ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

‘ਅਣਖ਼’ ਖਾਤਰ ਕਤਲ

Posted On January - 26 - 2019

ਲਗਭੱਗ ਸਾਢੇ 18 ਸਾਲ ਪਹਿਲਾਂ ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦਾ ਪੰਜਾਬ ਵਿਚ ਕਤਲ ਹੋ ਗਿਆ। ਦੱਸਿਆ ਜਾਂਦਾ ਹੈ ਕਿ ਜੱਸੀ 1996 ਵਿਚ ਪੰਜਾਬ ਆਈ ਅਤੇ ਇਸੇ ਦੌਰਾਨ ਜਗਰਾਉਂ ਵਿਚ ਉਸਦੀ ਕਾਉਂਕੇ ਖੋਸਾ ਪਿੰਡ ਦੇ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਮੁਲਾਕਾਤ ਹੋਈ ਅਤੇ ਦੋਵਾਂ ਵਿਚ ਪਿਆਰ ਹੋ ਗਿਆ। 1999 ਵਿਚ ਜੱਸੀ ਦੁਬਾਰਾ ਪੰਜਾਬ ਆਈ ਅਤੇ ਉਸ ਨੇ ਸੁਖਵਿੰਦਰ ਨਾਲ ਵਿਆਹ ਕਰਵਾ ਲਿਆ। ਜੂਨ 2000 ਵਿਚ ਪਿੰਡ ਨਾਰੀਕੇ ਦੇ ਨੇੜੇ ਉਨ੍ਹਾਂ ’ਤੇ ਹਮਲਾ ਹੋਇਆ ਜਿਸ ਵਿਚ ਸੁਖਵਿੰਦਰ ਨੂੰ ਕੁੱਟਮਾਰ ਮਗਰੋਂ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਬਾਅਦ ਵਿਚ ਜੱਸੀ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਰਦਾਤ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਉਸ ਦੇ ਮਾਮੇ ਸੁਰਜੀਤ ਸਿੰਘ ਨੇ ਭਾੜੇ ਦੇ ਗੁੰਡਿਆਂ ਤੋਂ ਕਰਵਾਈ ਸੀ। ਮੁਕੱਦਮੇ ਦੌਰਾਨ ਅਦਾਲਤ ਨੇ ਜੱਸੀ ਦੀ ਮਾਂ ਤੇ ਮਾਮੇ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ।
ਧੀਆਂ-ਪੁੱਤਰਾਂ ਵੱਲੋਂ ਮਾਪਿਆਂ ਦੀ ਸਹਿਮਤੀ ਤੋਂ ਬਗ਼ੈਰ ਵਿਆਹ ਕਰਾਉਣ ਬਾਰੇ ਪੰਜਾਬੀ ਸਮਾਜ ਦੁਬਿਧਾ ਵਿਚ ਲਟਕਿਆ ਹੋਇਆ ਹੈ। ਇਤਿਹਾਸਕਾਰ ਭਗਵਾਨ ਜੋਸ਼ ਅਨੁਸਾਰ ‘‘ਜਾਤ, ਧਰਮ ਤੇ ਸਟੇਟਸ ਦੇ ਪਾੜੇ ਲੰਘ ਕੇ ਸਿਰਫ਼ ਇਨਸਾਨ ਦਾ ਇਨਸਾਨ ਨੂੰ ਚੰਗੇ ਲੱਗਣ ਕਾਰਨ ਹੋਇਆ ਵਿਆਹ ਜਗੀਰਦਾਰੀ ਸਮਾਜ ਵਿਚ, ਜਿਸ ਦਾ ਦਾਰੋਮਦਾਰ ਇੱਜ਼ਤ ਤੇ ਸਟੇਟਸ ਉੱਪਰ ਟਿਕਿਆ ਹੁੰਦਾ ਹੈ, ਲਈ ਬਹੁਤ ਖ਼ਤਰਨਾਕ ਵਿਚਾਰਧਾਰਾ ਹੈ।’’ ਇਨ੍ਹਾਂ ਵਿਆਹਾਂ ਤੋਂ ਪੈਦਾ ਹੋਈਆਂ ਸਮੱਸਿਆਵਾਂ ਤੇ ਝਮੇਲੇ ਕਈ ਵਾਰ ਏਨਾ ਵਧ ਜਾਂਦੇ ਹਨ ਕਿ ਮਾਪੇ ਧੀਆਂ ਨੂੰ ਕਤਲ ਕਰਨ/ਕਰਾਉਣ ਦੀ ਹੱਦ ਤਕ ਚਲੇ ਜਾਂਦੇ ਹਨ।
ਆਖ਼ਰ ਇਹ ਅਣਖ ਜਾਂ ਇੱਜ਼ਤ ਦਾ ਸਵਾਲ ਏਨਾ ਵੱਡਾ ਕਿਉਂ ਹੈ? ਇਨਸਾਨੀ ਪੱਧਰ ’ਤੇ ਅਣਖ ਨਿੱਜੀ ਗੌਰਵ ਦਾ ਪ੍ਰਤੀਕ ਵੀ ਹੈ। ਸੰਵੇਦਨਸ਼ੀਲ ਬੰਦਾ ਜਦੋਂ ਆਪਣੇ ਜਾਂ ਸਮਾਜ ਵਿਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਜਾਂ ਹਥਿਆਰ ਉਠਾਉਂਦਾ ਹੈ ਤਾਂ ਇਹ ਬੜੇ ਸਨਮਾਨ ਵਾਲੀ ਗੱਲ ਹੁੰਦੀ ਹੈ, ਅਜਿਹੇ ਬੰਦੇ ਨੂੰ ਅਣਖੀ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਮਾਨ-ਸਨਮਾਨ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦ ਬੰਦਾ ਸਮੂਹਿਕ ਹਿੱਤਾਂ ਤੇ ਹੱਕਾਂ ਦੀ ਰਖਵਾਲੀ ਲਈ ਪੈਂਤੜਾ ਲੈਂਦਾ ਹੈ ਪਰ ਅਣਖ ਤੇ ਇੱਜ਼ਤ ਦੇ ਸੰਕਲਪ ਜਦ ਖ਼ਾਨਦਾਨ ਤੇ ਜਾਤ-ਪਾਤ ਤੋਂ ਉਪਜੀ ਹਉਮੈ ਨਾਲ ਰਲ-ਗੱਡ ਹੁੰਦੇ ਹਨ ਤਾਂ ਇਨ੍ਹਾਂ ਦੇ ਅਰਥ ਵੀ ਬਦਲਦੇ ਹਨ ਖਮੀਰ ਵੀ। ਇਹ ਰਲੇਵਾਂ ਮਨੁੱਖੀ ਮਨ ਅੰਦਰ ਕਈ ਨਾ ਹੱਲ ਹੋਣ ਵਾਲੀਆਂ ਪੇਚੀਦਗੀਆਂ ਪੈਦਾ ਕਰਦਾ ਹੈ ਤੇ ਇਨ੍ਹਾਂ ਕਾਰਨ ਬੰਦਾ ਕਈ ਅਮਨੁੱਖੀ ਕਾਰੇ ਕਰਦਾ ਹੈ, ਜਿਵੇਂ ਧੀਆਂ-ਭੈਣਾਂ ਦਾ ਕਤਲ। ਜਾਤ-ਪਾਤ, ਧਰਮ, ਖ਼ਾਨਦਾਨ ਤੇ ਸਟੇਟਸ ਨਾਲ ਜੁੜੇ ਵਿਚਾਰ ਸਾਡੀ ਜਗੀਰਦਾਰੀ ਰਹਿਤਲ ਦੀ ਰਹਿੰਦ-ਖੂੰਹਦ ਹਨ ਪਰ ਇਹ ਅਜੇ ਵੀ ਸਾਡੇ ਮਨਾਂ ’ਤੇ ਭਾਰੂ ਹਨ। ਸਰਮਾਏਦਾਰੀ ਆਉਣ ਨਾਲ ਜਗੀਰਦਾਰੀ ਸਮਾਜ ’ਚੋਂ ਉਪਜੀਆਂ ਕੀਮਤਾਂ ਟੁੱਟਦੀਆਂ-ਭੱਜਦੀਆਂ ਤਾਂ ਹਨ ਪਰ ਇਸ ਲਈ ਬਹੁਤ ਸਮਾਂ ਲੱਗਦਾ ਹੈ। ਉਸ ਤਰ੍ਹਾਂ ਤਾਂ ਪੰਜਾਬੀ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੇ ਬਹੁਤ ਮਤਵਾਲੇ ਹਨ ਜਿੱਥੇ ਸ਼ਖ਼ਸੀ ਆਜ਼ਾਦੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਉਹ ਆਜ਼ਾਦੀ ਦੇਣ ਲਈ ਤਿਆਰ ਨਹੀਂ ਜੋ ਉਨ੍ਹਾਂ ਦੇਸ਼ਾਂ ਦੇ ਸਮਾਜਾਂ ਵਿਚ ਪ੍ਰਾਪਤ ਹੈ। ਇਸ ਤਰ੍ਹਾਂ ਬਾਹਰੀ ਤੌਰ ’ਤੇ ਤਾਂ ਪੰਜਾਬੀ ਸਮਾਜ ਆਧੁਨਿਕਤਾ ਦੀਆਂ ਸਾਰੀਆਂ ਹੱਦਾਂ ਟੱਪਦਾ ਵਿਖਾਈ ਦਿੰਦਾ ਹੈ ਪਰ ਅੰਦਰੂਨੀ ਆਧੁਨਿਕਤਾ ਤੋਂ ਮੂੰਹ ਮੋੜੀਂ ਬੈਠਾ ਹੈ। ਇਹ ਦੁਚਿੱਤੀ ਵਾਲੀ ਸਥਿਤੀ ਹੈ। ਧੀਆਂ ਨੂੰ ਕਤਲ ਕੀਤੇ ਜਾਣ ਜਿਹੇ ਦੁਖਾਂਤ ਦੁਬਿਧਾ ਤੇ ਦੁਚਿੱਤੀ ’ਚੋਂ ਹੀ ਉਪਜਦੇ ਹਨ। ਪੰਜਾਬੀ ਸਮਾਜ ਨੂੰ ਇਸ ਦੁਚਿੱਤੀ ਵਿਚੋਂ ਨਿਕਲਣ ਲਈ ਵੱਡਾ ਸੰਘਰਸ਼ ਕਰਨਾ ਪੈਣਾ ਹੈ ਤੇ ਅਜਿਹਾ ਸੰਘਰਸ਼ ਹੀ ਸਾਡੇ ਸਮਾਜ ਨੂੰ ਪਿਛਾਂਹ-ਖਿਚੂ ਕਦਰਾਂ-ਕੀਮਤਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ।


Comments Off on ‘ਅਣਖ਼’ ਖਾਤਰ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.