ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦੁਬਿਧਾ: ਅਰਧ ਕੁੰਭ ਜਾਂ ਪੂਰਨ ਕੁੰਭ

Posted On January - 15 - 2019

ਰਾਜੇਸ਼ ਕੋਛੜ

ਲੇਖਕ ‘ਐਸਟਰੋਨੋਮੀ ਇਨ ਇੰਡੀਆ’ ਅਤੇ ‘ਵੈਦਿਕ ਪੀਪਲ’ ਵਰਗੀਆਂ ਕਿਤਾਬਾਂ ਦਾ ਲੇਖਕ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਗਣਿਤ ਦਾ ਆਨਰੇਰੀ ਪ੍ਰੋਫੈਸਰ ਹੈ।
ਮਕਰ ਸਕਰਾਂਤੀ (ਮਾਘੀ) ਭਾਵ 15 ਜਨਵਰੀ ਤੋਂ ਪ੍ਰਯਾਗ (ਅਲਾਹਾਬਾਦ) ਵਿਚ ਬੜੇ ਵੱਡੇ ਪੱਧਰ ’ਤੇ ਅਰਧ ਕੁੰਭ ਮਨਾਇਆ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਈ ਹੇਠ ਬੇਲੋੜੇ ਢੰਗ ਨਾਲ ਇਹ ਰਵਾਇਤੀ ਨਾਮ ਬਦਲ ਕੇ ਇਸ ਧਾਰਮਿਕ ਸਮਾਰੋਹ ਨੂੰ ਅਰਧ ਕੁੰਭ ਦੀ ਥਾਂ ਪੂਰਨ ਕੁੰਭ ਕਰਾਰ ਦੇ ਦਿੱਤਾ ਹੈ। ਬੜੀ ਅਜੀਬ ਗੱਲ ਹੈ ਕਿ ਇਕ ਪਾਸੇ ਜਿੱਥੇ ਪਰੰਪਰਾ ਦੇ ਨਾਂ ’ਤੇ ਬਤੇਹਾਸ਼ਾ ਵਕਤ, ਪੈਸਾ ਅਤੇ ਊਰਜਾ ਖ਼ਰਚ ਕੀਤੀ ਜਾ ਰਹੀ ਹੈ, ਉੱਥੇ ਰਵਾਇਤੀ ਸ਼ਬਦਾਵਲੀ ਨੂੰ ਰੋਲ਼ਿਆ ਜਾ ਰਿਹਾ ਹੈ।
ਕੁੰਭ ਮੇਲੇ ਨੂੰ ਦੁਨੀਆਂ ਭਰ ਵਿਚ ਸ਼ਰਧਾਲੂਆਂ ਦੀ ਹੋਣ ਵਾਲੀ ਸਭ ਤੋਂ ਵੱਡੀ ਪੁਰਅਮਨ ਇਕੱਤਰਤਾ ਤਸਲੀਮ ਕਰਦਿਆਂ, ਇਸ ਨੂੰ ਯੂਨੈੱਸਕੋ ਨੇ ਮਨੁੱਖਤਾ ਦੀ ਲਾਸਾਨੀ ਸੱਭਿਆਚਾਰਕ ਵਿਰਾਸਤ ਦੀ ਆਪਣੀ ਪ੍ਰਤੀਨਿਧ ਸੂਚੀ ਵਿਚ ਦਰਜ ਕੀਤਾ ਹੋਇਆ ਹੈ। ਕੁੰਭ ਮੇਲਾ ਦਰਿਆਵਾਂ ਦੇ ਕੰਢਿਆਂ ’ਤੇ ਚਾਰ ਥਾਈਂ: ਹਰਿਦੁਆਰ, ਉਜੈਨ, ਨਾਸਿਕ-ਤ੍ਰਿਯੰਬਕ ਅਤੇ ਪ੍ਰਯਾਗ ਵਿਚ ਮਨਾਇਆ ਜਾਂਦਾ ਹੈ। ਇਹ ਮੇਲਾ ਹਰੇਕ 12 ਵਰ੍ਹੇ ਬਾਅਦ ਪੂਰਨ ਕੁੰਭ ਵਜੋਂ ਮਨਾਇਆ ਜਾਂਦਾ ਹੈ, ਜਦੋਂਕਿ ਇਸ ਵਿਚਕਾਰ ਭਾਵ ਛੇ ਸਾਲ ਬਾਅਦ ਅਰਧ ਕੁੰਭ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਯਾਗ ਵਿਚ ਹਰ 12ਵੇਂ ਪੂਰਨ ਕੁੰਭ ਮੌਕੇ ਭਾਵ 144 ਸਾਲਾਂ ਬਾਅਦ ਮਹਾ ਕੁੰਭ ਮਨਾਇਆ ਜਾਂਦਾ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਨਾਸਿਕ ਵਿਚ ਤ੍ਰਿਯੰਬਕ ਵਿਖੇ 2015 ਵਿਚ ਤੇ ਉਜੈਨ ਵਿਚ 2016 ’ਚ ਕੁੰਭ ਮਨਾਇਆ ਗਿਆ ਅਤੇ ਉਸੇ ਸਾਲ ਹਰਿਦੁਆਰ ਵਿਚ ਅਰਧ ਕੁੰਭ ਸੀ। ਪ੍ਰਯਾਗ ਵਿਚ 2013 ’ਚ ਕੁੰਭ ਮਨਾਇਆ ਗਿਆ ਅਤੇ ਇਸ ਤਰ੍ਹਾਂ 2019 ਵਿਚ ਉੱਥੇ ਅਰਧ ਕੁੰਭ ਹੋਵੇਗਾ।
ਇਨ੍ਹਾਂ ਚਾਰ ਥਾਵਾਂ ’ਤੇ ਹੀ ਕੁੰਭ ਮਨਾਏ ਜਾਣ ਦਾ ਆਧਾਰ ਇਕ ਪੁਰਾਣਿਕ (ਪੁਰਾਣਾਂ ਵਿਚਲੀ) ਕਹਾਣੀ ‘ਸਮੁੰਦਰ ਮੰਥਨ’ ਹੈ। ਇਸ ਮੁਤਾਬਕ ਸਮੁੰਦਰ ਨੂੰ ਰਿੜਕਣ ਨਾਲ ਨਿਕਲੇ ਅੰਮ੍ਰਿਤ ਨੂੰ ‘ਅਸੁਰਾਂ’ ਦੇ ਹੱਥਾਂ ਵਿਚ ਜਾਣ ਤੋਂ ਬਚਾਉਣ ਲਈ ਦੇਵਤਿਆਂ ਵੱਲੋਂ ਇਸ ਦੇ ਕਲਸ਼ ਨੂੰ ਇਕ ਤੋਂ ਦੂਜੀ ਥਾਂ ਲਿਜਾਇਆ ਜਾ ਰਿਹਾ ਸੀ। ਥਾਵਾਂ ਦੀ ਇਸ ਅਦਲਾ-ਬਦਲੀ ਦੌਰਾਨ ਅੰਮ੍ਰਿਤ ਦੀਆਂ ਕੁਝ ਬੂੰਦਾਂ ਇਨ੍ਹਾਂ ਚਾਰ ਥਾਵਾਂ ਉੱਤੇ ਡਿੱਗ ਪਈਆਂ, ਜਿਸ ਦੇ ਸਿੱਟੇ ਵਜੋਂ ਇਹ ਕੁੰਭ ਮੇਲੇ ਦੇ ਸਥਾਨ ਬਣ ਗਏ। ਜਿੱਥੇ ਅਸਲ ਕਹਾਣੀ ਵਿਚ ਸਮੁੰਦਰ ਤੋਂ ਨਿਕਲੇ ਅੰਮ੍ਰਿਤ ਦੇ ਕਲਸ਼ ਦੀ ਗੱਲ ਦਰਜ ਹੈ, ਉੱਥੇ ਜਾਪਦਾ ਹੈ ਕਿ ਇਸ ਨੂੰ ਮੇਲੇ ਨਾਲ ਬਾਅਦ ਵਿਚ ਜੋੜਿਆ ਗਿਆ। ਜੋ ਵੀ ਹੋਵੇ, ਇਸ ਕਹਾਣੀ ਵਿਚ ਇਹ ਘਟਨਾਵਾਂ ਵਾਪਰਨ ਦਾ ਕੋਈ ਸਮਾਂ ਨਹੀਂ ਦੱਸਿਆ ਗਿਆ।
ਕੁੰਭ ਮੇਲੇ ਦਾ ਸਮਾਂ ਜੋਤਿਸ਼ ਗਣਨਾਵਾਂ ਦੇ ਆਧਾਰ ਉੱਤੇ ਮਿਥਿਆ ਜਾਂਦਾ ਹੈ। ਇਹ ਸਮਾਰੋਹ ਬ੍ਰਹਿਸਪਤੀ ਗ੍ਰਹਿ ਦੇ ਸਤਿਕਾਰ ਵਜੋਂ ਕਰਵਾਏ ਜਾਂਦੇ ਹਨ, ਜਿਹੜਾ ਆਪਣੇ ਗ੍ਰਹਿਪੰਧ ਦਾ ਇਕ ਗੇੜਾ ਕਰੀਬ 12 ਸਾਲਾਂ ਵਿਚ ਪੂਰਾ ਕਰਦਾ ਹੈ। ਇਹ ਮੇਲਾ ਕਰਾਏ ਜਾਣ ਲਈ ਜ਼ਰੂਰੀ ਹੈ ਕਿ ਉਸ ਸਮੇਂ ਬ੍ਰਹਿਸਪਤੀ ਇਕ ਖ਼ਾਸ ਰਾਸ਼ੀ ਵਿਚ ਹੋਵੇ। ਬ੍ਰਹਿਸਪਤੀ ਕਿਸੇ ਇਕ ਰਾਸ਼ੀ ਵਿਚ ਇਕ ਸਾਲ ਲਾਉਂਦਾ ਹੈ, ਪਰ ਸਮਾਰੋਹ ਇੰਨਾ ਲੰਬਾ ਸਮਾਂ ਨਹੀਂ ਚੱਲ ਸਕਦਾ। ਇਸ ਅਰਸੇ ਨੂੰ ਘਟਾਉਣ ਲਈ ਸੂਰਜ ਤੇ ਚੰਦ ਦੀ ਮਦਦ ਲਈ ਜਾਂਦੀ ਹੈ। ਬ੍ਰਹਿਸਪਤੀ ਦੇ ਗ੍ਰਹਿਪੰਧ ਦੀ ਨਿਸ਼ਾਨਦੇਹੀ ਕਰਨ ਵਾਲੀ ਰਾਸ਼ੀਆਂ ਦੀ ਸੂਚੀ ਵਿਚ ਪਹਿਲੇ ਸਥਾਨ ’ਤੇ ਮੇਖ ਰਾਸ਼ੀ ਆਉਂਦੀ ਹੈ। ਕੁਝ ਕਾਰਨਾਂ ਕਰ ਕੇ ਬ੍ਰਹਿਸਪਤੀ ਦੇ ਮਾਮਲੇ ਵਿਚ ਸਭ ਤੋਂ ਅਹਿਮ ਰਾਸ਼ੀ ਹੈ ਕੁੰਭ। ਕੁੰਭ ਨੂੰ ਪਾਣੀ ਲਿਜਾਣ ਵਾਲੇ ਵਿਅਕਤੀ ਦੇ ਨਿਸ਼ਾਨ ਨਾਲ ਦਰਸਾਇਆ ਜਾਂਦਾ ਹੈ।

ਰਾਜੇਸ਼ ਕੋਛੜ

ਸ਼ਬਦ ਕੁੰਭ ਦਾ ਇਸਤੇਮਾਲ ਦੋ ਵੱਖੋ-ਵੱਖ ਅਰਥਾਂ ਵਿਚ ਕੀਤਾ ਜਾਂਦਾ ਹੈ: ਸਿੱਧੇ ਤੌਰ ’ਤੇ ਰਾਸ਼ੀ ਦੇ ਪ੍ਰਗਟਾਵੇ ਵਜੋਂ ਅਤੇ ਨਾਲ ਹੀ ਇਸ ਧਾਰਮਿਕ ਇਕੱਤਰਤਾ ਭਾਵ ਕੁੰਭ ਮੇਲੇ ਲਈ। ਜੇ ਦ੍ਰਿੜਤਾ ਨਾਲ ਨਿਯਮਾਂ ਤਹਿਤ ਦੇਖਿਆ ਜਾਵੇ ਤਾਂ ਬਿਲਕੁਲ ਸਹੀ ਕੁੰਭ ਇਕ ਹੀ ਹੁੰਦਾ ਹੈ, ਹਰਿਦੁਆਰ ਵਾਲਾ। ਉਸ ਸਮੇਂ ਬ੍ਰਹਿਸਪਤੀ ਗ੍ਰਹਿ ਸਹੀ ਤੌਰ ’ਤੇ ਕੁੰਭ ਰਾਸ਼ੀ ਵਿਚ ਹੁੰਦਾ ਹੈ ਅਤੇ ਸੂਰਜ ਮੇਖ ਵਿਚ।
ਨਾਸਿਕ ਤੇ ਉਜੈਨ ਵਾਲੇ ਮੇਲੇ ਅਸਲ ਵਿਚ ਕੁੰਭ ਨਹੀਂ ਸਗੋਂ ਸਿੰਘਸਥ ਮੇਲੇ ਹੁੰਦੇ ਹਨ, ਕਿਉਂਕਿ ਇਨ੍ਹਾਂ ਦੋਵਾਂ ਦੇ ਮੌਕੇ ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਸਿੰਘ ਰਾਸ਼ੀ ਵਿਚ ਹੁੰਦੀ ਹੈ। ਇਹੋ ਕਾਰਨ ਹੈ ਕਿ ਇਹ ਦੋਵੇਂ ਕੁੰਭ ਜਾਂ ਸਿੰਘਸਥ ਮੇਲੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਹੁੰਦੇ ਹਨ। ਸਿੰਘ ਰਾਸ਼ੀ ਦੀ ਇਸ ਕਾਰਨ ਅਹਿਮੀਅਤ ਹੈ ਕਿ ਇਹ ਬ੍ਰਹਿਸਪਤੀ ਦੇ ਗ੍ਰਹਿਪੰਧ ਵਿਚ ਕੁੰਭ ਤੋਂ ਦੁਬਾਰਾ ਕੁੰਭ ਰਾਸ਼ੀ ਦੇ ਅੱਧ-ਵਿਚਕਾਰ ਪੈਂਦੀ ਹੈ। ਉਜੈਨ ਵਾਲਾ ਮੇਲਾ ਉਦੋਂ ਹੁੰਦਾ ਹੈ, ਜਦੋਂ ਸੂਰਜ ਮੇਖ ਰਾਸ਼ੀ ਵਿਚ ਤੇ ਬ੍ਰਹਿਸਪਤੀ ਸਿੰਘ ਰਾਸ਼ੀ ਵਿਚ ਹੁੰਦਾ ਹੈ ਅਤੇ ਨਾਸਿਕ ਵਾਸਤੇ ਬ੍ਰਹਿਸਪਤੀ ਦੇ ਨਾਲ ਹੀ ਸੂਰਜ ਦੇ ਵੀ ਸਿੰਘ ਰਾਸ਼ੀ ਵਿਚ ਪੁੱਜਣ ਦੀ ਉਡੀਕ ਕੀਤੀ ਜਾਂਦੀ ਹੈ।
ਪ੍ਰਯਾਗ ਕੁੰਭ 2019 ਦੀ ਅਧਿਕਾਰਤ ਵੈੱਬਸਾਈਟ ਵਿਚ ਬਿਨਾਂ ਕਿਸੇ ਸਰੋਤ ਦੇ ਹਵਾਲੇ ਨਾਲ ਆਖਿਆ ਗਿਆ ਹੈ ਕਿ ‘ਇਸ ਸਥਾਨ ਉੱਤੇ ਬ੍ਰਹਮਾ ਨੇ ਕਾਇਨਾਤ ਦੀ ਸਿਰਜਣਾ ਲਈ ਯੱਗ ਕੀਤਾ ਸੀ’। ਪ੍ਰਯਾਗ ਦਾ ਕੁੰਭ ਮੇਲਾ ਭਾਵੇਂ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਪ੍ਰਸਿੱਧੀ ਵਾਲਾ ਹੈ, ਤਾਂ ਵੀ ਸੰਭਵ ਤੌਰ ’ਤੇ ਇਹ ਸਭ ਤੋਂ ਨਵਾਂ (ਸਭ ਤੋਂ ਬਾਅਦ ਹੋਣਾ ਸ਼ੁਰੂ ਹੋਇਆ) ਹੈ। ਜਿੱਥੇ ਬਾਕੀ ਤਿੰਨ ਕੁੰਭ ਮੇਲੇ ਬ੍ਰਹਿਸਪਤੀ ਦੀ ਆਸਮਾਨ ਵਿਚਲੀ ਸਥਿਤੀ (ਕੁੰਭ ਜਾਂ ਸਿੰਘ ਰਾਸ਼ੀਆਂ ਵਿਚ ਹੋਣ) ਦੇ ਆਧਾਰ ’ਤੇ ਮਨਾਏ ਜਾਂਦੇ ਹਨ, ਉੱਥੇ ਪ੍ਰਯਾਗ ਵਾਲੇ ਕੁੰਭ ਨੂੰ ਇਹ ਨਾਂ ਉੱਥੇ ਹੋਣ ਵਾਲੀ ਸ਼ਰਧਾਲੂਆਂ ਦੀ ਭਾਰੀ ਇਕੱਤਰਤਾ ਦੇ ਆਧਾਰ ’ਤੇ ਦਿੱਤਾ ਗਿਆ ਹੈ। ਮਾਘ ਦੀ ਸੰਗਰਾਂਦ ਮੌਕੇ ਮਾਘੀ ਮੇਲਾ ਭਰਨ ਦੀ ਰਵਾਇਤ ਬਹੁਤ ਪੁਰਾਣੀ ਜਾਪਦੀ ਹੈ। ਇਸ ਦੌਰਾਨ ਕਿਸੇ ਦੌਰ ਵਿਚ ਇਸ ਮੇਲੇ ਨੂੰ ਹਰ 12 ਸਾਲਾਂ ਬਾਅਦ ਵੱਡੇ ਪੱਧਰ ’ਤੇ ਮਨਾਉਣ ਦੀ ਰੀਤ ਚੱਲ ਪਈ, ਉਦੋਂ ਜਦੋਂ ਬ੍ਰਹਿਸਪਤੀ ਦੀ ਆਸਮਾਨੀ ਸਥਿਤੀ ਮੇਖ ਰਾਸ਼ੀ ਜਾਂ ਇਸ ਤੋਂ ਬਾਅਦ ਆਉਣ ਵਾਲੀ ਬ੍ਰਿਖ ਰਾਸ਼ੀ ਵਿਚ ਹੋਵੇ।
ਪ੍ਰਯਾਗ 2019 ਕੁੰਭ ਸਮਾਰੋਹ ਦਾ ਲੋਗੋ ਜਾਰੀ ਕਰਦਿਆਂ, ਯੋਗੀ ਅਦਿੱਤਿਆਨਾਥ ਨੇ ਮਜ਼ਾਕੀਆ ਢੰਗ ਨਾਲ ਦਾਅਵਾ ਕੀਤਾ ਕਿ ਹਿੰਦੂਤਵ ਵਿਚ ਕੋਈ ਵੀ ਚੀਜ਼ ਅਧੂਰੀ ਜਾਂ ਅਪੂਰਨ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਸ ਕਾਰਨ ਅਰਧ ਕੁੰਭ ਨੂੰ ਪੂਰਨ ਕੁੰਭ ਦਾ ਰੁਤਬਾ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਕੁੰਭ ਨੂੰ ਮਹਾਂ ਕੁੰਭ ਆਖਿਆ ਜਾਵੇਗਾ। ਇਹ ਦਲੀਲ ਉਸ ਸੂਰਤ ਵਿਚ ਵਜ਼ਨਦਾਰ ਹੋ ਸਕਦੀ ਸੀ, ਜੇ ਅਰਧ ਕੁੰਭ ਦਾ ਇਹ ਨਾਂ ਗ਼ੈਰ ਹਿੰਦੂਆਂ ਨੇ ਰੱਖਿਆ ਹੁੰਦਾ!
ਇਹ ਗਣਿਤੀ ਸੱਚਾਈ ਹੈ ਕਿ 12 ਦਾ ਅੱਧ 6 ਹੁੰਦਾ ਹੈ ਤੇ ਇਸ ਵਿਚ ਕੁਝ ਵੀ ਅਧੂਰਾਪਣ ਜਾਂ ਅਨਿਸ਼ਚਿਤ ਨਹੀਂ ਹੈ। ਯੂਪੀ ਦੇ ਇਸ ਸਰਕਾਰੀ ਫ਼ਤਵੇ ਨੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਯੋਗੀ ਅਦਿੱਤਿਆਨਾਥ ਵੱਲੋਂ ਦਿੱਤੀ ਗਈ ਇਸ ਵਿਵਸਥਾ ਨਾਲ ਹੁਣ 144 ਸਾਲਾਂ ਬਾਅਦ ਹੋਣ ਵਾਲੇ ਸਮਾਰੋਹ ਦੀ ਨਿਵੇਕਲੀ ਪਛਾਣ ਲਈ ਕੋਈ ਵੱਖਰਾ ਸ਼ਬਦ ਨਹੀਂ ਬਚਿਆ। ਦੂਜਾ, ਯੋਗੀ ਦੇ ਇਨ੍ਹਾਂ ਹੁਕਮਾਂ ਨੂੰ ਕਿਉਂਕਿ ਪਿਛਲੇ ਸਮੇਂ (ਅਤੀਤ) ਤੋਂ ਲਾਗੂ ਨਹੀਂ ਕੀਤਾ ਜਾ ਸਕਦਾ, ਇਸ ਕਾਰਨ ਜਦੋਂ ਪ੍ਰਯਾਗ ਵਿਖੇ ਹੋਏ ਪਹਿਲੇ ਕੁੰਭ ਮੇਲਿਆਂ ਅਤੇ ਮੌਜੂਦਾ ਇਕੱਤਰਤਾ ਦਾ ਜ਼ਿਕਰ ਕਰਨਾ ਹੋਵੇਗਾ ਤਾਂ ਕਾਫ਼ੀ ਭੰਬਲਭੂਸਾ ਪੈਦਾ ਹੋਵੇਗਾ। ਜਿਵੇਂ, ਇਕ ਕੁੰਭ ਮੇਲਾ 2001 ਵਿਚ ਹੋਇਆ ਤੇ ਦੂਜਾ ਇਸ ਤੋਂ 12 ਸਾਲ ਬਾਅਦ 2013 ਵਿਚ, ਪਰ ਹੁਣ ਤੀਜਾ ਮਹਿਜ਼ ਛੇ ਸਾਲਾਂ ਬਾਅਦ 2019 ਵਿਚ ਹੋ ਰਿਹਾ ਹੈ। ਤੀਜਾ, ਇਹ ਵੀ ਅਹਿਮ ਹੈ ਕਿ ਯੂਪੀ ਦੇ ਮੁੱਖ ਮੰਤਰੀ ਦੇ ਹੁਕਮ ਯੂਪੀ ਵਿਚ ਹੀ ਚੱਲਦੇ ਹਨ, ਇਸ ਕਰ ਕੇ ਪ੍ਰਯਾਗ ਵਾਲੇ ਮੇਲੇ ਦਾ ਵੱਖਰਾ ਨਾਮ ਹੋਣ ਕਾਰਨ ਇਸ ਦੀ ਹੋਰ ਤਿੰਨ ਥਾਵਾਂ ’ਤੇ ਹੋਣ ਵਾਲੇ ਕੁੰਭ ਮੇਲਿਆਂ ਨਾਲ ਇਕਸਾਰਤਾ ਵੀ ਕਾਇਮ ਨਹੀਂ ਰਹਿ ਸਕੇਗੀ।
ਸਿਧਾਂਤਕ ਤੌਰ ’ਤੇ ਕਿਸੇ ਸਰਕਾਰ ਨੂੰ ਰਵਾਇਤ, ਸੱਭਿਆਚਾਰ ਅਤੇ ਧਰਮ ਨਾਲ ਜੁੜੇ ਮਾਮਲਿਆਂ ’ਤੇ ਇਕਪਾਸੜ ਢੰਗ ਨਾਲ ਫ਼ੈਸਲੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੈਲੰਡਰ ਨਾਲ ਸਬੰਧਤ ਯਕੀਨਨ ਕਾਫ਼ੀ ਮਾਮਲੇ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਧਿਆਨ ਦੇਣ ਦੀ ਜ਼ਰੂਰਤ ਹੈ। ਰਵਾਇਤੀ ਜੋਤਿਸ਼ ਸ਼ਾਸਤਰੀਆਂ ਵਿਚਕਾਰ ਮਤਭੇਦਾਂ ਕਾਰਨ ਪ੍ਰਯਾਗ ਦਾ ਕੁੰਭ ਸਾਲ 1965 ਤੇ 1966 ਵਿਚ ਲਗਾਤਾਰ ਦੋ ਵਾਰ ਮਨਾਇਆ ਗਿਆ ਸੀ। ਯੂਪੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਹੋਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਰਵਾਇਤੀ ਜੋਤਿਸ਼ ਸ਼ਾਸਤਰੀਆਂ, ਸੰਸਕ੍ਰਿਤ ਵਿਦਵਾਨਾਂ ਅਤੇ ਆਧੁਨਿਕ ਪੁਲਾੜ ਮਾਹਿਰਾਂ ਦੀ ਮੀਟਿੰਗ ਸੱਦੇ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇ ਕਿ ਕੁੰਭ ਦੇ ਸਮੇਂ ਨੂੰ ਲੈ ਕੇ ਸਰਬਸੰਮਤੀ ਵਾਲੀ ਸਥਿਤੀ ਬਣੀ ਰਹੇ।
ਸਮੁੱਚੇ ਭਾਰਤ ਵਿਚ ਮਕਰ ਸਕਰਾਂਤੀ ਰਵਾਇਤਨ ਸੂਰਜ ਦੀ ਉੱਤਰਾਇਣ (ਭਾਵ ਸੂਰਜ ਦੇ ਉੱਤਰ ਦਿਸ਼ਾ ਵੱਲ ਘੁੰਮਣ) ਦੀ ਸਥਿਤੀ ਦੌਰਾਨ ਮਨਾਈ ਜਾਂਦੀ ਹੈ, ਹਾਲਾਂਕਿ ਹਕੀਕਤ ਵਿਚ ਇਹ ਕਰੀਬ 21 ਦਸੰਬਰ ਨੂੰ ਹੋ ਚੁੱਕੀ ਹੁੰਦੀ ਹੈ। ਬਿਕਰਮੀ ਸੰਮਤ ਵਿਚ ਗ਼ਲਤੀ ਕਾਰਨ ਮਕਰ ਸਕਰਾਂਤੀ ਲਗਾਤਾਰ ਅਗਲੀਆਂ ਤੋਂ ਅਗਲੀਆਂ ਤਰੀਕਾਂ ਵੱਲ ਵਧਦੀ ਜਾਂਦੀ ਹੈ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਰਵਾਇਤੀ ਕੈਲੰਡਰ-ਜੰਤਰੀਆਂ ਵਿਚ ਸੁਧਾਰ ਕੀਤਾ ਜਾਵੇ ਤਾਂ ਕਿ ‘ਅੰਦਾਜ਼ੇ’ ਆਧਾਰਿਤ ਆਸਮਾਨ ਨੂੰ ਸਮਝੇ ਗਏ ਆਸਮਾਨ ਦੀ ਲੈਅ ਵਿਚ ਲਿਆਂਦਾ ਜਾ ਸਕੇ।

ਈਮੇਲ: rkochhar2000@gmail.com


Comments Off on ਦੁਬਿਧਾ: ਅਰਧ ਕੁੰਭ ਜਾਂ ਪੂਰਨ ਕੁੰਭ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.