ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਜਵਾਨੀ ਵੇਲੇ

Posted On January - 2 - 2019

ਅਰਤਿੰਦਰ ਸੰਧੂ

ਜਵਾਨੀ ਦੇ ਦਿਨ ਜੋਸ਼, ਸ਼ਕਤੀ ਤੇ ਸੁਪਨਿਆਂ ਦੀ ਤ੍ਰਿਵੈਣੀ ਦੇ ਦਿਨ ਹੁੰਦੇ ਹਨ। ਜਵਾਨੀ ਉਮਰੇ ਇਨਸਾਨ ਕੋਲ ਸੁਪਨੇ ਥੋਕ ਦੇ ਹਿਸਾਬ ਨਾਲ ਹੁੰਦੇ ਹਨ ਤੇ ਮਨ ਅੰਦਰ ਕਲਪਨਾ ਸ਼ਕਤੀ ਦੇ ਇੱਧਰ-ਉੱਧਰ ਰੁਮਕਦੇ ਬੱਦਲਾਂ ਵਿਚੋਂ ਤੇਜ਼ ਬਾਰਸ਼ ਵਾਂਗ ਫੁੱਟਦੇ ਰਹਿੰਦੇ ਹਨ। ਜਵਾਨੀ ਵੇਲੇ ਮਨਾਂ ਦੇ ਪਾਣੀਆਂ ਵਿਚ ਉੱਤਰੇ ਅਕਸ ਕਦੇ ਵੀ ਨਹੀਂ ਮਿੱਟਦੇ ਤੇ ਨਾ ਭੁੱਲਦੀਆਂ ਹਨ ਉਸ ਉਮਰ ਦੀਆਂ ਦੋਸਤੀਆਂ।
ਮੈਂ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਬੀ.ਐੱਸਸੀ ਕਰ ਰਹੀ ਸਾਂ। ਉਦੋਂ ਸਾਇੰਸ ਗਰੁੱਪ ਦੀ ਸਾਡੀ ਕਲਾਸ ਵਿਚ ਲੜਕੀਆਂ ਸਿਰਫ਼ ਬਾਰਾਂ ਤੇ ਲੜਕੇ ਤੀਹ-ਬੱਤੀ ਦੇ ਕਰੀਬ ਸਨ। ਉਦੋਂ ਅਫ਼ਰੀਕਾ ਤੋਂ ਪੜ੍ਹਨ ਆਏ ਕੁਝ ਲੜਕੇ ਵੀ ਕਲਾਸਾਂ ਵਿਚ ਹੁੰਦੇ ਸਨ। ਉਹ ਲੜਕੇ ਪੱਗ ਬੰਨ੍ਹਣ ਦੇ ਅੰਦਾਜ਼ ਤੋਂ ਪਛਾਣੇ ਜਾਂਦੇ ਸਨ। ਪ੍ਰੋਫੈਸਰ ਸਚਮੁੱਚ ਹੀ ਸਾਡੇ ਸਰਪ੍ਰਸਤਾਂ ਵਾਂਗ ਸਨ। ਖ਼ਾਸ ਕਰ ਕੇ ਬੌਟਨੀ ਵਿਭਾਗ ਦੇ ਪ੍ਰੋਫੈਸਰਾਂ ਤੇ ਸਾਡੀ ਕਲਾਸ ਦੇ ਲੜਕੇ-ਲੜਕੀਆਂ ਦੇ ਸਬੰਧ ਤਾਂ ਪਰਿਵਾਰ ਵਾਂਗ ਸਨ। ਉਨ੍ਹੀਂ ਦਿਨੀਂ ਲੜਕੇ ਤੇ ਲੜਕੀਆਂ ਦੀ ਆਪਸ ਵਿਚ ਗੱਲਬਾਤ ਘੱਟ ਹੀ ਹੁੰਦੀ ਸੀ। ਸਾਡੀ ਕਲਾਸ ਵਿਚ ਸਕੇ ਭੈਣ-ਭਰਾ ਪੜ੍ਹਦੇ ਸਨ। ਉਨ੍ਹ੍ਹਾਂ ਰਾਹੀਂ ਹੀ ਸਾਨੂੰ ਲੜਕਿਆਂ ਦੀਆਂ ਗੱਲਾਂ-ਬਾਤਾਂ ਤੇ ਉਨ੍ਹਾਂ ਦੇ ਆਪਸ ਵਿਚ ਰੱਖੇ ਨਾਵਾਂ ਦਾ ਪਤਾ ਲੱਗਦਾ ਸੀ। ਇਸੇ ਤਰ੍ਹਾਂ, ਉਨ੍ਹਾਂ ਨੂੰ ਵੀ ਸਾਡੇ ਪ੍ਰੋਗਰਾਮਾਂ ਦਾ ਪਤਾ ਲੱਗ ਜਾਂਦਾ ਤੇ ਉਹ ਇਹ ਗੱਲਾਂ ਪ੍ਰੋਫੈਸਰਾਂ ਤੱਕ ਵੀ ਪਹੁੰਚਾ ਦਿੰਦੇ ਸਨ। ਇਕ ਵਾਰ ਅਸੀਂ ਸਾਰੀਆਂ ਕੁੜੀਆਂ ਨੇ ਇੰਗਲਿਸ਼ ਫਿਲਮ ‘ਯੰਗ ਵਨਜ਼’ ਦੇਖਣ ਦਾ ਪ੍ਰੋਗਰਾਮ ਬਣਾਇਆ। ਪ੍ਰੈਕਟੀਕਲ ਦੇ ਤਿੰਨ ਪੀਰੀਅਡ ਲਾਉਣ ਪਿੱਛੋਂ ਸਾਰੀਆਂ ਲੜਕੀਆਂ ਖਿਸਕ ਗਈਆਂ। ਜਦੋਂ ਸਿਨਮੇ ਵਿਚ ਪੁੱਜੀਆਂ ਤਾਂ ਪਤਾ ਲੱਗਾ ਕਿ ਉਹ ਫਿਲਮ ਤਾਂ ਉੱਤਰ ਚੁੱਕੀ ਹੈ। ਫਿਰ ਸਾਰੀਆਂ ਵਾਪਸ ਦੌੜੀਆਂ ਤੇ ਅੱਧੇ ਕੁ ਰਹਿੰਦੇ ਪੀਰੀਅਡ ਵਿਚ ਪਹੁੰਚ ਗਈਆਂ। ਲੜਕੇ ਫਟਾਫਟ ਬੋਲੇ ….ਯੰਗ ਵਨਜ਼ ਆ ਗਏ ਵਾਪਸ। ਇਸੇ ਤਰ੍ਹਾਂ ਇਕ ਵਾਰ ਅਸੀਂ ਇਕੱਠੀਆਂ ਨੇ ਪਾਰਟੀ ਦਾ ਪ੍ਰੋਗਰਾਮ ਬਣਾਇਆ। ਕਾਲਜ ਦੇ ਸਾਹਮਣੇ ਉਦੋਂ ਸ਼ੰਭੂ ਨਾਥ ਦਾ ਮਸ਼ਹੂਰ ਕਾਰਖਾਨਾ ਸੀ। ਸ਼ਾਇਦ ਸਲਫਿਊਰਿਕ ਐਸਿਡ ਤਿਆਰ ਹੁੰਦਾ ਸੀ। ਹੁਣ ਤਾਂ ਉਹ ਸਾਰਾ ਸੰਘਣੀ ਆਬਾਦੀ ਵਾਲਾ ਇਲਾਕਾ ਬਣ ਚੁੱਕਾ ਹੈ। ਸੁਣਿਆ ਸੀ ਕਿ ਉਸ ਫੈਕਟਰੀ ਦੀ ਕੰਟੀਨ ਵਿਚ ਗੁਲਾਬ ਜਾਮਨ, ਸਮੋਸਾ ਤੇ ਚਾਹ ਦਾ ਕੱਪ, ਸਭ ਕੁਝ ਦਸ ਪੈਸੇ ਪ੍ਰਤੀ ਪੀਸ ਮਿਲਦਾ ਹੈ। ਕਾਲਜ ਦੀ ਕੰਟੀਨ ਵਿਚ ਇਹ ਸਭ ਕੁਝ ਮਹਿੰਗਾ ਸੀ ਤੇ ਅਕਸਰ ਉੱਥੇ ਕੁਝ ਲੜਕੇ ਵੀ ਬੈਠੇ ਰਹਿੰਦੇ ਸਨ, ਇਸ ਕਰ ਕੇ ਅਸੀਂ ਘੱਟ ਹੀ ਉੱਥੇ ਜਾਂਦੀਆਂ ਸੀ। ਅਸੀਂ ਇਕ ਪੀਰੀਅਡ ’ਚੋਂ ਖਿਸਕਣ ਦੀ ਸਲਾਹ ਬਣਾ ਕੇ ਬਾਰਾਂ ਦੀਆਂ ਬਾਰਾਂ ਜਣੀਆਂ ਪੁੱਛ-ਪੁਛਾ ਕੇ ਸ਼ੰਭੂ ਨਾਥ ਦੀ ਕੰਟੀਨ ਪਹੁੰਚ ਗਈਆਂ। ਘੱਟ ਪੈਸਿਆਂ ਵਿਚ ਮਿਲਦਾ ਸਾਰਾ ਸਾਮਾਨ ਸਚਮੁੱਚ ਵਧੀਆ ਸੀ। ਖਾ ਪੀ ਕੇ ਜਦੋਂ ਕਲਾਸ ਵਿਚ ਪੁੱਜੀਆਂ ਤਾਂ ਸਾਡੀ ਪਾਰਟੀ ਦੀ ਖ਼ਬਰ ਪ੍ਰੋਫੈਸਰਾਂ ਨੂੰ ਮਿਲ ਚੁੱਕੀ ਸੀ। ਉਂਜ ਵੀ ਜਦੋਂ ਕਲਾਸ ਵਿਚ ਕੋਈ ਕੁੜੀ ਨਾ ਦਿਸੀ ਤਾਂ ਪੁੱਛ-ਗਿੱਛ ਹੋਣੀ ਹੀ ਸੀ। ਸਾਰੀਆਂ ਦੀ ਗ਼ੈਰਹਾਜ਼ਰੀ ਲੱਗ ਗਈ ਤੇ ਡਾਂਟ ਵੀ ਖ਼ੂਬ ਪਈ।
ਉਸ ਮਗਰੋਂ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਿਦਿਅਕ ਟੂਰ ’ਤੇ ਲਿਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਪ੍ਰੋਫੈਸਰਾਂ ਵੱਲੋਂ ਸਾਰੀ ਕਲਾਸ ਨੂੰ ਖ਼ਾਸ ਹਦਾਇਤ ਦਿੱਤੀ ਗਈ ਕਿ ਉੱਥੋਂ ਪੌਦਿਆਂ ਨੂੰ ਆਪਣੇ ਆਪਣੇ ਰਿਕਾਰਡ ਵਾਸਤੇ ਸੰਭਾਲ ਕੇ ਲਿਆਉਣ ਵਾਸਤੇ ਹਰ ਇਕ ਨੇ ਆਪਣੇ ਨਾਲ ਕਾਫ਼ੀ ਸਾਰੀਆਂ ਅਖ਼ਬਾਰਾਂ ਲੈ ਕੇ ਜਾਣੀਆਂ ਹਨ। ਇਹ ਸਾਡਾ ਪਹਿਲਾ ਟੁੂਰ ਸੀ। ਸਵੇਰੇ ਰੇਲਗੱਡੀ ਰਾਹੀਂ ਪਠਾਨਕੋਟ ਪੁੱਜੇ ਤੇ ਫਿਰ ਬੱਸ ਰਾਹੀਂ ਉੱਥੋਂ ਅੱਗੇ ਨੀਮ ਪਹਾੜੀ ਇਲਾਕੇ ਨੂਰਪੁਰ ਪੁੱਜੇ। ਉੱਥੇ ਪੌਦਿਆਂ ਦੀਆਂ ਦੁਰਲੱਭ ਕਿਸਮਾਂ ਮਿਲ ਜਾਂਦੀਆਂ ਸਨ, ਕਿਉਂਕਿ ਉਹ ਅਜੇ ਮਨੁੱਖਾਂ ਦੀ ਬਹੁਤੀ ਆਵਾਜਾਈ ਤੋਂ ਬਚਿਆ ਹੋਇਆ ਸੀ। ਉਂਜ, ਭਾਵੇਂ ਜਮਾਤ ਦੇ ਮੁੰਡਿਆਂ-ਕੁੜੀਆਂ ਵਿਚਕਾਰ ਘੱਟ ਹੀ ਬੋਲਚਾਲ ਹੁੰਦੀ ਸੀ, ਪਰ ਨੂਰਪੁਰ ਜਾ ਕੇ ਕੁਝ ਖਾਣ-ਪੀਣ ਵਾਸਤੇ ਜਦੋਂ ਸਾਰੇ ਗੋਲ ਦਾਇਰੇ ਵਿਚ ਬੈਠੇ ਤਾਂ ਚੁਟਕਲੇ, ਗੀਤਾਂ ਤੇ ਗੱਲਾਂ-ਬਾਤਾਂ ਨਾਲ ਸਾਰਿਆਂ ਦਾ ਝਾਕਾ ਕਾਫ਼ੀ ਹੱਦ ਤੱਕ ਦੂਰ ਹੋ ਗਿਆ ਸੀ।
ਹੁਣ ਤਾਂ ਰਸਦਾਰ ਮਿੱਠੇ ਪੂੜੇ ਸਾਉਣ ਦੇ ਦਿਨੀਂ ਹਰ ਥਾਂ ਮਿਲਦੇ ਹਨ, ਪਰ ਉਦੋਂ ਇਹ ਪਹਿਲੀ ਵਾਰ ਨੂਰਪੁਰ ਹੀ ਖਾਧੇ। ਫਿਰ ਵਾਰੀ ਆਈ ਪੌਦਿਆਂ/ਪੱਤਿਆਂ ਨੂੰ ਲੱਭ ਲੱਭ ਕੇ ਇਕੱਠੇ ਕਰਨ ਦੀ। ਹੁਣ ਪਤਾ ਲੱਗਾ ਕਿ ਮੇਰੇ ਤੇ ਮੇਰੀ ਸਹੇਲੀ ਰਣਜੀਤ ਤੋਂ ਬਿਨਾਂ ਕੋਈ ਵੀ ਲੜਕੀ ਆਪਣੇ ਨਾਲ ਅਖ਼ਬਾਰਾਂ ਲੈ ਕੇ ਹੀ ਨਹੀਂ ਆਈ ਸੀ, ਪਰ ਸਿਲੇਬਸ ਵਿਚਲੇ ਪੜ੍ਹੇ ਹੋਏ ਬੂਟਿਆਂ ਦੇ ਨਮੂਨੇ ਤਾਂ ਲੱਭਣੇ ਹੀ ਸਨ, ਆਖ਼ਰ ਅਸੀਂ ਹੀ ਕੁਝ ਅਖ਼ਬਾਰਾਂ ਬਾਕੀਆਂ ਨੂੰ ਦਿੱਤੀਆਂ। ਇਕ ਮੈਡਮ ਸਾਨੂੰ ਇਕ ਪਾਸੇ ਛੋਟੀਆਂ ਛੋਟੀਆਂ ਝਾੜੀਆਂ ਵੱਲ ਲੈ ਤੁਰੇ। ਝਾੜੀਆਂ ਬਹੁਤੀਆਂ ਸੰਘਣੀਆਂ ਨਹੀਂ ਸਨ। ਉਨ੍ਹਾਂ ਨੇ ਇਕ ਨਿੱਕੀ ਤੇ ਨੀਵੀਂ ਜਿਹੀ ਝਾੜੀ ਦੀਆਂ ਟਾਹਣੀਆਂ ਹੱਥ ਨਾਲ ਪਿੱਛੇ ਕੀਤੀਆਂ ਤੇ ਕਿਹਾ “ਆਹ ਵੇਖੋ …ਔਰਕਿਡ’’, ਉਦੋਂ ਤੱਕ ਔਰਕਿਡਜ਼ ਬਾਰੇ ਸਿਰਫ ਪੜ੍ਹਿਆ ਸੀ, ਪਰ ਜਦੋਂ ਦੇਖਿਆ ਤਾਂ ਕਮਾਲ ਹੋ ਗਈ! ਕਰੀਮ ਜਿਹੇ ਰੰਗ ਦਾ ਨਿੱਕਾ ਜਿਹਾ ਸ਼ਰਮਾਕਲ ਫੁੱਲ ਆਪਣੀ ਮਾਸੂਮੀਅਤ ਸਮੇਟੀ ਬਿਨਾਂ ਪੱਤੀਆਂ ਵਾਲੀਆਂ ਕੁਝ ਸਲੇਟੀ ਤੇ ਭੂਸਲੇ ਜਿਹੇ ਰੰਗਾਂ ਵਾਲੀਆਂ ਟਾਹਣੀਆਂ ਵਿਚੋਂ ਮੁਸਕਰਾ ਰਿਹਾ ਸੀ। ਉਹ ਨਿਰੋਲ ਜਾਦੂ ਸੀ! ਉਸ ਤੋਂ ਬਾਅਦ ਸੈਂਕੜੇ ਔਰਕਿਡ ਦੇ ਫੁੱਲ ਦੇਖੇ। ਮਨੁੱਖ ਦੇ ਉਗਾਏ, ਅਨੇਕ ਰੰਗਾਂ ਵਾਲੇ, ਸ਼ਕਲਾਂ ਵਾਲੇ। ਉਸ ਔਰਕਿਡ ਦੇ ਮੁਕਾਬਲੇ ਦਾ ਕੋਈ ਫੁੱਲ ਨਹੀਂ ਦੇਖਿਆ, ਉਹ ਹਮੇਸ਼ਾਂ ਵਾਸਤੇ ਆਪਣੀ ਮਾਸੂਮੀਅਤ ਲਈ ਮਨ ਵਿਚ ਬੈਠਿਆ ਹੋਇਆ ਹੈ, ਬੱਸ! ਉਵੇਂ ਹੀ ਜਿਵੇਂ ਉਸ ਵੇਲੇ ਦੀ ਮੇਰੀ ਸਹੇਲੀ ਰਣਜੀਤ ਤੇ ਮੈਂ, ਅਜੇ ਤੱਕ ਗੂੜ੍ਹੀਆਂ ਸਖੀਆਂ ਹਾਂ, ਨਾਨੀਆਂ-ਦਾਦੀਆਂ ਬਣ ਕੇ ਵੀ।
ਫਿਰ ਜਦੋਂ ਵਾਪਸ ਮੁੜਨ ਵਾਸਤੇ ਰੇਲਗੱਡੀ ਵਿਚ ਬੈਠੇ (ਉਦੋਂ ਲੱਕੜ ਦੀਆਂ ਲੰਮੀਆਂ ਸੀਟਾਂ ਹੁੰਦੀਆਂ ਸਨ) ਤਾਂ ਕੁਝ ਓਪਰੇ ਲੜਕੇ ਵੀ ਡੱਬੇ ਵਿਚ ਆ ਗਏ। ਸਾਡੀ ਕਲਾਸ ਦੇ ਲੜਕੇ ਉਸ ਵੇਲੇ ਬੜੇ ਜ਼ਿੰਮੇਵਾਰ ਤੇ ਰੱਖਿਅਕ ਬਣ ਗਏ। ਉਨ੍ਹਾਂ ਨੂੰ ਨਾਲ ਆਈਆਂ ਕੁੜੀਆਂ ਦਾ ਫਿਕਰ ਸੀ। ਕੁਝ ਲੜਕੇ ਬੂਹੇ ਵਿਚ ਖੜ੍ਹ ਗਏ ਤੇ ਬਾਹਰਲਿਆਂ ਨੂੰ ਰੋਕਣ ਲੱਗੇ। ਇਕ ਮੋਟਾ ਜਿਹਾ ਲੜਕਾ ਨਰਿੰਦਰਪਾਲ ਬੜੇ ਹਸਮੁੱਖ ਸੁਭਾਅ ਦਾ ਸੀ। ਉਹ ਬਾਹਰਲੇ ਲੜਕਿਆਂ ਨੂੰ ਕਹਿਣ ਲੱਗਾ ਕਿ ਇਹ ਤਾਂ ਲੇਡੀਜ਼ ਕੰਪਾਰਟਮੈਂਟ ਹੈ। ਬਾਹਰਲੇ ਮੁੰਡੇ ਵੀ ਬੋਲਣ ਲੱਗ ਪਏ ਕਿ ਫਿਰ ਤੁਸੀਂ ਇੱਥੇ ਕਿਉਂ ਬੈਠੇ ਹੋ। ਨਰਿੰਦਰਪਾਲ ਫਟਾਫਟ ਕਹਿਣ ਲੱਗਾ, ‘‘ਅਸੀਂ ਤੇ ਸੀ ਆਫ ਕਰਨ ਆਏ ਹਾਂ, ਇਨ੍ਹਾਂ ਕੁੜੀਆਂ ਨੂੰ” ਉਨ੍ਹਾਂ ਵੇਖਿਆ ਕਿ ਬਾਰਾਂ ਕੁੜੀਆਂ ਹਨ ਤੇ ਬੱਤੀ ਲੜਕੇ, ਉਨ੍ਹਾਂ ਨੂੰ ਛੱਡਣ ਆਏ ? ਖ਼ੈਰ, ਕੁਝ ਦੇਰ ਖੜ੍ਹ ਕੇ ਉਹ ਚੁੱਪ ਕਰ ਕੇ ਚਲੇ ਗਏ। ਸੋਚਦੀ ਹਾਂ ਅੱਜ ਦਾ ਸਮਾਂ ਹੁੰਦਾ ਤਾਂ ਸਾਡੀ ਜਮਾਤ ਦੇ ਅਤੇ ਬਾਹਰਲੇ ਮੁੰਡਿਆਂ ਦੀ ਲੜਾਈ ਹੀ ਹੋ ਜਾਂਦੀ।
ਸੰਪਰਕ: 98153-02081


Comments Off on ਜਵਾਨੀ ਵੇਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.