ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਵਧਦੀ ਹੋਈ ਹਜੂਮੀ ਹਿੰਸਾ

Posted On December - 4 - 2018

ਇਸ ਸੋਮਵਾਰ ਜ਼ਿਲ੍ਹਾ ਬੁਲੰਦਸ਼ਹਿਰ (ਯੂ.ਪੀ.) ਵਿਚ ਹੋਈ ਹਜੂਮੀ ਹਿੰਸਾ ਵਿਚ ਪੁਲੀਸ ਇੰਸਪੈਕਟਰ ਸੱਤਿਆ ਪ੍ਰਕਾਸ਼ ਸ਼ਰਮਾ ਤੇ ਇਕ ਹੋਰ ਨੌਜਵਾਨ ਸੁਮੀਤ ਦੀ ਮੌਤ ਹੋ ਗਈ। ਡਿਸਟ੍ਰਿਕਟ ਮੈਜਿਸਟਰੇਟ ਅਨੁਜ ਝਾਅ ਅਨੁਸਾਰ ਸੋਮਵਾਰ ਸਵੇਰੇ ਚਿਗਰਾਵਟੀ ਨਾਂ ਦੇ ਪਿੰਡ ਵਿਚ ਗਊ ਹੱਤਿਆ ਦੀ ਖ਼ਬਰ ਮਿਲੀ ਸੀ ਅਤੇ ਇਸ ਲਈ ਪੁਲੀਸ ਦੇ ਐਗਜ਼ੈਕਟਿਵ ਮੈਜਿਸਟਰੇਟ ਨੇ ਮੌਕੇ ’ਤੇ ਜਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਅਤੇ ਪੁਲੀਸ ਤੇ ਲੋਕਾਂ ਵਿਚਕਾਰ ਹੋਈ ਝੜਪ ਵਿਚ ਪੁਲੀਸ ਨੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫੇਰ ਹਵਾ ਵਿਚ ਗੋਲੀ ਚਲਾਈ। ਕਿਹਾ ਜਾਂਦਾ ਹੈ ਕਿ ਹਜੂਮ ਵਿਚੋਂ ਕੁਝ ਲੋਕਾਂ ਨੇ ਦੇਸੀ ਪਿਸਤੌਲਾਂ ਨਾਲ ਪੁਲੀਸ ’ਤੇ ਗੋਲਾਬਾਰੀ ਕੀਤੀ। ਭੀੜ ਏਨੀ ਹਿੰਸਕ ਹੋ ਗਈ ਕਿ ਉਨ੍ਹਾਂ ਨੇ ਇਕ ਪੁਲੀਸ ਚੌਂਕੀ ਸਾੜ ਦਿੱਤੀ ਤੇ ਬਹੁਤ ਸਾਰੇ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਨੂੰ ਅੱਗ ਲਾ ਦਿੱਤੀ। ਇਹ ਰਿਪੋਰਟਾਂ ਵੀ ਮਿਲੀਆਂ ਹਨ ਕਿ ਇੰਸਪੈਕਟਰ ਸ਼ਰਮਾ ਦਾ ਪਿਸਤੌਲ ਤੇ ਤਿੰਨ ਮੋਬਾਈਲ ਵੀ ਭੀੜ ਨੇ ਖੋਹ ਲਏ ਅਤੇ ਉਨ੍ਹਾਂ ਦੇ ਪਿਸਤੌਲ ਤੋਂ ਵੀ ਲੋਕਾਂ ਨੇ ਫਾਇਰਿੰਗ ਕੀਤੀ। ਇਸ ਸਬੰਧ ਵਿਚ ਯੂ.ਪੀ. ਸਰਕਾਰ ਨੇ ਤਿੰਨ ਤਰ੍ਹਾਂ ਦੀ ਜਾਂਚ ਦਾ ਹੁਕਮ ਦਿੱਤਾ ਹੈ। ਪਹਿਲੀ ਜਾਂਚ ਖੁਫ਼ੀਆ ਵਿਭਾਗ ਦਾ ਏ.ਡੀ.ਜੀ. ਗਊ ਹੱਤਿਆ ਬਾਰੇ ਕਰੇਗਾ। ਦੂਸਰੀ, ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਬਣਾਈ ਗਈ ਹੈ ਜਿਹੜੀ ਇਨ੍ਹਾਂ ਦੋਹਾਂ ਮੌਤਾਂ ਦੀ ਤਫ਼ਤੀਸ਼ ਕਰੇਗੀ ਅਤੇ ਤੀਸਰੀ, ਇਕ ਮੈਜਿਸਟਰੇਟ ਦੁਆਰਾ ਜਾਂਚ-ਪੜਤਾਲ ਕੀਤੀ ਜਾਏਗੀ।
ਇਹ ਘਟਨਾ ਕੋਈ ਕੱਲ-ਮੁਕੱਲੀ ਘਟਨਾ ਨਹੀਂ ਹੈ। ਹਜੂਮੀ ਹਿੰਸਾ ਤੇ ਹਜੂਮੀ ਕਤਲ ਹਿੰਦੋਸਤਾਨ ਦੇ ਸਿਆਸੀ ਪ੍ਰਚਲਣ ਦਾ ਆਮ ਅੰਗ ਬਣਦੇ ਜਾ ਰਹੇ ਹਨ। ਗਊ ਹੱਤਿਆ ਵਿਰੁੱਧ ਹੋਏ ਮੁਜ਼ਾਹਰਿਆਂ ਵਿਚ ਹੋਈ ਹਜੂਮੀ ਹਿੰਸਾ ਨੂੰ ਵੱਖ ਵੱਖ ਹਿੰਦੂਤਵ-ਪੱਖੀ ਸੰਗਠਨਾਂ ਵੱਲੋਂ ਸ਼ਹਿ ਵੀ ਮਿਲਦੀ ਰਹੀ ਹੈ ਤੇ ਨੈਤਿਕ ਸਮਰਥਨ ਵੀ। ਇਸ ਲਈ ਗਊ ਹੱਤਿਆ ਵਿਰੁੱਧ ਮੁਜ਼ਾਹਰਾ ਕਰ ਰਹੀ ਭੀੜ ਇਹ ਸਮਝਦੀ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਕੋਈ ਵੱਡੀ ਗੱਲ ਨਹੀਂ ਕਿਉਂਕਿ ਸਰਕਾਰ ਵਿਚ ਬੜੀ ਵੱਡੀ ਗਿਣਤੀ ਵਿਚ ਹਿੰਦੂਤਵ-ਪੱਖੀ ਨੁਮਾਇੰਦੇ ਮੌਜੂਦ ਹਨ ਤੇ ਉਹ ਨਿਸ਼ਚੇ ਹੀ ਉਨ੍ਹਾਂ ਦਾ ਬਚਾਓ ਕਰਨਗੇ। ਪਿਛਲੀਆਂ ਘਟਨਾਵਾਂ ਤੋਂ ਬਾਅਦ ਹਿੰਦੂਤਵ-ਪੱਖੀ ਸੰਗਠਨਾਂ ਦੇ ਭਾਸ਼ਨਾਂ ਤੇ ਵਿਵਹਾਰ ਤੋਂ ਇਸ ਤਰ੍ਹਾਂ ਦੀ ਹਿੰਸਾ ਨੂੰ ਬਲ ਵੀ ਮਿਲਦਾ ਰਿਹਾ ਹੈ।
ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਅਸੀਂ ਇਕ ਧਰਮ ਨਿਰਪੱਖ ਰਾਜ ਹਾਂ ਤੇ ਆਪਣੇ ਆਪ ਨੂੰ ਆਧੁਨਿਕ ਤੇ ਇਕੀਵੀਂ ਸਦੀ ਵਿਚ ਦੁਨੀਆਂ ਦੀ ਅਗਵਾਈ ਕਰਨ ਵਾਲਾ ਮੁਲਕ ਸਾਬਤ ਕਰਨਾ ਚਾਹੁੰਦੇ ਹਾਂ। ਜਿਸ ਦੇਸ਼ ਵਿਚ ਵੱਖ ਵੱਖ ਫ਼ਿਰਕਿਆਂ ਵਿਚ ਸਦਭਾਵਨਾ ਦੀ ਘਾਟ ਹੋਵੇ, ਉਹ ਆਧੁਨਿਕ ਤੇ ਵਿਕਾਸਮੁਖੀ ਕਿਵੇਂ ਹੋ ਸਕਦਾ ਹੈ? ਰਾਜਸੀ ਮਾਹਿਰਾਂ ਦਾ ਵਿਚਾਰ ਹੈ ਕਿ ਇਹ ਹਿੰਸਾ ਜਾਣ-ਬੁੱਝ ਕੇ ਭੜਕਾਈ ਜਾਂਦੀ ਹੈ ਕਿਉਂਕਿ ਇਸ ਨਾਲ ਵੋਟਾਂ ਦੀ ਬਹੁਗਿਣਤੀ ਤੇ ਘੱਟਗਿਣਤੀ ਵਿਚਕਾਰ ਸਫ਼ਬੰਦੀ ਹੋ ਜਾਂਦੀ ਹੈ ਜਿਸ ਨੂੰ ਅਸੀਂ ਵੋਟਾਂ ਦਾ ਧਰੁਵੀਕਰਨ ਵੀ ਆਖਦੇ ਹਾਂ। ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਹਜੂਮੀ ਹਿੰਸਾ ਨੂੰ ਰੋਕਣ ਵਿਚ ਅਸਫਲ ਰਹੀਆਂ ਹਨ ਅਤੇ ਖ਼ਾਸ ਕਰਕੇ ਯੂ.ਪੀ. ਦੀ ਸਰਕਾਰ ਨੇ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਵੱਡੀ ਅਣਗਹਿਲੀ ਵਿਖਾਈ ਹੈ। ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਨਾਲ ਦੇਸ਼ ਦਾ ਗੌਰਵ ਵਧਦਾ ਨਹੀਂ, ਸਗੋਂ ਘਟਦਾ ਹੈ। ਹਿੰਦੋਸਤਾਨ ਦਾ ਭਲਾ ਇਸ ਗੱਲ ਵਿਚ ਹੈ ਕਿ ਸੱਤਾਧਾਰੀ ਪਾਰਟੀ ਫ਼ਿਰਕੂ ਭਾਵਨਾਵਾਂ ਨੂੰ ਘਟਾਉਣ ਵੱਲ ਧਿਆਨ ਦੇਵੇ ਤੇ ਇਹ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰੇ ਕਿ ਉਹ ਬਹੁਗਿਣਤੀ ਧਰਮ ਦੇ ਲੋਕਾਂ ਦੀ ਪਾਰਟੀ ਨਹੀਂ ਸਗੋਂ ਸਾਰੇ ਹਿੰਦੋਸਤਾਨੀਆਂ ਦੀ ਪਾਰਟੀ ਹੈ।


Comments Off on ਵਧਦੀ ਹੋਈ ਹਜੂਮੀ ਹਿੰਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.