ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਨਵੀਂ ਪੀੜ੍ਹੀ ਤੇ ਵੀਡੀਓ ਗੇਮਾਂ ਦੀ ਦੁਨੀਆਂ

Posted On January - 2 - 2019

ਡਾ. ਮਨੀਸ਼ਾ ਬੱਤਰਾ
ਪਿਛਲੇ ਕੁਝ ਦਹਾਕਿਆਂ ’ਚ ਦੁਨੀਆਂ ਭਰ ਵਿਚ ਇੰਟਰਨੈੱਟ, ਕੰਪਿਊਟਰ, ਸਮਾਰਟਫੋਨ ਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਹਾਲਾਂਕਿ ਨਵੀਂ ਤਕਨਾਲੋਜੀ ਦੇ ਕੁਝ ਖੇਤਰਾਂ ਵਿਚਲੇ ਵਰਤੋਂਕਾਰਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋਏ ਹਨ, ਇਸ ਦੇ ਬਾਵਜੂਦ ਕੁਝ ਖ਼ਾਸ ਖੇਤਰਾਂ ਜਿਵੇਂ ਕਿ ਵੀਡੀਓ ਗੇਮਾਂ ਜ਼ਿਆਦਾ ਖੇਡਣ ਵਾਲੇ ਲੋਕਾਂ, ਖ਼ਾਸ ਤੌਰ ’ਤੇ ਬੱਚਿਆਂ ਅੰਦਰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ।
ਅੱਜ ਸਕੂਲਾਂ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀ ਵੀ ਵੀਡੀਓ ਖੇਡਾਂ/ਵੀਡੀਓ ਗੇਮਿੰਗ ਵਰਗੇ ਵਿਕਾਰ ਦੇ ਸ਼ਿਕਾਰ ਹੋ ਚੁੱਕੇ ਹਨ। ਜ਼ਿਆਦਾ ਸਮਾਂ ਇਹ ਵਿਦਿਆਰਥੀ ਵਰਚੂਅਲ ਗੇਮਾਂ ਖੇਡਦੇ ਰਹਿੰਦੇ ਹਨ, ਜਿਨ੍ਹਾਂ ’ਚੋਂ ਮੁੱਖ ਰੂਪ ਵਿਚ ਕੈਂਡੀ ਕ੍ਰਸ਼, ਐਂਗਰੀ-ਬਰਡ, ਪੈਕ-ਮੈਨ, ਜੀਟੀਏ (ਗ੍ਰੈਂਡ ਥੈੱਫ਼ਟ ਆਟੋ) ਤੇ ਕਾਰ ਰੇਸਿੰਗ (ਨੀਡ ਫ਼ਾਰ ਸਪੀਡ) ਬਹੁਤ ਜ਼ਿਆਦਾ ਮਕਬੂਲ ਹਨ। ਅਜੋਕੇ ਸਮੇਂ ‘ਪਬਜੀ’ ਬਹੁਤ ਹੀ ਚਰਚਿਤ ਕ੍ਰਾਸ ਪਲੈਟਫ਼ਾਰਮ ਵੀਡੀਓ ਗੇਮ ਹੈ, ਜਿਸ ਨੇ ਲਗਭਗ ਹੁਣ ਤੱਕ ਕ੍ਰਾਸ ਪਲੈਟਫ਼ਾਰਮ ਵਰਤਣ ਵਾਲੇ ਹਰ ਬੱਚੇ/ਨੌਜਵਾਨ ਪ੍ਰਭਾਵਿਤ ਕੀਤਾ ਹੈ। ਇਹ ਇਕ ਤਰ੍ਹਾਂ ਦੀ ਆਨਲਾਈਨ ਮਲਟੀਪਲੇਅਰ ਵੀਡੀਓ ਗੇਮ ਹੈ, ਜਿਸ ਨੂੰ ਖੇਡਣ ਵਿਚ ਖਿਡਾਰੀਆਂ ਦਾ ਮੁੱਖ ਮਕਸਦ ਆਨੰਦ ਮਾਣਨ ਦੇ ਨਾਲ-ਨਾਲ ਅਸਥਾਈ ਤੌਰ ’ਤੇ ਇਕ ਆਨਲਾਈਨ ਨਾਇਕ ਬਣਨਾ ਹੁੰਦਾ ਹੈ। ਇਸ ਤਰ੍ਹਾਂ ਦੀ ਗੇਮ ਨੂੰ ਖੇਡਣ ਲਈ ਇਹ ਬੱਚੇ ਦੂਜੇ ਆਨਲਾਈਨ ਖਿਡਾਰੀਆਂ ਨਾਲ ਆਪਣਾ ਤਕਨੀਕੀ ਰਿਸ਼ਤਾ ਬਣਾ ਕੇ ਖੇਡਦੇ ਹਨ। ਇਨ੍ਹਾਂ ਬੱਚਿਆਂ ਨੂੰ ਇਹ ਵਰਚੂਅਲ ਜੀਵਨ ਅਸਲ ਜ਼ਿੰਦਗੀ ਤੋਂ ਜ਼ਿਆਦਾ ਚੰਗਾ ਜਾਪਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਕਈ ਮਿਆਰੀ ਵੀਡੀਓ ਗੇਮਾਂ ਵੀ ਹਨ, ਜਿਨ੍ਹਾਂ ਨੂੰ ਇਕੱਲੇ ਖਿਡਾਰੀ ਦੁਆਰਾ ਖੇਡਣ ਲਈ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਖੇਡਾਂ ਖ਼ਾਸ ਮਿਸ਼ਨ ਜਾਂ ਸਪੱਸ਼ਟ ਟੀਚੇ ਨਾਲ ਪੂਰਾ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਖੇਡਾਂ ਵਿਚ ਨਸ਼ਾ ਉਸ ਮਿਸ਼ਨ ਨੂੰ ਪੂਰਾ ਕਰਨ, ਉੱਚ ਸਕੋਰ ਤੇ ਪ੍ਰੀ-ਸਟੈਂਡਰਡ ਨੂੰ ਹਰਾਉਣ ਨਾਲ ਜੁੜ ਜਾਂਦਾ ਹੈ।
ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਇਕ ਵੀਡੀਓ ਗੇਮ ਦਾ ਅਮਲ ਇਕ ਆਗਾਮੀ ਮੈਡੀਕਲ ਵਿਕਾਰ ਸਾਬਿਤ ਹੋ ਸਕਦਾ ਹੈ। ਇਹ ਵਿਕਾਰ ਜਾਂ ਬਿਮਾਰੀ ਮਨੁੱਖ ਨੂੰ ਹੋਣ ਵਾਲੇ ਕਿਸੇ ਵੀ ਦੂਜੇ ਵਿਕਾਰ ਤੋਂ ਵੱਧ ਖ਼ਤਰਨਾਕ ਹੁੰਦਾ ਹੈ। ਇਨ੍ਹਾਂ ਖੇਡਾਂ ਤੋਂ ਪ੍ਰਭਾਵਤ ਖਿਡਾਰੀ ਆਦਤਨ ਆਪਣੇ ਅਸਲ ਜੀਵਨ ਦੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਤੋਂ ਬਚਣ ਲਈ ਕਾਲਪਨਿਕ ਦੁਨੀਆਂ ਦਾ ਆਨੰਦ ਮਾਣਦੇ ਹਨ। ਇਕ ਰਿਪੋਰਟ ਵੀ ਇਹ ਦਰਸਾਉਂਦੀ ਹੈ ਕਿ ਆਨਲਾਈਨ ਵੀਡੀਓ ਗੇਮ ਖੇਡਣ ਵਾਲੇ ਲੋਕਾਂ ਵਿੱਚੋਂ 41% ਤੋਂ ਵੱਧ ਖਿਡਾਰੀ ਅਸਲੀਅਤ ਤੋਂ ਬਚਣਾ ਚਾਹੁੰਦੇ ਹਨ, ਇਸ ਲਈ ਉਹ ਗੇਮਿੰਗ ਸੰਸਾਰ ਨੂੰ ਹੀ ਅਪਣਾ ਲੈਂਦੇ ਹਨ। ਇਸ ਤੋਂ ਇਲਾਵਾ ਕਈ ਵੀਡੀਓ ਗੇਮਾਂ ਮੁਢਲੀਆਂ ਮਨੋਵਿਗਿਆਨਕ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ, ਜਿਨ੍ਹਾਂ ਵਿਚ ਖਿਡਾਰੀ ਅਕਸਰ ਇਨਾਮਾਂ, ਆਜ਼ਾਦੀ ਤੇ ਦੂਜੇ ਖਿਡਾਰੀਆਂ ਨਾਲ ਰਾਬਤਾ ਬਣਾਉਣ ਖ਼ਾਤਰ ਲਗਾਤਾਰ ਖੇਡਦੇ ਹਨ। ਇਸ ਤਰ੍ਹਾਂ ਗੇਮਿੰਗ ਦੀ ਇਹ ਆਦਤ ਬੱਚਿਆਂ ਨੂੰ ਸਰੀਰਕ ਗਤੀਵਿਧੀਆਂ, ਪੜ੍ਹਾਈ, ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਦੂਰ ਲੈ ਜਾਂਦੀ ਹੈ। ਜਿਹੜੇ ਬੱਚੇ ਹਰ ਰੋਜ਼ ਚਾਰ ਤੋਂ ਪੰਜ ਘੰਟੇ ਗੇਮ ਖੇਡਦੇ ਹਨ, ਉਨ੍ਹਾਂ ਕੋਲ ਆਪਣਾ ਸਮਾਜਿਕ ਜੀਵਨ ਬਿਤਾਉਣ, ਸਕੂਲ ਦਾ ਕੰਮ ਕਰਨ ਤੇ ਸਰੀਰਕ ਖੇਡਾਂ ਨੂੰ ਖੇਡਣ ਦਾ ਸਮਾਂ ਬਿਲਕੁਲ ਨਹੀਂ ਹੁੰਦਾ। ਇਸ ਕਾਰਨ ਇਨ੍ਹਾਂ ਬੱਚਿਆਂ ਨੂੰ ਸਰੀਰਕ, ਵਾਤਾਵਰਣਕ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਕੋ-ਮੌਰਬੀਡ ਵਿਕਾਰ (ਦਿਮਾਗੀ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ, ਚਿੰਤਾ ਆਦਿ) ਹੋ ਜਾਂਦੇ ਹਨ। ਇਸ ਕਾਰਨ ਇਹ ਬੱਚੇ ਕਈ ਤਰ੍ਹਾਂ ਦੇ ਮਨੋ-ਵਿਕਾਰਾਂ ਤੋਂ ਪੀੜਤ ਹੋ ਜਾਂਦੇ ਹਨ।
ਖੇਡਾਂ ਸਬੰਧੀ ਪਾਏ ਜਾਣ ਵਾਲੇ ਗੇਮਿੰਗ ਵਿਕਾਰ ਤੋਂ ਛੁਟਕਾਰੇ ਲਈ ਆਮ ਤੌਰ ’ਤੇ ਘੱਟ ਤੋਂ ਘੱਟ 12 ਮਹੀਨਿਆਂ ਤੱਕ ਨਿੱਜੀ, ਪਰਿਵਾਰਕ, ਸਮਾਜਿਕ, ਵਿਦਿਅਕ, ਪੇਸ਼ੇਵਰ ਖੇਤਰਾਂ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੀ ਗੰਭੀਰਤਾ ਨੂੰ ਸਪੱਸ਼ਟ ਰੂਪ ਵਿਚ ਪਛਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਹਤ ਸੰਭਾਲ ਪੇਸ਼ੇਵਰ, ਇਸ ਸ਼੍ਰੇਣੀ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰਦੇ ਹਨ, ਜੋ ਲੋਕ ਸਿਰਫ਼ ਕੁਝ ਸਮੇਂ ਲਈ ਇਲੈਕਟ੍ਰਾਨਿਕ ਯੰਤਰਾਂ ’ਤੇ ਖੇਡਾਂ ਖੇਡਦੇ ਹਨ। ਅਸਲ ਵਿਚ ਗੇਮਿੰਗ ਵਿਕਾਰ ਦੇ ਲੱਛਣ ਬਹੁਤ ਹੀ ਗੰਭੀਰ ਹੁੰਦੇ ਹਨ। ਇਸ ਦੀ ਗੰਭੀਰਤਾ ਨੂੰ ਸਮਝਦਿਆਂ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਹਾਲ ਹੀ ਵਿਚ ਹੀ ਕੌਮਾਂਤਰੀ ਵਰਗੀਕਰਨ (ਆਈ.ਸੀ.ਡੀ -11) ਦੀ 11ਵੀਂ ਸੋਧ ਵਿਚ ਖੇਡ ਸਬੰਧੀ ਵਿਕਾਰ (ਗੇਮਿੰਗ ਡਿਸਆਰਡਰ) ਨੂੰ ਆਪਣੇ ਵਿਕਾਰਾਂ ਸਬੰਧੀ ਸੂਚੀ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਅਜੋਕੇ ਸਮੇਂ ਇਸ ਆਈਸੀਡੀ ਨੂੰ ਸੰਸਾਰ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਤੇ ਖੋਜਕਰਤਾਵਾਂ ਵੱਲੋਂ ਖੋਜ ਦੇ ਰੂਪ ਵਿਚ ਵੀ ਵਰਤਿਆ ਜਾ ਰਿਹਾ ਹੈ। ਖੇਡਾਂ ਸਬੰਧੀ ਵਿਕਾਰ ਨੂੰ ਆਈਸੀਡੀ -11 ਵਿਚ ਸ਼ਾਮਲ ਕਰਨ ਦਾ ਮੁੱਖ ਉਦੇਸ਼ ਇਹ ਹੈ ਕਿ ਸਿਹਤ ਸੰਭਾਲ ਕਰਮਚਾਰੀ ਅਤੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਖੇਡਾਂ ਦੇ ਵਿਕਾਰ ਸਬੰਧੀ ਲੱਛਣਾਂ ਨੂੰ ਸਮਝ ਸਕਣ। ਭਾਰਤ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਗੇਮਿੰਗ ਡਿਸਆਰਡਰ ਵਿਰੁੱਧ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਆਪਣੇ ਬੱਚਿਆਂ/ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਮਨੋ-ਚਿਕਿਤਸਾ ਪ੍ਰਦਾਨ ਕਰੀਏ। ਉਨ੍ਹਾਂ ਦੇ ਸਵੈ-ਮਾਣ ਨੂੰ ਵਧਾਉਣ ਵਿਚ ਜਿੰਨੀ ਜ਼ਿਆਦਾ ਹੋ ਸਕੇ ਮਦਦ ਕਰੀਏ ਤੇ ਆਧੁਨਿਕ ਜੀਵਨ ਦੇ ਭੁਲੇਖੇ ਤੋਂ ਮੁਕਤ ਆਪਣੀਆਂ ਭਾਵਨਾਵਾਂ ਨਾਲ ਮਿਆਰੀ ਜੀਵਨ ਜਿਊਣ ਦਾ ਢੰਗ ਸਿਖਾਈਏ।
ਸੰਪਰਕ: drmanisha.batra@gmail.com


Comments Off on ਨਵੀਂ ਪੀੜ੍ਹੀ ਤੇ ਵੀਡੀਓ ਗੇਮਾਂ ਦੀ ਦੁਨੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.