ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਕਰਤਾਰਪੁਰ ਲਾਂਘਾ

Posted On January - 23 - 2019

ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਤੱਕ ਕਰਤਾਰਪੁਰ ਲਾਂਘਾ ਖੁੱਲ੍ਹ ਜਾਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਭਾਰਤ ਸਰਕਾਰ ਨੇ ਲਗਭਗ ਸਾਢੇ ਚਾਰ ਕਿਲੋਮੀਟਰ ਲੰਮੇ ਲਾਂਘੇ ਲਈ ਜ਼ਮੀਨ ਗ੍ਰਹਿਣ ਕਰਨ ਦਾ ਨੋਟੀਫਿਕੇਸ਼ਨ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਚਾਰ ਪਿੰਡਾਂ ਦੀ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਤੋਂ 21 ਦਿਨਾਂ ਅੰਦਰ ਇਤਰਾਜ਼ ਮੰਗਣ ਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕੀਤੀ ਜਾਣੀ ਹੈ। ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਪਹਿਲਾਂ ਹੀ ਕੰਮ ਚੱਲਣ ਦੀਆਂ ਤਸਵੀਰਾਂ ਅਖਬਾਰਾਂ ਵਿਚ ਨਸ਼ਰ ਹੋਈਆਂ ਹਨ। ਪਾਕਿਸਤਾਨ ਨੇ ਭਾਰਤ ਨਾਲ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦਾ ਖਰੜਾ ਵੀ ਸਾਂਝਾ ਕੀਤਾ ਹੈ। ਖਰੜੇ ਵਿਚ ਸ਼ਰਧਾਲੂਆਂ ਨੂੰ ਪਾਕਿਸਤਾਨ ਵਾਲੇ ਪਾਸੇ ਨਰੋਵਾਲ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀਆਂ ਤਜਵੀਜ਼ਾਂ ਸੁਝਾਈਆਂ ਗਈਆਂ ਹਨ। 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਗਲੇ ਸਾਲ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਕੰਮ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ। 26 ਨਵੰਬਰ ਨੂੰ ਭਾਰਤ ਵਾਲੇ ਪਾਸੇ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਨੀਂਹ ਪੱਥਰ ਰੱਖਿਆ ਸੀ।
ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਬਾਰੇ ਬੇਸ਼ੱਕ ਸਰਧਾਲੂਆਂ ਖ਼ਾਸ ਤੌਰ ਉੱਤੇ ਸਿੱਖਾਂ ਦੀ ਲੰਮੇ ਸਮੇਂ ਦੀ ਮੁਰਾਦ ਪੂਰੀ ਹੋਣ ਕਰਕੇ ਆਮ ਸਹਿਮਤੀ ਹੈ ਪਰ ਇਸ ਉੱਤੇ ਵੀ ਸਿਆਸਤ ਦਾ ਅਸਰ ਦਿਖਾਈ ਦਿੰਦਾ ਰਿਹਾ ਹੈ। ਇਸ ਦਾ ਸਿਹਰਾ ਲੈਣ ਦੀ ਦੌੜ ਅਜੇ ਵੀ ਜਾਰੀ ਹੈ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ਦਾਰੀ ਸਮਾਰੋਹ ਵਿਚ ਗਏ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਾਕਿਸਤਾਨੀ ਸਰਕਾਰ ਦੀ ਤਜਵੀਜ਼ ਦੀ ਜਾਣਕਾਰੀ ਨਾਲੋਂ ਗੁਆਂਢੀ ਦੇਸ਼ ਦੇ ਫ਼ੌਜ ਮੁਖੀ ਨਾਲ ਪਾਈ ਜੱਫੀ ਜ਼ਿਆਦਾ ਚਰਚਾ ਵਿਚ ਰਹੀ ਅਤੇ ਇਸ ਨੂੰ ਨਾਂ-ਪੱਖੀ ਰੂਪ ਵਿਚ ਪ੍ਰਚਾਰਿਆ ਗਿਆ। ਇਸ ਪ੍ਰਚਾਰ ਵਿਚ ਅਕਾਲੀ ਆਗੂ ਮੋਹਰੀਆਂ ਵਿਚ ਸਨ। ਕੈਪਟਨ ਅਮਰਿੰਦਰ ਸਿੰਘ ਨੇ ਲਾਂਘਾ ਖੋਲ੍ਹਣ ਨੂੰ ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਅਕਾਲੀ-ਭਾਜਪਾ ਹੁਣ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੈ ਸਾਂਪਲਾ ਨੇ ਲਾਂਘਾ ਖੋਲ੍ਹਣ ਲਈ ਵੀਜ਼ਾ ਲੈਣ ਦੀ ਸ਼ਰਤ ਲਗਾਉਣ ਦੀ ਮੰਗ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਧਾਲੂਆਂ ਨੂੰ ਬਿਨਾਂ ਪਾਸਪੋਰਟ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਲਈ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ।
ਇਸ ਗੱਲ ਵਿਚ ਸਚਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਹੁਤ ਸਾਰੇ ਮੁੱਦੇ ਟਕਰਾਅ ਵਾਲੇ ਹਨ। ਇਸੇ ਕਰਕੇ ਬਹੁਤ ਵਾਰ ਸ਼ੁਰੂ ਹੋਈ ਗੱਲਬਾਤ ਮੁੜ ਟੁੱਟ ਜਾਂਦੀ ਹੈ। ਇਸ ਤੱਥ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਟਕਰਾਅ ਦਾ ਰਾਹ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਭਵਿੱਖ ਲਈ ਨੁਕਸਾਨਦਾਇਕ ਹੈ। ਦੋਵਾਂ ਦੇਸ਼ਾਂ ਦਰਮਿਆਨ ਅੜਿੱਕੇ ਜਾਰੀ ਰਹਿਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸਬੰਧਿਤ ਸੰਪਰਕ ਚੰਗਾ ਸੰਕੇਤ ਹੈ। ਕਰਤਾਰਪੁਰ ਲਾਂਘੇ ਰਾਹੀਂ ਵਧੇ ਲੋਕਾਂ ਦੇ ਆਦਾਨ ਪ੍ਰਦਾਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਾਂਝ ਬਣਨ ਦੇ ਆਸਾਰ ਜ਼ਿਆਦਾ ਬਣਨਗੇ। ਆਗੂਆਂ ਦੇ ਟਕਰਾਵੇਂ ਬਿਆਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਲੋਕ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਜ਼ੋਰਦਾਰ ਸਮਰਥਨ ਕਰਦੇ ਆ ਰਹੇ ਹਨ। ਲਾਂਘਾ ਖੁੱਲ੍ਹਣ ਅਤੇ ਲੋਕਾਂ ਦੇ ਆਉਣ-ਜਾਣ ਦੇ ਤੌਰ ਤਰੀਕੇ ਬਾਰੇ ਭਾਵੇਂ ਦੋਵਾਂ ਸਰਕਾਰਾਂ ਦਰਮਿਆਨ ਬਾਰੀਕੀਆਂ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ ਪਰ ਆਮ ਸ਼ਰਧਾਲੂਆਂ ਦੀ ਖ਼ਾਹਿਸ਼ ਅਤੇ ਲੋੜ ਨੂੰ ਧਿਆਨ ਵਿਚ ਰੱਖਦਿਆਂ ਬਿਨਾਂ ਵੀਜ਼ਾ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਨਾਲ ਸਾਧਾਰਨ ਸ਼ਖ਼ਸ ਵੀ ਜਾ ਸਕੇਗਾ ਅਤੇ ਦੋਵਾਂ ਪਾਸਿਆਂ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ।


Comments Off on ਕਰਤਾਰਪੁਰ ਲਾਂਘਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.