਗੀ ਟੱਕਰ ਦੇ ਸਕਦੀ ਹੈ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵਿਚ ਹੋਏ ਗੱਠਜੋੜ ਕਾਰਨ ਉਸ ਪ੍ਰਾਂਤ ਵਿਚ ਕਾਂਗਰਸ ਨਾਲ ਸਮਝੌਤਾ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਸਾਫ਼ ਸਾਫ਼ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਨਾਲ ਕਿਸੇ ਵੀ ਪ੍ਰਾਂਤ ਵਿਚ ਗੱਠਜੋੜ ਨਹੀਂ ਕਰੇਗੀ। ਇਸ ਬਾਰੇ ਰਾਜਸੀ ਮਾਹਿਰਾਂ ਦੀ ਭਿੰਨ ਭਿੰਨ ਰਾਇ ਹੈ। ਇਕ ਰਾਇ ਅਨੁਸਾਰ ਕੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੇ ਬਸਪਾ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਭਾਈਵਾਲੀ ਦੀ ਪੇਸ਼ਕਸ਼ ਕੀਤੀ ਸੀ ਪਰ ਬਸਪਾ ਨੇ ਏਨੀਆਂ ਜ਼ਿਆਦਾ ਸੀਟਾਂ ਦੀ ਮੰਗ ਕੀਤੀ ਕਿ ਸਮਝੌਤਾ ਨਾ ਹੋ ਸਕਿਆ। ਕੁਝ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਵਤੀਰਾ ਅਜੇ ਵੀ ਇਕ ਵੱਡੀ ਪਾਰਟੀ ਅਤੇ ਹਉਮੈ ਵਾਲਾ ਹੈ ਜਿਸ ਕਾਰਨ ਬਸਪਾ ਉਸ ਨਾਲੋਂ ਟੁੱਟ ਗਈ ਹੈ। ਕੁਝ ਹੋਰ ਮਾਹਿਰਾਂ ਅਨੁਸਾਰ ਬਸਪਾ ’ਤੇ ਕਾਂਗਰਸ ਨਾਲ ਸਮਝੌਤਾ ਨਾ ਕਰਨ ਦੇ ਕੁਝ ਬਾਹਰੀ ਦਬਾਓ ਵੀ ਪਾਏ ਜਾ ਰਹੇ ਹਨ।
ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਿਚ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਸਮਝੌਤੇ ਦੇ ਲਗਭਗ ਕਰੀਬ ਹਨ। ਪੱਛਮੀ ਬੰਗਾਲ ਵਿਚ ਕਾਂਗਰਸ ਤੇ ਖੱਬੇ-ਪੱਖੀ ਸਮਝੌਤਾ ਤਾਂ ਭਾਵੇਂ ਨਾ ਕਰਨ ਪਰ ਸੀਟਾਂ ਦਾ ਆਪਸੀ ਲੈਣ-ਦੇਣ ਹੋ ਸਕਦਾ ਹੈ। ‘ਆਪ’ ਨੇ ਦਿੱਲੀ ਵਿਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਫਿਰ ਵੀ ‘ਆਪ’ ਦੇ ਪ੍ਰਧਾਨ ਕੇਜਰੀਵਾਲ ਨੇ ਕਿਹਾ ਹੈ ਕਿ ਹਰਿਆਣਾ ਵਿਚ ‘ਆਪ’, ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਭਾਜਪਾ ਨੂੰ ਵੱਡੀ ਟੱਕਰ ਦੇ ਸਕਦੀਆਂ ਹਨ। ਅਹਿਮਦਾਬਾਦ ਵਿਚ ਹੋਈ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਕਾਂਗਰਸ ਤੇ ਭਾਜਪਾ ਵਿਚਲੇ ਟਕਰਾਓ ਨੂੰ ਵਿਚਾਰਧਾਰਕ ਟਕਰਾਓ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੀਆਂ ਵਿਧਾਨ ਸਭਾਵਾਂ ਚੋਣਾਂ ਦੌਰਾਨ ਮਿਲੀ ਸਫ਼ਲਤਾ ਤੋਂ ਇਸ ਦੇ ਨੇਤਾ ਤੇ ਕਾਰਕੁਨ ਉਤਸ਼ਾਹ ਵਿਚ ਹਨ ਪਰ ਕਾਂਗਰਸ ਨੂੰ ਦੂਜੀਆਂ ਪਾਰਟੀਆਂ ਨਾਲ ਸਮਝੌਤੇ ਕਰਨ ਸਮੇਂ ਖੁੱਲ੍ਹਦਿਲੀ ਦਿਖਾਉਣ ਦੇ ਨਾਲ ਨਾਲ ਆਪਣੇ ਸੀਮਤ ਹੋ ਗਏ ਆਧਾਰ ਦੀ ਹਕੀਕਤ ਨੂੰ ਵੀ ਸਵੀਕਾਰਨਾ ਚਾਹੀਦਾ ਹੈ।


Comments Off on ਕਾਂਗਰਸ ਦੀ ਚੋਣ ਰਣਨੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.