ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਆਦਰਸ਼ ਗ੍ਰਾਮ: ਗੋਦ ਲੈਣ ਦੇ ਬਾਵਜੂਦ ਪਿੰਡ ਗੰਨਾ ’ਚ ਨਾ ਆਈ ‘ਮਿਠਾਸ’

Posted On March - 15 - 2019

ਗੋਦ ਲਏ ਪਿੰਡ ਦਾ ਹਾਲ

ਜਲੰਧਰ ਨੇੜਲੇ ਪਿੰਡ ਗੰਨਾ ਦੇ ਪੰਚਾਇਤ ਘਰ ਦਾ ਬਾਹਰੀ ਦ੍ਰਿਸ਼।

ਪਾਲ ਸਿੰਘ ਨੌਲੀ
ਜਲੰਧਰ, 14 ਮਾਰਚ
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਪਿੰਡ ਗੰਨਾ ਨੂੰ ਗੋਦ ਲੈਣ ਦੇ ਬਾਵਜੂਦ ਪਿੰਡ ਦੀ ਜੂਨ ਨਹੀਂ ਸੁਧਰੀ। ਇਹ ਪਿੰਡ ਗੋਦ ਲੈਣ ਵੇਲੇ ਚਰਚਾ ’ਚ ਨਹੀਂ ਆਇਆ ਸਗੋਂ ਪਿੰਡ ਇੱਕ ਖ਼ਾਸ ਬਰਾਦਰੀ ਕਾਰਨ ਵੀ ਚਰਚਾ ’ਚ ਰਿਹਾ ਹੈ। ਛੋਟੇ-ਮੋਟੇ ਜੁਰਮਾਂ ’ਚ ਇਸ ਪਿੰਡ ਦੀ ਫਾਈਲ ਥਾਣੇ ਦੀਆਂ ਅਲਮਾਰੀਆਂ ’ਚ ਵੱਡੀ ਥਾਂ ਘੇਰਦੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਵੱਲੋਂ ਏਐੱਸਆਈ ਲਈ ਕਰਵਾਈ ਜਾਂਦੀ ਪੜ੍ਹਾਈ ਦੌਰਾਨ ਜਦੋਂ ਐੱਫਆਈਆਰ ’ਤੇ ਚਰਚਾ ਹੁੰਦੀ ਹੈ ਤਾਂ ਇਸ ਪਿੰਡ ਦਾ ਜ਼ਿਕਰ ਆਉਂਦਾ ਹੈ। ਅਤਿਵਾਦ ਵੇਲੇ ਪਿੰਡ ’ਚ ਸੁਧਾਰ ਕਰਨ ਦੀ ਨੀਅਤ ਨਾਲ ਉਸ ਵੇਲੇ ਪਿੰਡ ਦੇ ਨੌਜਵਾਨਾਂ ਨੂੰ ਬਤੌਰ ਐੱਸਪੀਓ ਭਰਤੀ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਬਹੁਤੇ ਨੌਕਰੀ ਛੱਡ ਗਏ ਸਨ। ਚਿੱਟੇ ਦੇ ਦੌਰ ’ਚ ਜਦੋਂ ਪੁਲੀਸ ਨੇ ਆਪਣੀਆਂ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ, ਤਾਂ ਇਸ ਪਿੰਡ ’ਚ ਪਹਿਲਾਂ ਬੈਠਕ ਕੀਤੀ ਗਈ, ਜਿਸ ’ਚ ਨਸ਼ੇ ਬਾਰੇ ਵੀ ਸ਼ਿਕਾਇਤ ਕਰਨ ’ਤੇ ਹੀ ਜ਼ੋਰ ਦਿੱਤਾ ਗਿਆ। ਨਸ਼ੇ ’ਚ ਲੱਗੇ ਕਿਸੇ ਨੌਜਵਾਨ ਨੂੰ ਨਸ਼ੇ ਦੀ ਲੱਤ ਤੋਂ ਕਿਵੇਂ ਛੁਡਵਾਉਣਾ ਹੈ, ਬਾਰੇ ਸਾਰਿਆਂ ਨੇ ਪੱਲਾ ਹੀ ਝਾੜ ਦਿੱਤਾ ਸੀ। ਗੰਨੇ ਪਿੰਡ ਦਾ ਨਾਂ ਸੁਣਦੇ ਹੀ ਆਮ ਲੋਕ, ਚੰਗੇ ਭਲੇ ਬੰਦੇ ਨੂੰ ਵੀ ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਹਨ।
ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਜਦੋਂ ਇਸ ਪਿੰਡ ਨੂੰ ਗੋਦ ਲੈਣ ਦਾ ਐਲਾਨ ਕੀਤਾ ਤਾਂ ਇੰਜ ਜਾਪਿਆ ਸੀ ਕਿ ਹੁਣ ਪਿੰਡ ਦੀ ਜੂਨ ਸੁਧਰ ਜਾਵੇਗੀ। ਪਰ ਪੰਜ ਸਾਲ ਦੌਰਾਨ ਪਿੰਡ ਦੀ ਹਾਲਤ ’ਚ ਬਹੁਤਾ ਫਰਕ ਨਹੀਂ ਪਿਆ। ਪਿੰਡ ਵਾਸੀ ਦੱਸਦੇ ਹਨ ਕਿ ਪੰਜ ਸਾਲਾਂ ’ਚ ਕੁਝ ਕੰਮ ਹੋਇਆ ਹੈ ਪਰ ਇੰਜ ਲਗਦੈ ਜਿਵੇਂ ਸਾਰਾ ਕੰਮ ਅਧੂਰੇ ਮਨ ਨਾਲ ਕੀਤਾ ਗਿਆ ਹੋਵੇ। ਪਿੰਡ ਦੇ ਸਰਪੰਚ ਗੁਲਜ਼ਾਰੀ ਲਾਲ ਦਾ ਦਾਅਵਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੜੇ ਪੈਸੇ ਮਿਲੇ ਹਨ, ਉਸ ਨਾਲ ਕਾਫ਼ੀ ਸੁਧਾਰ ਹੋ ਜਾਵੇਗਾ।
ਜ਼ਿਆਦਾਤਰ ਆਬਾਦੀ ਉੱਚੀ ਘਾਟੀ ’ਤੇ ਵਸੀ ਹੋਈ ਹੈ, ਜਿਸ ਕਾਰਨ ਸਾਰਾ ਪਿੰਡ ਉਭੜ-ਖਾਬੜ ਜਿਹਾ ਹੀ ਪ੍ਰਤੀਤ ਹੁੰਦਾ ਹੈ। ਦੋ ਸਾਲ ਪਹਿਲਾਂ ਪਿੰਡ ਦੇ ਇੱਕ ਹਿੱਸੇ ’ਚ ਸੀਵਰੇਜ ਪਾਇਆ ਗਿਆ ਸੀ, ਜਿਸ ਬਾਰੇ ਪਿੰਡ ਵਾਸੀ ਦੱਸਦੇ ਹਨ ਕਿ ਇਹ ਕੰਮ ਕਿਸੇ ਅਣਜਾਣ ਵਿਅਕਤੀ ਨੇ ਹੀ ਕੀਤਾ ਹੈ। ਪਿੰਡ ’ਚੋਂ ਲੰਘਣ ਵਾਲੀ ਸੜਕ ਕਿਤੇ ਵੀ ਸਾਬਤ ਨਜ਼ਰ ਨਹੀਂ ਆਉਂਦੀ। ਇੱਟਾਂ ਨਾਲ ਬਣੇ ਰਸਤੇ ਵੀ ਇੱਕ-ਸਾਰ ਨਜ਼ਰ ਨਹੀਂ ਆਉਂਦੇ। ਪਿੰਡ ਦਾ ਬਹੁਤਾ ਹਿੱਸਾ ‘ਸਲੱਮ’ ਏਰੀਏ ਤੋਂ ਵੱਧ ਕੁਝ ਨਜ਼ਰ ਨਹੀਂ ਆਉਂਦਾ। ਹਰੀਪੁਰ ਵੱਲ ਨੂੰ ਪਾਣੀ ਦੇ ਨਿਕਾਸ ਦਾ ਹਾਲੇ ਵੀ ਪੱਕਾ ਪ੍ਰਬੰਧ ਨਹੀਂ ਹੋ ਸਕਿਆ। ਪਿੰਡ ਵਾਸੀ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਅਸਲੀ ਨੁਕਸਾਨ ਹੀ ਗੋਦ ਕਾਰਨ ਹੋਇਆ ਹੈ, ਕਿਉਂਕਿ ਅਕਾਲੀਆਂ ਨੇ ਪਿਛਲੀ ਵਾਰ ਇਸ ਪਿੰਡ ਨੂੰ ਗਰਾਂਟ ਹੀ ਨਹੀਂ ਦਿੱਤੀ। ਦੂਜੇ ਪਾਸੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਹੁਣ ਤੱਕ ਇਹੀ ਕਹਿੰਦੇ ਰਹੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਸਕੀਮ ਤਾਂ ਚਾਲੂ ਕਰ ਦਿੱਤੀ ਪਰ ਇਸ ਕੰਮ ਲਈ ਫੰਡਾਂ ਦਾ ਕਿਤੇ ਵੀ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਪਿੰਡ ਦੇ ਹਾਈ ਸਕੂਲ ’ਚ ਪੜ੍ਹਾਈ ਦਾ ਬਹੁਤ ਮੰਦਾ ਹਾਲ ਹੈ। ਵਿਦਿਆਰਥੀਆਂ ਦੀ ਗਿਣਤੀ ਹੀ ਘੱਟ ਨਹੀਂ ਸਗੋਂ ਅਧਿਆਪਕ ਵੀ ਘੱਟ ਹਨ। ਕੁਝ ਸਾਲ ਪਹਿਲਾਂ ਦਸਵੀਂ ਦੀ ਪ੍ਰੀਖਿਆ ਵਿਚੋਂ 95 ਫ਼ੀਸਦੀ ਬੱਚੇ ਫੇਲ੍ਹ ਹੋ ਗਏ ਸਨ। ਸਕੂਲ ਦੇ ਵਿਹੜੇ ’ਚ ਰੇਤ ਦਾ ਢੇਰ ਲੱਗਿਆ ਪਿਆ ਹੈ।
ਪਿੰਡ ਦੇ ਰਿਖੀ ਰਾਮ ਨੇ ਦੱਸਿਆ ਕਿ ਪਿੰਡ ’ਚ ਚਰਚਾ ਸੀ ਕਿ ਸੋਲਰ ਲਾਈਟਾਂ ਲੱਗ ਰਹੀਆਂ ਹਨ ਪਰ ਉਨ੍ਹਾਂ ਪਿੰਡ ਦੇ ਲੋਕਾਂ ਦੀ ਆਵਾਜ਼ ਦੱਸੀ ਕਿ ਪਹਿਲਾਂ ਸੜਕਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਫਿਰ ਹੀ ਸੋਲਰ ਲਾਈਟਾਂ ਸੁਹਣੀਆਂ ਲੱਗਣਗੀਆਂ। ਸਕੂਲ ਨੇੜੇ ਬਣ ਰਹੀ ਧਰਮਸ਼ਾਲਾ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਦੇ ਲੈਂਟਰ ’ਤੇ ਪਿੰਡ ’ਚੋਂ ਇਕੱਠੇ ਕਰਕੇ ਕਰੀਬ ਤਿੰਨ ਲੱਖ ਰੁਪਏ ਖਰਚੇ ਜਾ ਰਹੇ ਹਨ, ਜਿਸ ’ਚ ਸਰਕਾਰੀ ਗਰਾਂਟ ਦਾ ਕੋਈ ਹਿੱਸਾ ਨਹੀਂ ਹੈ।
ਸਹਿਕਾਰੀ ਸੁਸਾਇਟੀ ’ਚੋਂ ਮਿਲਦੀ ਸਸਤੇ ਭਾਅ ਵਾਲੀ ਖੰਡ ਬਾਰੇ ਪਿੰਡ ਦੇ ਇੱਕ ਵਸਨੀਕ ਨੇ ਕਿਹਾ ਕਿ ਪਹਿਲਾਂ ਤਾਂ ਇਹ ਵੀ ਮਿਲ ਜਾਂਦੀ ਹੁੰਦੀ ਸੀ ਪਰ ਹੁਣ ਤਾਂ ਇਸ ਕੰਮ ਲਈ ਵੀ ਪਿੰਡ ਹਰੀਪੁਰ ਜਾਣਾ ਪੈਂਦਾ ਹੈ।
ਪਿੰਡ ਦੇ ਇੱਕ ਪਾਸੇ ਬਣੇ ਪੰਚਾਇਤ ਘਰ ਦੀ ਇਮਾਰਤ ਅਣਵਰਤੀ ਹੀ ਪਈ ਦਿਖਾਈ ਦਿੰਦੀ ਹੈ। ਪਿੰਡ ਦੇ ਸਰਪੰਚ ਇਹ ਦਾਅਵਾ ਕਰਦੇ ਹਨ ਕਿ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਪਿੰਡ ਵਾਸੀ ਤਾਂ ਇੱਥੋਂ ਤੱਕ ਦੱਸਦੇ ਹਨ ਕਿ ਇਸ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਅਤੇ ਇਸ ਦੀ ਨੀਂਹਾਂ ਵੀ ਬੈਠੀਆਂ ਹੋਈਆਂ ਹਨ। ਪਿੰਡ ਵਾਸੀ ਦੱਸਦੇ ਹਨ ਕਿ ਪਿੰਡੋਂ ਬਾਹਰ ਬਣੇ ਇਸ ਪੰਚਾਇਤ ਘਰ ’ਤੇ ਲਗਾਏ ਪੈਸੇ ਬਰਬਾਦ ਹੀ ਕੀਤੇ ਗਏ ਹਨ, ਜਿਥੇ ਹੁਣ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਪਿੰਡ ’ਚ ਪੀਣ ਵਾਲੇ ਪਾਣੀ ਦੀ ਟੈਂਕੀ ਤਾਂ ਹੈ, ਜਿੱਥੋਂ ਸਾਰੇ ਪਿੰਡ ਨੂੰ ਪਾਣੀ ਜਾਂਦਾ ਹੈ ਪਾਣੀ ਦੇ ਅੰਡਰਗਰਾਊਂਡ ਪਾਈਪ ਲੀਕ ਹੋਣ ਕਾਰਨ ਕਈ ਵਾਰ ਸਾਫ ਪਾਣੀ ’ਚ ਗੰਦਾ ਪਾਣੀ ਰਲਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹੀ ਰਹਿੰਦੇ ਹਨ। ਕਰੀਬ 3000 ਵੋਟਾਂ ਵਾਲੇ ਪਿੰਡ ਨੂੰ ਰਾਜਨੀਤਕ ਆਗੂ ਸ਼ਾਇਦ ਵੋਟਾਂ ਵੇਲੇ ਹੀ ਦੇਖਦੇ ਹੋਣ ਪਰ ਵਿਕਾਸ ਹਾਲੇ ਖੰਭ ਲਾ ਕੇ ਹੀ ਉੱਡਿਆ ਹੋਇਆ ਹੈ।


Comments Off on ਆਦਰਸ਼ ਗ੍ਰਾਮ: ਗੋਦ ਲੈਣ ਦੇ ਬਾਵਜੂਦ ਪਿੰਡ ਗੰਨਾ ’ਚ ਨਾ ਆਈ ‘ਮਿਠਾਸ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.