ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਬਾਲ-ਰੂਹ ਦੀ ਵੇਦਨਾ ਬਿਆਨ ਕਰਦਾ ਪੰਜਾਬੀ ਨਾਟਕ

Posted On December - 26 - 2018

ਇਕ ਲੜਕੀ ਦੀਆਂ ਕੌੜੀਆਂ ਯਾਦਾਂ

ਡਾ. ਹੀਰਾ ਰੰਧਾਵਾ ਬਰੈਂਪਟਨ

ਮਰਦ ਪ੍ਰਧਾਨ ਸਮਾਜ ਹੋਣ ਕਰ ਕੇ ਮੁੱਢ ਕਦੀਮ ਤੋਂ ਔਰਤ ਦਾ ਸ਼ੋਸ਼ਣ ਹੁੰਦਾ ਆ ਰਿਹਾ। ਜ਼ੋਰਾਵਰ ਮਰਦਾਂ ਵੱਲੋਂ ਔਰਤ ਨੂੰ ਆਪਣੀ ਤਾਕਤ ਨਾਲ ਹਾਸਲ ਕਰਨ ਦਾ ਵਰਤਾਰਾ ਵੀ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਅਜਿਹੇ ਮੈਲੇ ਹੱਥ ਕਈ ਵਾਰ ਬੱਚਿਆਂ ਦੀ ਵੀ ਜ਼ਿੰਦਗੀ ਖ਼ਰਾਬ ਕਰ ਦਿੰਦੇ ਹਨ। ਬਹੁਤ ਵਾਰ ਬੱਚਿਆਂ ਨਾਲ ਪਰਦੇ ਪਿੱਛੇ ਜਾਂ ਉਨ੍ਹਾਂ ਦੀ ਹੋਸ਼ ਤੋਂ ਪਹਿਲਾਂ ਬਾਲ ਅਵਸਥਾ ਵਿਚ ਜਿਨਸੀ ਸ਼ੋਸ਼ਣ ਹੁੰਦਾ ਹੈ। ਇਨ੍ਹਾਂ ਅਪਰਾਧਾਂ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਵਿਚ ਲੜਕੇ-ਲੜਕੀਆਂ ਦੋਵੇਂ ਹੁੰਦੇ ਹਨ। ਬਹੁਤੀ ਵਾਰ ਤਾਂ ਇਨ੍ਹਾਂ ਛੋਟੇ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਹੈ। ਬਹੁਤੀ ਵਾਰੀ ਬੱਚਿਆਂ ਨਾਲ ਜਿਨਸੀ ਛੇੜਛਾੜ ਕਰਨ ਵਾਲਾ ਸ਼ਖ਼ਸ ਉਨ੍ਹਾਂ ਦਾ ਨੇੜਲਾ ਰਿਸ਼ਤੇਦਾਰ ਹੁੰਦਾ ਹੈ, ਜਿਨ੍ਹਾਂ ਕੋਲ ਬੱਚਿਆਂ ਨੂੰ ਖਿਡਾਉਣ ਜਾਂ ਦੇਖਭਾਲ ਲਈ ਛੱਡਿਆ ਜਾਂਦਾ ਹੈ। ਉਨ੍ਹਾਂ ਵਿਚ ਜੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਵੀ ਜਾਂਦੀ ਹੈ ਤਾਂ ਉਹ ਅੰਦਰੋਂ-ਅੰਦਰੀ ਡਰਦੇ ਰਹਿੰਦੇ ਹਨ ਕਿ ਇਸ ਬਾਰੇ ਆਪਣੇ ਮਾਂ ਪਿਓ ਨੂੰ ਦੱਸਣ ’ਤੇ ਉਨ੍ਹਾਂ ਨੇ ਇਸ ਗੱਲ ਦਾ ਕਦੇ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਉਸ ਵਿਅਕਤੀ ਦਾ ਰਿਸ਼ਤਾ ਹੀ ਇੰਨਾ ਕਰੀਬ ਦਾ ਹੁੰਦਾ ਹੈ ਕਿ ਮਾਪੇ ਸ਼ੱਕ ਕਰ ਹੀ ਨਹੀਂ ਸਕਦੇ। ਇਹੀ ਬੱਚੇ ਅੰਦਰੋਂ-ਅੰਦਰੀ ਝੂਰਦੇ ਰਹਿੰਦੇ ਹਨ ਤੇ ਵੱਡੇ ਹੋ ਕੇ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਪੰਜਾਬੀ ਸਮਾਜ ਵਿਚ ਤਾਂ ਜਿਨਸੀ ਸਬੰਧਾਂ ਦੇ ਵਿਸ਼ੇ ’ਤੇ ਗੱਲ ਕਰਨੀ ਹੀ ਗੁਨਾਹ ਸਮਝਿਆ ਜਾਂਦਾ ਹੈ। ਪੱਛਮੀ ਮੁਲਕਾਂ ਵਿਚ ਭਾਵੇਂ ਵਿਦਿਆਰਥੀਆਂ ਨੂੰ ਇਸ ਵਿਸ਼ੇ ’ਤੇ ਸਿੱਖਿਆ ਦਿੱਤੀ ਜਾਂਦੀ ਹੈ, ਪਰ ਇਸ ਦਾ ਵਿਰੋਧ ਕਰਨ ਵਾਲਿਆਂ ਵਿਚ ਸਭ ਤੋਂ ਵੱਡੀ ਗਿਣਤੀ ਵਿਚ ਸਾਡੇ ਲੋਕ ਹੀ ਹਨ। ਸਾਡੇ ਪਰਿਵਾਰ ਦੇ ਕਰੀਬੀ ਲੋਕ ਅਕਸਰ ਸਾਡੇ ਬੱਚਿਆਂ ਨੂੰ ਕਲਾਵੇ ਵਿਚ ਲੈ ਕੇ ਮਿਲਦੇ ਹਨ, ਪਰ ਅਸੀਂ ਬੱਚਿਆਂ ਨੂੰ ਆਪ ਕਦੇ ਨਹੀਂ ਦੱਸਦੇ ਕਿ ਗ਼ਲਤ ਢੰਗ ਨਾਲ ਛੂਹਣ ਜਾਂ ਮੋਹ-ਪਿਆਰ ਨਾਲ ਮਿਲਣ ਵਿਚ ਕੀ ਫ਼ਰਕ ਹੁੰਦਾ ਹੈ। ਬੱਚਿਆਂ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਕਰ ਕੇ ਕੁਕਰਮ ਕਰਨ ਵਾਲਿਆਂ ਦੀ ਸ਼ਨਾਖ਼ਤ ਕੋਈ ਸੌਖਾਲਾ ਕੰਮ ਨਹੀਂ। ਇਸ ਗੱਲ ਨੂੰ ਹਕੀਕਤ ਮੰਨ ਕੇ ਉਨ੍ਹਾਂ ਦਾ ਵਿਰੋਧ ਕਰਨ ਦੀ ਪ੍ਰਕਿਰਿਆ ਬੜਾ ਔਝੜ ਰਾਹ ਹੈ, ਪਰ ਸਾਨੂੰ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਬਹੁਤੇ ਪਰਿਵਾਰ ਇਸ ਕੋਹੜ ਤੋਂ ਪੀੜਤ ਹਨ ਅਤੇ ਸ਼ਿਕਾਰ ਹੋਣ ਵਾਲੇ ਸਾਡੇ ਹੀ ਬੱਚੇ ਹਨ। ਅੱਜ ‘ਮੀ ਟੂ’ ਨਾਂ ’ਤੇ ਜਿਸ ਤਰ੍ਹਾਂ ਦੇਸ਼-ਵਿਦੇਸ਼ ਵਿਚ ਸਮਾਜ ਦੇ

ਨਾਟਕ ‘ਮੈਲੇ ਹੱਥ’ ਖੇਡਦੇ ਹੋਏ ਕਲਾਕਾਰ।

ਇਸ ਕੋਹੜ ਖ਼ਿਲਾਫ਼ ਆਵਾਜ਼ ਉੱਠੀ ਹੈ ਤਾਂ ਸਾਡਾ ਸਭ ਦਾ ਵੀ ਫ਼ਰਜ਼ ਬਣਦਾ ਹੈ ਕਿ ਇਹ ਸਮੱਸਿਆ ਹੱਲ ਕਰਨ ਦਾ ਯਤਨ ਕਰੀਏ।
ਇਨ੍ਹਾਂ ਮੁੱਦਿਆਂ ਨੂੰ ਸਮੇਟ ਕੇ ਅਜਮੇਰ ਰੋਡੇ ਨੇ ਪੰਜਾਬੀ ਵਿਚ ਨਾਟਕ ‘‘ਮੈਲੇ ਹੱਥ’ ਸਿਰਜਿਆ ਹੈ, ਜਿਸ ਵਿਚ ਪਾਤਰ, ‘ਲੋਰੀ’ ਨਾਮ ਦੀ ਲੜਕੀ ਦੀ ਆਪ-ਬੀਤੀ ਬਿਆਨ ਕਰਦੀ ਹੈ। ਕੈਨੇਡੀਅਨ ਪਿੱਠ ਭੂਮੀ ਵਿਚ ਚਲਦੇ ਇਸ ਨਾਟਕ ਵਿਚ ਲੋਰੀ ਪੜ੍ਹਾਈ ਦੇ ਸਿਲਸਿਲੇ ਵਿਚ ਬੱਚਿਆਂ ਦੀ ਦੇਖ-ਭਾਲ ਬਾਰੇ ਅਜਿਹੀ ਕਿਤਾਬ ਪੜ੍ਹਦੀ ਹੈ, ਜਿਸ ਦੇ ਇਕ ਅਧਿਆਇ ਵਿਚ ਲਿਖਿਆ ਗਿਆ ਹੈ ਕਿਵੇਂ ਛੋਟੀ ਉਮਰ ਵਿਚ ਹੀ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਬੱਚਿਆਂ ਨੂੰ ਖਿਡਾਉਣ ਦੇ ਨਾਂ ’ਤੇ ਉਨ੍ਹਾਂ ਨਾਲ ਜਿਨਸੀ ਛੇੜਛਾੜ ਕੀਤੀ ਜਾਂਦੀ ਹੈ। ਇਸ ਨੂੰ ਪੜ੍ਹ ਕੇ ਹੀ ਲੋਰੀ ਨੂੰ ਗਿਆਨ ਹੁੰਦਾ ਹੈ ਕਿ ਜਦੋਂ ਉਸ ਦੇ ਮਾਂ-ਪਿਓ ਉਹਦੀ ਦੇਖ-ਰੇਖ ਲਈ ਮਾਮੇ ਦੇ ਪੁੱਤ ਕੋਲ ਛੱਡਦੇ ਰਹੇ ਸਨ ਤਾਂ ਉਹ ਗ਼ਲਤ ਢੰਗ ਨਾਲ ਉਹਦੇ ਗੁਪਤ ਅੰਗਾਂ ਨੂੰ ਛੂੰਹਦਾ ਸੀ। ਮਾਂ-ਪਿਓ ਨਾਲ ਗੱਲ ਕਰਨ ’ਤੇ ਉਹ ਉਸ ਦਾ ਵਿਰੋਧ ਕਰਦੇ ਹਨ ਤੇ ਬਚਪਨ ਵਿਚ ਖਿਡਾਉਣ ਸਮੇਂ ਕਿਸੇ ਵੀ ਹਰਕਤ ਨੂੰ ਬਾਲ ਮਨ ਦਾ ਭਰਮ ਮੰਨਦੇ ਹਨ। ਉਹਦੀ ਮਾਂ ਉਹਨੂੰ ਕਹਿੰਦੀ ਹੈ ਕਿ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਛੋਟੇ ਬੱਚੇ ਨੂੰ ਅਜਿਹੀਆਂ ਗੱਲਾਂ ਕਿੱਥੇ ਚੇਤੇ ਰਹਿੰਦੀਆਂ ਹਨ। ਮਾਨਸਿਕ ਉਲਝਣਾਂ ਵਿਚ ਫਸੀ ਲੋਰੀ ਆਪਣੇ ਪਰਿਵਾਰਕ ਡਾਕਟਰ ਤੋਂ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਸਰਟੀਫਿਕੇਟ ਲੈ ਲੈਂਦੀ ਹੈ। ਇਸੇ ਦੌਰਾਨ ਆਪਣੇ ਮਾਮੇ ਦੇ ਪੁੱਤ ਨੂੰ ਉਹਦੇ ਨਾਲ ਕੀਤੀਆਂ ਘਟੀਆ ਹਰਕਤਾਂ ਬਾਰੇ ਲਾਹਨਤਾਂ ਪਾਉਂਦੀ ਹੈ ਤੇ ਮੁਆਫ਼ੀ ਮੰਗਣ ਲਈ ਕਹਿੰਦੀ ਹੈ, ਪਰ ਉਹ ਨਹੀਂ ਮੰਨਦਾ। ਲੋਰੀ ਦਾ ਪਿਓ ਆਪਣੀ ਧੀ ਨਾਲ ਅੱਖ ਮਿਲਾਉਣ ਤੋਂ ਡਰਦਾ ਵਾਪਸ ਭਾਰਤ ਚਲਾ ਜਾਂਦਾ ਹੈ। ਲੋਰੀ ਘਰ ਛੱਡ ਕੇ ਯੂਨੀਵਰਸਿਟੀ ਚਲੀ ਜਾਂਦੀ ਹੈ। ਨਾਟਕ ਦੇ ਅੰਤ ਵਿਚ ਲੋਹੜੀ ਵਾਲੇ ਦਿਨ ਭੁੱਗੇ ਵਿਚ ਤਿਲ ਸੁੱਟਦੇ ਸਮੇਂ ਮਾਂ ਲੋਰੀ ਨੂੰ ਕਹਿੰਦੀ ਹੈ ਉਹ ਗੈਰੀ (ਮਾਮੇ ਦਾ ਪੁੱਤ) ਨੂੰ ਮੁਆਫ਼ ਕਰ ਦੇਵੇ, ਕਿਉਂਕਿ ਗੱਲ ਬਾਹਰ ਆਉਣ ’ਤੇ ਖ਼ਾਨਦਾਨ ਦੀ ਬਦਨਾਮੀ ਹੋ ਜਾਵੇਗੀ। ਲੋਰੀ ਮਾਂ ਨੂੰ ਕਹਿੰਦੀ ਹੈ ਕਿ ਉਹ ਮੁਆਫ਼ੀ ਦੇ ਦੇਵੇਗੀ, ਪਰ ਉਦੋਂ ਜਦੋਂ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਹਰੇਕ ਅਜਿਹੇ ਵਿਅਕਤੀ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ।
ਅਜਿਹੇ ਨਾਜ਼ੁਕ ਵਿਸ਼ੇ ’ਤੇ ਨਾਟਕ ਲਿਖਣਾ ਤੇ ਮੰਚ ’ਤੇ ਖੇਡਣਾ ਸੌਖਾ ਕੰਮ ਨਹੀਂ, ਪਰ ਲੇਖਕ ਅਜਮੇਰ ਰੋਡੇ ਤੇ ਨਿਰਦੇਸ਼ਕ ਗੁਰਦੀਪ ਭੁੱਲਰ ਨੇ ਅਜਿਹਾ ਕਰ ਵਿਖਾਇਆ ਹੈ। ਨਾਟਕ ਦੇ ਕਲਾਕਾਰ ਸੁਖਜੀਤ, ਦਰਸ਼ਪ੍ਰੀਤ, ਮਨਪ੍ਰੀਤ ਸੁਖਵਿੰਦਰ ਤੱਖੜ, ਗੁਰਨਾਮ ਥਾਂਦੀ, ਬਿੰਦਰ ਰੋਡੇ ਤੇ ਭਵਨਦੀਪ ਦੀ ਪੇਸ਼ਕਾਰੀ ਵੀ ਦਿਲ ਨੂੰ ਹਲੂਣ ਦੇਣ ਵਾਲੀ ਸੀ। ਇਹ ਨਾਟਕ ਖੇਡੇ ਜਾਣ ਮੌਕੇ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਦਰਸਾਉਂਦੀ ਹੈ ਕਿ ਹੁਣ ਸਾਡੇ ਲੋਕ ਇਸ ਸਮਾਜਿਕ ਕੋਹੜ ਦੀ ਹੋਂਦ ਨੂੰ ਮੰਨਣ ਲੱਗ ਪਏ ਹਨ ਤੇ ਇਸ ਖ਼ਿਲਾਫ਼ ਕਮਰਕੱਸੇ ਕਰਨ ਨੂੰ ਤਿਆਰ ਹੋ ਰਹੇ ਹਨ।

ਸੰਪਰਕ: 73474-80380, 416-319-0551

ਕੈਨੇਡਾ ਰਹਿੰਦਾ ਅਜਮੇਰ ਰੋਡੇ ਪੰਜਾਬੀ ਦਾ ਪ੍ਰਸਿੱਧ ਕਵੀ ਤੇ ਨਾਟਕਕਾਰ ਹੈ। ਉਸ ਨੇ ਕਾਮਗਾਟਾ ਮਾਰੂ ਉੱਤੇ ਵੱਡਾ ਨਾਟਕ ਅਤੇ ਕਈ ਇਕਾਂਗੀ (ਕਿਤਾਬ ‘ਦੂਜਾ ਪਾਸਾ’) ਲਿਖੇ ਹਨ। ਉਸ ਦੀ ਆਪਣੀ ਕਵਿਤਾ ਦੀਆਂ ਕਿਤਾਬਾਂ ‘ਸੁਰਤਿ’, ‘ਸ਼ੁਭਚਿੰਤਨ’ ਤੇ ‘ਲੀਲਾ’ (ਨਵਤੇਜ ਭਾਰਤੀ ਨਾਲ ਸਾਂਝੀ) ਨਾਲ ਪੰਜਾਬੀ ਕਾਵਿ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ ਹਨ।


Comments Off on ਬਾਲ-ਰੂਹ ਦੀ ਵੇਦਨਾ ਬਿਆਨ ਕਰਦਾ ਪੰਜਾਬੀ ਨਾਟਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.