ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਨੌਜਵਾਨ ਵਰਗ, ਬੇਰੁਜ਼ਗਾਰੀ ਤੇ ਸਿਆਸੀ ਪਾਰਟੀਆਂ

Posted On January - 10 - 2019

ਸੁਖਰਾਜ ਸਿੰਘ ਚਹਿਲ
ਹਰੇਕ ਦੇਸ਼ ਅਤੇ ਸੂਬੇ ਦਾ ਭਵਿੱਖ ਨੌਜਵਾਨ ਵਰਗ ਦੇ ਹੱਥ ਹੁੰਦਾ ਹੈ। ਜੇਕਰ ਇਹ ਵਰਗ ਖ਼ੁਦ ਹੀ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਵੇ ਤਾਂ ਤਰੱਕੀ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਭਰਪੂਰ ਊਰਜਾ ਅਤੇ ਜੋਸ਼ ’ਚ ਜਿਊਣ ਵਾਸਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਸਹੀ ਰਸਤੇ ਪਾਉਣ ਦੀ ਬਜਾਏ ਗ਼ਲਤ ਪਾਸੇ ਮੋੜ ਦਿੱਤਾ ਜਾਵੇ ਤਾਂ ਦੇਸ਼ ਦੀ ਤਰੱਕੀ ਬਾਰੇ ਸੋਚਣਾ ਮੂਰਖਤਾ ਹੋਵੇਗਾ, ਪਰ ਅਫ਼ਸੋਸ ਸਾਡੇ ਦੇਸ਼ ਵਿਚ ਵੋਟ ਬੈਂਕ ਖ਼ਾਤਰ ਅਜਿਹਾ ਹੋ ਰਿਹਾ ਹੈ। ਇੱਥੇ ਨੌਜਵਾਨ ਸ਼ਕਤੀ ਨੂੰ ਸਹੀ ਢੰਗ ਨਾਲ ਵਰਤਣ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਹੈ, ਜਿਸ ਕਾਰਨ ਅੱਜ ਅਨੇਕ ਮੁਸ਼ਕਲਾਂ ਸਾਡੇ ਸਨਮੁੱਖ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਅਜੇ ਸੰਭਵ ਨਹੀਂ ਜਾਪ ਰਿਹਾ।
ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਊਣ ਲਈ ਰੁਜ਼ਗਾਰ ਦੀ ਜ਼ਰੂਰਤ ਹੁੰਦੀ ਹੈ, ਪਰ ਸਾਡੇ ਦੇਸ਼ ਤੇ ਸੂਬੇ ਵਿਚ ਰੁਜ਼ਗਾਰ ਦੇ ਨਾਂ ’ਤੇ ਸਿਆਸਤ ਕੀਤੀ ਜਾਂਦੀ ਹੈ। ਚੋਣਾਂ ਵੇਲੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਚੋਗਾ ਪਾ ਕੇ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ। ਰਾਜਸੀ ਪਾਰਟੀਆਂ ਦੇ ਲੀਡਰ ਨੌਜਵਾਨ ਵਰਗ ਨੂੰ ਵੱਡੀ ਗਿਣਤੀ ਵਿਚ ਆਪਣੀਆਂ ਪਾਰਟੀਆਂ ਨਾਲ ਤੋਰ ਰਹੇ ਹਨ। ਜਿਹੜੇ ਬਾਕੀ ਬਚਦੇ ਹਨ, ਉਨ੍ਹਾਂ ਨੂੰ ਰਾਜਸੀ ਪਾਰਟੀਆਂ ਆਪਣੀ ਸਰਕਾਰ ਆਉਣ ’ਤੇ ਰੁਜ਼ਗਾਰ ਦੇਣ ਦਾ ਲਾਰਾ ਲਾ ਕੇ ਵੋਟਾਂ ਭੁਗਤਾਉਣ ਵਿਚ ਕਾਮਯਾਬ ਹੋ ਜਾਂਦੀਆਂ ਹਨ। ਪਿਛਲੇ ਸਮਿਆਂ ਵੱਲ ਝਾਤ ਮਾਰੀ ਜਾਵੇ ਤਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦਾ ਰਾਗ ਅਲਾਪਣ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ, ਜਦੋਂਕਿ ਇਸ ਵਿਚ ਕੋਈ ਸੱਚਾਈ ਨਹੀਂ ਹੁੰਦੀ। ਵੋਟਾਂ ਪੈਣ ਮਗਰੋਂ ਇਹ ਵਾਅਦਾ ਸਿਆਸੀ ਲਾਰਾ ਹੋ ਨਿੱਬੜਦਾ ਹੈ।
ਹਰੇਕ ਵਰ੍ਹੇ ਲਗਭਗ 2 ਕਰੋੜ ਨੌਜਵਾਨ 18 ਸਾਲ ਦੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਕਾਬਿਲ ਹੋ ਜਾਂਦੇ ਹਨ, ਜਿਸ ਕਰ ਕੇ ਨੌਜਵਾਨ ਵਰਗ ਨੂੰ ਵੋਟਾਂ ਬਟੋਰਨ ਲਈ ਵਰਤਿਆ ਜਾਂਦਾ ਹੈ। ‘ਸੈਂਟਰ ਮਾਨੀਟਰਿੰਗ ਇੰਡੀਅਨ ਇਕਾਨਮੀ’ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਲਗਭਗ 31 ਕਰੋੜ ਲੋਕ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਇਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਯੋਜਨਾ ਨਹੀਂ ਉਲੀਕੀ ਜਾ ਰਹੀ ਹੈ। ਬੇਰੁਜ਼ਗਾਰਾਂ ਲਈ ਕੋਈ ਵਿਸ਼ੇਸ਼ ਫੰਡ ਨਹੀਂ ਰੱਖੇ ਜਾਂਦੇ ਹਨ, ਜਦੋਂਕਿ ਦੇਸ਼ ਦੇ ਸਿਆਸਤਦਾਨ ਆਪਣੇ ਲਈ ਕਰੋੜਾਂ ਰੁਪਏ ਸਰਕਾਰੀ ਖ਼ਜ਼ਾਨੇ ’ਚੋਂ ਡਕਾਰ ਜਾਂਦੇ ਹਨ। ਹਰੇਕ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਕਰਨ ਵਾਲੇ ਸਿਆਸਤਦਾਨ ਆਪਣੇ ਵਿਦੇਸ਼ੀ ਦੌਰਿਆਂ ’ਤੇ ਹੀ ਕਰੋੜਾਂ ਰੁਪਏ ਖ਼ਰਚ ਕੇ ਸਰਕਾਰੀ ਖ਼ਜ਼ਾਨੇ ਦਾ ਧੂੰਆਂ ਕੱਢ ਦਿੰਦੇ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਚਾਰ ਸਾਲਾਂ ’ਚ ਆਪਣੇ ਇਸ਼ਤਿਹਾਰੀ ਪ੍ਰਚਾਰ ’ਤੇ 4300 ਕਰੋੜ ਰੁਪਏ ਖ਼ਰਚ ਦਿੱਤੇ ਹਨ, ਜਦੋਂਕਿ ਇਸ਼ਤਿਹਾਰਾਂ ਦੀ ਥਾਂ ਸਰਕਾਰ ਦੇ ਕੰਮ ਬੋਲਣੇ ਚਾਹੀਦੇ ਹਨ।
ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਨੌਜਵਾਨ ਵਰਗ ਨੂੰ ਪਰਚਾਅ ਕੇ ਚੋਣਾਂ ਲੜੀਆਂ ਜਾਂਦੀਆਂ ਹਨ। ਪੰਜਾਬ ਵਿਚ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਲਾਰਾ ਲਾ ਕੇ ਸਰਕਾਰ ਬਣਾਉਣ ’ਚ ਕਾਮਯਾਬੀ ਹਾਸਲ ਕਰ ਲਈ, ਜਦਕਿ ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈੱਲਪਮੈਂਟ ਅਨੁਸਾਰ ਪੰਜਾਬ ਵਿਚ 22 ਲੱਖ ਤੋਂ ਵਧੇਰੇ ਬੇਰੁਜ਼ਗਾਰਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ ਹੈ। ਵੱਡੇ-ਵੱਡੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਹੁਣ ਖ਼ਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਕੇ ਵਿਧਾਇਕਾਂ ਦੀਆਂ ਤਨਖ਼ਾਹਾਂ ਦੁੱਗਣੀਆਂ ਕਰਨ ਦੇ ਰਾਹ ਤੁਰੀ ਹੋਈ ਹੈ। ਪ੍ਰਾਈਵੇਟ ਕੰਪਨੀਆਂ ਦੇ ਰੁਜ਼ਗਾਰ ਮੇਲੇ ਲਾ ਕੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਇਹ ਕੰਪਨੀਆਂ ਤਾਂ ਪਹਿਲਾਂ ਵੀ ਕਾਲਜਾਂ ਤੇ ਯੂਨੀਵਰਸਿਟੀਆਂ ’ਚੋਂ ਵਿਦਿਆਰਥੀਆਂ ਦੀ ਚੋਣ ਕਰ ਕੇ ਲਿਜਾਂਦੀਆਂ ਸਨ।
ਦੇਸ਼ ਵਿਚ ਨੌਜਵਾਨਾਂ ਲਈ ਕੋਈ ਸਾਰਥਿਕ ਨੀਤੀ ਨਾ ਹੋਣ ਕਾਰਨ ਲੱਖਾਂ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਸਰਕਾਰਾਂ ਦੀਆਂ ਨੀਤੀਆਂ ਦੇ ਸਤਾਏ ਨੌਜਵਾਨ ਵਿਦੇਸ਼ ਜਾਣ ਨੂੰ ਹੀ ਆਪਣਾ ਮਿਸ਼ਨ ਸਮਝ ਰਹੇ ਹਨ। ਜਿਸ ਦੇਸ਼ ਦਾ ਨੌਜਵਾਨ ਵਰਗ ਆਪਣਾ ਮੁਲਕ ਛੱਡਣ ਲਈ ਤਰਲੋ-ਮੱਛੀ ਹੋ ਰਿਹਾ ਹੋਵੇ, ਉਸ ਦਾ ਭਵਿੱਖ ਹਨੇਰੇ ਵਿਚ ਹੀ ਹੋਵੇਗਾ। ਹੁਣ ਲੋਕ ਸਭਾ ਚੋਣਾਂ ਨੇੜੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੀਡਰਾਂ ਵੱਲੋਂ ਪਿਛਲੇ ਸਮੇਂ ਵਿਚ ਲਾਏ ਲਾਰਿਆਂ ਤੋਂ ਲੋਕ ਕੀ ਸਬਕ ਲੈਂਦੇ ਹਨ ਅਤੇ ਰਾਜਸੀ ਧਿਰਾਂ ਨੌਜਵਾਨਾਂ ਵਾਸਤੇ ਕਿਹੜੀਆਂ ਨਵੀਆਂ ਸਿਆਸੀ ਛੁਰਲੀਆਂ ਛੱਡਦੀਆਂ ਹਨ ?
ਸੰਪਰਕ: 97810-48055


Comments Off on ਨੌਜਵਾਨ ਵਰਗ, ਬੇਰੁਜ਼ਗਾਰੀ ਤੇ ਸਿਆਸੀ ਪਾਰਟੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.