ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਮਿਹਨਤ ਕਰਕੇ ਸੁਖੀ ਜੀਵਨ ਜੀਵਿਆ

Posted On January - 8 - 2019

ਕਿਰਤੀ

ਸਾਡੇ ਬਜ਼ੁਰਗ ਪਾਕਿਸਤਾਨ ’ਚ ਵੀ ਇਹੋ ਕੰਮ ਕਰਦੇ ਸੀ ਲੁਹਾਰਾ। ਕਿਸਾਨਾਂ ਵਾਸਤੇ ਹਲ਼ ਬਣਾ ਦੇਣਾ, ਪੰਜਾਲੀ ਬਣਾ ਦੇਣੀ, ਸੇਪੀ ਕਹਿੰਦੇ ਹੁੰਦੇ ਸੀ ਇਹਨੂੰ। ਬੂਰੇ ਆਲਾ ਕੋਲ ਬਾਰਨਾਂ ਦਾ ਪਿੰਡ ਸੀ ਸਾਡਾ। ਪਿੰਡ ਦੇ ਨਾਂ ਤੋਂ ਈ ਮੇਰਾ ਨਾਂ ਬਾਰਾ ਰੱਖ ਤਾ ਬੁੜਿਆਂ ਨੇ। ਉੱਥੇ ਜਦੋਂ ਲੜਾਈ ਲੱਗਣੀ ਸੀ, ਅਜੇ 4-5 ਮਹੀਨੇ ਸੀਗੇ, ਇਕ ਵੱਡਾ ਸਰਦਾਰ ਬਜ਼ੁਰਗਾਂ ਨੂੰ ਪੁੱਛਣ ਲੱਗਾ, ‘ਬਜ਼ੁਰਗਾ ਕੋਈ ਪੈਲੀ ਪੂਲੀ, ਘਰ ਘੁਰ ਹੈਗਾ?’ ਬਜ਼ੁਰਗ ਕਹਿੰਦੇ ਸਭ ਕੁਝ ਹੈਗਾ। ਉਹ ਆਂਦਾ ਬਈ ਤੀਜੇ ਮਹੀਨੇ ਲੜਾਈ ਲੱਗ ਜਾਣੀ ਆ, ਤੂੰ ਬੱਚਿਆਂ ਨੂੰ ਐਥੋਂ ਲੈ ਜਾ। ਬਜ਼ੁਰਗਾਂ ਨੇ ਸਣੇ ਸਾਡਾ ਆਟਾ ਪੀਹਣ ਆਲਾ ਖ਼ਰਾਸ, ਸਣੇ ਕੁੱਤਾ, ਮਹਿੰ, ਸਭ ਕੁਝ ਐਧਰ ਲੈ ਆਂਦਾ। ਉਦੋਂ ਮੈਂ 5-6 ਸਾਲਾਂ ਦਾ ਸੀ। ਅਸੀਂ ਸਿੱਧਾ ਸਿੰਘਾਂਵਾਲੇ ਆਏ। ਸਾਡੇ ਬਜ਼ੁਰਗ ਨੇ ਬਹੁਤ ਕੰਮ ਕੀਤਾ, ਪੈਲੀ ਵੀ ਬਣਾਈ, ਉਹ 110 ਸਾਲ ਦੇ ਹੋ ਕੇ ਗੁਜ਼ਰੇ। ਮੇਰੀ ਆਪਣੀ ਉਮਰ ਵੀ ਹੁਣ 80 ਸਾਲ ਦੀ ਹੋਗੀ।
ਮੈਂ 25-30 ਸਾਲ ਦਾ ਕੰਮ ਕਰਨ ਲੱਗ ਗਿਆ ਸੀ। ਉਸਤੋਂ ਪਹਿਲਾਂ ਮੱਝਾਂ ਰੱਖ ਲੈਣੀਆਂ, ਦੁੱਧ ਦਾ ਕੰਮ ਕਰੀ ਜਾਣਾ। ਪਸ਼ੂਆਂ ਦਾ ਬਹੁਤ ਸ਼ੌਕ ਸੀ। ਜਦੋਂ ਕੰਮ ’ਤੇ ਲੱਗੇ, 150 ਹਲ਼ ਵੀ ਬਣਾਏ। 10-12 ਵਜੇ ਤਕ ਕੰਮ ਨਹੀਂ ਸੀ ਨਿੱਬੜਦਾ। ਮੇਰੀ ਘਰਵਾਲੀ ਨੇ ਵੀ ਬਹੁਤ ਕੰਮ ਕੀਤਾ। ਹੱਦੋਂ ਵੱਧ ਕਮਾਈ ਕਰੀ ਆ। ਨਾਲ ਹੱਥ ਵੀ ਵਟਾਇਆ। ਮੈਂ ਬਾਹਰੋਂ ਪੱਠੇ ਲਿਆਉਂਦਾ ਹੁੰਦਾ ਸੀ, ਇਹਨੇ ਆਥਣੇ ਡੁੰਗ ਦੇਣੇ। ਛੱਲੀਆਂ ਲਿਆਉਣੀਆਂ ਉਹ ਕੱਢ ਦੇਣੀਆਂ। ਭਾਵੇਂ ਚਾਰ ਪੰਡਾਂ ਹੋਣ ਇਸਨੇ ਡੁੰਗ ਦੇਣੀਆਂ। ਦਾਣੇ ਮੈਂ ਮੰਡੀ ’ਚ ਵੇਚ ਆਉਂਦਾ ਸੀ। ਹੁਣ ਵੀ ਕੰਮ ਕਰ ਲੈਨਾ ਪਰ ਥੋੜ੍ਹਾ ਕਰੀਦਾ। ਪਹਿਲਾਂ ਲੂੰਬੀ ਗੱਡੀ ਸੀ ਉਤਾਂਹ। ਥੱਲੇ ਟੋਆ ਪੱਟਿਆ ਹੋਇਆ ਸੀ। ਮੈਂ ਖੜ੍ਹ ਕੇ ਕੰਮ ਕਰਦਾ ਸੀ, ਬਹੁਤ ਕੰਮ ਕੀਤਾ, ਪਰ ਹੈ ਵੀ ਸੌਖੇ। ਮਿਹਨਤ ਕਾਰਨ ਜ਼ਿੰਦਗੀ ਬਹੁਤ ਸੁਖਾਲੀ ਲੰਘੀ ਆ। ਮੈਂ ਭੋਰਾ ਨਹੀਂ ਪੜ੍ਹਿਆ, ਪਰ ਜਵਾਕ ਸਾਰੇ ਪੜ੍ਹਾਏ। ਮੁੰਡੇ ਤੋਂ ਵੱਡੀਆਂ 4 ਗੁੱਡੀਆਂ ਤੇ 2 ਛੋਟੀਆਂ। ਸਾਰੇ ਕਹਿੰਦੇ ਸੀ ਕੀ ਪੜ੍ਹਾਈ ’ਤੇ ਪੈਸੇ ਲਾਈ ਜਾਨੈਂ, ਪਰ ਮੈਨੂੰ ਲੱਗਦਾ ਸੀ ਕਿ ਪੜ੍ਹਾਈ ਜ਼ਰੂਰੀ ਆ। ਬੱਚਿਆਂ ਨੇ ਜਿਵੇਂ ਦੀ ਪੜ੍ਹਾਈ ਕਰਨੀ ਚਾਹੀ, ਮੈਂ ਕਰਵਾਈ। 8.5 ਲੱਖ ਰੁਪਏ ਦੀ ਮੈਡੀਕਲ ਦੁਕਾਨ ਵੀ ਲੈ ਕੇ ਦਿੱਤੀ ਮੁੰਡੇ ਨੂੰ।

ਸਿੰਘਾਂਵਾਲਾ (ਮੋਗਾ) ਦੇ ਬਾਰਾ ਸਿੰਘ ਦਾ ਜੀਵਨ ਸੰਘਰਸ਼।

ਹੁਣ ਤਾਂ ਸਾਡੇ ਵਰਗੇ ਬਜ਼ੁਰਗਾਂ ਨੂੰ ਕੋਈ ਨ੍ਹੀਂ ਪੁੱਛਦਾ, ਕਹਿੰਦੇ ਆ ਇਨ੍ਹਾਂ ਨੂੰ ਕੀ ਪਤਾ ਹੋਊ। ਪਰ ਮੇਰਾ ਕੰਮ ਦੇਖ ਕੇ ਟੇਸ਼ਨ ਆਲੀ ਤਲਵੰਡੀ ਤੋਂ ਇਕ ਮਿਸਤਰੀ ਮੈਨੂੰ ਸਿਫਾਰਸ਼ ਨਾਲ 3-4 ਮਹੀਨੇ ਵਾਸਤੇ ਲੈ ਗਿਆ। ਪੈਸੇ ਵੀ ਰੱਜ ਕੇ ਦਿੰਦਾ ਸੀ। ਇਨ੍ਹਾਂ ਜੁਆਕਾਂ ਨੇ ਕਿਹਾ ‘ਬਾਪੂ ਰਹਿਣ ਦੇ ਜਾਣ ਨੂੰ, ਦੂਰ ਆ।’ ਮੈਨੂੰ 20 ਹਜ਼ਾਰ ਰੁਪਏ ਮਹੀਨੇ ਦਾ ਬਣਦਾ ਸੀ। ਅਸੀਂ ਯੂ.ਪੀ., ਬਿਹਾਰ ’ਚ ਘੱਲਣ ਵਾਸਤੇ 10 ਹਜ਼ਾਰ ਕਹੀ ਬਣਾਈ ਸੀ। ਭਈਏ ਕਹਿੰਦੇ ਸਾਰੀ ਤਲਵੰਡੀ ’ਚ ਗੇੜਾ ਦੇ ਕੇ ਆ ਗਏ, ਪਰ ਇਹੋ ਜਿਹੀ ਕਹੀ ਨ੍ਹੀਂ ਮਿਲੀ। ਮਿਸਤਰੀ ਜਵਾਬ ਦਈ ਜਾਵੇ ਕਹਿੰਦਾ ਸਾਥੋਂ ਨ੍ਹੀਂ ਬਣਨੀ। ਮੈਂ ਕਿਹਾ ਬਣਨਗੀਆਂ ਕਿਵੇਂ ਨ੍ਹੀਂ। ਆਂਹਦਾ ਬਿਜਲੀ ਘੱਟ-ਵੱਧ ਆਊਗੀ। ਮੈਂ ਕਿਹਾ ਮੈਂ ਵੇਣੇ ਨਾਲ ਜੜੂੰਗਾ। ਆਹ ਵੇਣਿਆਂ ਨਾਲ ਜੜ ਜੜ ਬਣਾਈਆਂ ਸਾਰੀਆਂ। 10 ਹਜ਼ਾਰ ਕਹੀ ਉਨ੍ਹਾਂ ਨੂੰ ਬਣਾ ਕੇ ਦਿੱਤੀ। ਉਸ ਮਿਸਤਰੀ ਨੇ ਮੈਨੂੰ ਦੋ ਹਜ਼ਾਰ ਰੁਪਏ ਦਾ ਇਨਾਮ ਦਿੱਤਾ,ਕਹਿੰਦਾ ‘ਬਾਪੂ ਸਾਥੋਂ ਨ੍ਹੀਂ ਬਣਨੀਆਂ ਸੀ ਇਹ।’ ਮੈਂ ਕਿਹਾ ਅੱਗੇ ਅਸੀਂ ਸੱਲ ਵਰਮਿਆਂ ਨਾਲ ਈ ਪਾਉਂਦੇ ਸੀ ਅੱਗੇ ਮਸ਼ੀਨਾਂ, ਰਗੜਾਈ ਕਿੱਥੇ ਸੀ। ਬਾਬਾ ਵਿਸ਼ਕਰਮਾ 5 ਸੰਦਾਂ ਨੂੰ ਲੈਂਦਾ। ਥੌੜ੍ਹਾ, ਘਣ, ਕੁਹਾੜਾ, ਗੁਣੀਆ ਤੇ ਪ੍ਰਕਾਰ। ਮੈਂ ਸਾਰੇ ਸੰਦਾਂ ’ਤੇ ਨਿਸ਼ਾਨੀ ਲਾ ਕੇ ਰੱਖਦਾ। ਕਈ ਸੰਦ ਤਾਂ 20-20 ਸਾਲਾਂ ਬਾਅਦ ਸਿਆਣ ਕੇ ਵਾਪਸ ਲਿਆਂਦੇ ਆ।

ਗੁਰਦੀਪ ਧਾਲੀਵਾਲ (8283854127)


Comments Off on ਮਿਹਨਤ ਕਰਕੇ ਸੁਖੀ ਜੀਵਨ ਜੀਵਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.