ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਅਜੋਕੇ ਸਮੇਂ ਵਿਚ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ

Posted On January - 10 - 2019

ਤੇਜ ਕੌਰ
ਅੱਜ-ਕੱਲ੍ਹ ਇਲੈਕਟ੍ਰਾਨਿਕ ਮੀਡੀਆ ਦਾ ਯੁੱਗ ਹੋਣ ਕਾਰਨ ਬਹੁਤੇ ਲੋਕ ਇੰਟਰਨੈੱਟ ਤੋਂ ਜਾਣੂ ਹੀ ਹਨ। ਇੰਟਰਨੈੱਟ, ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇੰਟਰਨੈੱਟ ਦੀ ਵਰਤੋਂ ਕਾਰਨ ਅਜੋਕੇ ਸਮੇਂ ਵਿਚ ਈ-ਪੁਸਤਕਾਂ (ਈ-ਬੁਕਸ) ਦਾ ਰੁਝਾਨ ਵਧ ਗਿਆ ਹੈ। ਈ-ਪੁਸਤਕਾਂ ਤੋਂ ਭਾਵ ਇੰਟਰਨੈੱਟ ’ਤੇ ਉਪਲੱਬਧ ਇਲੈਕਟ੍ਰਾਨਿਕ ਪੁਸਤਕਾਂ ਤੋਂ ਹੈ, ਜਿਨ੍ਹਾਂ ਨੂੰ ਕੰਪਿਊਟਰ, ਲੈਪਟੌਪ ਤੇ ਸਮਾਰਟ-ਫੋਨ ਆਦਿ ਉੱਪਰ ਪੜ੍ਹਿਆ ਜਾ ਸਕਦਾ ਹੈ। ਜੇਕਰ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ ਬਾਰੇ ਚਰਚਾ ਕਰੀਏ ਤਾਂ ਕਈ ਸਵਾਲ ਪੈਦਾ ਹੁੰਦੇ ਹਨ ਕਿ ਇਕ ਆਮ ਪਾਠਕ ਵਰਗ ਨੂੰ ਪੰਜਾਬੀ ਦੀਆਂ ਈ-ਪੁਸਤਕਾਂ ਸਬੰਧੀ ਕਿੰਨੀ ਕੁ ਜਾਣਕਾਰੀ ਹੈ? ਅਜੋਕੇ ਸਮੇਂ ਵਿਚ ਪੰਜਾਬੀ ਪਾਠਕ ਵਰਗ ਈ-ਪੁਸਤਕਾਂ ਦੀ ਕਿੰਨੀ ਕੁ ਵਰਤੋਂ ਕਰ ਰਿਹਾ ਹੈ? ਪੰਜਾਬੀ ਪਾਠਕ ਵਰਗ ਵੱਲੋਂ ‘ਈ-ਪੁਸਤਕਾਂ’ ਨੂੰ ‘ਰਵਾਇਤੀ ਪ੍ਰਕਾਸ਼ਿਤ ਪੁਸਤਕਾਂ’ ਦੇ ਮੁਕਾਬਲੇ ਕਿੰਨਾ ਕੁ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਇਹ ਸਵਾਲ ਵੀ ਵਿਚਾਰਨਯੋਗ ਹੈ ਕਿ ਇੰਟਰਨੈੱਟ ’ਤੇ ਕਿਸ ਮਿਆਰ ਦੀਆਂ ਪੰਜਾਬੀ ਪੁਸਤਕਾਂ ਉਪਲੱਬਧ ਹਨ ?
ਅੱਜ ਦੇ ਤਕਨਾਲੋਜੀ ਦੇ ਸਮੇਂ ਵਿਚ ਬੇਸ਼ੱਕ ਪੰਜਾਬੀ ਪੁਸਤਕਾਂ ਇੰਟਰਨੈੱਟ ’ਤੇ ਉਪਲੱਬਧ ਹਨ, ਪਰ ਆਮ ਪਾਠਕ ਵਰਗ ਇਨ੍ਹਾਂ ਈ-ਪੁਸਤਕਾਂ ਤੱਕ ਆਪਣੀ ਪਹੁੰਚ ਨਹੀਂ ਬਣਾ ਰਿਹਾ। ਉੱਚ-ਅਦਾਰਿਆਂ ਵਿਚ ਪੜ੍ਹ ਰਹੇ ਵਿਦਿਆਰਥੀ ਵਰਗ ਵਿਚ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀਆਂ ਈ-ਪੁਸਤਕਾਂ ਪੜ੍ਹਨ ਦਾ ਰੁਝਾਨ ਆਮ ਵੇਖਿਆ ਜਾ ਸਕਦਾ ਹੈ, ਪਰ ਪੰਜਾਬੀ ਪੁਸਤਕਾਂ ਸਬੰਧੀ ਇਹੋ-ਜਿਹਾ ਰੁਝਾਨ ਘੱਟ ਵੇਖਣ ਨੂੰ ਮਿਲਦਾ ਹੈ। ਇਸ ਦਾ ਇਕ ਕਾਰਨ ਤਾਂ ਪੰਜਾਬੀ ਈ-ਪੁਸਤਕਾਂ ਦਾ ਇੰਟਰਨੈੱਟ ’ਤੇ ਘੱਟ ਗਿਣਤੀ ਵਿਚ ਉਪਲੱਬਧ ਹੋਣਾ ਹੈ। ਦੂਜਾ ਕਾਰਨ, ਵਿਦਿਆਰਥੀ ਵਰਗ ਤੋਂ ਲੈ ਕੇ ਆਮ ਪਾਠਕ ਵਰਗ ’ਚ ਪੰਜਾਬੀ ਈ-ਪੁਸਤਕਾਂ ਸਬੰਧੀ ਜਾਗਰੂਕਤਾ ਨਾ ਹੋਣਾ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਪੁਸਤਕਾਂ ਨੂੰ ਇੰਟਰਨੈੱਟ ’ਤੇ ਮੁਹੱਈਆ ਕਰਵਾਉਣ ਦਾ ਰੁਝਾਨ ਸਾਹਮਣੇ ਆਇਆ ਹੈ। ਇੰਟਰਨੈੱਟ ’ਤੇ ਕੁਝ ਵੈੱਬਸਾਈਟਾਂ ਹਨ, ਜਿਨ੍ਹਾਂ ਤੋਂ ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਅਤੇ ਰਸਾਲਿਆਂ ਨੂੰ ਮੁਫ਼ਤ ਵਿਚ ਜਾਂ ਕੁਝ ਰਕਮ ਅਦਾ ਕਰ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਕੁਝ ਵੈੱਬਸਾਈਟਾਂ ਦੇ ਨਾਮ ਹਨ-www.punjabilibrary.com, www.panjabdigilib.org, www.goodreads.com, www.apnaorg.com, www.pseb.ac.in, www.sikhbookclub.com, www.archive.org, www.bsrstrust.org, www.vidhia.com, www.sgpc.net, ਆਦਿ। ਇਨ੍ਹਾਂ ਵੈੱਬਸਾਈਟਾਂ ਤੋਂ ਪੰਜਾਬੀ ਪੁਸਤਕਾਂ ਨੂੰ ਸਿੱਧਾ ਵੀ ਪੜ੍ਹਿਆ ਜਾ ਸਕਦਾ ਹੈ ਅਤੇ ਕੁਝ ਪੁਸਤਕਾਂ ਨੂੰ ਡਾਊਨਲੋਡ ਕਰ ਕੇ ਸਾਂਭਿਆ ਵੀ ਜਾ ਸਕਦਾ ਹੈ। ਜੇਕਰ ਇੰਟਰਨੈੱਟ ਉਪਰ ਉਪਲੱਬਧ ਪੰਜਾਬੀ ਈ-ਪੁਸਤਕਾਂ ਬਾਰੇ ਗੱਲ ਕੀਤੀ ਜਾਵੇ ਤਾਂ ਇੰਟਰਨੈੱਟ ’ਤੇ ਜ਼ਿਆਦਾਤਰ ਆਧੁਨਿਕ ਪੰਜਾਬੀ ਸਾਹਿਤ, ਗੁਰਬਾਣੀ ਸਾਹਿਤ, ਸੂਫ਼ੀ-ਕਾਵਿ, ਸਿੱਖ-ਸਾਹਿਤ, ਪਰਵਾਸੀ ਸਾਹਿਤ ਨਾਲ ਸਬੰਧਤ ਪੁਸਤਕਾਂ ਮਿਲਦੀਆਂ ਹਨ। ਸਮਕਾਲੀ ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਇੰਟਰਨੈੱਟ ’ਤੇ ਬਹੁਤ ਘੱਟ ਮਾਤਰਾ ਵਿਚ ਉਪਲੱਬਧ ਹੁੰਦੀਆਂ ਹਨ। ਇੰਟਰਨੈੱਟ ’ਤੇ ‘ਪੰਜਾਬੀ ਸਾਹਿਤ’ ਨਾਲ ਸਬੰਧਤ ਪੁਸਤਕਾਂ ਤਾਂ ਮਿਲ ਜਾਂਦੀਆਂ ਹਨ, ਪਰ ‘ਪੰਜਾਬੀ ਸਾਹਿਤ ਅਧਿਐਨ’ ਭਾਵ ਸਾਹਿਤ-ਆਲੋਚਨਾ ਨਾਲ ਸਬੰਧਤ ਪੁਸਤਕਾਂ ਨਾਮਾਤਰ ਹਨ। ਪੰਜਾਬੀ ਈ-ਪੁਸਤਕਾਂ ਦੇ ਸੰਦਰਭ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇੰਟਰਨੈੱਟ ’ਤੇ ਗੁਰਮਤਿ-ਕਾਵਿ ਅਤੇ ਸਿੱਖ-ਸਾਹਿਤ ਨਾਲ ਸਬੰਧਤ ਪੁਸਤਕਾਂ ਜ਼ਿਆਦਾ ਮਾਤਰਾ ਵਿਚ ਉਪਲੱਬਧ ਹਨ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਸਿੱਖ ਸੰਸਥਾਵਾਂ ਇਸ ਪਾਸੇ ਸਾਂਝੇ ਯਤਨ ਕਰਦੀਆਂ ਰਹਿੰਦੀਆਂ ਹਨ ਜਾਂ ਕੁਝ ਵਿਅਕਤੀ ਆਪਣੀ ਧਾਰਮਿਕ ਪ੍ਰਤੀਬੱਧਤਾ ਕਾਰਨ ਈ-ਸਮੱਗਰੀ ਤਿਆਰ ਕਰਦੇ ਤੇ ਸਾਂਝੀ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਦੀਆਂ ਕੁਝ ਚਰਚਿਤ ਪੁਸਤਕਾਂ ਵੀ ਇੰਟਰਨੈੱਟ ਤੋਂ ਸੌਖਿਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ।
ਈ-ਪੁਸਤਕਾਂ ਦੇ ਬਹੁਤ ਸਾਰੇ ਫ਼ਾਇਦੇ ਹਨ। ਇਹ ਧਾਰਨਾ ਬੇਬੁਨਿਆਦ ਹੈ ਕਿ ਕਾਗ਼ਜ਼ ਉੱਤੇ ਛਪੀ ਹੋਈ ਪੁਸਤਕ ਹੀ ਸੋਹਜਪੂਰਨ ਹੁੰਦੀ ਹੈ, ਕਿਉਂਕਿ ਇੰਟਰਨੈੱਟ ’ਤੇ ਪੁਸਤਕਾਂ ਨੂੰ ਬਹੁਤ ਸੋਹਣੇ ਰੂਪ ਵਿਚ ਡਿਜ਼ਾਈਨ ਕੀਤਾ ਜਾ ਸਕਦਾ ਹੈ। ਈ-ਪੁਸਤਕਾਂ ਨੂੰ ਹਮੇਸ਼ਾ ਆਪਣੇ ਕੋਲ ਰੱਖਿਆ ਜਾ ਸਕਦਾ ਹੈ। ਈ-ਪੁਸਤਕ ਦੇ ਅੱਖਰਾਂ ਦੇ ਆਕਾਰ ਨੂੰ ਛੋਟਾ-ਵੱਡਾ ਕਰਕੇ ਪੜ੍ਹਿਆ ਜਾ ਸਕਦਾ ਹੈ। ਜਿੱਥੇ ਰਵਾਇਤੀ ਪ੍ਰਕਾਸ਼ਿਤ ਪੁਸਤਕਾਂ ਦੇ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ, ਉਥੇ ਈ-ਪੁਸਤਕਾਂ ਦੇ ਰੂਪ ਵਿਚ ਉਪਲੱਬਧ ਪੁਸਤਕ ਬਾਰ। ਅਜਿਹਾ ਕੋਈ ਡਰ ਨਹੀਂ ਰਹਿੰਦਾ। ਈ-ਪੁਸਤਕਾਂ ਨੂੰ ਕਿਤੇ ਵੀ ਬੈਠ ਕੇ ਪੜ੍ਹਿਆ ਜਾ ਸਕਦਾ ਹੈ। ਇਨ੍ਹਾਂ ਨੂੰ ਰਵਾਇਤੀ ਪ੍ਰਕਾਸ਼ਿਤ ਪੁਸਤਕਾਂ ਦੇ ਮੁਕਾਬਲੇ ਸੌਖਿਆਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਅਸੀਂ ਰਵਾਇਤੀ ਪੁਸਤਕਾਂ ਨੂੰ ਆਪਣੇ ਘਰ ਦੀ ਅਲਮਾਰੀ ਦੇ ਵੱਖ-ਵੱਖ ਖ਼ਾਨਿਆਂ ਵਿਚ ਸਜਾ ਕੇ ਰੱਖਦੇ ਹਾਂ, ਉਸੇ ਤਰ੍ਹਾਂ ਈ-ਪੁਸਤਕਾਂ ਨੂੰ ਵੀ ਆਪਣੇ ਕੰਪਿਊਟਰ, ਲੈਪਟੌਪ ਜਾਂ ਸਮਾਰਟ ਫੋਨ ਵਿਚ ਵੱਖ-ਵੱਖ ਫੋਲਡਰ ਬਣਾ ਕੇ ਰੱਖ ਸਕਦੇ ਹਾਂ।
ਅੱਜ ਦੇ ਸਮੇਂ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਪ੍ਰਮਾਣਿਕ ਪੁਸਤਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇੰਟਰਨੈੱਟ ’ਤੇ ਪਾਉਣਾ ਜ਼ਰੂਰੀ ਹੈ। ਪੰਜਾਬ ਦੀਆਂ ਵੱਖ-ਵੱਖ ਲਾਇਬ੍ਰੇਰੀਆਂ ਵਿਚ ਪਈਆਂ ਬਹੁਤ ਸਾਰੀਆਂ ਦੁਰਲੱਭ ਪੁਸਤਕਾਂ ਨੂੰ ਈ-ਪੁਸਤਕਾਂ ਦੇ ਰੂਪ ਵਿਚ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ। ਪੰਜਾਬੀ ਸਾਹਿਤ ਨਾਲ ਸਬੰਧਤ ਵੱਖ-ਵੱਖ ਲਾਇਬ੍ਰੇਰੀਆਂ ਵਿਚ ਪਏ ਪੁਰਾਣੇ ਖਰੜਿਆਂ ਨੂੰ ਵੀ ਈ-ਪੁਸਤਕਾਂ ਦੇ ਰੂਪ ਵਿਚ ਇੰਟਰਨੈੱਟ ’ਤੇ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਨ੍ਹਾਂ ਦੁਰਲੱਭ ਪੁਸਤਕਾਂ ਅਤੇ ਖਰੜਿਆਂ ਨੂੰ ਈ-ਪੁਸਤਕਾਂ ਦਾ ਰੂਪ ਦੇ ਕੇ ਹਰ ਪਾਠਕ ਵਰਗ ਦੀ ਇਨ੍ਹਾਂ ਪੁਸਤਕਾਂ ਅਤੇ ਖਰੜਿਆਂ ਤੱਕ ਪਹੁੰਚ ਬਣਾਈ ਜਾ ਸਕਦੀ ਹੈ। ਇਸ ਨਾਲ ਇਨ੍ਹਾਂ ਖਰੜਿਆਂ ਅਤੇ ਪੁਸਤਕਾਂ ਦੇ ਖ਼ਤਮ ਹੋਣ ਦਾ ਖ਼ਦਸ਼ਾ ਵੀ ਘਟ ਜਾਵੇਗਾ, ਇਸ ਪਾਸੇ ਕੁਝ ਯਤਨ ਹੋ ਰਹੇ ਹਨ।
ਪੰਜਾਬੀ ਸਾਹਿਤ ਅਕਾਦਮੀ ਦਾ ਸਾਹਿਤ-ਅਧਿਐਨ ਅਤੇ ਖੋਜ ਨਾਲ ਸਬੰਧਤ ਰਸਾਲਾ ‘ਆਲੋਚਨਾ’ ਦੇ ਪਿਛਲੇ ਅੰਕ ਹੁਣ ਵਿਕੀਪੀਡੀਆ ਉੱਤੇ ਈ-ਰੂਪ ਵਿਚ ਉਪਲੱਬਧ ਕਰਵਾ ਦਿੱਤੇ ਗਏ ਹਨ। ਅਜੋਕੇ ਸਮੇਂ ਵਿਚ ਸਾਨੂੰ ਸਿਰਫ਼ ਰਵਾਇਤੀ ਪ੍ਰਕਾਸ਼ਨ ਵਾਲੀਆਂ ਪੁਸਤਕਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਲੈਕਟ੍ਰਾਨਿਕ ਮੀਡੀਆ ਦੀ ਮਦਦ ਨਾਲ ਪੰਜਾਬੀ ਸਾਹਿਤ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਲੈਕਟ੍ਰੋਨਿਕ ਮੀਡੀਆ ਦੀ ਵਰਤੋਂ ਨਾਲ ਪੰਜਾਬੀ ਪੁਸਤਕਾਂ ਨੂੰ ਆਡੀਓ ਰੂਪ ਵਿਚ ਵੀ ਇੰਟਰਨੈੱਟ ’ਤੇ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਨਾਲ ਅੱਖਰੀ-ਗਿਆਨ ਤੋਂ ਵਿਹੂਣਾ ਵਿਅਕਤੀ ਵੀ ਪੰਜਾਬੀ ਸਾਹਿਤ ਤੱਕ ਆਪਣੀ ਪਹੁੰਚ ਬਣਾ ਸਕਦਾ ਹੈ। ਜੇਕਰ ਪੰਜਾਬ ਦੇ ਨੌਜਵਾਨ ਵਰਗ ਵਿਚ ਪੁਸਤਕਾਂ ਨੂੰ ਪੜ੍ਹਨ ਦੇ ਨਾਲ-ਨਾਲ ਪੁਸਤਕਾਂ ਨੂੰ ਆਡੀਓ ਰੂਪ ਵਿਚ ਸੁਣਨ ਦਾ ਰੁਝਾਨ ਪੈਦਾ ਕੀਤਾ ਜਾਵੇ, ਤਾਂ ਇਸ ਨਾਲ ਬਹੁਤ ਸਾਰੇ ਸਾਕਾਰਾਤਮਕ ਪੱਖ ਸਾਹਮਣੇ ਆ ਸਕਦੇ ਹਨ। ‘ਯੂ-ਟਿਊਬ’ ਉੱਪਰ ਕੁਝ ਕੁ ਪੰਜਾਬੀ ਪੁਸਤਕਾਂ ਆਡੀਓ ਰੂਪ ਵਿਚ ਮਿਲ ਜਾਂਦੀਆਂ ਹਨ। ਸਫ਼ਰ ਦੌਰਾਨ ਜਿੱਥੇ ਪੁਸਤਕਾਂ ਨੂੰ ਪੜ੍ਹਨ ਵਿਚ ਮੁਸ਼ਕਲ ਆ ਸਕਦੀ ਹੈ, ਉੱਥੇ ਇਨ੍ਹਾਂ ਪੁਸਤਕਾਂ ਨੂੰ ਆਡੀਓ ਰੂਪ ਵਿਚ ਸੁਣਿਆ ਜਾ ਸਕਦਾ ਹੈ। ਪੁਸਤਕਾਂ ਦੇ ਆਡੀਓ ਰੂਪ ਤੋਂ ਇਲਾਵਾ ਵੱਖ-ਵੱਖ ਐਪਜ਼ ਵੀ ਬਣ ਰਹੀਆਂ ਹਨ, ਜਿਨ੍ਹਾਂ ਤੋਂ ਈ-ਪੁਸਤਕਾਂ ਨੂੰ ਸੌਖਿਆਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅੰਗਰੇਜ਼ੀ, ਹਿੰਦੀ ਤੇ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਨੂੰ ਪੜ੍ਹਨ ਲਈ ‘ਕਿੰਡਲ’ (Kindle) ਵਰਗੀਆਂ ਮੋਬਾਈਲ ਐਪਜ਼ ਬਣ ਕੇ ਸਾਹਮਣੇ ਆਈਆਂ ਹਨ। ਪੰਜਾਬੀ ਪੁਸਤਕਾਂ ਨੂੰ ਈ-ਪੁਸਤਕਾਂ ਦੇ ਰੂਪ ਵਿਚ ਪ੍ਰਾਪਤ ਕਰਨ ਅਤੇ ਪੜ੍ਹਨ ਲਈ ਇਹੋ ਜਿਹੀਆਂ ਐਪਜ਼ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਸਾਡੇ ਲਈ ਈ-ਪੁਸਤਕਾਂ ਦਾ ਮਹੱਤਵ ਸਮਝਣਾ ਜ਼ਰੂਰੀ ਹੈ। ਇੰਟਰਨੈੱਟ ’ਤੇ ਵੱਧ ਤੋਂ ਵੱਧ ਪੰਜਾਬੀ ਪੁਸਤਕਾਂ ਨੂੰ ਉਪਲੱਬਧ ਕਰਵਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਵਿਦਿਆਰਥੀ ਵਰਗ ਤੋਂ ਲੈ ਕੇ ਆਮ ਪਾਠਕ ਵਰਗ ਤੱਕ ਨੂੰ ਪੰਜਾਬੀ ਈ-ਪੁਸਤਕਾਂ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਯੂਨੀਵਰਸਿਟੀਆਂ ਜਾਂ ਹੋਰ ਵਿਦਿਅਕ ਅਤੇ ਸਾਹਿਤਕ ਸੰਸਥਾਵਾਂ ਨੂੰ ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਨੂੰ ਵੱਡੀ ਤੋਂ ਵੱਡੀ ਮਾਤਰਾ ਵਿਚ ਇੰਟਰਨੈੱਟ ’ਤੇ ਮੁਹੱਈਆ ਕਰਵਾਉਣ ਦਾ ਕਾਰਜ ਆਪਣੇ ਹੱਥ ਵਿਚ ਲੈਣਾ ਚਾਹੀਦਾ ਹੈ।
ਖੋਜਾਰਥੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ: 98725-35052


Comments Off on ਅਜੋਕੇ ਸਮੇਂ ਵਿਚ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.