ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਸ਼ਹੀਦ ਊਧਮ ਸਿੰਘ ਦਾ ਅਦਾਲਤੀ ਬਿਆਨ

Posted On December - 30 - 2018

ਪੇਸ਼ਕਸ਼: ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

ਜੁਰੱਅਤ ਤੇ ਜੇਰਾ

ਜੱਜ ਵੱਲ ਵੇਖਦਿਆਂ ਗਰਜਵੀਂ ਆਵਾਜ਼ ਵਿਚ ਉਹ (ਊਧਮ) ਬੋਲਿਆ, ‘‘ਅੰਗਰੇਜ਼ੀ ਸਾਮਰਾਜਵਾਦ ਮੁਰਦਾਬਾਦ।
ਤੁਸੀਂ ਕਹਿੰਦੇ ਓ, ਹਿੰਦੋਸਤਾਨ ’ਚ ਅਮਨ ਚੈਨ ਨਹੀਂ। ਸਾਡੇ ਲਈ ਤਾਂ ਬਸ ਗੁਲਾਮੀ ਹੀ ਹੈ। ਤੁਹਾਡੀ ਖ਼ਾਨਦਾਨੀ ਸਭਿਅਤਾ ਸਾਡੇ ਲਈ ਤਾਂ ਦੁਨੀਆਂ ਭਰ ਦੀ ਗੰਦੀ ਤੇ ਸੜ੍ਹਾਂਦ ਭਰੀ ਸੌਗਾਤ ਹੈ। ਬਸ ਤੁਸੀਂ ਏਨੀ ਖੇਚਲ ਕਰੋ ਕਿ ਆਪਣਾ ਇਤਿਹਾਸ ਪੜ੍ਹੋ। ਜੇ ਤੁਹਾਡੇ ਅੰਦਰ ਕਿਣਕਾ ਮਾਤਰ ਵੀ ਸ਼ਰਾਫ਼ਤ ਹੈ ਤਾਂ ਡੁੱਬ ਮਰੋਗੇ।
ਜਿਹੜੇ ਅਖੌਤੀ ਬੁੱਧੀਜੀਵੀ ਆਪਣੇ ਆਪ ਨੂੰ ਸਭਿਅ ਸ਼ਾਸਕ ਸਮਝੀ ਬੈਠੇ ਹਨ, ਉਨ੍ਹਾਂ ਦੇ ਦਰਿੰਦਗੀ ਭਰੇ, ਲਹੂ ਪੀਣੇ ਕਿਰਦਾਰ ਉਨ੍ਹਾਂ ਦੇ ਖ਼ੂਨ ਦੀ ਪਹਿਚਾਨ, ਕਿਸੇ ‘ਓਪਰੇ’ ਬਾਪ ਦੀ ਔਲਾਦ ਹੋਣਾ ਜ਼ਾਹਰ ਕਰਦੀ ਹੈ।
ਜਸਟਿਸ ਐਨਕਿਨਸਨ, ‘‘ਮੈਂ ਇੱਥੇ ਸਿਆਸੀ ਤਕਰੀਰ ਸੁਣਨ ਲਈ ਨਹੀਂ ਬੈਠਾ। ਜੇ ਕੋਈ ਕੇਸ ਬਾਰੇ ਗੱਲ ਕਰਨੀ ਹੈ ਤਾਂ ਉਹ ਦੱਸ।’’
ਊਧਮ ਸਿੰਘ: ‘‘ਮੈਂ ਇਹੀ ਕਹਿਣਾ ਹੈ ਕਿ ਮੈਂ ਬਸ ਰੋਸ ਪ੍ਰਗਟ ਕੀਤਾ ਹੈ।’’
ਫਿਰ ਊਧਮ ਸਿੰਘ ਨੇ ਉਹ ਕਾਗਜ਼ਾਂ ਦਾ ਦਥਾ ਹਵਾ ਵਿਚ ਲਹਿਰਾਇਆ ਜਿਸ ਤੋਂ ਉਹ ਪੜ੍ਹ ਰਿਹਾ ਸੀ।
ਜੱਜ: ‘‘ਕੀ ਇਹ ਅੰਗਰੇਜ਼ੀ ’ਚ ਹੈ?’’
ਊਧਮ ਸਿੰਘ: ‘‘ਜੋ ਮੈਂ ਪੜ੍ਹ ਰਿਹਾ ਹਾਂ, ਤੁਸੀਂ ਭਲੀਭਾਂਤ ਸਮਝ ਸਕਦੇ ਓ।’’
ਜੱਜ: ‘‘ਮੈਂ (ਇਸ ਨੂੰ) ਹੋਰ ਵੀ ਬਿਹਤਰ ਸਮਝ ਸਕਾਂਗਾ, ਜੇ ਇਹ ਮੈਨੂੰ ਖ਼ੁਦ ਪੜ੍ਹਣ ਲਈ ਦੇ ਦੇਵੇਂ।’’
ਊਧਮ ਸਿੰਘ: ‘‘ਮੈਂ ਸਾਰੀ ਨਿਆਂ ਮੰਡਲੀ (∙ury) ਨੂੰ ਸੁਣਾਉਣਾ ਚਾਹਾਂਗਾ।’’
ਸਰਕਾਰੀ ਵਕੀਲ ਜੀ.ਬੀ. ਮੈਕਲਿਉਰ ਨੇ ਜੱਜ ਨੂੰ ਚੇਤੇ ਕਰਾਇਆ ਕਿ ਐਮਰਜੈਂਸੀ ਕਾਨੂੰਨ ਦੀ ਧਾਰਾ ਛੇ ਅਧੀਨ, ਉਹ ਜਾਂ ਤਾਂ ਇਹ ਆਦੇਸ਼ ਦੇਵੇ ਕਿ ਊਧਮ ਸਿੰਘ ਦੇ ਬਿਆਨ ਅਖ਼ਬਾਰਾਂ ਵਾਲੇ ਨਹੀਂ ਛਾਪਣਗੇ ਜਾਂ ਫਿਰ ਸੁਣਵਾਈ ਹੀ ‘ਬੰਦ ਕਮਰੇ’ ਵਿਚ ਕੀਤੀ ਜਾਏ।
ਜੱਜ (ਮੁਲਜ਼ਮ ਨੂੰ): ‘‘ਤੂੰ ਸਮਝ ਲੈ ਕਿ ਇਹਦੇ ’ਚੋਂ ਕੁਝ ਵੀ ਅਖ਼ਬਾਰਾਂ ਵਿਚ ਨਹੀਂ ਛਪੇਗਾ। (ਸੋ) ਤੂੰ ਸਿਰਫ਼ ‘ਕੰਮ’ ਦੀ ਗੱਲ ਹੀ ਕਰ। ਹਾਂ ਦੱਸ ਹੋਰ ਕੀ ਕਹਿਣਾ ਏ?’’
ਊਧਮ ਸਿੰਘ: ‘‘ਮੈਂ ਵਿਰੋਧ ਪ੍ਰਗਟ ਕਰ ਰਿਹਾ ਹਾਂ। ਬਸ ਮੇਰਾ ਇਹੀ ਭਾਵ ਹੈ। ਮੈਨੂੰ ‘ਉਸ ਭਾਸ਼ਣ’ ਬਾਰੇ ਕੁਝ ਨਹੀਂ ਪਤਾ। ਨਿਆਂ ਮੰਡਲੀ ਨੂੰ ਉਸ (ਭਾਸ਼ਣ) ਬਾਰੇ ਸਰਕਾਰੀ ਪੱਖ ਵੱਲੋਂ ਗੁਮਰਾਹ ਕੀਤਾ ਗਿਆ ਸੀ। ਮੈਂ ਉਸ (ਭਾਸ਼ਣ) ਦਾ ਮੂੰਹ ਸਿਰ ਨਹੀਂ ਪਛਾਣਦਾ (ਜੋ ਮੇਰੇ ਨਾਂ ਨਾਲ ਜੋੜਿਆ ਜਾ ਰਿਹਾ ਸੀ)… ਮੈਂ ਹੁਣ (ਪੜ੍ਹ ਕੇ) ਸੁਣਾਉਣ ਜਾ ਰਿਹਾ ਹਾਂ।’’
ਜੱਜ: ‘‘ਚੱਲ ਠੀਕ ਐ, ਬੋਲ…’’
ਏਨੇ ਨੂੰ ਜਦੋਂ ਊਧਮ ਸਿੰਘ ਆਪਣੇ ਕਾਗਜ਼ ਫਰੋਲ ਰਿਹਾ ਸੀ, ਜੱਜ ਨੇ ਫਿਰ (ਉਸ ਨੂੰ) ਚੇਤੇ ਕਰਾਇਆ, ‘‘ਤੂੰ ਸਿਰਫ਼ ਉਹੀ ਕੁਝ ਕਹਿਣਾ ਹੈ ਜਿਸ ਦਾ ਤੈਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੇ ਜਾਣ ਨਾਲ ਸਬੰਧ ਹੋਵੇ।’’
ਊਧਮ ਸਿੰਘ (ਗਰਜਵੀਂ ਆਵਾਜ਼ ਨਾਲ): ‘‘ਮੈਂ ਮੌਤ ਦੇ ਦੰਡ ਦੀ ਬਿਲਕੁਲ ਪਰਵਾਹ ਨਹੀਂ ਕਰਦਾ, ਮੇਰੇ ਲਈ ਇਹ ਕੁਝ ਵੀ ਨਹੀਂ। ਮੈਨੂੰ ਮਰਨ ਦਾ ਜਾਂ ਹੋਰ ਕਾਸੇ ਦਾ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਇਸ ਬਾਰੇ ਕੋਈ ਚਿੰਤਾ ਨਹੀਂ, ਮੈਂ ਤਾਂ ਕਿਸੇ ਉਦੇਸ਼ ਲਈ ਮਰ ਰਿਹਾ ਹਾਂ।’’
ਫਿਰ ਕਟਹਿਰੇ ਦੇ ਜੰਗਲੇ ’ਤੇ ਜ਼ੋਰ ਦੀ ਹੱਥ ਮਾਰਦਿਆਂ ਉਹ ਗਰਜਿਆ: ‘‘ਅਸੀਂ ਅੰਗਰੇਜ਼ੀ ਗ਼ੁਲਾਮੀ ਹੱਥੋਂ ਪੀੜਤ ਹਾਂ।’’ ਫਿਰ ਠਰ੍ਹੰਮੇ ਨਾਲ ਬੋਲਿਆ: ‘‘ਮੈਨੂੰ ਮਰਨ ਦਾ ਡਰ ਨਹੀਂ ਹੈ। … ਮੈਨੂੰ ਆਪਣੀ (ਇਸ) ਮੌਤ ’ਤੇ ਨਾਜ਼ ਹੈ ਜੋ ਮੇਰੀ ਮਾਤਰ ਭੂਮੀ ਦੀ ਆਜ਼ਾਦੀ ਖਾਤਰ ਹੈ, ਅਤੇ ਆਸ ਕਰਦਾ ਹਾਂ ਕਿ ਜਦੋਂ ਮੈਂ ਜਾ ਚੁੱਕਾ ਹੋਵਾਂਗਾ ਤਾਂ ਮੇਰੀ ਥਾਂ ਮੱਲਣ ਲਈ ਮੇਰੇ ਹਜ਼ਾਰਾਂ ਹਮਵਤਨ ਮੈਦਾਨ ਵਿਚ ਨਿਤਰਣਗੇ ਤਾਂ ਜੋ ਤੁਹਾਨੂੰ (ਅੰਗਰੇਜ਼ੀ) ਗੰਦੇ ਕੁੱਤਿਆਂ ਨੂੰ ਮਾਰ ਭਜਾ ਕੇ ਮੇਰੇ ਵਤਨ ਨੂੰ ਆਜ਼ਾਦ ਕਰ ਸਕਣ। ਮੈਂ ਅੰਗਰੇਜ਼ੀ ਨਿਆਂ ਮੰਡਲੀ ਦੇ ਸਨਮੁੱਖ ਹਾਂ। ਮੈਂ ਇਕ ਅੰਗਰੇਜ਼ੀ ਅਦਾਲਤ ਵਿਚ ਹਾਂ। ਤੁਸੀਂ ਲੋਕ ਜਦੋਂ ਹਿੰਦੋਸਤਾਨੋਂ ਵਾਪਸ ਪਰਤਦੇ ਹੋ ਤਾਂ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਪਾਰਲੀਮੈਂਟ ਵਿਚ ਨਿਵਾਜਿਆ ਜਾਂਦਾ ਹੈ। ਅਸੀਂ ਇੰਗਲੈਂਡ ਆਉਂਦੇ ਹਾਂ ਤਾਂ ਮੌਤ ਦੀ ਸਜ਼ਾ ਪਾਉਂਦੇ ਹਾਂ।
ਮੇਰਾ ਭਾਵ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਪਰ ਮੈਂ (ਮੌਤ) ਖਿੜੇ ਮੱਥੇ ਪਰਵਾਨ ਕਰਾਂਗਾ। ਮੈਨੂੰ ਇਸ ਦੀ ਰੱਤੀ ਭਰ ਵੀ ਪਰਵਾਹ ਨਹੀਂ, ਪਰ ਜਿਵੇਂ ਤੁਸੀਂ ਲੋਕੀਂ ਹਿੰਦੋਸਤਾਨ ਆਏ ਸੀ, ਇਸੇ ਤਰ੍ਹਾਂ ਹੀ ਵਕਤ ਆਏਗਾ, ਜਦੋਂ ਉੱਥੋਂ ਤੁਹਾਡਾ ਬੋਰੀਆ-ਬਿਸਤਰਾ ਗੋਲ ਕਰ ਦਿੱਤਾ ਜਾਏਗਾ। ਤੁਹਾਡਾ ਸਾਮਰਾਜਵਾਦ ਖੇਰੂੰ-ਖੇਰੂੰ ਕਰ ਦਿੱਤਾ ਜਾਏਗਾ।
ਹਿੰਦੋਸਤਾਨ ਦੀਆਂ ਗਲੀਆਂ ਲਾਂਘਿਆਂ ਵਿਚ ਲੋਕਰਾਜ ਤੇ ਇਸਾਈ ਮੱਤ ਦੇ ਝੰਡੇ ਦੀ ਓਟ ਹੇਠਾਂ ਹਜ਼ਾਰਾਂ ਨਿਆਸਰੇ ਔਰਤਾਂ-ਬੱਚਿਆਂ ਦੇ ਖ਼ੂਨ ਦੀ ਮਸ਼ੀਨਗੰਨਾਂ ਨਾਲ ਹੋਲੀ ਖੇਡੀ ਜਾਂਦੀ ਹੈ।
ਤੁਹਾਡੇ ਚੱਜ ਚਾਲੇ- ਕਾਰ ਵਿਚਾਰ, ਭਾਵ ਅੰਗਰੇਜ਼ੀ ਸਰਕਾਰ ਬਾਰੇ ਗੱਲ ਕਰ ਰਿਹਾ ਹਾਂ, ਮੈਂ ਬਰਤਾਨਵੀ ਸਰਕਾਰ ਬਾਰੇ ਗੱਲ ਕਰ ਰਿਹਾ ਹਾਂ, …ਮੇਰੀ ਬਰਤਾਨਵੀ ਲੋਕਾਂ ਵਿਰੁੱਧ ਕੋਈ ਸ਼ਿਕਾਇਤ ਨਹੀਂ। ਮੇਰੇ ਇੰਗਲੈਂਡ ਵੱਸਦੇ ਬਰਤਾਨਵੀ ਦੋਸਤਾਂ ਦੀ ਗਿਣਤੀ ਮੇਰੇ ਹਿੰਦੋਸਤਾਨ ਵਿਚਲੇ ਦੋਸਤਾਂ ਨਾਲੋਂ ਕਿਤੇ ਵਧੇਰੇ ਹੈ। ਮੇਰੀ ਬਰਤਾਨਵੀ ਕਿਰਤੀਆਂ ਨਾਲ ਦਿਲੀ ਸਾਂਝ ਹੈ। ਮੈਂ (ਤਾਂ) ਸਾਮਰਾਜੀ ਹਕੂਮਤ ਦਾ ਵਿਰੋਧੀ ਹਾਂ।
ਤੁਸੀਂ ਲੋਕ (ਬਰਤਾਨਵੀ ਮਜ਼ਦੂਰ) ਪੀੜਤ ਦੁਖੀ ਹੋ। ਮਜ਼ਦੂਰੋ, ਇਨ੍ਹਾਂ (ਸਾਮਰਾਜੀ) ਕੁੱਤਿਆਂ ਖੁਣੋਂ ਹਰੇਕ ਦੁਖੀ ਹੈ। ਇਹ ਵਹਿਸ਼ੀ ਦਰਿੰਦੇ… ਭਾਰਤ ਲਈ ਗ਼ੁਲਾਮੀ-ਕਤਲ, ਦਹਿਸ਼ਤ, ਤਬਾਹੀ… ਅੰਗਰੇਜ਼ੀ ਸਾਮਰਾਜਵਾਦ। ਇੱਥੇ ਇੰਗਲੈਂਡ ਵਿਚ ਲੋਕਾਂ ਨੂੰ ਇਸ ਬਾਰੇ ਅਖ਼ਬਾਰਾਂ ਕੁਝ ਨਹੀਂ ਦੱਸਦੀਆਂ- ਅਸੀਂ (ਹਿੰਦੋਸਤਾਨ ਅੰਦਰ) ਇਹ ਸਭ ਕੁਝ ਹੰਢਾ ਰਹੇ ਹਾਂ।
ਮਿਸਟਰ ਜਸਟਿਸ ਐਟਕਿਨਸਨ: ‘‘ਬਸ ਕਰ, ਮੈਂ ਹੋਰ ਨਹੀਂ ਸੁਣਨਾ।’’
ਊਧਮ ਸਿੰਘ: ‘‘ਤੁਸੀਂ ਹੋਰ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਤੁਸੀਂ ਮੇਰੀ ਤਕਰੀਰ ਸੁਣਦੇ ਸੁਣਦੇ ਥੱਕ ਗਏ ਹੋ? ਵਾਹ! ਮੈਂ ਤਾਂ ਅਜੇ ਬਹੁਤ ਕੁਝ ਕਹਿਣਾ ਹੈ।’’
ਜੱਜ: ‘‘ਬੱਸ, ਮੈਂ ਹੁਣ ਤੇਰੇ ਇਸ ਬਿਆਨ ਨੂੰ ਅੱਗੋਂ ਨਹੀਂ ਸੁਣਨਾ।’’
ਊਧਮ ਸਿੰਘ: ‘‘ਤੁਸੀਂ ਮੈਨੂੰ ਪੁੱਛਿਐ ਕਿ ਮੈਂ ਕੀ ਕਹਿਣਾ ਹੈ? ਸੋ ਮੈਂ ਕਹਿ ਰਿਹਾ ਹਾਂ। ਤੁਸੀਂ ਮੈਥੋਂ ਕਿਉਂ ਸੁਣਨਾ ਚਾਹੋਗੇ ਕਿ ਤੁਸੀਂ ਭਾਰਤ ਵਿਚ ਕੀ (ਕਰਤੂਤਾਂ) ਕਰ ਰਹੇ ਹੋ।’’ ਆਪਣੀ ਐਨਕ ਜੇਬ੍ਹ ਵਿਚ ਪਾਉਂਦਿਆਂ ਊਧਮ ਸਿੰਘ ਨੇ ਤਿੰਨ ਸ਼ਬਦ ਹਿੰਦੋਸਤਾਨੀ ਦੇ ਕਹਿ ਕੇ ਨਾਅਰਾ ਲਾਇਆ, ‘‘ਬਰਤਾਨਵੀ ਸਾਮਰਾਜਵਾਦ ਮੁਰਦਾਬਾਦ! ਗੰਦੇ ਬਰਤਾਨਵੀ ਕੁੱਤੇ ਮੁਰਦਾਬਾਦ!’’
ਤੇ ਫਿਰ ਕਟਹਿਰੇ ’ਚੋਂ ਨਿਕਲਦਿਆਂ ਵਕੀਲਾਂ ਦੇ ਮੇਜ਼ ਵੱਲ ਮੂੰਹ ਕਰਕੇ ਘੂਰਿਆ।
ਉਹਦੇ ਜਾਣ ਪਿੱਛੋਂ ਜੱਜ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੁਲਜ਼ਮ ਵੱਲੋਂ ਕਟਹਿਰੇ ਵਿਚ ਦਿੱਤੇ ਇਹ ਬਿਆਨ ਨਹੀਂ ਛਾਪਣੇ। ਸਮਝ ਗਏ ਓ?’’

ਈ-ਮੇਲ: mjswaraich29@gmail.com

ਕੁਝ ਸ਼ਬਦ ਇਸ ਦਸਤਾਵੇਜ਼ ਬਾਰੇ

ਸ਼ਹੀਦ ਊਧਮ ਸਿੰਘ ਦਾ ਇਹ ਬਿਆਨ ਸ਼ਹੀਦ ਭਗਤ ਸਿੰਘ ਅਤੇ ਬੀ.ਕੇ. ਦੱਤ ਦੇ ਦਿੱਲੀ ਦੀ ਅਦਾਲਤ ’ਚ ਦਿੱਤੇ ਬਿਆਨ ਤੋਂ ਗਿਆਰਾਂ ਵਰ੍ਹਿਆਂ ਪਿੱਛੋਂ 5-6 ਜੂਨ 1940 ਨੂੰ ਹੋਇਆ ਸੀ। ਜੱਜ ਨੇ ਮੁਕੱਦਮੇ ਦੀ ਸੁਣਵਾਈ ਨਿਬੜਣ ਵੇਲੇ ਸ਼ਹੀਦ ਨੂੰ ‘ਆਖ਼ਰੀ’ ਸਵਾਲ ਕੀਤਾ: ਕੀ ਤੂੰ ਆਪਣੀ ਸਜ਼ਾ ਬਾਰੇ ਜੋ ਕਿ ਕਾਨੂੰਨ ਅਨੁਸਾਰ ਤੈਨੂੰ ਦਿੱਤੀ ਜਾ ਸਕਦੀ ਹੈ, ਕੁਝ ਕਹਿਣਾ ਹੈ? ਇਸ ਮਗਰੋਂ ਦਿੱਤਾ ਗਿਆ ਬਿਆਨ ਤੇ ਅਦਾਲਤ ਵਿਚ ਹੋਈ ਵਾਰਤਾਲਾਪ ਮੌਲਿਕ ਰੂਪ ਵਿਚ ਅੰਗਰੇਜ਼ੀ ਵਿਚ ਸੀ। ਉਸ ਦਾ ਪੰਜਾਬੀ ਰੂਪ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।


Comments Off on ਸ਼ਹੀਦ ਊਧਮ ਸਿੰਘ ਦਾ ਅਦਾਲਤੀ ਬਿਆਨ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.