ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਵਰਗ-ਨਰਕ

Posted On January - 8 - 2019

ਬਲਦੇਵ ਸਿੰਘ (ਸੜਕਨਾਮਾ)

ਕਲਕੱਤੇ (ਕੋਲਕਾਤਾ) ਦੀ ਵਿਕਟੋਰੀਆ ਯਾਦਗਾਰ ਦੇ ਮੇਨ ਗੇਟ ਲਾਗੇ ਮੈਂ ਟੈਕਸੀ ਪਾਰਕ ਕਰੀਂ ਖੜ੍ਹਾ ਸੀ। ਗਰਮੀ ਦਾ ਕਹਿਰ ਆਪਣੀ ਪ੍ਰਚੰਡ ਸੀਮਾ ਉੱਪਰ ਸੀ। ਪਰਿੰਦੇ ਬਦਾਮਾਂ ਦੇ ਬੂਟਿਆਂ ਦੀਆਂ ਟਹਿਣੀਆਂ ਵਿਚ ਲੁਕੇ ਹੌਂਕ ਰਹੇ ਸਨ। ਮੈਂ ਇਕ ਅਧ-ਸੁੱਕੇ ਜਿਹੇ ਬਰੋਟੇ ਦੀ ਦੋ ਕੁ ਗਿੱਠਾਂ ਛਾਂ ਵਿਚ ਖੜ੍ਹਾ ਮੁੜ੍ਹਕਾ ਪੂੰਝਦਾ ਕਿਸੇ ਸਵਾਰੀ ਦੀ ਉਡੀਕ ਵਿਚ ਸਾਂ। ਕੁਝ ਦੇਰ ਬਾਅਦ ਇਕ ਬਜ਼ੁਰਗ ਆਦਮੀ ਤੇ ਭਰ ਮੁਟਿਆਰ ਗੋਰੀ-ਚਿੱਟੀ ਇਕ ਲੜਕੀ ਟੈਕਸੀ ਕੋਲ ਆਣ ਖੜ੍ਹੇ। ਮੁਟਿਆਰ ਨੇ ਆਪਣੀ ਬਾਂਹ ਦੀ ਗੋਦ ਬਣਾ ਕੇ ਇਕ ਸਫ਼ੈਦ ਵਲਾਇਤੀ ਪਿਸਤਾ ਕੁੱਤਾ ਚੁੱਕਿਆ ਹੋਇਆ ਸੀ। ਦੂਸਰੇ ਹੱਥ ਨਾਲ ਉਸ ਨੇ ਆਪਣੇ ਉੱਪਰ ਇਕ ਗੁਲਾਬੀ ਫੁੱਲਾਂ ਵਾਲੀ ਛੱਤਰੀ ਤਾਣੀ ਹੋਈ ਸੀ।
ਮੈਂ ਕਾਹਲੀ ਨਾਲ ਟੈਕਸੀ ਕੋਲ ਗਿਆ। ਮੁਟਿਆਰ ਨੇ ਅਗਰੇਜ਼ੀ ਅੰਦਾਜ਼ ਨਾਲ ਹਿੰਦੀ ਵਿਚ ਪੁੱਛਿਆ: ‘ਮਿਸਟਰ ਸਿੰਘ ਨਿਊ ਅਲੀਪੁਰ ਜਾਏਗਾ?’
ਮੇਰੇ ‘ਹਾਂ’ ਕਹਿਣ ’ਤੇ ਉਹ ਦੋਵੇਂ ਟੈਕਸੀ ਵਿਚ ਬੈਠ ਗਏ। ਸ਼ੀਸ਼ੇ ਵਿਚ ਦੀ ਪਿੱਛੇ ਤੱਕਦਿਆਂ ਮੈਂ ਟੈਕਸੀ ਸਟਾਰਟ ਕਰ ਲਈ।
‘ਓ ਮਾਈ ਗੌਡ।’ ਆਪਣੇ ਹੱਥ ਨੂੰ ਹੀ ਪੱਖੀ ਵਾਂਗ ਝੱਲਦਿਆਂ ਲੜਕੀ ਨੇ ਗਰਮੀ ਵਧੇਰੇ ਹੋਣ ’ਤੇ ਔਖ ਮਹਿਸੂਸ ਕੀਤੀ।
ਅਜੇ ਬਿਰਲਾ ਤਾਰਾ ਮੰਡਲ ਦਾ ਮੋੜ ਮੁੜੇ ਹੀ ਸਾਂ। ਮੁਟਿਆਰ ਨੇ ਕੁੱਤੇ ਨੂੰ ਝਿੜਕਿਆ-‘ਵਿੱਕੀ ਮਾਈਂਡ ਯੂਅਰ ਬਿਜ਼ਨਸ।’
ਮੈਂ ਸ਼ੀਸ਼ੇ ਵਿਚੋਂ ਜ਼ਰਾ ਕੁ ਪਿੱਛੇ ਵੇਖਿਆ। ਵਿੱਕੀ (ਕੁੱਤਾ) ਵਾਰ-ਵਾਰ ਮੁਟਿਆਰ ਦਾ ਚਿਹਰਾ ਸੁੰਘਦਾ ਤੇ ਚੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਦੇ ਉਹ ਕੱਛਾਂ ਵਿਚ ਮੂੰਹ ਘੁਸੇੜਨ ਦੀ ਕੋਸ਼ਿਸ਼ ਕਰਦਾ ਤੇ ਮੁਟਿਆਰ ਉਸ ਨੂੰ ਵਰਜ ਰਹੀ ਸੀ।
‘ਵਿੱਕੀ!’ ਇਸ ਵਾਰ ਮੁਟਿਆਰ ਵਧੇਰੇ ਗੁੱਸੇ ਨਾਲ ਬੋਲੀ। ਵਿੱਕੀ ਦੇ ਮੂੰਹ ਉੱਪਰ ਇਕ ਪੋਲੀ ਜਿਹੀ ਚਪਤ ਵੀ ਮਾਰੀ ਅਤੇ ਬਜ਼ੁਰਗ ਦੀ ਗੋਦ ਵਿਚ ਕੁੱਤਾ ਦਿੰਦਿਆਂ ਕਿਹਾ-‘ਡੀਅਰ ਫੜੋ ਨਾ, ਇਹ ਬੜਾ ਸ਼ਰਾਰਤੀ ਹੋ ਗਿਐ।’
‘ਵਿੱਕੀ ਇਜ਼ ਵੈਰ ਲੱਕੀ ਡਾਰਲਿੰਗ।’ ਆਖਦਿਆਂ ਬਜ਼ੁਰਗ ਨੇ ਕੁੱਤਾ ਫੜ ਲਿਆ। ‘ਆਜਾ ਮੇਰੇ ਪਾਰਟਨਰ।’ ਮੈਂ ਦੇਖਿਆ ਬਜ਼ੁਰਗ ਮੁਟਿਆਰ ਵੱਲ ਦੇਖ ਕੇ ਮੁਸਕਰਾਇਆ।

ਬਲੇਦਵ ਸਿੰਘ ਸੜਕਨਾਮਾ

ਮੁਟਿਆਰ ਨੇ ਫਿਰ ਗਰਮੀ ਮਹਿਸੂਸ ਕਰਦਿਆਂ ਕਿਹਾ,‘ਓ ਡੀਅਰ ਅਪਨੀ ਗਾੜੀ ਕਬ ਠੀਕ ਹੋਗੀ… ਟੈਕਸੀ ਮੇਂ ਤੋਂ ਏ.ਸੀ. ਭੀ ਨਹੀਂ ਹੈ।’
ਬਜ਼ੁਰਗ ਨੇ ਕੋਈ ਜਵਾਬ ਨਾ ਦਿੱਤਾ। ਨੈਸ਼ਨਲ ਲਾਇਬਰੇਰੀ ਕੋਲੋਂ ਦੀ ਲੰਘਦਿਆਂ, ਜਦੋਂ ਮੈਂ ਨਿਊ ਅਲੀਪੁਰ ਦੇ ਇਲਾਕੇ ਵਿਚ ਦਾਖਲ ਹੋਇਆ ਤਾਂ ਮੈਨੂੰ ਇਕ ਵਿਸ਼ਾਲ ਬੰਗਲੇ ਸਾਹਮਣੇ ਰੁਕਣ ਦਾ ਆਦੇਸ਼ ਮਿਲਿਆ।
ਮੈਂ ਗੱਡੀ ਸਾਈਡ ਕਰਕੇ ਰੋਕ ਲਈ। ਬਜ਼ੁਰਗ ਨੇ ਪੰਜ ਸੌ ਦਾ ਨੋਟ ਮੇਰੇ ਵੱਲ ਵਧਾਇਆ ਤੇ ਉਹ ਮੀਟਰ ਭਾੜੇ ਵੱਲ ਝਾਕਿਆ।
‘ਬੜੋ ਦਾ (ਵੱਡੇ ਭਰਾ) ਐਨੇ ਪੈਸੇ ਨਹੀਂ ਹੁੰਦੇ ਸਾਡੇ ਕੋਲ।’ ਮੈਂ ਹੌਲੀ ਜਿਹੀ ਕਿਹਾ। ‘ਚੇਂਜ ਨਹੀਂ ਤਾਂ ਅੰਡਰ (ਅੰਦਰ) ਆ ਕਰ ਪੈਸਾ ਲੇ ਜਾਓ।’ ਮੁਟਿਆਰ ਨੇ ਬਜ਼ੁਰਗ ਕੋਲੋਂ ਕੁੱਤਾ ਨਹੀਂ ਸੱਚ ਵਿੱਕੀ ਫੜਦਿਆਂ ਕਿਹਾ ਤੇ ਉਹ ਬਜ਼ੁਰਗ ਦੇ ਨਾਲ-ਨਾਲ ਵਿੱਕੀ ਨਾਲ ਵੀ ਲਾਡੀਆਂ ਕਰਦੀ ਵੱਡਾ ਗੇਟ ਲੰਘ ਕੇ ਅੰਦਰ ਚਲੀ ਗਈ। ਮੈਂ ਝਿਜਕਦਾ ਝਿਜਕਦਾ ਅੰਦਰ ਲੰਘਿਆ ਤੇ ਮਖ਼ਮਲੀ ਘਾਹ ਉੱਪਰੋਂ ਸਣੇ ਜੁੱਤੀਆਂ ਕਾਹਲੀ ਕਾਹਲੀ ਉਨ੍ਹਾਂ ਦੇ ਮਗਰ ਭੱਜਣ ਵਾਂਗ ਤੁਰਿਆ, ਏਸ ਡਰ ਨਾਲ ਕਿ ਜੇ ਉਹ ਇੰਨੇ ਕਮਰਿਆਂ ਵਿਚ ਕਿਧਰੇ ਗੁਆਚ ਗਏ ਤਾਂ ਕਿਵੇਂ ਲੱਭਾਂਗਾ ਤੇ ਕਿਸ ਨੂੰ ਆਵਾਜ਼ ਮਾਰਾਂਗਾ?
ਮੈਂ ਇਕ ਬਰਾਂਡੇ ਵਿਚ ਖੜ੍ਹ ਕੇ ਉਡੀਕਣ ਲੱਗਾ। ਬਜ਼ੁਰਗ ਨੇ ਜ਼ਰਾ ਕੁ ਬੂਹਾ ਖੋਲ੍ਹ ਕੇ ਕਿਹਾ, ‘ਅੰਦਰ ਆ ਜਾ।’
ਅੰਦਰ ਲੰਘ ਕੇ ਤਾਂ ਮੈਂ ਚਕਾਚੌਂਧ ਰਹਿ ਗਿਆ। ਅੰਦਰ ਏਨੀ ਠੰਢ। ਮੁੜ੍ਹਕੇ ਦਾ ਭਿੱਜਿਆ ਹੋਇਆ ਸਾਂ, ਠੰਢ ਹੋਰ ਵੀ ਵਧੇਰੇ ਮਹਿਸੂਸ ਹੋਈ। ਫਰਸ਼ ਉੱਪਰ ਵਿਛੇ ਗਲੀਚੇ ਵਿਚ ਮੇਰੇ ਪੈਰ ਖੁੱਭ ਰਹੇ ਸਨ। ਮੈਨੂੰ ਆਪਣੀਆਂ ਗੰਦੀਆਂ ਜੁੱਤੀਆਂ ਉੱਪਰ ਸ਼ਰਮ ਆਈ। ਬਜ਼ੁਰਗ ਕਿਸੇ ਹੋਰ ਅੰਦਰ ਚਲਿਆ ਗਿਆ ਸੀ ਤੇ ਮੈਂ ਕਦੇ ਛੱਤ ਵੱਲ ਤੇ ਕਦੇ ਕਮਰੇ ਦੀਆਂ ਕੰਧਾਂ ਵੱਲ ਤੱਕ ਰਿਹਾ ਸੀ। ਕੰਧਾਂ ਉੱਪਰ ਅਜੀਬ ਊਲ-ਜਲੂਲ ਜਿਹੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਕਮਰੇ ਦੀ ਇਕ ਨੁੱਕਰ ਵਿਚ ਇਕ ਮੇਜ਼ ਉੱਪਰ ਸਿਲਵਰ ਦਾ ਵੱਡਾ ਘੋੜਾ ਭੱਜਿਆ ਜਾ ਰਿਹਾ ਸੀ। ਇਕ ਹੋਰ ਪਾਸੇ ਸ਼ੀਸ਼ੇ ਦੇ ਇਕ ਬਕਸੇ ਵਿਚ ਰੰਗ-ਬਿਰੰਗੀਆਂ ਮੱਛੀਆਂ ਤੈਰ ਰਹੀਆਂ ਸਨ। ਪੋਹ-ਮਾਘ ਦੇ ਮਹੀਨੇ ਵਰਗੀ ਠੰਢ ਮਹਿਸੂਸ ਕਰਕੇ ਮੈਂ ਆਪਣੀਆਂ ਬਾਹਾਂ-ਕੱਛਾਂ ਵਿਚ ਲੈ ਲਈਆਂ। ਸੋਫੇ, ਗੱਦੇ ਤੇ ਹੋਰ ਸਾਮਾਨ ਵੇਖ ਕੇ ਮੈਂ ਸੋਚਣ ਲੱਗਾ, ‘ਮੈਂ ਕਿਹੜੀ ਦੁਨੀਆਂ ਵਿਚ ਆ ਗਿਆ ਹਾਂ।’
ਮੈਨੂੰ ਆਪਣਾ ਕਮਰਾ ਚੇਤੇ ਆਇਆ। ਫਲਾਈ ਓਵਰ ਪੁਲਾਂ ਹੇਠਾਂ ਰਹਿੰਦੇ, ਭੁੱਖੇ-ਨੰਗੇ ਲੋਕ ਯਾਦ ਆਏ। ਰੇਲਵੇ ਲਾਈਨਾਂ ਕੋਲ ਬਣੀਆਂ ਝੁੱਗੀਆਂ ਵਿਚੋਂ ਉੱਠਦਾ ਧੂੰਆਂ ਨਜ਼ਰ ਆਇਆ। ਮੈਂ ਸੋਚੀਂ ਪੈ ਗਿਆ, ਕੀ ਨਰਕ ਤੇ ਸਵਰਗ ਦੋਵੇਂ ਧਰਤੀ ਉੱਪਰ ਹੀ ਹਨ? ਏਡਾ ਵਿਸ਼ਾਲ ਬੰਗਲਾ, ਕੀ ਇਹ ਦੋਵੇਂ ਬਾਪ-ਬੇਟੀ ਹਨ ਜਾਂ ਕੋਈ ਹੋਰ ਰਿਸ਼ਤਾ ਹੈ? ਬਜ਼ੁਰਗ ਉਸ ਨੂੰ ‘ਡਾਰਲਿੰਗ’ ਆਖਦਾ ਹੈ, ਲੜਕੀ ਬਜ਼ੁਰਗ ਨੂੰ ‘ਡੀਅਰ’ ਆਖਦੀ ਹੈ। ਬੰਗਲੇ ਵਿਚ ਸਿਰਫ਼ ਦੋ ਜਣੇ, ਨੌਕਰ-ਚਾਕਰ ਵੀ ਕਿਧਰੇ ਨਹੀਂ ਦਿੱਸਦੇ। ਮੈਂ ਅੱਠ ਬਾਈ ਅੱਠ ਦੇ ਕਮਰੇ ਵਿਚ ਛੇ-ਛੇ ਜਣੇ ਰਹਿੰਦੇ ਵੇਖੇ ਹਨ। ਜਿਵੇਂ ਮੁਰਗੀਆਂ ਖੁੱਡੇ ਵਿਚ ਤਾੜੀਆਂ ਹੁੰਦੀਆਂ ਹਨ। ਪਰ ਇੱਥੇ ਕਿੰਨੀ ਚੁੱਪ ਹੈ, ਜਿਵੇਂ ਮੈਂ ਸ਼ਮਸ਼ਾਨਘਾਟ ’ਚ ਖੜ੍ਹਾ ਹੋਵਾਂ।
ਮੈਂ ਤ੍ਰਭਕਿਆ। ਮੇਰੇ ਲਾਗੇ ਅਚਾਨਕ ਉਹ ਸਫ਼ੈਦ ਪਿਸਤਾ ਕੁੱਤਾ ਬੜੇ ਸਲੀਕੇ ਨਾਲ ਭੌਂਕਿਆ ਤੇ ਫਿਰ ਉਹੀ ਮਿੱਠੀ ਜਿਹੀ ਝਿੜਕ ‘ਵਿੱਕੀ ਗੋਅ ਇਨ ਸਾਈਡ।’
ਮੇਰੇ ਸਾਹਮਣੇ ਉਹੀ ਮੁਟਿਆਰ ਹੱਥ ਵਿਚ ਪੈਸੇ ਲਈ ਖੜ੍ਹੀ ਸੀ। ਉਹ ਕੱਪੜੇ ਬਦਲ ਆਈ ਸੀ ਤੇ ਚਿੱਟੇ ਗਾਊਨ ਵਿਚ ਸੰਗਮਰਮਰ ਦਾ ਬੁੱਤ ਜਾਪ ਰਹੀ ਸੀ। ਅਮੀਰੀ ਦੇ ਇਸ ਵਿਲੱਖਣ ਜਲੌਅ ਥੱਲੇ ਮੈਂ ਠੱਗਿਆ ਜਿਹਾ ਖੜ੍ਹਾ ਉਸ ਨੂੰ ਵੇਂਹਦਾ ਰਹਿ ਗਿਆ।
ਵਿੱਕੀ ਫੇਰ ਭੌਂਕਿਆ ਜਿਵੇਂ ਮੁਟਿਆਰ ਵੱਲ ਇਸ ਤਰ੍ਹਾਂ ਦੇਖਣ ਦਾ ਉਸ ਨੇ ਬੁਰਾ ਮਨਾਇਆ ਹੋਵੇ।
ਟੈਕਸੀ ਭਾੜਾ ਜੇਬ ਵਿਚ ਪਾ ਕੇ ਮਾਘ ਦੇ ਉੁਸ ਠੰਢੇ ਮੌਸਮ ਵਿਚੋਂ ਨਿਕਲ ਕੇ ਮੈਂ ਬਾਹਰ ਅੱਗ ਵਰਗੀ ਹੁੰਮ ਵਿਚੋਂ ਲੰਘ ਕੇ ਭੱਠੀ ਵਾਂਗ ਤਪਦੀ ਆਪਣੀ ਟੈਕਸੀ ਵਿਚ ਆ ਬੈਠਾ ਤਾਂ ਲੱਗਾ ਜਿਵੇਂ ਮੈਂ ਸਵਰਗ ਵਿਚੋਂ ਨਿਕਲ ਕੇ ਨਰਕ ਵਿਚ ਆ ਗਿਆ ਹੋਵਾਂ। ਉਦੋਂ ਹੀ ਇਕ ਸਵਾਰੀ ਨੇ ਟੈਕਸੀ ’ਚ ਬੈਠਦਿਆਂ ਕਿਹਾ-‘ਸ਼ੋਰਦਾਰ ਜੀ ਹਾਵੜਾ ਸਟੇਸ਼ਨ ਜਾਏਗਾ।’
ਗੱਡੀ ਮੋੜਦਿਆਂ ਮੈਂ ਸੋਚਿਆ ਕਿਰਤ ਦੀ ਇਹੀ ਪਵਿੱਤਰ ਤਪਸ਼ ਮੈਨੂੰ ਰੋਟੀ-ਰੋਜ਼ੀ ਦੇ ਰਹੀ ਹੈ। ਮੇਰੇ ਲਈ ਤਾਂ ਇਹ ਤਪਸ਼ ਸਵਰਗ ਹੈ।

ਸੰਪਰਕ: 98147-83069


Comments Off on ਸਵਰਗ-ਨਰਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.