ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਐਤਕੀਂ ਉਮੀਦਵਾਰਾਂ ਦਾ ਵਿਦੇਸ਼ੀ ਧਨ ਹੋਵੇਗਾ ਜੱਗ ਜ਼ਾਹਿਰ

Posted On March - 15 - 2019

ਚਰਨਜੀਤ ਭੁੱਲਰ
ਬਠਿੰਡਾ, 14 ਮਾਰਚ
ਲੋਕ ਸਭਾ ਚੋਣਾਂ ਵਿਚ ਐਤਕੀਂ ਉਮੀਦਵਾਰਾਂ ਨੂੰ ਵਿਦੇਸ਼ਾਂ ਵਿਚਲੀ ਜਾਇਦਾਦ ਅਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਦਾ ਵੇਰਵਾ ਵੀ ਦੇਣਾ ਪਵੇਗਾ। ਚੋਣ ਕਮਿਸ਼ਨ ਨੇ ਉਮੀਦਵਾਰਾਂ ਵੱਲੋਂ ਜਾਇਦਾਦ ਦੇ ਵੇਰਵੇ ਜਨਤਕ ਕਰਨ ਵਾਲੇ ਫਾਰਮ 26-ਏ ਵਿੱਚ ਹੋਈ ਨਵੀਂ ਸੋਧ ਤੋਂ ਜਾਣੂ ਕਰਾਇਆ ਹੈ। ਪਹਿਲਾਂ ਉਮੀਦਵਾਰਾਂ ਵੱਲੋਂ ਸਿਰਫ਼ ਦੇਸ਼ ਵਿਚਲੀ ਚੱਲ ਅਚੱਲ ਸੰਪਤੀ ਨੂੰ ਜਨਤਕ ਤੌਰ ’ਤੇ ਨਸ਼ਰ ਕੀਤਾ ਜਾਂਦਾ ਸੀ। ਕਾਨੂੰਨ ਮੰਤਰਾਲੇ ਵੱਲੋਂ ਕੀਤੀ ਸੋਧ ਮਗਰੋਂ ਚੋਣ ਕਮਿਸ਼ਨ ਨੇ ਨਵੇਂ ਫਾਰਮ 26-ਏ ਦਾ ਨਮੂਨਾ ਜਾਰੀ ਕਰ ਦਿੱਤਾ ਹੈ। ਜਿਨ੍ਹਾਂ ਉਮੀਦਵਾਰਾਂ ਦੇ ਖੁਦ ਜਾਂ ਆਸ਼ਰਿਤ ਮੈਂਬਰਾਂ ਦੇ ਨਾਮ ’ਤੇ ਵਿਦੇਸ਼ ਵਿੱਚ ਕੋਈ ਜਾਇਦਾਦ ਹੋਵੇਗੀ, ਉਸ ਨੂੰ ਜੱਗ ਜ਼ਾਹਿਰ ਕਰਨਾ ਪਵੇਗਾ।
ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਉਮੀਦਵਾਰਾਂ ਨੂੰ ਵਿਦੇਸ਼ ਵਿਚਲੀ ਕਿਸੇ ਵੀ ਬੈਂਕ ਜਾਂ ਵਿੱਤੀ ਸੰਸਥਾ ਵਿਚਲੇ ਖਾਤੇ ਦੀ ਜਾਣਕਾਰੀ ਵੀ ਦੇਣੀ ਪਵੇਗੀ। ਵਿਦੇਸ਼ੀ ਚੱਲ ਅਚੱਲ ਸੰਪਤੀ ਦਾ ਵਿਸਥਾਰ ਦੇਣਾ ਪਵੇਗਾ। ਸੀਨੀਅਰ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਬਹੁਤੇ ਸਿਆਸੀ ਲੀਡਰ ਵਿਦੇਸ਼ਾਂ ਵਿਚ ਬੇਨਾਮੀ ਜਾਇਦਾਦ ਰੱਖਦੇ ਹਨ, ਜਿਸ ਕਰਕੇ ਨਵੀਂ ਸੋਧ ਉਨ੍ਹਾਂ ਦਾ ਵਾਲ ਵਿੰਗਾ ਨਹੀਂ ਕਰ ਸਕੇਗੀ। ਚੋਣ ਕਮਿਸ਼ਨ ਅਨੁਸਾਰ ਹਰ ਉਮੀਦਵਾਰ ਨੂੰ ਪੰਜ ਵਰ੍ਹਿਆਂ ਦੀਆਂ ਆਮਦਨ ਕਰ ਦੀਆਂ ਰਿਟਰਨਾਂ ਦਾ ਖੁਲਾਸਾ ਵੀ ਕਰਨਾ ਪਵੇਗਾ। ਜੋ ਜਾਇਦਾਦ ਨਸ਼ਰ ਕਰਨ ਵਾਲਾ ਹਲਫੀਆਂ ਬਿਆਨ ਉਮੀਦਵਾਰ ਦੇਣਗੇ, ਉਸ ਵਿੱਚ ਹੁਣ ਉਮੀਦਵਾਰਾਂ ਨੂੰ ਸਰਕਾਰੀ ਅਦਾਰਿਆਂ ਦੇ ਬਕਾਇਆ ਬਾਰੇ ਵੀ ਜਾਣਕਾਰੀ ਦੇਣੀ ਪਵੇਗੀ। ਪਹਿਲਾਂ ਇਹ ਬਕਾਏ ਫਾਰਮ 26-ਏ ਵਿਚ ਸ਼ਾਮਲ ਨਹੀਂ ਕੀਤੇ ਜਾਂਦੇ ਸਨ। ਹੁਣ ਇਨ੍ਹਾਂ ਦਾ ਹਲਫ਼ੀਆ ਬਿਆਨ ਵਿਚ ਹੀ ਵੱਖਰਾ ਕਾਲਮ ਬਣਾਇਆ ਗਿਆ ਹੈ। ਵੇਰਵਿਆਂ ਅਨੁਸਾਰ ਸਥਾਨਿਕ ਨਗਰ ਕੌਂਸਲ/ਨਗਰ ਪੰਚਾਇਤ/ਨਗਰ ਨਿਗਮ ਤੋਂ ਇਲਾਵਾ ਟੈਲੀਫੋਨ ਵਿਭਾਗ, ਬਿਜਲੀ ਪਾਣੀ ਮਹਿਕਮੇ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਬਕਾਇਆ ਬਾਰੇ ਵੀ ਹਰ ਉਮੀਦਵਾਰਾਂ ਨੂੰ ਦੱਸਣਾ ਪੈਣਾ ਹੈ। ਹੈਲੀਕਾਪਟਰ ਆਦਿ ਦੇ ਬਕਾਇਆ ਦੀ ਵੱਖਰੀ ਜਾਣਕਾਰੀ ਦੇਣੀ ਪਵੇਗੀ।
ਨਵੀਂ ਸੋਧ ਮਗਰੋਂ ਫਾਰਮ 26-ਏ ਦਾ ਮੁਹਾਂਦਰਾ ਹੁਣ ਕਾਫ਼ੀ ਬਦਲ ਦਿੱਤਾ ਗਿਆ ਹੈ। ਅਜਿਹੇ ਉਮੀਦਵਾਰਾਂ ਨੂੰ ਤਾੜਨਾ ਵੀ ਕੀਤੀ ਗਈ ਹੈ ਕਿ ਜੋ ਸੰਪਤੀ ਦੇ ਵੇਰਵੇ ਸਾਫ ਤੇ ਸਪੱਸ਼ਟ ਨਹੀਂ ਲਿਖਦੇ ਹਨ। ਚੋਣ ਕਮਿਸ਼ਨ ਵੱਲੋਂ ਇਹ ਸੋਧ ਇਸ ਨਜ਼ਰ ਤੋਂ ਕੀਤੀ ਗਈ ਹੈ ਕਿ ਕਈ ਉਮੀਦਵਾਰਾਂ ਦੇ ਵਿਦੇਸ਼ਾਂ ਵਿਚ ਬੈਂਕ ਖਾਤੇ ਅਤੇ ਸੰਪਤੀ ਹੁੰਦੀ ਹੈ, ਜਿਸ ਤੋਂ ਵੋਟਰ ਅਣਜਾਣ ਰਹਿ ਜਾਂਦੇ ਹਨ। ਨਵੀਂ ਸੋਧ ਮਗਰੋਂ ਬਹੁਤੇ ਉਮੀਦਵਾਰਾਂ ਦੀ ਵਿਦੇਸ਼ੀ ਪੂੰਜੀ ਦੀ ਪੋਲ ਵੀ ਹੁਣ ਖੁੱਲ੍ਹ ਜਾਵੇਗੀ।
ਵਿਦੇਸ਼ੀ ਸੰਪਤੀ ਦੇ ਵੇਰਵੇ ਦੇਣ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਸੇ ਤਰ੍ਹਾਂ ਹੀ ਸੰਸਦੀ ਫੰਡਾਂ ਅਤੇ ਵਿਧਾਇਕਾਂ ਦੇ ਅਖ਼ਤਿਆਰੀ ਫੰਡ ਰਲੀਜ਼ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ। ਜਿਨ੍ਹਾਂ ਸੰਸਦੀ ਮੈਂਬਰਾਂ ਅਤੇ ਵਿਧਾਇਕਾਂ ਨੇ ਫੰਡ ਆਪਣੀ ਤਰਫ਼ੋਂ ਦੇ ਦਿੱਤੇ ਹਨ ਪ੍ਰੰਤੂ ਖ਼ਜ਼ਾਨੇ ’ਚੋਂ ਜਾਰੀ ਨਹੀਂ ਹੋਏ ਹਨ, ਉਹ ਫੰਡ ਹੁਣ ਚੋਣਾਂ ਮਗਰੋਂ ਹੀ ਜਾਰੀ ਹੋ ਸਕਣਗੇ। ਪੰਜਾਬ ਦੇ ਕਈ ਵਜ਼ੀਰਾਂ ਅਤੇ ਸੰਸਦ ਮੈਂਬਰਾਂ ਨੇ ਆਪਣੇ ਫੰਡਾਂ ਦੇ ਸਿਫਾਰਸ਼ੀ ਪੱਤਰ ਤਾਂ ਵੰਡ ਦਿੱਤੇ ਹਨ ਪ੍ਰੰਤੂ ਹਾਲੇ ਪੈਸਾ ਰਿਲੀਜ਼ ਨਹੀਂ ਹੋਇਆ ਹੈ, ਉਹ ਅੱਧ ਵਿਚਕਾਰ ਲਟਕ ਗਏ ਹਨ। ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੋ ਉਸਾਰੀ ਪ੍ਰੋਜੈਕਟਾਂ ਦੇ ਕੰਮ ਪ੍ਰਵਾਨਗੀ ਮਗਰੋਂ ਜ਼ਮੀਨੀ ਪੱਧਰ ’ਤੇ ਸ਼ੁਰੂ ਨਹੀਂ ਹੋਏ ਹਨ, ਉਹ ਹੁਣ ਚੋਣ ਮਗਰੋਂ ਹੀ ਚਲਾਏ ਜਾ ਸਕਣਗੇ।

ਬਿੱਲਾਂ ਦੀ ਅਦਾਇਗੀ ’ਤੇ ਰੋਕ ਨਹੀਂ

ਚੋਣ ਕਮਿਸ਼ਨ ਨੇ ਸਾਫ ਕੀਤਾ ਹੈ ਕਿ ਸਰਕਾਰੀ ਪ੍ਰੋਜੈਕਟਾਂ ਦੇ ਠੇਕੇਦਾਰਾਂ ਜਾਂ ਉਸਾਰੀਆਂ ਕੰਪਨੀਆਂ ਦੇ ਬਿੱਲਾਂ ਦੀ ਅਦਾਇਗੀ ’ਤੇ ਕੋਈ ਪਾਬੰਦੀ ਨਹੀਂ ਹੈ। ਜੋ ਸਰਕਾਰੀ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਦੇ ਬਿੱਲਾਂ ਦੀ ਅਦਾਇਗੀ ਸਰਕਾਰ ਕਰ ਸਕਦੀ ਹੈ, ਜਿਸ ’ਤੇ ਕੋਈ ਰੋਕ ਨਹੀਂ ਹੈ। ਸਬੰਧਤ ਵਿਭਾਗ ਦੇ ਅਧਿਕਾਰੀ ਉਸਾਰੀ ਪ੍ਰੋਜੈਕਟਾਂ ਦੀ ਮੁਕੰਮਲ ਤਸੱਲੀ ਮਗਰੋਂ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ।


Comments Off on ਐਤਕੀਂ ਉਮੀਦਵਾਰਾਂ ਦਾ ਵਿਦੇਸ਼ੀ ਧਨ ਹੋਵੇਗਾ ਜੱਗ ਜ਼ਾਹਿਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.