ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On January - 2 - 2019

ਕੁਝ ਖੇਤਰਾਂ ਵਿਚ ਹੋ ਸਕਦਾ ਹੈ ਲਾਭ
ਕਿਸੇ ਵੀ ਤਰ੍ਹਾਂ ਦੀ ਨਵੀਂ ਤਕਨੀਕ ਦੀ ਆਲੋਚਨਾ ਹੁੰਦੀ ਹੀ ਹੈ, ਪਰ ਸਮੇਂ ਦੇ ਨਾਲ ਉਸ ਨੂੰ ਅਪਣਾ ਲਿਆ ਜਾਂਦਾ ਹੈ। ਰੋਬੋਟਸ ਵਰਗੀ ਨਵੀਂ ਤਕਨੀਕ ਨੂੰ ਹੌਲੀ ਹੌਲੀ ਅਪਣਾ ਲਿਆ ਜਾਵੇਗਾ। ਇਹ ਤਕਨੀਕ ਮਹਿੰਗੀ ਹੋਣ ਕਾਰਨ ਹਰ ਇਕ ਦੀ ਪਹੁੰਚ ਤੋਂ ਬਾਹਰ ਹੈ। ਉੱਚ ਵਰਗ ਦੇ ਲੋਕ ਹੀ ਇਸ ਦੀ ਵਰਤੋਂ ਕਰ ਪਾਉਣਗੇ। ਉਹ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਵਿਚ ਵੀ ਰੋਬੋਟਸ ਦੀ ਵਰਤੋਂ ਕਰਨਗੇ, ਜਿਸ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ। ਭਾਰਤ ਵਰਗੇ ਦੇਸ਼ ਵਿਚ ਜਿੱਥੇ ਜਨਸੰਖਿਆ ਦੀ ਜ਼ਿਆਦਾ ਹੈ ਤੇ ਗ਼ਰੀਬੀ ਅਤੇ ਬੇਰੁਜ਼ਗਾਰੀ ਹੈ, ਉਥੇ ਇਸ ਤਕਨਲੋਜੀ ਨਾਲ ਇਹ ਸਮੱਸਿਆਵਾਂ ਹੋਰ ਵੀ ਵਧਣਗੀਆਂ। ਇਸ ਦੇ ਨਾਲ ਹੀ ਲੰਮੇ ਸਮੇਂ ਵਿਚ ਦੇਖਿਆ ਜਾਵੇ ਤਾਂ ਰੋਬੋਟਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਵੇਗਾ, ਕਿਉਂਕਿ ਲੋਕ ਆਪਣੇ ਹਰ ਕੰਮ ਲਈ ਇਨ੍ਹਾਂ ’ਤੇ ਨਿਰਭਰ ਰਹਿਣਗੇ। ਸਰੀਰਕ ਮਿਹਨਤ ਘਟਣ ਕਾਰਨ ਉਹ ਬਿਮਾਰੀਆਂ ਦਾ ਸ਼ਿਕਾਰ ਹੋਣਗੇ। ਉਂਜ ਜ਼ੋਖਿਮ ਭਰੇ ਖੇਤਰਾਂ ਵਿਚ ਜਿੱਥੇ ਮਨੁੱਖੀ ਜਾਨਾਂ ਨੂੰ ਖ਼ਤਰਾ ਹੁੰਦਾ ਹੈ, ਉੱਥੇ ਰੋਬੋਟਸ ਦੀ ਵਰਤੋਂ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਖੋਜ ਖੇਤਰਾਂ ਵਿਚ ਅਤੇ ਦੇਸ਼ ਦੀ ਸੁਰੱਖਿਆ ਲਈ ਇਹ ਤਕਨੀਕ ਕਾਰਗਰ ਸਾਬਿਤ ਹੋ ਸਕਦੀ ਹੈ।
ਜਸਵਿੰਦਰ ਕੌਰ, ਪ੍ਰਤਾਪ ਨਗਰ, ਬਠਿੰਡਾ

ਸਹੀ ਵਰਤੋਂ ਨਾਲ ਹੀ ਹੋਵੇਗਾ ਫਾਇਦਾ
ਜਿਸ ਦੇਸ਼ ਵਿਚ ਲੋਕ ਕੰਮ-ਕਾਰ ਛੱਡ ਕੇ ਰੈਲੀਆਂ, ਮੁਜ਼ਾਹਰਿਆਂ, ਮੇਲਿਆਂ ਤੇ ਵੋਟਾਂ ਆਦਿ ਵਿਚ ਬੁੱਲੇ ਲੁੱਟਦੇ ਫਿਰਨ, ਉਥੇ ਰੋਬੋਟ ਦਾ ਭਵਿੱਖ ਸੋਚਣ ਦਾ ਕੋਈ ਮਤਬਲ ਨਹੀਂ ਹੈ। ਬਾਕੀ ਰਹੀ ਗੱਲ ਫਾਇਦੇ-ਨੁਕਸਾਨ ਦੀ, ਨੁਕਸਾਨ ਦਾ ਤਾਂ ਕੋਈ ਪੱਕਾ ਨਹੀਂ, ਪਰ ਅੰਧਵਿਸ਼ਵਾਸੀ ਲੋਕ ਇਸ ਦਾ ਫਾਇਦਾ ਮੋਬਾਈਲਾਂ ’ਤੇ ਭੇਜੇ ਜਾਂਦੇ ਫਾਲਤੂ ਸੁਨੇਹਿਆਂ ਵਾਂਗ ਜ਼ਰੂਰ ਉਠਾਉਣਗੇ। ਤਕਨਾਲੋਜੀ ਦੀ ਦੁਰਵਰਤੋਂ ਨਾ ਹੋਵੇ ਤਾਂ ਹੀ ਚੰਗਾ ਹੈ।
ਜਗਮੀਤ ਸਿੰਘ, ਪਿੰਡ ਦੋਦਾ (ਸ੍ਰੀ ਮੁਕਤਸਰ ਸਾਹਿਬ)

ਫਾਇਦੇ ਵੱਧ, ਨੁਕਸਾਨ ਘੱਟ
ਚਾਹੇ ਦੁਨੀਆਂ ਵਿਚ ਰੋਬੋਟਸ ਜਾਂ ਕਹਿ ਲਵੋ ਬਣਾਉਟੀ ਗਿਆਨ (ਆਰਟੀਫਿਸ਼ਲ ਇੰਟੈਲੀਜੈਂਸੀ) ਦੀ ਸ਼ੁਰੂਆਤ 1952-1956 ਵਿਚ ਅਮਰੀਕਾ ਤੋਂ ਹੋਈ ਸੀ, ਪਰ ਅੱਜ ਹਰ ਆਧੁਨਿਕ ਤੇ ਵਿਕਸਿਤ ਦੇਸ਼ ਰੋਬੋਟਸ ਬਣਾ ਚੁੱਕਿਆ ਹੈ ਜਾਂ ਬਣਾਉਣਾ ਚਾਹੁੰਦਾ ਹੈ। ਰੋਬੋਟ ਸਮੇਂ ਦੀ ਲੋੜ ਹਨ ਜਿਵੇਂ- ਫੈਕਟਰੀਆਂ ਵਿਚ, ਫ਼ੌਜ ਵਿਚ, ਗਿਆਨ ਲਈ ਜਾਂ ਕੁਝ ਲੱਭਣ ਲਈ, ਉਦਾਹਰਨ ਵਜੋਂ ਸਾਊਦੀ ਅਰਬ ਦੀ ਸੋਫੀਆ ਤੇ ਭਾਰਤ ਦਾ ਮਾਨਵ 3ਡੀ ਪ੍ਰਿੰਟਰ ਰੋਬੋਟ ਆਦਿ। ਭਾਰਤ ਵਿਚ ਪਹਿਲਾ ਬੋਲਦਾ ਏਟੀਐਮ ਇਕ ਰੋਬੋਟ ਹੀ ਤਾਂ ਹੈ, ਜੋ ਅਹਿਮਦਾਬਾਦ ਵਿਚ ਦੇਖਣ ਤੋਂ ਸੱਖਣੇ ਵਿਅਕਤੀਆਂ ਲਈ ਯੂਨੀਅਨ ਬੈਂਕ ਆਫ ਇੰਡੀਆ ਨੇ ਲਾਇਆ ਹੈ। ਰੋਬੋਟ ਸਾਡਾ ਕੰਮ ਸੌਖਾ ਕਰਦੇ ਹਨ ਅਤੇ ਥੱਕਦੇ ਵੀ ਨਹੀਂ, ਕੰਮ ਤੇਜ਼ ਤੇ ਪੂਰੇ ਸਹੀ ਆਦੇਸ਼ ਅਨੁਸਾਰ 24 ਘੰਟੇ 7 ਦਿਨ ਕਰ ਸਕਦੇ ਹਨ, ਜੋ ਮਨੁੱਖ ਨਹੀਂ ਕਰ ਸਕਦਾ। ਰੋਬੋਟਸ ’ਤੇ ਮੌਸਮ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਨ੍ਹਾਂ ਫਾਇਦਿਆਂ ਦੇ ਨਾਲ ਨਾਲ ਇਸ ਦੇ ਨੁਕਸਾਨ ਵੀ ਹਨ ਕਿ ਇਹ ਨੌਕਰੀਆਂ ਘਟਾ ਦੇਣਗੇ। ਰੋਬੋਟਸ ਦੇ ਰੱਖ-ਰਖਾਵ ਦਾ ਬਹੁਤ ਖ਼ਰਚਾ ਹੈ ਤੇ ਰੋਬੋਟਸ ਦਾ ਤਜਰਬਾ ਨਹੀਂ ਵਧਦਾ, ਜਿਵੇਂ ਕਿ ਮਨੁੱਖ ਦਾ ਵਧਦਾ ਹੈ।
ਹਰਮਨਦੀਪ ਸਿੰਘ, ਜਗਤਾਰ ਨਗਰ, ਨੇੜੇ ਬਾਜਵਾ ਕਲੋਨੀ, ਪਟਿਆਲਾ

ਇੰਜਨੀਅਰਾਂ ਦੀ ਮੰਗ ਵਧੇਗੀ
ਰੋਬੋਟ ਤਕਨਾਲੋਜੀ ਬਹੁਤ ਛੇਤੀ ਪੈਰ ਪਸਾਰ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੋਬੋਟ ਦਰਜਨਾਂ ਵਿਅਕਤੀਆਂ ਦਾ ਕੰਮ ਇਕੱਲਾ ਹੀ ਘੱਟ ਸਮੇਂ ਵਿਚ ਕਰ ਸਕਦਾ ਹੈ। ਇਸ ਨਾਲ ਵਧੇਰੇ ਜਨਸੰਖਿਆ ਵਾਲੇ ਦੇਸ਼ ਜਿਵੇਂ ਕਿ ਭਾਰਤ ਦੀ ਲੇਬਰ ਜਮਾਤ ਨੂੰ ਬਹੁਤ ਨੁਕਸਾਨ ਹੋ ਸਕਦਾ, ਪਰ ਇਹ ਭਵਿੱਖ ਦਾ ਸੱਚ ਹੈ। ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਇਸ ਦੇ ਬਿਲਕੁਲ ਉਲਟ ਰੋਬੋਟ ਦੇ ਆਉਣ ਨਾਲ ਉਸ ਦੀ ਸਾਂਭ-ਸੰਭਾਲ ਤੇ ਚਲਾਉਣ ਲਈ ਇੰਜਨੀਅਰਾਂ ਦੀ ਮੰਗ ਬਹੁਤ ਵੱਧ ਜਾਵੇਗੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਬਲਦ ਗੱਡੇ ਤੋਂ ਮੋਟਰ ਗੱਡੀਆਂ ਆਉਣ ਨਾਲ ਉਨ੍ਹਾਂ ਦੀ ਸੰਭਾਈ ਲਈ ਮਕੈਨਿਕ ਦੀ ਲੋੜ ਪਈ। ਨਵੀਂ ਤਕਨਾਲੋਜੀ ਜਦੋਂ ਵੀ ਹੋਂਦ ਵਿਚ ਆਉਂਦੀ ਹੈ, ਰੁਜ਼ਗਾਰ ਦੀਆਂ ਅਨੇਕ ਸੰਭਾਵਨਾਵਾਂ ਲੈ ਕੇ ਆਉਂਦੀ ਹੈ। ਲੋੜ ਹੈ, ਸਾਡੀ ਪੀੜ੍ਹੀ ਨੂੰ ਨਵੀਂ ਤਕਨੀਕ ਦੇ ਹਾਣ ਦਾ ਬਣਨ ਦੀ।
ਜਸ਼ਨਦੀਪ ਸਿੰਘ ਬਰਾੜ, ਪਿੰਡ ਚੈਨਾ (ਫ਼ਰੀਦਕੋਟ)

ਭੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਵੇ
ਭਾਰਤ ਵਿਚ ਰੋਬੋਟ ਦਾ ਭਵਿੱਖ ਨੌਜਵਾਨਾਂ ਦੇ ਮੋਢਿਆਂ ਉੱਪਰ ਹੀ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਰਤ ਦੇ ਨੌਜਵਾਨ ਬਹੁਤੇ ਮੁਲਕਾਂ ਦੇ ਮੁਕਾਬਲੇ ਵਧੇਰੇ ਹੁਨਰਮੰਦ ਹਨ। ਸਰਕਾਰ ਨੌਜਵਾਨ ਵਰਗ ਨੂੰ ਰੋਬੋਟਿਕਸ ਇੰਜਨੀਅਰਿੰਗ ਦੇ ਕੋਰਸ ਮੁਹੱਈਆ ਕਰਾ ਕੇ ਵੱਡੀਆਂ ਸੇਵਾਵਾਂ ਲੈ ਸਕਦੀ ਹੈ। ਇਸ ਉੱਦਮ ਨਾਲ ਹੀ ਭਾਰਤ ਰੋਬੋਟ ਦੀ ਦੁਨੀਆਂ ਵਿਚ ਬਾਕੀ ਦੇਸ਼ਾਂ ਵਿਚ ਆਪਣੀ ਪਹਿਚਾਣ ਬਣਾ ਸਕਦਾ ਹੈ। ਰੋਬੋਟ ਦੇ ‘ਚਮਤਕਾਰਾਂ’ ਬਾਰੇ ਕੋਈ ਸ਼ੱਕ ਨਹੀਂ ਹੈ। ਮਨੁੱਖ ਦਾ ਬਣਾਇਆ ਰੋਬੋਟ ਆਪਣੇ ਕੰਮ ਦੀ ਗਤੀ, ਸਪੱਸ਼ਟਤਾ ਤੇ ਸਫ਼ਾਈ ਵਿਚ ਮਨੁੱਖ ਨੂੰ ਪਛਾੜਨ ਦੇ ਸਮਰੱਥ ਹੈ। ਰੋਬੋਟ ਦਾ ਸਾਰਥਕ ਲਾਭ ਲੈਣ ਲਈ ਇਹ ਲਾਜ਼ਮੀ ਹੈ ਕਿ ਰੋਬੋਟ ਮਨੁੱਖ ਦੇ ਅਧੀਨ ਹੋਵੇ, ਨਾ ਕਿ ਮਨੁੱਖ ਰੋਬੋਟ ਦੇ ਅਧੀਨ। ਅਜਿਹਾ ਆਮ ਹੀ ਦੇਖਣ ਵਿਚ ਆਉਂਦਾ ਹੈ ਕਿ ਮਨੁੱਖ ਤਕਨਾਲੋਜੀ ਦੀ ਵਰਤੋਂ ਕਰਦਿਆਂ ਉਸ ਦਾ ਮੁਥਾਜ ਬਣਕੇ ਰਹਿ ਜਾਂਦਾ ਹੈ। ਅੱਜ ਮਨੁੱਖੀ ਦਿਮਾਗ ਲੇਖੇ-ਜੋਖੇ ਦੌਰਾਨ ਆਪਣੇ ਆਪ ਨੂੰ ਕੈਲਕੁਲੇਟਰ ਬਿਨਾਂ ਅਧੂਰਾ ਸਮਝਦਾ ਹੈ। ਰੋਬੋਟ ਤਕਨੀਕ ਦਾ ਮੁਥਾਜ ਬਣ ਜਾਣ ਨਾਲ ਤਾਂ ਇਸ ਦੇ ਅਸਲੋਂ ਹੀ ਨਕਾਰਾ ਹੋ ਜਾਣ ਦਾ ਖ਼ਦਸ਼ਾ ਹੈ। ਬਾਕੀ ਇਸ ਨਾਲ ਰੁਜ਼ਗਾਰ ’ਤੇ ਅਸਰ ਤਾਂ ਹੋਵੇਗਾ ਹੀ, ਨਾਲੋ-ਨਾਲ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਵੀ ਨਾ-ਮਾਤਰ ਹੀ ਰਹਿ ਜਾਣਗੀਆਂ, ਜਿਸ ਕਾਰਨ ਸਿਹਤ ਪ੍ਰਭਾਵਿਤ ਹੋਵੇਗੀ, ਤਾਂ ਫਿਰ ਅਜਿਹੀ ਤਕਨਾਲੋਜੀ ਦਾ ਕੀ ਫਾਇਦਾ?
ਰਮਨਦੀਪ ਕੌਰ, ਪਿੰਡ ਸਮਾਧ ਭਾਈ (ਮੋਗਾ)

ਵਿਕਾਸਸ਼ੀਲ ਦੇਸ਼ਾਂ ਲਈ ਨਵੀਂ ਤਕਨਾਲੋਜੀ ਜ਼ਰੂਰੀ
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਰੋਬੋਟ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਜਿਹੇ ਖੇਤਰ ਜਿੱਥੇ ਮਨੁੱਖ ਦਾ ਪਹੁੰਚਣਾ ਅਸੰਭਵ ਹੁੰਦਾ ਹੈ, ਉਥੇ ਰੋਬੋਟ ਅਸਾਨੀ ਨਾਲ ਪਹੁੰਚ ਸਕਦੇ ਹਨ। ਜਿਸ ਤਰ੍ਹਾਂ ਰੋਬੋਟ ਬਣਾਉਣ ਲਈ ਕਈ ਮਨੁੱਖੀ ਦਿਮਾਗ ਸ਼ਾਮਲ ਹੁੰਦੇ ਹਨ, ਉਸੇ ਤਰ੍ਹਾਂ ਇਕ ਰੋਬੋਟ ਦੁਆਰਾ ਕੀਤੀਆਂ ਅਹਿਮ ਖੋਜਾਂ ਨਾਲ ਕਈ ਹੋਰ ਨਵੇਂ ਰਾਹ ਖੁੱਲ੍ਹ ਸਕਦੇ ਹਨ, ਜਿਨ੍ਹਾਂ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ ਅਤੇ ਰੁਜ਼ਗਾਰ ਦੇ ਨਾਲ ਨਾਲ ਦੇਸ਼ ਦੀ ਆਰਥਿਕਤਾ ਵਿਚ ਵੀ ਸੁਧਾਰ ਹੋ ਸਕਦਾ ਹੈ।
ਸਿਮਰਨਜੀਤ ਸਿੰਘ, ਗੁਰੂ ਤੇਗ ਬਹਾਦਰ ਨਗਰ, ਨਾਭਾ (ਪਟਿਆਲਾ)
(ਇਹ ਬਹਿਸ ਅਗਲੇ ਵੀਰਵਾਰ ਸਮਾਪਤ ਕੀਤੀ ਜਾਵੇਗੀ)


Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.