ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਪਨੀ ਦੁਨੀਆਂ ਤਾਮੀਰ ਕਰਨ ਦਾ ਖ਼ਾਹਿਸ਼ਮੰਦ ਕੈਫ਼ੀ ਆਜ਼ਮੀ

Posted On March - 17 - 2019

ਡਾ. ਨਰੇਸ਼

ਸ਼ਾਇਰ ਵਜੋਂ ਕੈਫ਼ੀ ਆਜ਼ਮੀ ਨੂੰ ਜੋ ਮਕਬੂਲੀਅਤ ਹਾਸਲ ਹੋਈ, ਉਹ ਉਸ ਦੇ ਸਮਕਾਲੀ ਪ੍ਰਗਤੀਸ਼ੀਲ ਸ਼ਾਇਰਾਂ ਵਿਚੋਂ ਘੱਟ ਵਿਅਕਤੀਆਂ ਨੂੰ ਹੀ ਪ੍ਰਾਪਤ ਹੋਈ। ਇਸ ਦਾ ਕਾਰਨ ਇਹ ਸੀ ਕਿ ਕੈਫ਼ੀ ਆਜਮੀ ਨੇ ਮੁਸ਼ਾਇਰੇ ਬਹੁਤ ਪੜ੍ਹੇ ਸਨ ਅਤੇ ਬੇਸ਼ੁਮਾਰ ਜਨ-ਸਭਾਵਾਂ ਵਿਚ ਆਪਣੀਆਂ ਨਜ਼ਮਾਂ ਸੁਣਾਈਆਂ ਸਨ। ਦੂਜਾ ਕਾਰਨ ਫ਼ਿਲਮਾਂ ਲਈ ਉਨ੍ਹਾਂ ਦੀ ਗੀਤਕਾਰੀ ਸੀ। ਰੇਡੀਓ ਸਿਲੋਨ ’ਤੇ ਅਮੀਨ ਸਿਆਨੀ ਦੇ ਪ੍ਰੋਗਰਾਮ ਨੂੰ ਮਿਲੀ ਪ੍ਰਸਿੱਧੀ ਦਾ ਲਾਭ ਫ਼ਿਲਮਾਂ ਲਈ ਗੀਤ ਲਿਖਣ ਵਾਲੇ ਸ਼ਾਇਰਾਂ ਨੂੰ ਇਹ ਹੋਇਆ ਕਿ ਹਰ ਗਾਣੇ ਨਾਲ ਗੀਤਕਾਰ ਦਾ ਨਾਂ ਦੱਸਿਆ ਜਾਣ ਲੱਗਾ। ਫਿਰ ਆਲ ਇੰਡੀਆ ਰੇਡੀਓ ਵੀ ਇਹੋ ਕਰਨ ਲੱਗਾ। ਰੇਡੀਓ ਸੁਣਨ ਵਾਲੇ ਬੇਸ਼ੁਮਾਰ ਲੋਕ ਦਿਹਾੜੀ ਵਿਚ ਵੀਹਾਂ ਵਾਰ ਕਿਸੇ ਸ਼ਾਇਰ ਦਾ ਨਾਂ ਸੁਣਦੇ ਤਾਂ ਉਸ ਦਾ ਪ੍ਰਸਿੱਧ ਹੋ ਜਾਣਾ ਸੁਭਾਵਿਕ ਸੀ। ਕੈਫ਼ੀ ਦੀ ਕਾਮਯਾਬੀ ਦੀ ਇਕ ਵਜ੍ਹਾ ਇਹ ਵੀ ਸੀ ਕਿ ਉਸ ਦੀਆਂ ਨਜ਼ਮਾਂ ਸਮੇਂ ਨਾਲ ਏਨੀਆਂ ਇਕਸੁਰ ਸਨ ਜੋ ਸਰੋਤਿਆਂ ਦਾ ਦਿਲ ਛੂਹ ਲੈਂਦੀਆਂ ਸਨ। ਸਰੋਤਾ ਇਹ ਸਮਝਦਾ ਸੀ ਕਿ ਸ਼ਾਇਰ ਉਸ ਦੇ ਦਿਲ ਦੀ ਗੱਲ ਕਰ ਰਿਹਾ ਹੈ।
ਕੋਈ ਵੀ ਸ਼ਾਇਰੀ ਉਦੋਂ ਤਕ ਮਹਾਨ ਸ਼ਾਇਰੀ ਨਹੀਂ ਬਣ ਸਕਦੀ ਜਦੋਂ ਤਕ ਉਸ ਵਿਚ ਜੀਵਨ ਅਤੇ ਜਗਤ ਦੀਆਂ ਰਮਜ਼ਾਂ ਸਾਕਾਰਾਤਮਕ ਸੋਚ ਅਤੇ ਵਿਸ਼ਵੀ ਇਨਸਾਨੀ ਕਦਰਾਂ ਦੇ ਸੰਦਰਭ ਵਿਚ ਬਿਆਨ ਨਾ ਕੀਤੀਆਂ ਹੋਣ। ਗ਼ਾਲਿਬ ਅਤੇ ਇਕਬਾਲ ਇਸ ਦੀਆਂ ਸ਼ਾਨਦਾਰ ਮਿਸਾਲਾਂ ਹਨ। ਕੈਫ਼ੀ ਦੀ ਸ਼ਾਇਰੀ ਵਿਚ ਵੀ ਫਲਸਫ਼ਾ ਮੌਜੂਦ ਹੈ, ਪਰ ਇਹ ਫਲਸਫ਼ਾ ਵਿਸ਼ਵੀ ਨਹੀਂ। ਸਾਮਵਾਦੀ ਅੱਜ ਵੀ ਸਾਮਵਾਦ ਵਿਰੋਧੀਆਂ ਦੇ ਮੁਕਾਬਲੇ ਘੱਟ ਗਿਣਤੀ ਹਨ। ਯੂਐੱਸਐੱਸਆਰ ਦੇ ਟੁੱਟਣ ਨੇ ਵੀ ਸਾਮਵਾਦ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਹਾਲਾਂਕਿ ਕੈਫ਼ੀ ਦਾ ਖ਼ਿਆਲ ਸੀ ਕਿ ‘‘ਇਕ ਤਜ਼ਰਬਾ ਫੇਲ੍ਹ ਹੋ ਜਾਣ ਦਾ ਮਤਲਬ ਇਹ ਨਹੀਂ ਕਿ ਮਾਰਕਸਵਾਦ ਦਾ ਪੂਰਾ ਫਲਸਫ਼ਾ ਹੀ ਗ਼ਲਤ ਹੈ। ਅਸੀਂ ਭਾਰਤ ਵਿਚ ਇਸ ਨੂੰ ਕਾਮਯਾਬ ਕਰਕੇ ਦਿਖਾਵਾਂਗੇ।’’ ਪਰ ਸਚਾਈ ਇਹ ਹੈ ਕਿ ਇਹ ਤਜ਼ਰਬਾ ਭਾਰਤ ਵਿਚ ਵੀ ਕਾਮਯਾਬ ਨਹੀਂ ਹੋਇਆ। ਕਮਿਊਨਿਸਟ ਪਾਰਟੀ ਵੀ ਧੜਿਆਂ ਵਿਚ ਵੰਡੀ ਗਈ। ਇਸ ਦੇ ਬਾਵਜੂਦ ਸਮਾਜਵਾਦ ਦੀ ਲੋੜ ਅਤੇ ਉਸ ਦੇ ਲਾਭ ਪ੍ਰਤੱਖ ਹਨ। ਦੇਸ਼ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦੋਂ ਤਕ ਅਸੀਂ ਸਮਾਜ ਵਿਚ ਬੁਨਿਆਦੀ ਤਬਦੀਲੀ ਲਿਆਉਣ ਲਈ ਆਪਣੀ ਸੋਚ ਨਹੀਂ ਬਦਲਦੇ। ਜ਼ਾਤ-ਪਾਤ, ਊਚ-ਨੀਚ, ਆਰਥਿਕ ਨਾਬਰਾਬਰੀ, ਗ਼ਰੀਬੀ, ਕਿਸਾਨਾਂ-ਮਜ਼ਦੂਰਾਂ ਦਾ ਸੋਸ਼ਣ ਅਤੇ ਫ਼ਿਰਕੂ ਤੁਅੱਸਬ ਘੁਣ ਵਾਂਗ ਸਾਡੇ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ। ਇਨ੍ਹਾਂ ਖੋਖਲੀਆਂ ਹੋ ਰਹੀਆਂ ਜੜ੍ਹਾਂ ਨੂੰ ਅਜੇ ਵੀ ਬਚਾਇਆ ਜਾ ਸਕਦਾ ਹੈ। ਅਜਿਹਾ ਨਾ ਕੀਤਾ ਤਾਂ ਅਸੀਂ ਗ੍ਰਹਿ-ਯੁੱਧ ਦੇ ਉਸ ਭਿਆਨਕ ਦੌਰ ਵਿਚ ਦਾਖਲ ਹੋ ਜਾਵਾਂਗੇ ਜੋ ਸਾਨੂੰ ਕਿਸੇ ਪਾਸੇ ਦਾ ਨਹੀਂ ਛੱਡੇਗਾ। ਸ਼ਾਇਦ ਇਸੇ ਸੋਚ ਨੂੰ ਲੈ ਕੇ ਕੈਫ਼ੀ ਆਜ਼ਮੀ ਸਾਰੀ ਉਮਰ ਆਪਣੀ ਸਿਰਜਣਾਤਮਕਤਾ ਰਾਹੀਂ ਲੋਕਾਈ ਨੂੰ ਖ਼ਬਰਦਾਰ ਕਰਦਾ ਰਿਹਾ, ਜਬਰ-ਜ਼ੁਲਮ ਨਾਲ ਟਕਰਾਉਣ ਲਈ ਪ੍ਰੇਰਦਾ ਰਿਹਾ, ਇਕਮੁੱਠਤਾ ਦਾ ਸੰਦੇਸ਼ ਦਿੰਦਾ ਰਿਹਾ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਜੀਵਨ ਜਾਚ ਬਣਾਉਣ ’ਤੇ ਜ਼ੋਰ ਦਿੰਦਾ ਰਿਹਾ। ਇਸ ਪੱਖੋਂ ਉਹ ਗ਼ਾਲਿਬ ਅਤੇ ਇਕਬਾਲ ਤੋਂ ਲਾਂਭੇ ਹੋ ਕੇ ਨਜ਼ੀਰ ਅਕਬਰਾਬਾਦੀ ਦੇ ਨੇੜੇ ਜਾ ਖਲੋਂਦਾ ਹੈ। ਨਜ਼ੀਰ ਵਾਂਗ ਹੀ ਕੈਫ਼ੀ ਲੋਕ-ਕਵੀ ਸੀ। ਲੋਕ ਹੀ ਉਸ ਦੀ ਸ਼ਾਇਰੀ ਦਾ ਅਸਲ ਵਿਸ਼ਾ ਹਨ ਜਿਸ ਅੰਦਰ ਕਦੇ ਰੋਮਾਂਸ ਵਿਚ ਪ੍ਰਤੀਰੋਧ ਸ਼ਾਮਲ ਹੋ ਜਾਂਦਾ ਹੈ ਅਤੇ ਕਦੇ ਸਮਾਜ ਸੁਧਾਰ ਦਾ ਜਜ਼ਬਾ ਵਿਅੰਗਾਤਮਕ ਹੋ ਜਾਂਦਾ ਹੈ।

ਡਾ. ਨਰੇਸ਼

ਕੈਫ਼ੀ ਦੀ ਕਵਿਤਾ-ਯਾਤਰਾ ‘ਝਨਕਾਰ’ ਤੋਂ ਆਰੰਭ ਹੁੰਦੀ ਹੈ ਜੋ ਮੂਲ ਰੂਪ ਵਿਚ ਰੁਮਾਨੀ ਸ਼ਾਇਰੀ ਹੈ, ਪਰ ਉਸ ਰੋਮਾਂਸ ਦਾ ਅੰਦਾਜ਼ ਉਰਦੂ ਸ਼ਾਇਰੀ ਦੇ ਪ੍ਰਚਲਿਤ ਰੁਝਾਨ ਤੋਂ ਵੱਖਰੀ ਤਰ੍ਹਾਂ ਦਾ ਹੈ। ਇਸ ਵਿਚ ਪ੍ਰਤੀਰੋਧ ਅਤੇ ਵਿਦਰੋਹ ਦਾ ਰਲਾਅ ਹੋ ਜਾਂਦਾ ਹੈ। ‘ਆਖ਼ਿਰੇ-ਸ਼ਬ’ ਤਕ ਆਉਂਦੇ-ਆਉਂਦੇ ਕੈਫ਼ੀ ਦੀ ਸਿਰਜਣਾਤਮਕਤਾ ਪੱਤਰਕਾਰਤਾ ਦਾ ਅੰਦਾਜ਼ ਆਪਣਾ ਲੈਂਦੀ ਹੈ ਅਤੇ ਦੇਸ਼-ਭਗਤੀ ਤੇ ਸੁਤੰਤਰਤਾ ਸੰਗਰਾਮ ਇਸ ਵਿਚ ਰਲ ਜਾਂਦੇ ਹਨ। ‘ਆਵਾਰਾ ਸਿਜਦੇ’ ਤਕ ਆਉਂਦਿਆਂ ਆਜ਼ਾਦੀ ਮਗਰੋਂ ਦੇ ਮੁਲਕ ਦੇ ਹਾਲਾਤ, ਵਿਸ਼ੇਸ਼ ਕਰਕੇ ਤੁਅੱਸਬ ਅਤੇ ਫ਼ਿਰਕੂਪੁਣਾ ਕੈਫ਼ੀ ਦੀ ਸੋਚ ’ਤੇ ਭਾਰੂ ਹੋ ਜਾਂਦੇ ਹਨ। ਉਸ ਦੇ ਸੁਪਨੇ ਦੇ ਟੁੱਟਣ ਦਾ ਦਰਦ ਉੱਭਰ ਆਉਂਦਾ ਹੈ ਜੋ ਕੈਫ਼ੀ ਅਤੇ ਉਸ ਦੀ ਪੀੜ੍ਹੀ ਦੇ ਕਲਮਕਾਰਾਂ ਨੇ ਆਜ਼ਾਦੀ ਲਈ ਸੰਘਰਸ਼ ਕਰਨ ਦੌਰਾਨ ਵੇਖਿਆ ਸੀ। ਕੈਫ਼ੀ ਦੀ ਇਹੋ ਸੋਚ ਆਪਣੇ ਖੰਭ ਹੋਰ ਫੈਲਾਉਂਦੀ ਹੈ ਤਾਂ ਸਮਕਾਲੀ ਮਸਲੇ ਅਤੇ ਵਾਰਦਾਤਾਂ ਉਸ ਦੀ ਸ਼ਾਇਰੀ ਦਾ ਵਿਸ਼ਾ ਬਣ ਜਾਂਦੀਆਂ ਹਨ ਅਤੇ ਉਹ ‘ਇਬਲੀਸ ਕੀ ਮਜਲਿਸੇ-ਸ਼ੂਰਾ’ ਰਾਹੀਂ ਸਾਮਵਾਦ ਦੀ ਤਾਕਤ ਤੇ ਉਸ ਦੀ ਸ਼੍ਰੇਸ਼ਠਤਾ ਸਿੱਧ ਕਰਨ ਲੱਗਦਾ ਹੈ। ਇਬਲੀਸ ਕੀ ਮਜਲਿਸੇ-ਸ਼ੂਰਾ ਇਕਬਾਲ ਨੇ ਵੀ ਆਯੋਜਿਤ ਕੀਤੀ ਸੀ, ਪਰ ਇਕਬਾਲ ਦਾ ਉਦੇਸ਼ ਇਸਲਾਮੀ ਫਲਸਫ਼ੇ ਦੀ ਉੱਤਮਤਾ ਸਿੱਧ ਕਰਨਾ ਸੀ। ਕੈਫ਼ੀ ਦੀ ਸ਼ਾਇਰੀ ਮਹਾਂਭਾਰਤ ਤੋਂ ਬੁੱਧ ਮਤ, ਈਸਾ ਤੋਂ ਮੁਹੰਮਦ, ਮਾਸਕੋ ਤੋਂ ਤਾਸ਼ਕੰਦ ਅਤੇ ਢਾਕੇ ਤੋਂ ਇਸਲਾਮਾਬਾਦ ਤਕ ਸਫ਼ਰ ਕਰਦੀ ਹੈ। ਉਹ ਇਕ ਅਜਿਹੇ ਸ਼ਾਇਰ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ ਜਿਸ ਦੀ ਰਚਨਾਤਮਕਤਾ ਕਲਾਤਮਕਤਾ ਅਤੇ ਵਿਸ਼ੇਸ਼ ਸਮਾਜਿਕ-ਰਾਜਨੀਤਕ ਦਰਸ਼ਨ ਦਾ ਸੰਗਮ ਹੈ। ਕੈਫ਼ੀ ਦੀ ਸ਼ਾਇਰੀ ਮਹਿਜ਼ ਸਿਆਸੀ ਸ਼ਾਇਰੀ ਨਹੀਂ ਸਗੋਂ ਦ੍ਰਿਸ਼ਟੀਕੋਣ ਅਤੇ ਸੰਵੇਦਨਸ਼ੀਲਤਾ ਦੇ ਇਨਕਲਾਬ ਦੀ ਸ਼ਾਇਰੀ ਹੈ। ਇਸ ਵਿਚ ਆਪਸੀ ਭਾਈਚਾਰਾ ਅਤੇ ਕੌਮੀ ਇਕਜੁਟਤਾ ਉਮੀਦ ਅਤੇ ਆਰਜ਼ੂ ਬਣ ਕੇ ਸ਼ਾਮਲ ਰਹਿੰਦੇ ਹਨ। ਸ਼ਾਇਰੀ ਦੇ ਅੰਬਰ ’ਤੇ ਕੈਫ਼ੀ ਦੇ ਉਦੈ ਹੋਣ ਨੂੰ ਸੱਜਾਦ ਜ਼ਹੀਰ ਨੇ ਸੁਰਖ਼ ਫੁੱਲ ਦਾ ਖਿੜਨਾ ਆਖਿਆ ਸੀ, ਪਰ ਉਸ ਵੇਲੇ ਇਹ ਫੁੱਲ ਸੁਰਖ਼ ਭਾਹ ਮਾਰ ਰਿਹਾ ਸੀ ਗੂੜ੍ਹੇ ਸੂਹੇ ਰੰਗ ਦਾ ਫੁੱਲ ਨਹੀਂ ਸੀ। ਇਹਤਿਸ਼ਾਮ ਹੁਸੈਨ ਅਤੇ ਸਰਦਾਰ ਜਾਫ਼ਰੀ ਦੀ ਸੰਗਤ ਵਿਚ ਆ ਕੇ ਕੈਫ਼ੀ ਸਚਮੁੱਚ ਸੁਰਖ਼ ਫੁੱਲ ਭਾਵ ਮਾਰਕਸਵਾਦੀ ਬਣ ਗਿਆ ਤਾਂ ਉਸ ਦੀਆਂ ਨਜ਼ਮਾਂ ਕਮਿਊਨਿਸਟ ਸੋਚ ਦੀ ਵਿਆਖਿਆ ਤੇ ਪ੍ਰਚਾਰ ਕਰਨ ਲੱਗੀਆਂ। ਇਸ ਵਿਚ ਕਿਸਾਨਾਂ-ਮਜ਼ੂਦਰਾਂ ਦਾ ਦੁੱਖ-ਦਰਦ ਬਿਆਨ ਹੋਣ ਲੱਗਾ ਅਤੇ ਜਨ-ਸਾਧਾਰਨ ਨੂੰ ਇਕਜੁਟਤਾ ਦਾ ਸੰਦੇਸ਼ ਦਿੱਤਾ ਗਿਆ:
ਸਭ ਉਠੇਂ ਮੈਂ ਭੀ ਉਠੂੰ ਤੁਮ ਭੀ ਉਠੋ ਤੁਮ ਭੀ ਉਠੋ,
ਕੋਈ ਖਿੜਕੀ ਇਸੀ ਦੀਵਾਰ ਮੇਂ ਖੁਲ੍ਹ ਜਾਏਗੀ।
ਕੈਫ਼ੀ ਸੁਨੱਖਾ ਵੀ ਸੀ ਅਤੇ ਖ਼ੂਬਸੂਰਤ ਆਵਾਜ਼ ਦਾ ਮਾਲਕ ਵੀ। ਉਸ ਦੀ ਆਵਾਜ਼ ਦਾ ਉਤਾਰ-ਚੜ੍ਹਾਅ ਮੁਸ਼ਾਇਰਿਆਂ ਵਿਚ ਸਮਾਂ ਬੰਨ੍ਹ ਦਿੰਦਾ ਸੀ। ਉਹ ਆਪਣੀਆਂ ਨਜ਼ਮਾਂ ਵਿਚ ਜ਼ਿਹਨੀ ਅਤੇ ਜਜ਼ਬਾਤੀ ਰੂਪ ਵਿਚ ਵਿਸ਼ਾ-ਵਸਤੂ ਦੇ ਬਹੁਤ ਨੇੜੇ ਰਹਿੰਦਾ ਸੀ। ਉਨ੍ਹਾਂ ਦੀ ਸ਼ਬਦਾਵਲੀ ਅਤੇ ਅਭਿਵਿਅਕਤੀ ਉਸ ਦੀ ਬੇਮਿਸਾਲ ਅਦਾਇਗੀ ਕਾਰਨ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਹੋ ਜਾਂਦੀ। ਕੈਫ਼ੀ ਨੂੰ ਸ਼ਿਕਵਾ ਸੀ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਘੱਟ ਅਤੇ ਆਪੋ-ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਵਧੇਰੇ ਸਮਝਿਆ ਅਤੇ ਸਲਾਹਿਆ ਹੈ।
ਕੈਫ਼ੀ ਸ਼ਾਇਰੀ ਰਾਹੀਂ ਹੀ ਨਹੀਂ, ਅਮਲੀ ਤੌਰ ’ਤੇ ਵੀ ਸਾਮਵਾਦ ਦਾ ਪ੍ਰਬਲ ਪ੍ਰਚਾਰਕ ਸੀ। ਇਸ ਲਈ ਉਹ ਆਮ ਜਲਸਿਆਂ ਵਿਚ ਸ਼ਾਮਲ ਹੋ ਕੇ ਆਵਾਮ ਦਾ ਹਿੱਸਾ ਬਣ ਜਾਂਦਾ। ਕਾਣੀ ਅਰਥ-ਵਿਵਸਥਾ ਦੇ ਕੋਹੇ ਸਰੋਤਿਆਂ ਨੂੰ ਉਹ ਆਖਦਾ:
ਮੁਝ ਕੋ ਦੁਨੀਆ ਸੇ ਸ਼ਿਕਵੇ ਬਹੁਤ ਹੈਂ ਮਗਰ ਕਬ ਤਲਕ ਬੈਠ ਕਰ ਸਿਰਫ਼ ਸ਼ਿਕਵਾ ਕਰੂੰ।
ਤੁਮ ਅਗਰ ਸਾਥ ਦੋ ਹਾਥ ਮੇਂ ਹਾਥ ਦੋ ਤੋ ਮੈਂ ਤਾਮੀਰ ਖ਼ੁਦ ਅਪਨੀ ਦੁਨੀਆ ਕਰੂੰ।
ਕੈਫ਼ੀ ਵਿਚ ਅੰਤਾਂ ਦਾ ਆਤਮ-ਵਿਸ਼ਵਾਸ ਸੀ। ਮਜ਼ਬੂਤ ਇਰਾਦੇ ਨਾਲ ਉਨ੍ਹਾਂ ਸਾਰੀਆਂ ਬਿਮਾਰੀਆਂ ਨਾਲ ਉਹ ਲੜਦਾ ਰਿਹਾ ਜੋ ਸਾਰੀ ਉਮਰ ਉਸ ਦੇ ਪਿੱਛੇ ਪਈਆਂ ਰਹੀਆਂ। 1973 ਵਿਚ ਉਸ ਨੂੰ ਅਧਰੰਗ ਹੋਇਆ। ਉਸ ਦੀ ਬਿਮਾਰੀ ਡਾਕਟਰਾਂ ਨੂੰ ਨਿਰਾਸ਼ ਕਰ ਰਹੀ ਸੀ, ਪਰ ਉਸ ਦੀ ਦਲੇਰੀ ਅਤੇ ਇੱਛਾ-ਸ਼ਕਤੀ ਨੇ ਮੌਤ ਨੂੰ ਮਾਤ ਦੇ ਦਿੱਤੀ। ਇਸ ਮਗਰੋਂ 29 ਵਰ੍ਹੇ ਉਹ ਫ਼ਿਲਮੀ ਗੀਤ ਲਿਖਦਾ, ਮੁਸ਼ਾਇਰੇ ਪੜ੍ਹਦਾ ਅਤੇ ਪਾਰਟੀ ਵਰਕਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ। 1977 ਵਿਚ ਉਸ ਦਾ ਚੂਲਾ ਟੁੱਟ ਗਿਆ। ਚਾਰ ਮਹੀਨੇ ਲਖਨਊ ਦੇ ਹਸਪਤਾਲ ਵਿਚ ਪਲਸਤਰ ਲਵਾਈ ਪਿਆ ਰਿਹਾ, ਪਰ ਹਾਰ ਮੰਨੀ। ਉਹ ਆਖਦਾ ਸੀ:
ਇਕ ਤੁਮ ਕਿ ਤੁਮ ਕੋ ਫ਼ਿਕਰੇ-ਨਸ਼ੇਬੋ-ਫ਼ਰਾਜ਼ ਹੈ,
ਇਕ ਹਮ ਕਿ ਚਲ ਪੜੇ ਤੋ ਬਹਰਹਾਲ ਚਲ ਪੜ੍ਹੇ।
ਬਾਬਰੀ ਮਸਜਿਦ ਢਾਹੀ ਗਈ ਤਾਂ ਉਸ ਨੇ ‘ਰਾਮ ਕਾ ਦੂਸਰਾ ਬਨਵਾਸ’ ਨਾਂ ਦੀ ਨਜ਼ਮ ਲਿਖੀ। ਕੁਝ ਲੋਕਾਂ ਨੇ ਆਖਿਆ ਕਿ ‘‘ਵੇਖੋ ਕੈਫ਼ੀ ਅੰਦਰਲਾ ਮੁਸਲਮਾਨ ਜਾਗ ਪਿਆ।’’ ਇਹ ਸਰਾਸਰ ਗ਼ਲਤ ਇਲਜ਼ਾਮ ਸੀ। ਕੈਫ਼ੀ ਧਾਰਮਿਕ ਵਿਅਕਤੀ ਨਹੀਂ ਸੀ। ਧਾਰਮਿਕ ਹੁੰਦਾ ਤਾਂ ਗਭਰੇਟ ਉਮਰੇ ਸੁਲਤਾਨ-ਉੁਲ-ਮਦਾਰਸ ਵਿਚੋਂ ਮੌਲਵੀ ਬਣ ਕੇ ਨਿਕਲਦਾ, ਪਰ ਉਹ ਇਕੱਲਾ ਆਪ ਹੀ ਮਦਰੱਸੇ ਦੇ ਨਿਜ਼ਾਮ ਤੋਂ ਬਾਗ਼ੀ ਨਹੀਂ ਹੋਇਆ ਸਗੋਂ ਸਾਥੀ ਵਿਦਿਆਰਥੀਆਂ ਨੂੰ ਵੀ ਬਗ਼ਾਵਤ ’ਤੇ ਆਮਾਦਾ ਕਰ ਦਿੱਤਾ। ਧਰਮਾਂ ਬਾਰੇ ਉਸ ਦੀ ਰਾਇ ਸੀ:
ਬਸਤੀ ਮੇਂ ਅਪਨੀ ਹਿੰਦੂ ਮੁਸਲਮਾਂ ਜੋ ਬਸ ਗਏ।
ਇਨਸਾਂ ਕੀ ਸ਼ਕਲ ਦੇਖਨੇ ਕੋ ਹਮ ਤਰਸ ਗਏ।
ਕੈਫ਼ੀ ਆਜ਼ਮੀ ਆਪਣੇ ਦੌਰ ਦੇ ਪ੍ਰਤੀਨਿਧ ਸ਼ਾਇਰਾਂ ਵਿਚੋਂ ਇਕ ਸੀ। ਉਸ ਦੇ ਫਲਸਫ਼ੇ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 1936 ਮਗਰੋਂ ਇਸ ਫਲਸਫ਼ੇ ਨੇ ਸਾਰੇ ਭਾਰਤੀ ਸਾਹਿਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ ਅਤੇ ਭਾਰਤ ਦੇ ਹਰ ਜ਼ਿਕਰਯੋਗ ਸਾਹਿਤਕਾਰ ਨੂੰ ਪ੍ਰਗਤੀਸ਼ੀਲਤਾ ਨੇ ਪ੍ਰਭਾਵਿਤ ਕੀਤਾ ਸੀ। ਕੈਫ਼ੀ ਦੀ ਇਸ ਪ੍ਰਤੀਬੱਧਤਾ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿਵਾਈ, ਪਰ ਇਸੇ ਕਾਰਨ ਕੈਫ਼ੀਅਤ ਅਤੇ ਦਿਲਸੋਜ਼ੀ ਉਸ ਦੀ ਸ਼ਾਇਰੀ ਤੋਂ ਪਰ੍ਹਾਂ ਚਲੀ ਗਈ। ਉਸ ਦੀ ਸ਼ਾਇਰੀ ਬੁਲੰਦੀ ਦੇ ਉਸ ਮੁਕਾਮ ਤਕ ਪੁੱਜਣੋਂ ਖੁੰਝ ਗਈ ਜਿੱਥੇ ਉਸ ਨੂੰ ਪੁੱਜਣਾ ਚਾਹੀਦਾ ਸੀ।
ਕੈਫ਼ੀ ਨਾ ਕੇਵਲ ਦੋ-ਕੌਮੀ ਨਜ਼ਰੀਏ ਦੇ ਵਿਰੁੱਧ ਸੀ, ਉਹ ਫ਼ਿਰਕਾਪ੍ਰਸਤੀ ਅਤੇ ਫ਼ਿਰਕੂਪੁਣਾ ਫੈਲਾਉਣ ਵਾਲੀਆਂ ਜਥੇਬੰਦੀਆਂ ਤੇ ਲੀਡਰਾਂ ਦੇ ਵੀ ਸਖ਼ਤ ਖਿਲਾਫ਼ ਸੀ। ਧਾਰਮਿਕ ਜਨੂੰਨ ਨੇ 1947 ਵਿਚ ਵਹਿਸ਼ਤ ਦਾ ਨੰਗਾ ਨਾਚ ਵਿਖਾਇਆ ਸੀ। ਉਸ ਤੋਂ ਦਹਿਲਿਆ ਕੈਫ਼ੀ ਕੌਮੀ ਜ਼ਮੀਰ ਨੂੰ ਜਗਾਉਣ ਲਈ ਨਜ਼ਮਾਂ ਲਿਖਦਾ ਰਿਹਾ। ਅਫ਼ਸੋਸ ਕਿ ਕੌਮੀ ਇਕਜੁੱਟਤਾ ਅਤੇ ਭਾਵਨਾਤਮਕ ਏਕਤਾ ਦਾ ਜੋ ਸੁਪਨਾ ਕੈਫ਼ੀ ਆਜ਼ਮੀ ਨੇ ਵੇਖਿਆ ਸੀ, ਉਹ ਉਸ ਦੇ ਜਿਉਂਦਿਆਂ ਤਾਂ ਕੀ ਸਾਕਾਰ ਹੋਣਾ ਸੀ, ਅਜੇ ਤਕ ਨਹੀਂ ਹੋਇਆ। ਕੈਫ਼ੀ ਬੇਜ਼ਮੀਰੀ ਦਾ ਰੋਣਾ ਹੋ ਰਿਹਾ ਸੀ:
ਬੇਜ਼ਮੀਰੀ ਕਾ ਹੈ ਯੇ ਅਹਿਦ ਖ਼ਬਰ ਹੈ ਕਿ ਨਹੀਂ,
ਕਿਸ ਤਵੱਕੋ ਪੇ ਖੁਲੇਂ ਲਬ ਕਿਸੀ ਫਰਿਆਦੀ ਕੇ।
ਉਸ ਬੇਜ਼ਮੀਰੀ ਨੇ ਅੱਜ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਉਸ ਦੀਆਂ ਨਜ਼ਮਾਂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ ਅਤੇ ਕੈਫ਼ੀ ਦਾ ਇਹ ਸਵਾਲ ਮੁੜ ਉੱਠ ਖਲੋਤਾ ਹੈ ਕਿ:
ਕੋਈ ਤੋ ਸੂਦ ਚੁਕਾਏ ਕੋਈ ਤੋ ਜ਼ਿੰਮਾ ਲੇ,
ਉਸ ਇਨਕਲਾਬ ਕਾ ਜੋ ਆਜ ਤਕ ਉਧਾਰ ਸਾ ਹੈ।
ਜੇਕਰ ਕੈਫ਼ੀ ਨੇ ਆਪਣੀ ਸਾਰੀ ਸਿਰਜਣਾਤਮਕ ਪ੍ਰਤਿਭਾ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ ਲੇਖੇ ਨਾ ਲਾਈ ਹੁੰਦੀ ਤਾਂ ਸੰਭਵ ਸੀ ਕਿ ਉਸ ਦੀ ਸ਼ਾਇਰੀ ਦਾ ਮਿਆਰ ਹੋਰ ਵੀ ਬੁਲੰਦ ਹੁੰਦਾ।
ਫਿਰ ਵੀ ਉਸ ਦੀ ਕਲਮ ਤੋਂ ‘ਔਰਤ’, ‘ਇਬਨੇ-ਮਰੀਅਮ’, ‘ਦਾਇਰਾ’, ‘ਬਹੁਰੂਪਨੀ’ ਜਿਹੀਆਂ ਨਜ਼ਮਾਂ ਨਿਕਲੀਆਂ ਹਨ ਜੋ ਉਰਦੂ ਸ਼ਾਇਰੀ ਦਾ ਵਡਮੁੱਲਾ ਸਰਮਾਇਆ ਹਨ। ਜਿਨ੍ਹਾਂ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਨੂੰ ਕੈਫ਼ੀ ਨੇ ਆਪਣੀ ਰਚਨਾ ਦਾ ਵਿਸ਼ਾ-ਵਸਤੂ ਬਣਾਇਆ ਹੈ, ਜਦੋਂ ਤਕ ਉਹ ਮੁੱਦੇ ਹੱਲ ਨਹੀਂ ਹੁੰਦੇ, ਕੈਫ਼ੀ ਦੀ ਸ਼ਾਇਰੀ ਅਹਿਮ ਅਤੇ ਲਾਹੇਵੰਦ ਰਹੇਗੀ।


Comments Off on ਅਪਨੀ ਦੁਨੀਆਂ ਤਾਮੀਰ ਕਰਨ ਦਾ ਖ਼ਾਹਿਸ਼ਮੰਦ ਕੈਫ਼ੀ ਆਜ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.