ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬੁਲੰਦ ਹੋ ਰਹੀ ਔਰਤ ਦੀ ਆਵਾਜ਼

Posted On January - 15 - 2019

ਕਿਰਨ ਪਾਹਵਾ

ਅੱਜ ਔਰਤਾਂ ਵੱਲੋਂ ਆਪਣੇ ਵਿਅਕਤੀਗਤ ਜੀਵਨ ਵਿਚ ਵੱਡੇ ਪੱਧਰ ’ਤੇ ਸੁਧਾਰ ਲਿਆਂਦਾ ਗਿਆ ਹੈ। ਦੁਨੀਆਂ ਦੇ ਹਰ ਦੇਸ਼ ਵਿਚ ਨਾਰੀ ਵੱਲੋਂ ਆਪੋ-ਆਪਣੇ ਖੇਤਰਾਂ ’ਚ ਬੁਲੰਦੀਆਂ ਦੇ ਝੰਡੇ ਗੱਡ ਕੇ ਘੱਟੋ-ਘੱਟ ਇਹ ਤਾਂ ਸਿੱਧ ਕਰ ਦਿੱਤਾ ਗਿਆ ਹੈ ਕਿ ਔਰਤ ਪੈਰ ਦੀ ਜੁੱਤੀ ਨਹੀਂ ਹੈ। ਭਾਵੇਂ ਆਪਣੀਆਂ ਮੰਜ਼ਿਲਾਂ ’ਤੇ ਸਫਲਤਾ ਦਾ ਪਰਚਮ ਲਹਿਰਾਉਣ ਵਾਲੀਆਂ ਔਰਤਾਂ ਦੀ ਗਿਣਤੀ ਹਾਲੇ ਬਹੁਤ ਘੱਟ ਹੈ, ਪਰ ਇਹ ਉਨ੍ਹਾਂ ਮੁਲਕਾਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਵੱਸਦੇ ਰੂੜੀਵਾਦੀ ਲੋਕਾਂ ਦੀ ਸੋਚ ’ਤੇ ਕਰਾਰੀ ਚਪੇੜ ਹੈ। ਜੇਕਰ ਅਸੀਂ ਆਪਣੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਹ ਔਰਤ ਸਾਨੂੰ ਕਦੇ ਜੁਝਾਰੂ ਰੂਪ ਵਿਚ ਮਾਈ ਭਾਗੋ ਬਣ ਕੇ ਨਜ਼ਰ ਆਉਂਦੀ ਹੈ, ਕਦੇ ਕੁਰਬਾਨੀ ਦੀ ਮੂਰਤ ਬਣ ਕੇ ਮਾਤਾ ਗੁਜਰੀ ਬਣ ਦਿਖਦੀ ਹੈ ਅਤੇ ਕਦੇ ਰਾਣੀ ਝਾਂਸੀ ਬਣ ਨਜ਼ਰ ਆਉਂਦੀ ਹੈ। ਇਹੋ ਜਿਹੇ ਮਹਾਨ ਇਤਿਹਾਸਕ ਕਿੱਸੇ ਹਨ, ਜਿਨ੍ਹਾਂ ਵਿਚ ਨਾਰੀ ਦੀ ਲਾਮਿਸਾਲ ਭੂਮਿਕਾ ਰਹੀ ਹੈ। ਇਤਿਹਾਸ ਦਾ ਨਾਰੀ ਲਈ ਬੰਨ੍ਹਿਆ ਗਿਆ ਮਾਣ-ਮੱਤਾ ਮੁੱਢ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦਾ ਗਿਆ ।
ਅਸੀਂ ਰੂੜੀਵਾਦੀ ਸਮਾਜ ਵਿਚ ਬੈਠ ਕੇ ਨਾਰੀ ਸਮਾਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਲੱਗੇ ਹਾਂ ਤਾਂ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਕਿ ਅੱਜ ਦੀ ਨਾਰੀ ਆਪਣੇ ਵਿਰੋਧੀ ਮੰਨੇ ਜਾਂਦੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ ਯੋਗ ਹੋ ਗਈ ਹੈ, ਪਰ ਫਿਰ ਵੀ ਇਹ ਸਾਰੀਆਂ ਸਿਫ਼ਤਾਂ, ਪ੍ਰਾਪਤੀਆਂ ਤੇ ਤਰੱਕੀਆਂ ਸਿੱਕੇ ਦੇ ਇਕ ਪਹਿਲੂ ਵਾਂਗ ਹੀ ਹਨ ਕਿਉਂਕਿ ਸਿੱਕੇ ਦਾ ਦੂਜਾ ਪਹਿਲੂ ਅੱਜ ਵੀ ਕੁਝ ਅਜਿਹਾ ਬਿਆਨ ਕਰਦਾ ਹੈ ਕਿ ਔਰਤ ਦੀ ਦੁਰਦਸ਼ਾ ਵੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉੱਥੋਂ ਦੇ ਗਿਆਨ, ਵਿਗਿਆਨ ਦੀ ਤਰੱਕੀ ਮੁਤਾਬਕ ਹੀ ਔਰਤ ਦੀ ਆਜ਼ਾਦੀ ਤੇ ਸੁੱਖ ਸਹੂਲਤ ਆਬਾਦ ਹੋਈ ਹੈ। ਜਿਸ ਥਾਂ ’ਤੇ ਵੀ ਪੱਛੜਾਪਣ ਤੇ ਰੂੜੀਵਾਦ ਭਾਰੂ ਹੈ, ਉਨ੍ਹਾਂ ਥਾਵਾਂ ’ਤੇ ਔਰਤ ਨੂੰ ਅੱਜ ਵੀ ਕੁਲੱਛਣੀ, ਪੈਰ ਦੀ ਜੁੱਤੀ ਵਰਗੇ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗ਼ੁਲਾਮ ਤੇ ਬਿਮਾਰ ਮਾਨਸਿਕਤਾ ਦਾ ਆਪਣੇ ਹੀ ਘਰ ਤੋਂ ਸਾਹਮਣਾ ਕਰਨ ਵਾਲੀ ਔਰਤ ਜਦੋਂ ਘਰ ਤੋਂ ਬਾਹਰ ਪੈਰ ਪਾਉਂਦੀ ਹੈ ਤਾਂ ਉਸਨੂੰ ਥਾ ਥਾਂ ’ਤੇ ਭੁੱਖੀਆਂ ਨਜ਼ਰਾਂ ਨਾਲ ਵੇਖਣ ਵਾਲਿਆਂ ਦੀਆਂ ਟੋਲੀਆਂ ਬੇਸ਼ਰਮੀ ਦੀਆਂ ਹੱਦਾਂ ਟੱਪ ਜਾਂਦੀਆਂ ਹਨ। ਦਫ਼ਤਰਾਂ ਵਿਚ ਔਰਤ ਭਾਵੇਂ ਕਿਸੇ ਵੀ ਉੱਚ ਅਹੁਦੇ ’ਤੇ ਕਿਉਂ ਨਾ ਹੋਵੇ, ਫਿਰ ਵੀ ਉਸਨੂੰ ਆਪਣੇ ਔਰਤ ਹੋਣ ਦਾ ਫ਼ਰਕ ਕਿਸੇ ਨਾ ਕਿਸੇ ਰੂਪ ਵਿਚ ਨਜ਼ਰ ਵੀ ਆਉਂਦਾ ਰਹਿੰਦਾ ਹੈ ਤੇ ਸਤਾਉਂਦਾ ਵੀ ਰਹਿੰਦਾ ਹੈ। ਅੱਜ ਵੀ ਔਰਤ ਆਪਣਾ ਘਰ ਪਰਿਵਾਰ ਸਾਂਭਣ ਲਈ ਘਾਹ ਖੋਤਣ ਤੋਂ ਲੈ ਕੇ ਦੁਨੀਆਂ ਦੇ ਹਰ ਸਨਮਾਨਜਨਕ ਅਹੁਦੇ ਦੀ ਮਾਲਕ ਬਣ ਚੁੱਕੀ ਹੈ। ਪਰ ਫਿਰ ਵੀ ਉਸਨੂੰ ਇਕ ਔਰਤ ਮੰਨ ਕੇ ਕਮਜ਼ੋਰੀ ਦੇ ਰੂਪ ਵਿਚ ਦੇਖਣ ਵਾਲਿਆਂ ਦੀ ਕਮੀ ਨਹੀਂ ਹੈ।

ਕਿਰਨ ਪਾਹਵਾ

ਨਾਰੀ ਜਾਤੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੁਝ ਇਤਿਹਾਸਕ ਫ਼ੈਸਲੇ ਲਏ, ਜਿਸਦੀ ਬਦੌਲਤ ਔਰਤ ਨੂੰ ਰਾਜਨੀਤੀ ਤੇ ਨੌਕਰੀ ਵਿਚ ਰਾਖਵਾਂਕਰਨ ਮਿਲ ਗਿਆ। ਇਸੇ ਕਰਕੇ ਹੀ ਅੱਜ ਮਜਬੂਰੀਵਸ ਮਰਦ ਪ੍ਰਧਾਨ ਸਮਾਜ ਨੂੰ ਔਰਤਾਂ ਦੀ ਅਧੀਨਗੀ ਸਵੀਕਾਰ ਕਰਨੀ ਪੈ ਰਹੀ ਹੈ। ਇਹ ਵੀ ਕੌੜਾ ਸੱਚ ਹੈ ਕਿ ਪੱਛੜੇ ਇਲਾਕਿਆਂ ਵਿਚ ਔਰਤ ਰਾਜਨੀਤਕ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਵੀ ਰਬੜ ਦੀ ਮੋਹਰ ਵਜੋਂ ਹੀ ਵਰਤੀ ਜਾ ਰਹੀ ਹੈ। ਇਸਦਾ ਕਾਰਨ ਸਪੱਸ਼ਟ ਹੈ ਕਿ ਔਰਤ ਨੂੰ ਸਿਰਫ਼ ਅਹੁਦੇ ਲਈ ਹੀ ਵਰਤਿਆ ਗਿਆ ਹੈ, ਨਾ ਕਿ ਇਸ ਗੱਲ ਨੂੰ ਤਵੱਜੋ ਦਿੱਤੀ ਗਈ ਕਿ ਔਰਤ ਨੂੰ ਸਿੱਖਿਅਕ ਤੇ ਜਾਗਰੂਕ ਕਰਕੇ ਇਸ ਯੋਗ ਬਣਾਇਆ ਜਾਵੇ ਕਿ ਉਹ ਆਪਣੇ ਅਹੁਦੇ ਲਈ ਖ਼ੁਦਮੁਖਤਿਆਰ ਹੋਵੇ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਔਰਤ ਨੂੰ ਆਜ਼ਾਦ ਸੋਚ ਨਾਲ ਫ਼ੈਸਲੇ ਲੈਣ ਦੇ ਯੋਗ ਬਣਾਉਣ ਲਈ ਉਸਨੂੰ ਗਿਆਨਵਾਨ ਬਣਾ ਕੇ ਖੁੱਲ੍ਹੇ ਵਾਤਾਵਰਨ ਵਿਚ ਖੁੱਲ੍ਹੀ ਸੋਚ ਨਾਲ ਜਿਊਣ ਦਾ ਅਧਿਕਾਰ ਦਿੱਤਾ ਜਾਵੇ।
ਵਿਆਹੁਤਾ ਜੀਵਨ ਬਤੀਤ ਕਰਦੀਆਂ ਬਹੁਤੀਆਂ ਔਰਤਾਂ ਸਰੀਰਿਕ ਸੁੱਖ ਦੀ ਪ੍ਰਾਪਤੀ ਲਈ ਅਜੇ ਤਕ ਆਪਣੇ ਹੀ ਬੈੱਡਰੂਮ ਵਿਚ ਆਜ਼ਾਦ ਨਹੀਂ ਹਨ। ਉਨ੍ਹਾਂ ਦੇ ਜੀਵਨ ਸਾਥੀ ਆਪਣੀ ਇੱਛਾ ਮੁਤਾਬਿਕ ਸਰੀਰਿਕ ਸੁੱਖ ਦਾ ਸਮਾਂ ਤੇ ਵਿਧੀਆਂ ਨਿਰਧਾਰਤ ਕਰਦੇ ਹਨ, ਜਿਸਦੀ ਆੜ ਵਿਚ ਔਰਤ ਇਹੋ ਜਿਹੀ ਪੀੜਾ, ਜ਼ੁਲਮ ਤੇ ਅੱਤਿਆਚਾਰ ਦਾ ਸਾਹਮਣਾ ਵੀ ਕਰਦੀ ਹੈ, ਜਿਸਦਾ ਉਹ ਜ਼ਿਕਰ ਕਰਨ ਤੋਂ ਵੀ ਕਤਰਾ ਜਾਂਦੀ ਹੈ। ਇਸਦਾ ਨਤੀਜਾ ਇਹ ਹੈ ਕਿ ਅੱਜ ਬਹੁਗਿਣਤੀ ਵਿਚ ਔਰਤਾਂ ਆਪਣੇ ਮਨ ਦੇ ਚਾਵਾਂ ਤੇ ਇੱਛਾਵਾਂ ਨੂੰ ਇਸ ਕਦਰ ਦੱਬੀ ਬੈਠੀਆਂ ਹਨ ਕਿ ਉਹ ਦਿਮਾਗ਼ੀ ਰੋਗਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਹ ਸਮੇਂ ਦੀ ਤ੍ਰਾਸਦੀ ਹੀ ਹੈ ਕਿ ਜਿੱਥੇ ਔਰਤ ਆਪਣੀ ਆਜ਼ਾਦੀ ਨੂੰ ਲੈ ਕੇ ਢੰਡੋਰਾ ਪਿੱਟ ਰਹੀ ਹੈ, ਉੱਥੇ ਦੂਜੇ ਪਾਸੇ ਔਰਤ ਨਾਂ ਦੇ ਸਨਮਾਨਯੋਗ ਵਰਗ ਵਿਚ ਕੁਝ ਇਹੋ ਜਿਹੀ ਕੰਗਿਆਰੀ ਉੱਗ ਗਈ ਜੋ ਆਪਣੀ ਲਾਲਸਾ ਦੀ ਪੂਰਤੀ ਲਈ ਔਰਤ ਨੂੰ ਹੀ ਬਦਨਾਮ ਕਰਨ ’ਤੇ ਤੁਲੀ ਹੋਈ ਹੈ। ਜਿੱਥੇ ਔਰਤ ਆਪਣੇ ਹੱਕਾਂ ਤੋਂ ਜਾਗਰੂਕ ਨਾ ਹੋਣ ਦਾ ਖਾਮਿਆਜ਼ਾ ਭੁਗਤ ਰਹੀ ਹੈ, ਉੱਥੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਔਰਤਾਂ ਵਿਚੋਂ ਕੁਝ ਅਜਿਹੀਆਂ ਔਰਤਾਂ ਸਾਹਮਣੇ ਆ ਰਹੀਆਂ ਹਨ, ਜੋ ਆਪਣੇ ਆਪਣੇ ਹੱਕਾਂ ਲਈ ਬਣੇ ਕਾਨੂੰਨ ਦਾ ਨਾਜਾਇਜ਼ ਫਾਇਦਾ ਉਠਾ ਰਹੀਆਂ ਹਨ। ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਵਿਚ ਆਪਣੇ ਜ਼ਮੀਰ ਤੇ ਸਰੀਰ ਵੇਚਦੀਆਂ ਮੁੱਠੀ ਭਰ ਔਰਤਾਂ ਸਮੁੱਚੇ ਨਾਰੀ ਵਰਗ ਨੂੰ ਕਲੰਕਿਤ ਕਰ ਰਹੀਆਂ ਹਨ। ਜੇਕਰ ਅਸੀਂ ਆਪਣੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ’ਤੇ ਅੱਗੇ ਵਧਦਾ ਦੇਖਣਾ ਚਾਹੁੰਦੇ ਹਾਂ ਤਾਂ ਔਰਤ ਦਾ ਪੜ੍ਹਨਾ, ਲਿਖਣਾ ਤੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੋਵੇਗਾ। ਗੁਰੂਆਂ-ਪੀਰਾਂ ਵੱਲੋਂ ਦੱਸੇ ਗਏ ਸਿਧਾਂਤ ਅਨੁਸਾਰ ਔਰਤ ਨੂੰ ਇੱਜ਼ਤ, ਮਾਣ ਤੇ ਸਤਿਕਾਰ ਨਾਲ ਨਿਵਾਜਣ ਦੀ ਲੋੜ ਹੈ ਕਿਉਂਕਿ ਜਿਸ ਦਿਨ ਸਮੁੱਚੀ ਔਰਤ ਪੜ੍ਹ-ਲਿਖ ਜਾਵੇਗੀ, ਉਸ ਦਿਨ ਸਮੁੱਚਾ ਸਮਾਜ ਪੜ੍ਹਿਆ-ਲਿਖਿਆ ਹੋਵੇਗਾ।

*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ


Comments Off on ਬੁਲੰਦ ਹੋ ਰਹੀ ਔਰਤ ਦੀ ਆਵਾਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.