ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਿੱਟੀ ਨੂੰ ਫਰੋਲ ਜੋਗੀਆ…

Posted On January - 15 - 2019

ਗੁਰਪ੍ਰੀਤ ਸਿੰਘ ਤੂਰ

ਸ਼ਰੀਫ਼ਾਂ (ਖੱਬੇ ਤੋਂ ਤੀਜੀ) ਆਪਣੇ ਭਰਾਵਾਂ ਅਤੇ ਧੀ ਬਸ਼ੀਰਾ ਨਾਲ

ਦੇਸ਼ ਵੰਡ ਵੇਲੇ ਸ਼ਰੀਫ਼ਾਂ ਦੀ ਉਮਰ ਅਠਾਰਾਂ ਵਰ੍ਹੇ ਸੀ, ਉਸ ਦਾ ਪਰਿਵਾਰ ਹਰਚੰਦਪੁਰੇ ਪਿੰਡ ਰਹਿੰਦਾ ਸੀ। ਉਹ ਤੇ ਉਸ ਦੀ ਭੈਣ ਰਹਿਮਤਾਂ ਨੇੜਲੇ ਪਿੰਡ ਸਾਰੋਂ ਵਿਆਹੀਆਂ ਹੋਈਆਂ ਸਨ, ਪਰ ਉਨ੍ਹਾਂ ਦਾ ਮੁਕਲਾਵਾ ਅਜੇ ਨਹੀਂ ਦਿੱਤਾ ਸੀ। ਗਰਮੀਆਂ ਦੀ ਇਕ ਸ਼ਾਮ ਬੱਚੇ ਪਿੰਡ ਦੇ ਦਰਵਾਜ਼ੇ ਵਿਚ ਖੇਡ ਰਹੇ ਸਨ ਕਿ ਮੁਸਲਮਾਨ ਬੰਦੇ ਤੇ ਔਰਤਾਂ ਆਪਣੇ ਬੱਚਿਆਂ ਨੂੰ ਬਾਹੋਂ ਫੜ-ਫੜ ਕੇ ਘਰਾਂ ਨੂੰ ਲਿਜਾਣ ਲੱਗੇ। ਅਚਾਨਕ ਕੁਝ ਲੋਕ ਕੋਠਿਆਂ ’ਤੇ ਖੜ੍ਹੇ ਦਿਖਾਈ ਦਿੱਤੇ। ਨੇੜਲੇ ਪਿੰਡ ਭੋਜੇਵਾਲ ਅੱਗ ਦੀਆਂ ਲਾਟਾਂ ਵਿਖਾਈ ਦਿੱਤੀਆਂ। ਉਸ ਦਿਨ ਛੁਪਦਾ ਸੂਰਜ ਸਹਿਮ ਦਾ ਸੁਨੇਹਾ ਦੇ ਗਿਆ। ਅਗਲੀ ਸਵੇਰ ਸ਼ਰੀਫ਼ਾਂ ਦੇ ਅੱਬਾ ਨੇ ਦੋਵੇਂ ਭੈਣਾਂ ਨੂੰ ਪਹਿਲੇ ਪਹਿਰ ਉਠਾਇਆ ਤੇ ਲਾਗਲੇ ਪਿੰਡ ਸਾਰੋਂ ਦੇ ਵੱਖੋ-ਵੱਖ ਘਰਾਂ ਵਿਚ ਛੱਡ ਆਇਆ-ਆਪਣੀ ਅਮਾਨਤ ਸਾਂਭੋਂ ਭਾਈ… ਦੋਵਾਂ ਘਰਾਂ ਵਿਚ ਹੱਥ ਜੋੜ ਕੇ ਉਹ ਏਹੋ ਬੋਲ, ਬੋਲ ਸਕਿਆ।
ਸਾਰੋਂ ਪਿੰਡ ਦੇ ਲੋਕਾਂ ਨੇ ਮੁਸਲਮਾਨ ਪਰਿਵਾਰਾਂ ਨੂੰ ਸੁਰੱਖਿਆ ਦਾ ਭਰੋਸਾ ਤਾਂ ਦਿੱਤਾ, ਪਰ ਬੁੱਝਦੀ ਅੱਗ ਨੂੰ ਫੂਕਾਂ ਮਾਰਨ ਵਾਂਗ ਅਫ਼ਵਾਹਾਂ ਫੈਲਦੀਆਂ ਤੇ ਸਹਿਮ ਹੋਰ ਡੂੰਘਾ ਹੋਈ ਜਾਂਦਾ। ਅਜਿਹੇ ਹਾਲਾਤ ਵਿਚ ਅਚਾਨਕ ਇਕ ਰਾਤ ਸਾਰੋਂ ਪਿੰਡ ਦੇ ਮੁਸਲਮਾਨ ਪਰਿਵਾਰ ਇਕੱਠੇ ਹੋਏ ਤੇ ਮਾਲੇਰਕੋਟਲੇ ਵੱਲ ਨੂੰ ਚੱਲ ਪਏ। ਪੇਕੇ ਪਿੰਡ ਹਰਚੰਦਪੁਰੇ ਕੋਲ ਦੀ ਲੰਘਦਿਆਂ ਸ਼ਰੀਫ਼ਾਂ ਦੇ ਪਤੀ ਨੇ ਉਸ ਨੂੰ ਪੁੱਛਿਆ ਕਿ ਜੇ ਉਹ ਮਾਪਿਆਂ ਕੋਲ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸ਼ਰੀਫ਼ਾਂ ਨੇ ਆਪਣੇ ਪੇਕੇ ਘਰ ਨੂੰ ਦੂਰੋਂ ਵੇਖਿਆ ਤੇ ਫੇਰ ਅੱਖਾਂ ਬੰਦ ਕਰਕੇ ਭੱਜ ਕੇ ਕਾਫ਼ਲੇ ਨਾਲ ਜਾ ਰਲੀ।
ਮਾਲੇਰਕੋਟਲੇ ਕੈਂਪ ਵਿਚ ਸ਼ਰੀਫ਼ਾਂ ਨੂੰ ਪੇਕਾ ਪਰਿਵਾਰ ਵੀ ਮਿਲ ਗਿਆ। ਕੈਂਪ ਵਿਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਾਲੇਰਕੋਟਲਾ ਰਿਆਸਤ ਦੇ ਪਿੰਡਾਂ ਵਿਚ ਮੁਸਲਮਾਨ ਪਰਿਵਾਰਾਂ ਨੂੰ ਉਠਾਇਆ ਤੇ ਮਾਰਿਆ ਨਹੀਂ ਜਾਂਦਾ। ਉਸ ਦਾ ਪੇਕਾ ਪਰਿਵਾਰ ਤੇ ਭੈਣ ਰਹਿਮਤਾਂ ਦਾ ਪਰਿਵਾਰ ਰਿਸ਼ਤੇਦਾਰਾਂ ਕੋਲ ਮਾਲੇਰਕੋਟਲਾ ਰਿਆਸਤ ਦੇ ਪਿੰਡ ਹਥਨ ਰੁੱਕ ਗਏ। ਦਿਨ ਛਿਪ ਚੁੱਕਿਆ ਸੀ, ਪਰ ਸ਼ਰੀਫ਼ਾਂ ਪਤੀ ਦਾ ਪੱਲਾ ਫੜ ਰੇਲ ਗੱਡੀ ਵਿਚ ਜਾ ਬੈਠੀ ਜੋ ਲਾਹੌਰ ਨੂੰ ਜਾਣ ਲਈ ਤਿਆਰ ਖੜ੍ਹੀ ਸੀ।

ਗੁਰਪ੍ਰੀਤ ਸਿੰਘ ਤੂਰ

ਲਾਹੌਰ ਉਹ ਪਰਿਵਾਰ ਸਮੇਤ ਤਿੰਨ ਮਹੀਨੇ ਕੈਂਪ ਵਿਚ ਰਹੀ। ਇਕ ਥਾਂ ਤੋਂ ਦੂਜੀ ਥਾਂ ਆਖਰ ਸ਼ਰੀਫ਼ਾਂ ਦਾ ਪਰਿਵਾਰ ਬਾਗਾਂ ਦੇ ਠੇਕੇ ਲੈਂਦਿਆਂ-ਲੈਂਦਿਆਂ ਸਿੰਧ ਪ੍ਰਾਂਤ ਦੇ ਜ਼ਿਲ੍ਹਾ ਮੀਰਪੁਰ ਜਾ ਵਸਿਆ। ਉਸ ਨੇ ਵਿੱਛੜੇ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਲਈ ਕਈ ਯਤਨ ਕੀਤੇ, ਪਰ ਮਿਲਾਪ ਦੀ ਕਿਸੇ ਵੀ ਤੰਦ ਨੂੰ ਬੂਰ ਨਾ ਪਿਆ। ਉਸ ਦੀਆਂ ਪਾਈਆਂ ਚਿੱਠੀਆਂ ਰਿਆਸਤਾਂ ਦੀ ਅਦਲਾ-ਬਦਲੀ ਕਾਰਨ ਆਪਣੀ ਮੰਜ਼ਿਲ ਤਕ ਨਾ ਪਹੁੰਚ ਸਕੀਆਂ, ਪਰ ਜ਼ਿੰਦਗੀ ਦੇ ਅੰਤਲੇ ਪੜਾਅ ’ਤੇ ਸ਼ਰੀਫ਼ਾਂ ਦੇ ਯਤਨ ਸਫਲ ਹੋਏ। ਮਾਲੇਰਕੋਟਲਾ ਦੇ ਪਿੰਡਾਂ ਵਿਚ ਆਪਣੀਆਂ ਰਿਸ਼ਤੇਦਾਰੀਆਂ ਨੂੰ ਮਿਲਣ ਆਉਂਦੇ-ਜਾਂਦੇ ਪਾਕਿਸਤਾਨੀ ਵਸਨੀਕਾਂ ਦੇ ਹੱਥ ਸੁਨੇਹਿਆਂ ਅਤੇ ਸੰਤੋਖ ਸਿੰਘ ਅਲਾਲ ਨਾਮੀਂ ਵਿਅਕਤੀ ਦੀ ਮਦਦ ਨਾਲ ਉਸ ਨੇ ਆਪਣੇ ਭਾਈਆਂ ਨੂੰ ਲੱਭ ਲਿਆ। ਇੱਧਰ ਆਉਣ ਤੋਂ ਪਹਿਲਾਂ ਉਸ ਨੇ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਪੁੱਛਦਿਆਂ-ਦੱਸਦਿਆਂ ਆਪਣੀ ਮੰਜ਼ਿਲ ਦਾ ਪੱਕਾ ਯਕੀਨ ਕਰ ਲਿਆ ਸੀ। ਨਵੰਬਰ ਮਹੀਨੇ ਉਹ ਆਪਣੀ ਧੀ ਬਸ਼ੀਰਾਂ ਨੂੰ ਲੈ ਕੇ ਪੇਕੇ ਘਰ ਪਹੁੰਚ ਗਈ।
ਮਾਲੇਰਕੋਟਲੇ ਪਹੁੰਚਦਿਆਂ ਉਸ ਦੀਆਂ ਅੱਖਾਂ ਦੇ ਕੋਏ ਸਿੱਲ੍ਹੇ ਹੋਣ ਲੱਗੇ। ਹਥਨ ਪਿੰਡ ਪਹੁੰਚ ਕੇ ਉਹ ਆਪਣੇ ਭਾਈਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਾਹ ਕੇ ਮਿਲੀ। ਸ਼ਰੀਫ਼ਾਂ ਇਕੱਲੇ-ਇਕੱਲੇ ਘਰ ਦੇਰ ਰਾਤ ਤਕ ਆਪਣੀ ਸਾਂਝ ਨੂੰ ਪੱਕੀ-ਪੀਠੀ ਕਰਦੀ ਰਹਿੰਦੀ। ਤੀਜੇ ਦਿਨ ਉਹ ਆਪਣੇ ਪੇਕੇ ਪਿੰਡ ਹਰਚੰਦਪੁਰੇ ਪਹੁੰਚ ਗਈ ਤੇ ਉਸ ਨੇ ਆਪਣੇ ਘਰ ਨੂੰ ਲੱਭਣ ਦਾ ਯਤਨ ਕੀਤਾ, ਪਰ ਸਮੇਂ ਦੀਆਂ ਪਰਤਾਂ ਨੇ ਬਹੁਤ ਕੁੱਝ ਉਲਟਾਅ-ਪੁਲਟਾਅ ਦਿੱਤਾ ਸੀ ਜਦੋਂ ਕਿ ਪਿੰਡ ਦੇ ਬਾਹਰ-ਬਾਹਰ ਡੇਰੇ ਵਾਲੀ ਥਾਂ ਦੇ ਪੁਰਾਣੇ ਰੁੱਖਾਂ ਨੇ ਉਸ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਉਸ ਨੇ ਪਿੰਡ ਦਾ ਪੁਰਾਣਾ ਦਰਵਾਜ਼ਾ ਲੱਭ ਲਿਆ ਜਿੱਥੇ ਉਹ ਬਚਪਨ ਵਿਚ ਖੇਡਿਆ ਕਰਦੀ ਸੀ। ਦਰਵਾਜ਼ੇ ਵੜਦਿਆਂ ਉਸ ਨੇ ਜੁੱਤੀ ਲਾਹ ਦਿੱਤੀ ਤਾਂ ਕਿ ਉਸ ਦੇ ਪੈਰ ਉਸ ਦੀ ਜਨਮ ਭੂਮੀ ਨੂੰ ਛੂਹ ਸਕਣ, ਉਂਗਲੀਆਂ ਨੂੰ ਆਲੇ ਵਿਚ ਘੁੰਮਾਇਆ ਤਾਂ ਜੋ ਹੱਥ ਸੁੱਚੇ ਹੋ ਜਾਣ। ਭਾਵੇਂ ਉਹ ਪੰਦਰਾਂ-ਵੀਹ ਦਿਨ ਹੀ ਰਹੀ, ਪਰ ਉਹ ਸਹੁਰੇ ਪਿੰਡ ਸਾਰੋਂ ਵੀ ਗਈ। ਵੰਡ ਵੇਲੇ ਸਾਰੋਂ ਤੋਂ ਚੱਲ ਕੇ ਹਰਚੰਦਪੁਰੇ ਵਿਚ ਦੀ ਲੰਘ ਕੇ ਮਾਲੇਰਕੋਟਲੇ ਨੂੰ ਜਾਂਦਿਆਂ- ਸ਼ਰੀਫ਼ਾਂ ਦੇ ਮਨ ਨੇ ਸਮੇਂ ਦੀਆਂ ਇਨ੍ਹਾਂ ਪਰਤਾਂ ਨੂੰ ਵਾਰ-ਵਾਰ ਦੇਖਿਆ ਤੇ ਉਸ ਨੇ ਆਪਣੇ ਚਿਹਰੇ ਨੂੰ ਚੁੰਨੀ ਨਾਲ ਢੱਕ ਲਿਆ।
ਧੀਆਂ ਦੇ ਉਧਾਲੇ, ਵਿਛੋੜੇ ਦਾ ਦਰਦ ਤੇ ਵੱਢ-ਟੁੱਕ ਦੀਆਂ ਅਨੇਕਾਂ ਪਰਤਾਂ ਉਸ ਦੇ ਅਚੇਤ ਮਨ ਵਿਚ ਘੂਕ ਸੁੱਤੀਆਂ ਪਈਆਂ ਹਨ। ਭਾਵੇਂ ਉਸ ਨੇ ਇਕੱਤਰ ਵਰ੍ਹਿਆਂ ਬਾਅਦ ਆਪਣੇ ਮਾਂ ਜਾਇਆਂ ਨੂੰ ਲੱਭ ਲਿਆ, ਪਰ ਉਸ ਦੇ ਮਨ ਅੰਦਰ ਗੁਆਚ ਜਾਣ ਦਾ ਡਰ ਹੈ। ਇੱਧਰ ਆਉਣ ਤੋਂ ਪਹਿਲਾਂ ਉਸ ਨੇ ਮੀਰਪੁਰ-ਮਾਲੇਰਕੋਟਲਾ ਇਹ ਦੋਵੇਂ ਨਾਮ ਆਪਣੇ ਚੇਤਿਆਂ ਵਿਚ ਪੱਕੇ ਖੁਣ ਲਏ ਸਨ। ਚੱਲਣ ਤੋਂ ਪਹਿਲਾਂ ਉਸ ਨੇ ਦੋਵੇਂ ਪਤਿਆਂ ਦੀਆਂ ਦੋ-ਦੋ ਕਾਪੀਆਂ ਕਰਵਾ ਕੇ ਆਪਣੇ ਪਹਿਰਾਵੇ ਅੰਦਰ ਵੱਖੋ-ਵੱਖ ਸਾਂਭ ਲਈਆਂ ਸਨ। ਮੇਰੇ ਨਾਲ ਗੱਲਾਂ ਕਰਦੀ-ਕਰਦੀ ਉਹ ਕੋਲ ਬੈਠੀ ਆਪਣੀ ਧੀ ਬਸ਼ੀਰਾ ਨੂੰ ਪੁੱਛਣ ਲੱਗੀ, ‘ਲਾਹੌਰ ਟੇਸ਼ਣ ਦਾ ਪਤਾ ਤੈਨੂੰ, ਆਪਾਂ ਗੁਆਚ ਤਾਂ ਨਈਂ ਜਾਮਾਂਗੀਆਂ।’ ਮੈਂ ਉਸ ਨੂੰ ਕਰੰਸੀ ਨੋਟ ਪਾਸੇ ਰੱਖ ਕੇ ਪਤੇ ਵਾਲੀਆਂ ਪਰਚੀਆਂ ਦੀਆਂ ਤਹਿਆਂ ਲਾਉਂਦੇ ਵੇਖਿਆ।
ਦੇਸ਼-ਵੰਡ ਸਮੇਂ ਸਭ ਤੋਂ ਵੱਧ ਦੁੱਖ ਔਰਤਾਂ ਨੇ ਸਹਾਰਿਆ। ਕਈ ਥਾਵਾਂ ’ਤੇ ਔਰਤਾਂ ਨੇ ਇੱਜ਼ਤ ਬਚਾਉਣ ਲਈ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ। ਕਈ ਪਰਿਵਾਰਾਂ ਨੇ ਧੀਆਂ-ਧਿਆਣੀਆਂ ਨੂੰ ਇਕੱਠੀਆਂ ਕਰਕੇ ਆਪਣੇ ਆਪ ਨੂੰ ਅੱਗ ਦੀ ਭੇਂਟ ਕਰ ਦਿੱਤਾ। ਇਕ ਬਾਪ ਨੇ ਆਪਣੀਆਂ ਤਿੰਨ ਧੀਆਂ ਨਾਲ ਚੁੱਲ੍ਹੇ-ਚੌਂਕੇ ਵਿਚ ਬੈਠ ਕੇ ਸਵੇਰ ਦੀ ਰੋਟੀ ਖਾਧੀ ਤੇ ਫਿਰ ਇੱਕਦਮ ਕੁਹਾੜੀ ਚੁੱਕ ਕੇ ਵੱਡੀ ਧੀ ਤੋਂ ਸ਼ੁਰੂ ਹੋ ਕੇ ਤਿੰਨੋਂ ਧੀਆਂ ਦੇ ਸਿਰ ਵੱਢ ਦਿੱਤੇ ਸਨ। ਜਿਹੜੀਆਂ ਔਰਤਾਂ ਜਰਵਾਣਿਆਂ ਉਧਾਲ ਲਈਆਂ, ਉਨ੍ਹਾਂ ਨੇ ਅਥਾਹ ਦੁੱਖ ਭੋਗੇ। ਉਧਾਲੀਆਂ ਔਰਤਾਂ ਨੂੰ ਲੱਭਣ ਲਈ ਸਰਕਾਰੀ ਪੱਧਰ ’ਤੇ ਕੁੱਝ ਕੋਸ਼ਿਸ਼ਾਂ ਹੋਈਆਂ। ਗੁਆਚੇ ਤੇ ਵਿੱਛੜੇ ਪਰਿਵਾਰਕ ਮੈਂਬਰਾਂ ਨੂੰ ਮਿਲਾਉਣ ਲਈ ਮੀਡੀਆ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਕਈ ਗ਼ੈਰ-ਸਰਕਾਰੀ ਸੰਸਥਾਵਾਂ ਅੱਜ ਤਕ ਯਤਨਸ਼ੀਲ ਹਨ ਅਤੇ ਕਈ ਵਿਅਕਤੀਆਂ ਨੇ ਨਿੱਜੀ ਯਤਨ ਕਰਦਿਆਂ ਸੰਸਥਾਵਾਂ ਵਾਂਗ ਕੰਮ ਕੀਤਾ ਹੈ।
ਸਰੀਫ਼ਾਂ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਾਲੇ ਸੰਤੋਖ ਸਿੰਘ ਅਲਾਲ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਵੀ ਕਾਫ਼ਲਿਆਂ ਤੇ ਹੱਲਿਆਂ ਦੇ ਸਹਿਮ ਤੇ ਭੈਅ ਨਾਲ ਭਿੱਜੀ ਹੋਈ ਹੈ। ਦਰਅਸਲ, ਸੰਤੋਖ ਸਿੰਘ ਮੁਸਲਮਾਨ ਪਰਿਵਾਰ ਨਾਲ ਸਬੰਧਿਤ ਹੈ ਤੇ ਹੱਲਿਆਂ ਵੇਲੇ ਉਹ ਮਾਂ ਦੇ ਪੇਟ ਵਿਚ ਸੀ। ਪਿੰਡ ਵਾਸੀਆਂ ਮੁਸਲਮਾਨ ਪਰਿਵਾਰਾਂ ਨੂੰ ਪੂਰਨ ਸੁਰੱਖਿਆ ਦਾ ਭਰੋਸਾ ਦਿਵਾਇਆ, ਪਰ ਹਾਲਾਤ ਵਿਗੜਦੇ ਦੇਖ ਕੇ ਉਨ੍ਹਾਂ ਨੂੰ ਮਾਲੇਰਕੋਟਲੇ ਕੈਂਪ ਵਿਚ ਛੱਡ ਆਉਣ ਜਾਂ ਧਰਮ ਬਦਲ ਲੈਣ ਲਈ ਪ੍ਰੇਰਿਆ। ਸੰਤੋਖ ਸਿੰਘ ਦੀ ਮਾਂ ਦੇ ਹਾਲਾਤ ਕਾਫ਼ਲਿਆਂ ਦਾ ਸਫ਼ਰ ਕਰਨ ਵਾਲੇ ਨਹੀਂ ਸਨ, ਸੋ ਇਸ ਪਰਿਵਾਰ ਨੇ ਆਪਣਾ ਧਰਮ ਬਦਲ ਲਿਆ, ਜਦੋਂ ਕਿ ਉਸ ਪਿੰਡ ਦੇ ਬਹੁਤੇ ਮੁਸਲਮਾਨ ਮਾਲੇਰਕੋਟਲੇ ਕੈਂਪ ਵਿਚ ਪਹੁੰਚ ਗਏ ਸਨ। ਪਿੰਡ ਵਾਸੀਆਂ ਨੇ ਉਸ ਦੇ ਬਾਪ ਦੇ ਸਿਰ ਪੱਗ ਬੰਨ੍ਹ ਕੇ ਉਸ ਦਾ ਨਾਮ ਅਬਦੁਲ ਅਜੀਜ ਤੋਂ ਅਮਰਜੀਤ ਰੱਖ ਦਿੱਤਾ। ਪਿੰਡ ਵਾਲਿਆਂ ਨੇ ਇਸ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਹਾਲਾਤ ਠੀਕ ਹੋ ਜਾਣ ’ਤੇ ਉਹ ਆਪਣਾ ਧਰਮ ਫੇਰ ਅਪਣਾ ਸਕਦੇ ਹਨ।
ਸਕੂਲ ਦਾਖਲ ਹੋਣ ਸਮੇਂ ਤਕ ਇਸ ਬੱਚੇ ਦਾ ਕੋਈ ਨਾਮ ਨਹੀਂ ਸੀ, ਉਸ ਦੀ ਨਾਨੀ ਉਸ ਨੂੰ ਵਧਾਤਾ-ਵਧਾਤਾ ਕਹਿੰਦੀ ਰਹਿੰਦੀ। ਸਕੂਲ ਅਧਿਆਪਕ ਸੰਤੋਸ਼ ਕੁਮਾਰ ਨੇ ਉਸ ਦੇ ਬਾਪ ਅਮਰਜੀਤ ਤੋਂ ਹੱਲਿਆਂ ਤੇ ਧਰਮ ਬਦਲੀ ਦੀ ਗੱਲ ਸੁਣਦਿਆਂ-ਸੁਣਦਿਆਂ ਉਸ ਦਾ ਨਾਮ ਆਪਣੇ ਹੀ ਨਾਮ ’ਤੇ ਸੰਤੋਸ਼ ਸਿੰਘ ਲਿਖ ਲਿਆ, ਜੋ ਕਾਗਜ਼ਾਂ- ਕਾਪੀਆਂ ’ਤੇ ਉਤਾਰੇ ਸਮੇਂ ਸੰਤੋਖ ਸਿੰਘ ਬਣ ਗਿਆ। ਇਕ ਹਿੰਦੂ ਅਧਿਆਪਕ ਵੱਲੋਂ ਮੁਸਲਮਾਨ ਬੱਚੇ ਦਾ ਸਿੱਖ ਨਾਮਕਰਨ ਧਾਰਮਿਕ ਵਿਆਕਰਣ ਦਾ ਸੁਗੰਧਿਤ ਫੁੱਲ ਹੈ। ਸਮਾਂ ਪਾ ਕੇ ਦਾੜ੍ਹੀ-ਕੇਸਾਂ ਤੇ ਦਸਤਾਰ ਵਾਲਾ ਸੰਤੋਖ ਸਿੰਘ ਬਿਜਲੀ ਬੋਰਡ ਵਿਚ ਭਰਤੀ ਹੋ ਗਿਆ। ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ ਉਸ ਦੇ ਪਿੰਡ ‘ਅਲਾਲ’ ਦਾ ਨਾਮ ਉਸ ਦੇ ਨਾਮ ਨਾਲ ਆ ਜੁੜਿਆ। ਸਮੇਂ-ਸਮੇਂ ’ਤੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਇਸ ਪਰਿਵਾਰ ਨੂੰ ਆਪਣੇ ਫ਼ੈਸਲੇ ਅਨੁਸਾਰ ਧਰਮ ਮੰਨਣ ਦਾ ਸੁਝਾਅ ਦਿੱਤਾ, ਪਰ ਅਮਰਜੀਤ ਤੇ ਸੰਤੋਖ ਸਿੰਘ ਨੇ ਇਹ ਕਹਿ ਕੇ ਇਸ ਫ਼ੈਸਲੇ ਨੂੰ ਠੁਕਰਾ ਦਿੱਤਾ ਕਿ ਜਿਸ ਦਸਤਾਰ ਨੇ ਜ਼ਿੰਦਗੀ ਬਖ਼ਸ਼ੀ ਹੋਵੇ ਉਸ ਨੂੰ ਇੰਜ ਵਿਸਾਰਿਆਂ ਨਹੀਂ ਜਾ ਸਕਦਾ।
ਸਾਲ 2015 ਦੌਰਾਨ ਸੰਤੋਖ ਸਿੰਘ ਆਪਣੀ ਭੂਆ ਦੇ ਪਰਿਵਾਰ ਵਿਚੋਂ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ। ਵਿਆਹ ਸਿੰਧ ਪ੍ਰਾਂਤ ਦੇ ਧੁਰ ਅੰਦਰ ਇਕ ਕਸਬੇ ਵਿਚ ਸੀ ਤੇ ਦੋਵਾਂ ਦੇਸ਼ਾਂ ਦੇ ਹਾਲਾਤ ਤਣਾਅ ਪੂਰਵਕ ਸਨ। ਰਾਤ ਦਾ ਲੰਬਾ ਸਫ਼ਰ ਉਸ ਦੀ ਭੂਆ ਦੇ ਪੁੱਤਰਾਂ ਨੇ ਇਕ ਸਿੱਖ ਦੇ ਭੇਸ ਵਿਚ ਮੁਸਲਮਾਨ ਰਿਸ਼ਤੇਦਾਰ ਨੂੰ ਦੋ-ਤਿੰਨ ਵਾਰ ਵੇਖਿਆ ਤੇ ਬੇਨਤੀ ਕੀਤੀ ਕਿ ਪੱਗ ਲਾਹ ਕੇ ਦੁਪੱਟਾ ਬੰਨ੍ਹਿਆ ਜਾ ਸਕਦਾ ਹੈ? ਜੀਪ ਰੋਕ ਕੇ ਉਹ ਸਲਾਹਾਂ ਕਰਨ ਲੱਗੇ। ਸੰਤੋਖ ਸਿੰਘ ਕਹਿੰਦਾ ਮੈਨੂੰ ਘਰ ਛੱਡ ਜਾਓ, ਤੁਸੀਂ ਵਿਆਹ ਵੇਖ ਆਓ, ਪਰ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਇਹ ਫ਼ੈਸਲਾ ਪਲਟਾ ਦਿੱਤਾ। ਉਹ ਕਹਿੰਦਾ, ‘ਮੇਲੀਆਂ ਨੇ ਉਸ ਵਿਆਹ ਵਿਚ ਲਾੜੇ ਨਾਲ ਓਨੀਆਂ ਫੋਟੋਆਂ ਨਹੀਂ ਖਿਚਵਾਈਆਂ ਜਿੰਨੀਆਂ ਮੇਰੇ ਨਾਲ।’ ਪੂਰਬੀ ਪੰਜਾਬ ’ਚੋਂ ਇਕ ਸਰਦਾਰ ਵਿਆਹ ਆਇਆ, ਇਹ ਗੱਲ ਸਮਾਗਮ ਵਿਚ ਮਹਿਕ ਵਾਂਗ ਖਿੱਲਰ ਗਈ ਸੀ। ਉਸ ਰਾਤ ਮੈਂ ਪੱਗ ਬੰਨ੍ਹ ਕੇ ਹੀ ਸੁੱਤਾ ਤੇ ਮੈਨੂੰ ਰੰਗ-ਬਰੰਗੀਆਂ ਪੱਗਾਂ ਦਾ ਸੁਪਨਾ ਆਇਆ।’
ਪਿੰਡ ਹੱਥਨ ਵਿਖੇ ਸ਼ਰੀਫਾਂ, ਉਸ ਦੀ ਧੀ ਬਸ਼ੀਰਾਂ ਅਤੇ ਉਸ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਮੁੜਨ ਲੱਗਿਆ ਤਾਂ ਸੰਤੋਖ ਸਿੰਘ ਅਲਾਲ ਕਹਿੰਦਾ, ‘ਅਜਿਹੇ ਤਿੰਨ ਪਰਿਵਾਰ ਮੈਂ ਪਹਿਲਾਂ ਮਿਲਾ ਚੁੱਕਿਆ ਹਾਂ। ਦੋ ਹੋਰਾਂ ਲਈ ਕੋਸ਼ਿਸ਼ ਕਰ ਰਿਹਾ ਹਾਂ।’ ਉਹ ਆਪਣੇ ਪਰਸ ’ਚੋਂ ਕੁਝ ਕਾਗਜ਼ ਕੱਢ ਕੇ ਮੈਨੂੰ ਵਿਖਾਉਣ ਲੱਗਿਆ। ਉਹ ਪਰਚੀਆਂ ਉਸ ਨੂੰ ਵਾਪਸ ਫੜਾਉਂਦਿਆਂ ਮੈਂ ਉਸ ਦਾ ਹੱਥ ਆਪਣੇ ਦੋਵਾਂ ਹੱਥਾਂ ਵਿਚ ਘੁੱਟਿਆ ਤੇ ਇਹ ਬੋਲ ਮੇਰੇ ਕੰਨਾਂ ਵਿਚ ਗੂੰਜਣ ਲੱਗੇ :
ਹਾਏ… ਮਿੱਟੀ ਨੂੰ ਫਰੋਲ ਜੋਗੀਆ।

ਸੰਪਰਕ: 98158-00405


Comments Off on ਮਿੱਟੀ ਨੂੰ ਫਰੋਲ ਜੋਗੀਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.