ਸਿਰਸਾ ’ਚ ਭਾਜਪਾ ਇਕ ਵੀ ਸੀਟ ਨਹੀਂ ਜਿੱਤੇਗੀ: ਸੁਖਬੀਰ !    ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ !    ਲੋਕਰਾਜ ’ਚ ਵਿਚਾਰੇ ਲੋਕ !    ਸਿੱਖੀ ਆਨ ਤੇ ਸ਼ਾਨ ਦੀ ਗਾਥਾ... !    ਚੀਨੀ ਰੈਸਟੋਰੈਂਟ ’ਚ ਗੈਸ ਧਮਾਕਾ, 9 ਹਲਾਕ !    ਏਟੀਐੱਸ ਦੇ ਸਿਖਰਲੇ ਅਧਿਕਾਰੀਆਂ ਨੂੰ ਅੱਜ ਸੰਬੋਧਨ ਕਰਨਗੇ ਸ਼ਾਹ !    ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ !    ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ !    ਫਗਵਾੜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ !    ਖੰਨਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਤੇ ਆਮਦ ਨੇ ਰਫ਼ਤਾਰ ਫੜੀ !    

ਵਿਦਿਅਕ ਖੋਜ ਦੀ ਟਕਸਾਲ

Posted On January - 8 - 2019

ਕਿਰਪਾਲ ਕਜ਼ਾਕ

ਵਿਸ਼ਵ ਚਿੰਤਨ ਅਤੇ ਗਹਿਰ-ਗੰਭੀਰ ਗਿਆਨ-ਮੀਮਾਂਸਾ ਦੀ ਮਿਆਰੀ ਬੌਧਿਕਤਾ ਨਾਲ ਵਰੋਸਾਏ ਅਦਾਰੇ ਦਾ ਨਾਂ ਹੈ ਵਿਸ਼ਵ ਵਿਦਿਆਲਾ। ਇਸਦੇ ਨਾਲ-ਨਾਲ ਜੇਕਰ ਕੋਈ ਵਿਸ਼ਵ ਵਿਦਿਆਲਾ, ਭਾਸ਼ਾਈ ਆਂਚਲਿਕਤਾ ਦੇ ਖ਼ਮੀਰ ਵਿਚਲੀ ਬੌਧਿਕਤਾ ਦਾ ਸਵਾਮੀ ਹੋਵੇ ਤਾਂ ਸੁਭਾਵਿਕ ਹੀ ਭਾਸ਼ਾ, ਸਾਹਿਤ, ਸੱਭਿਆਚਾਰ ਦੇ ਕਸ਼ੀਦ ਹੋਏ ਗਿਆਨ – ਵਿਗਿਆਨ ਦੇ ਅਨੇਕਾਂ ਪਾਸਾਰ ਰਲ ਕੇ ਉਸਨੂੰ ਸਮਰਿੱਧ ਅਤੇ ਗੌਰਵਤਾ ਪ੍ਰਦਾਨ ਕਰਨ ਦੀ ਘਾੜਤ ਵਾਲੀ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਅਗਰਸਰ ਰਹਿੰਦੇ ਹਨ।
ਅਜਿਹਾ ਹੀ ਇਕ ਵਿਸ਼ਵ ਵਿਦਿਆਲਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਹੈ। ਜਿਸ ਦੀ ਹੋਂਦ, ਬਣਤਰ ਅਤੇ ਪ੍ਰਾਪਤੀਆਂ ’ਤੇ ਰਸ਼ਕ ਕੀਤਾ ਜਾ ਸਕਦਾ ਹੈ। ਜੋ ਬੌਧਿਕ ਚਿੰਤਨ ਦੀ ਮਿਆਰੀ ਟਕਸਾਲ ਹੈ। ਜਿਸ ਚੌਗਿਰਦੇ ਵਿਚ ਗਿਆਨ-ਵਿਗਿਆਨ ਦੀ ਉਪਜ ਅਤੇ ਵਿਦਿਅਕ ਚਾਨਣ ਦਾ ਵਣਜ ਹੁੰਦਾ ਹੋਵੇ, ਅਜਿਹੇ ਅਦਾਰੇ ਵਿਚਲੀ ਇਮਾਰਤਸਾਜ਼ੀ ਦੀ ਵਾਸਤੂਕਲਾ ਅਤੇ ਚੌਗਿਰਦੇ ਦੀ ਪ੍ਰਕਿਰਤੀ ਬੇਹੱਦ ਪ੍ਰਭਾਵੀ ਮੰਨੀ ਗਈ ਹੈ। ਅਜਿਹੀ ਵਾਸਤੂਕਲਾ ਦੀ ਯੋਗ ਉਦਾਹਰਨ ਯੂਨੀਵਰਸਿਟੀ ਸਥਿਤ ‘ਪੰਜਾਬੀ ਭਵਨ’ ਹੈ। ਭਵਨ ਦੀ ਆਖ਼ਰੀ ਮੰਜ਼ਿਲ ’ਤੇ ‘ਪੰਜਾਬੀ ਸਾਹਿਤ ਅਧਿਐਨ ਵਿਭਾਗ’ ਹੈ ਜੋ ਵਿਸ਼ਵ ਵਿਦਿਆਲੇ ਦੇ ਆਸ਼ੇ ਨੂੰ ਸਮਰਪਿਤ ਸਾਹਿਤਕਾਰਾਂ ਦਾ ‘ਮੱਕਾ’ ਹੈ। ਭਵਨ ਵਿਚ ਕਈ ਵਿਭਾਗ ਹਨ ਜਿਨ੍ਹਾਂ ਦੀ ਖਾਸੀਅਤ ਹੈ ਕਿ ਇਹ ਇਕ ਦੂਜੇ ਦੇ ਸਨਮੁਖ ਅਤੇ ਇਕ ਦੂਜੇ ਦੇ ਪੂਰਕ ਹਨ। ਵਿਚਕਾਰ ਸਾਂਝਾ ਵਿਹੜਾ ਹੈ। ਜੋ ਬਿਲਕੁਲ ਪੰਜਾਬੀ ਰਹਿਤਲ ਦੀ ਤਰਜ਼ ਅਨੁਸਾਰੀ ਹੈ। ਸ਼ਾਇਦ ਇਸੇ ਵਾਤਾਵਰਨ ਸਦਕਾ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਕਾਰਗੁਜ਼ਾਰੀ ਗੌਰਵਮਈ ਹੈ।
ਸਮੇਂ-ਸਮੇਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਨੂੰ ਅਹਿਮ ਵਿਦਵਾਨਾਂ ਨੇ ਅਗਵਾਈ ਪ੍ਰਦਾਨ ਕੀਤੀ। ਜਿਨ੍ਹਾਂ ਵਿਚ ਡਾ. ਅਤਰ ਸਿੰਘ, ਡਾ. ਗੁਰਦੇਵ ਸਿੰਘ, ਡਾ. ਜੀਤ ਸਿੰਘ ਸੀਤਲ, ਡਾ. ਅੰਮ੍ਰਿਤਪਾਲ ਕੌਰ ਤੋਂ ਲੈ ਕੇ ਹੋਰ ਕਈ ਨਾਂ ਸ਼ਾਮਲ ਹਨ। ਮੌਜੂਦਾ ਸਮੇਂ ਡਾ. ਹਰਜੋਧ ਸਿੰਘ ਇਸਦੇ ਮੁਖੀ ਹਨ।
ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਵਿਭਾਗ ਦੀ ਅੱਧੀ ਸਦੀ ਦੇ ਸਫ਼ਰ ਦਾ ਹਾਸਲ ਮਾਣਮੱਤਾ ਹੈ। ਵਿਭਾਗ ਨੇ ਇਕ ਪਾਸੇ ਆਪਣੀ ਗੌਰਵਮਈ ਭਾਰਤੀ (ਅਕਾਦਮਿਕ) ਵਿਰਾਸਤ ਵਿਚੋਂ ਖੋਜ ਦੇ ਹਵਾਲੇ ਨਾਲ ਸੋਨੇ ਦੇ ਕੀਮਤੀ ਕਣ ਤਲਾਸ਼ੇ, ਦੂਜੇ ਪਾਸੇ ਪੱਛਮ ਦੇ ਗਿਆਨ-ਵਿਗਿਆਨ ਦੇ ਕੀਮਤੀ ਸੋਮਿਆਂ ਨਾਲ ਕੇਵਲ ਨਾਤਾ ਹੀ ਨਹੀਂ ਜੋੜਿਆ, ਸਗੋਂ ਭਾਰਤੀ ਅਤੇ ਪੱਛਮੀ ਚਿੰਤਨ ਨੂੰ ਵਡਿਆ ਕੇ ਆਉਣ ਵਾਲੀਆਂ ਨਸਲਾਂ ਨੂੰ ਸੌਂਪਿਆ। ਜਿਸ ਸਦਕਾ ਅਕਾਦਮਿਕ ਖੋਜ/ਚਿੰਤਨ ਦੇ ਅਸੀਮ ਦੁਆਰ ਖੁੱਲ੍ਹੇ ਅਤੇ ਗਿਆਨ ਦਾ ਵਿਸਥਾਰ ਹੋਇਆ। ਵਿਭਾਗ ਨੇ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਵੀ ਖੋਜ-ਕਾਰਜਾਂ ਰਾਹੀਂ ਬੁਲੰਦੀ ਪ੍ਰਦਾਨ ਕੀਤੀ।

ਕਿਰਪਾਲ ਕਜ਼ਾਕ

ਵਿਭਾਗ ਵੱਲੋਂ ਮੁਕੰਮਲ ਕੀਤੇ ਖੋਜ-ਕਾਰਜਾਂ ਦੀ ਤਫ਼ਸੀਲ ਲੰਮੀ ਅਤੇ ਵਿਸਤ੍ਰਿਤ ਹੈ। ਇਸ ਵਿਚ ਵਿਸ਼ਵ ਚਿੰਤਕ, ਪ੍ਰਸਿੱਧ ਸਾਹਿਤਕਾਰ, ਜੀਵਨ ਤੇ ਰਚਨਾ, ਪ੍ਰਤੀਨਿਧ ਰਚਨਾ, ਸਾਹਿਤਕ ਸਵੈ-ਜੀਵਨੀਆਂ, ਵਿਭਿੰਨ ਸਾਹਿਤ ਰੂਪਾਕਾਰਾਂ ਦੇ ਸਰੂਪ ਅਤੇ ਸਿਧਾਂਤ, ਕਲਾਸਿਕ ਗ੍ਰੰਥਾਂ ਦੀ ਸੰਪਾਦਨਾ ਅਤੇ ਅਨੁਵਾਦ ਅਧੀਨ, 411 ਪੁਸਤਕਾਂ ਦਾ ਪ੍ਰਕਾਸ਼ਨ ਵਿਭਾਗ ਦਾ ਸਿਰ ਉੱਚਾ ਕਰਦਾ ਹੈ। ਪੰਜਾਬੀ ਅਕਾਦਮਿਕਤਾ ਅਤੇ ਆਲੋਚਨਾ ਦੇ ਸੰਦਰਭ ਵਿਚ ਵਿਭਾਗ ਵੱਲੋਂ ਨਿਰਮਤ ਛੇ-ਮਾਹੀ ਖੋਜ-ਪੱਤ੍ਰਿਕਾ ਦੇ ਮਿਆਰ ਦਾ ਕੋਈ ਸਾਨੀ ਨਹੀਂ। ਇਸ ਦੇ ਪੰਜਾਹ ਵਿਸ਼ੇਸ਼ ਅੰਕਾਂ ਦੀ ਸੰਪਾਦਨਾ, ਵਿਭਾਗ ਦੇ ਅਧਿਆਪਨ ਅਮਲੇ ਦੀ ਵਿਦਵਤਾ ਅਤੇ ਪ੍ਰਬੁੱਧਤਾ, ਰਵਾਇਤੀ ਪ੍ਰਸੰਸਾਂ ਦੇ ਸ਼ਬਦ ਬੌਣੇ ਕਰਦੀ ਹੈ।
ਵਿਭਾਗ ਦੀ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਡਿਕਸ਼ਨਰੀਆਂ ਅਤੇ ਕੋਸ਼ ਹਨ। ਵਿਭਾਗ ਦੀ ਇਕ ਹੋਰ ਪ੍ਰਾਪਤੀ ਭਾਰਤੀ ਮੂਲ ਦੇ ਕਾਲ ਜੇਤੂ ਗ੍ਰੰਥਾਂ ਦੇ ਅਨੁਵਾਦ ਰਾਹੀਂ ਆਪਣੀ ਮੂਲ ਵਿਰਾਸਤ ਦੇ ਚਿੰਤਨ-ਮਨਨ ਲਈ ਸਮੱਗਰ ਰੂਪ ਵਿਚ ਅਕਾਦਮਿਕ ਸਮੱਗਰੀ ਮੁਹੱਈਆ ਕਰਨ ਲਈ ਕੀਤਾ ਕਾਰਜ ਹੈ। ਵਿਭਾਗ ਵੱਲੋਂ ਸੰਪਾਦਨਾ ਕਾਰਜ ਵੀ ਜ਼ਿਕਰਗੋਚਰਾ ਹੈ। ਜਿਸ ਵਿਚ ਸੂਫ਼ੀ ਸਾਹਿਤ ਅਧੀਨ ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਅਮੀਰ ਖੁਸਰੋ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਗੁਲਾਮ ਗਿਲਾਨੀ, ਜੰਗਨਾਮਾ ਸ਼ਾਹ ਮੁਹੰਮਦ, ਹੀਰ ਮੁਕਬਲ, ਸੋਹਣੀ ਫਜ਼ਲਸ਼ਾਹ, ਹੀਰ ਦਮੋਦਰ, ਸ਼ੀਹਰਫੀਆਂ, ਪ੍ਰਾਣ ਸੰਗਲੀ, ਯੂਸੁਫ਼ ਜ਼ੁਲੈਖ਼ਾ, ਕਲਾਮ ਅਲੀ ਹੈਦਰ, ਫ਼ਰਦ ਫ਼ਕੀਰ ਦਾ ਕਲਾਮ ਅਤੇ ਪੰਜਾਬੀ ਜੰਗਨਾਮੇ ਜਿਹੀਆਂ 48 ਪੁਸਤਕਾਂ ਸ਼ਾਮਲ ਹਨ।
ਵਿਭਾਗ ਨੇ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਪਾਸੋਂ 40 ਤੋਂ ਵੱਧ ਸਾਹਿਤਿਕ ਸਵੈ-ਜੀਵਨੀਆਂ ਅਤੇ 15 ਨਾਮਵਰ ਲੇਖਕਾਂ ਤੋਂ ਪ੍ਰਤੀਨਿਧ ਰਚਨਾ ਦਾ ਕਾਰਜ ਸਪੰਨ ਕਰਵਾਇਆ। ਮੋਨੋਗ੍ਰਾਫ ਲੜੀ ਅਧੀਨ 126 ਮਰਹੂਮ ਲੇਖਕਾਂ ਦੇ ਜੀਵਨ ਅਤੇ ਰਚਨਾ ਸਬੰਧੀ ਪੁਸਤਕਾਂ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਸਾਹਿਤ ਦੇ ਪਿੜ ਨੂੰ ਸਮਰਿੱਧ ਕੀਤਾ ਹੈ। ਵਿਭਾਗ ਨੇ ਭਾਰਤੀ (ਵਿਸ਼ਵ) ਚਿੰਤਕਾਂ ਵਿਚ ਟੈਗੋਰ, ਕੁੰਤਕ, ਭਰਤਮੁਨੀ, ਭਰਥਰੀ ਹਰੀ, ਅਨੰਦ ਵਰਧਨ, ਗੁਰੂ ਨਾਨਕ ਦੇਵ ਅਤੇ ਗੁਰੂ ਅਰਜਨ ਦੇਵ ਨਾਲ ਸਬੰਧਿਤ ਖੋਜ-ਕਾਰਜ ਵਿਉਂਤੇ ਹਨ। ਇੱਥੇ ਹੀ ਬਸ ਨਹੀਂ, ਪੰਜਾਬੀ ਕ੍ਰਿਸ਼ਣ ਕਾਵਿ ਅਤੇ ਸੂਰਦਾਸ, ਮੱਧ ਕਾਲੀਨ ਭਗਤੀ ਕਾਵਿ ਦੀ ਭੂਮਿਕਾ ਅਤੇ ਸਵਾਮੀ ਤੁਲਸੀਦਾਸ ਸਬੰਧੀ ਖੋਜ ਕਾਰਜ ਵੀ ਵਿਭਾਗ ਦਾ ਹਿੱਸਾ ਹਨ।
ਵਿਭਾਗ ਵਿਚ ਸਾਲਾਨਾ ਕਾਨਫਰੰਸਾਂ ਦੇ ਆਗਾਜ਼ ਨਾਲ ਨਵਾਂ ਅਧਿਆਇ ਜੁੜਿਆ ਹੈ। ਇਨ੍ਹਾਂ ਕਾਨਫਰੰਸਾਂ ਦਾ ਫੋਕਸ ਨਿਰੋਲ ਸਾਹਿਤਕ ਰੂਪਾਕਾਰਾਂ ’ਤੇ ਰਿਹਾ। ਜਿਵੇਂ ਨਾਵਲ, ਕਹਾਣੀ, ਨਾਟਕ, ਕਾਵਿ ਆਦਿ। ਇਨ੍ਹਾਂ ਕਾਨਫਰੰਸਾਂ ਸਮੇਂ ਨਵੀਂ ਪੀੜ੍ਹੀ ਦੇ ਵੱਡੀ ਗਿਣਤੀ ਵਿਚ ਖੋਜਾਰਥੀਆਂ ਨੂੰ ਖੋਜ-ਪੱਤਰ ਦੇ ਮੌਕੇ ਦਿੱਤੇ ਗਏ, ਪਰ ਵਿਭਾਗ ਨੇ ਪਹਿਲ ਅਤੇ ਜ਼ੁਅੱਰਤ ਕਰਕੇ ਆਲੋਚਨਾ ਵਿਚ ਚੰਦ ਨਾਵਾਂ ਦੀ ਮਿੱਥ ਨੂੰ ਤੋੜਦਿਆਂ ਭਵਿੱਖੀ ਆਲੋਚਨਾ ਦੀ ਵਾਗਡੋਰ ਨਵੀਂ ਨਸਲ ਨੂੰ ਸੌਂਪ ਕੇ ਇਤਿਹਾਸਕ ਕਾਰਜ ਕੀਤਾ ਹੈ।

ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਭਲਕੇ

ਪੰਜਾਬੀ ਪਰਵਾਸੀਆਂ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਂ ਸਾਰੀ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਆਪਣੇ ਸਿਦਕ ਅਤੇ ਸਿਰੜ ਨਾਲ ਉਨ੍ਹਾਂ ਨੇ ਹਰ ਖੇਤਰ ਵਿਚ ਨਾਂ ਕਮਾਇਆ ਹੈ ਜਿਨ੍ਹਾਂ ਵਿਚ ਸਾਹਿਤ ਦਾ ਖੇਤਰ ਅਹਿਮ ਹੈ। ਪਰਵਾਸੀ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਵਿਚ ਗੂੜ੍ਹੇ ਅੱਖਰ ਪਾਏ ਹਨ ਜਿਸ ਰਾਹੀਂ ਉਨ੍ਹਾਂ ਨੇ ਪੰਜਾਬੀ ਬੰਦੇ ਦੀਆਂ ਪਰਵਾਸ ਵਿਚਲੀਆਂ ਪੈੜਾਂ ਨੂੰ ਚਿਤਰਿਆ ਹੈ।ਇਸ ਦੇ ਮੱਦੇਨਜ਼ਰ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ 9-11 ਜਨਵਰੀ ਤਕ ‘ਪਰਵਾਸੀ ਪੰਜਾਬੀ ਸਾਹਿਤ : ਪ੍ਰਾਪਤੀਆਂ ਤੇ ਸੰਭਾਵਨਾਵਾਂ’ ਨਾਂ ਅਧੀਨ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਵਿਚ ਦੁਨੀਆਂ ਭਰ ਦੇ ਪੰਜਾਬੀ ਲੇਖਕ ਇਕੱਤਰ ਹੋਣਗੇ ਜੋ ਪੰਜਾਬੀ ਮਾਂ ਬੋਲੀ ਦਾ ਪਰਚਮ ਬੁਲੰਦ ਕਰਨਗੇ।


Comments Off on ਵਿਦਿਅਕ ਖੋਜ ਦੀ ਟਕਸਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.