ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On December - 26 - 2018

ਰੋਬੋਟ ਦੇ ਫਾਇਦੇ ਵੀ, ਨੁਕਸਾਨ ਵੀ

ਰੋਬੋਟ ਦੀ ਲੋੜ ਉਥੇ ਮਹਿਸੂਸ ਹੁੰਦੀ ਹੈ, ਜਿੱਥੇ ਕੰਮ ਦੀ ਬਹੁਤਾਤ ਤੇ ਕਾਮਿਆਂ ਦੀ ਘਾਟ ਹੋਵੇ। ਭਾਰਤ ਵਿਚ ਕਾਮਿਆਂ ਦੀ ਕੋਈ ਥੁੜ ਨਹੀਂ। ਇਸ ਪੱਖ ਤੋਂ ਭਾਰਤ ਨੂੰ ਰੋਬੋਟਾਂ ਦੀ ਕੋਈ ਲੋੜ ਨਹੀਂ ਜਾਪਦੀ, ਪਰ ਅੱਜ ਦੇ ਇਸ ਤਕਨਾਲੋਜੀ ਦੇ ਯੁੱਗ ਵਿਚ ਭਾਰਤ ਨੂੰ ਵਿਕਸਿਤ ਦੇਸ਼ਾਂ ਦੇ ਬਰਾਬਰ ਖੜ੍ਹਾ ਕਰਨ ਲਈ ਰੋਬੋਟ ਸਮੇਂ ਦੀ ਮੁੱਖ ਲੋੜ ਹੈ। ਜੇਕਰ ਭਾਰਤ, ਰੋਬੋਟ ਦੀ ਵਰਤੋਂ ਨਹੀਂ ਕਰਦਾ ਤਾਂ ਇਹ ਬਾਕੀ ਦੇਸ਼ਾਂ ਤੋਂ ਬਹੁਤ ਪੱਛੜ ਜਾਵੇਗਾ ਅਤੇ ਬਾਕੀ ਦੇਸ਼ ਇਸ ’ਤੇ ਭਾਰੂ ਪੈ ਜਾਣਗੇ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਭਾਰਤ ’ਚ ਰੋਬੋੋਟ ਕੰਮ ਕਰਨਗੇ, ਪਰ ਸੋਚਣ ਵਾਲੀ ਗੱਲ ਹੈ ਕਿ ਇਹ ਰੋਬੋਟ ਆਉਣਗੇ ਕਿੱਥੋਂ? ਕੀ ਭਾਰਤ, ਅਮਰੀਕਾ ਜਾਂ ਜਾਪਾਨ ਤੋਂ ਰੋਬੋਟ ਖ਼ਰੀਦੇਗਾ? ਜੇਕਰ ਅਜਿਹਾ ਕਰੇਗਾ ਤਾਂ ਉਸ ਲਈ ਇਹ ਸੱਪ ਤੋਂ ਬਚਦਿਆਂ ਸੀਂਹ ਦਾ ਸ਼ਿਕਾਰ ਬਣਨ ਵਾਲੀ ਗੱਲ ਹੋਵੇਗੀ। ਜੇਕਰ ਇਹ ਸੋਚਿਆ ਜਾਵੇ ਕਿ ਰੋਬੋਟ ਭਾਰਤ ਵਿਚ ਹੀ ਤਿਆਰ ਕੀਤੇ ਜਾਣਗੇ ਤਾਂ ਫਿਰ ਸਵਾਲ ਉੱਠਦਾ ਹੈ ਕਿ ਭਾਰਤ ਵਿਚ ਰੋਬੋਟ ਨੂੰ ਤਿਆਰ ਕੌਣ ਕਰੇਗਾ? ਭਾਰਤ ਦੇ ਨੌਜਵਾਨ ਤਾਂ 12ਵੀਂ ਤੋਂ ਬਾਅਦ ਵਿਦੇਸ਼ ਜਾਣ ਨੂੰ ਤਿਆਰ ਰਹਿੰਦੇ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਵਰਗ ਲਈ ਰੋਬੋਟ ਤਕਨਾਲੋਜੀ ਖੇਤਰ ਦੇ ਕੋਰਸ ਲੈ ਕੇ ਆਵੇ।
ਹਰਵਿੰਦਰ ਸਿੰਘ ਰੋਡੇ, ਪਿੰਡ ਰੋਡੇ (ਮੋਗਾ)

ਅਜੇ ਰੋਬੋਟਾਂ ਦੀ ਲੋੜ ਨਹੀਂ

ਵਿਕਸਿਤ ਮੁਲਕਾਂ ਵਿਚ ਰੋਬੋਟ ਉਹ ਸਾਰੇ ਕੰਮ ਕਰ ਰਹੇ ਹਨ, ਜਿਹੜੇ ਕੰਮ ਇਨਸਾਨ ਕਰਦੇ ਹਨ। ਭਾਰਤ ਦੇ ਸੰਦਰਭ ਵਿਚ ਦੇਖਿਆ ਜਾਵੇ ਤਾਂ ਹਾਲੇ ਇਸ ਤਕਨੀਕ ਦੀ ਜ਼ਿਆਦਾ ਲੋੜ ਨਹੀਂ ਜਾਪਦੀ। ਜੇਕਰ ਭਾਰਤ ਦੇ ਸ਼ਹਿਰਾਂ ਦੀ ਹਾਲਤ ਤੇ ਸਮੁੱਚੀ ਕਾਰਜਪ੍ਰਣਾਲੀ ਵੇਖੀ ਜਾਵੇ ਤਾਂ ਅਸੀਂ ਆਪਣੇ ਆਪ ਨੂੰ ਕਈ ਸਮੱਸਿਆਵਾਂ ਵਿਚ ਘਿਰੇ ਮਹਿਸੂਸ ਕਰਦੇ ਹਾਂ। ਉੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਜਿਹੇ ਹਾਲਾਤ ਵਿਚ ਸਾਨੂੰ ਕਿਸੇ ਰੋਬੋਟ ਦੀ ਲੋੜ ਨਹੀਂ। ਕਈ ਪਿੰਡਾਂ ਵਿਚ ਤਾਂ ਅਜੇ ਬਿਜਲੀ ਦੀ ਸਪਲਾਈ ਦੀ ਸਮੱਸਿਆ ਹੱਲ ਨਹੀਂ ਹੋਈ, ਉੱਥੇ ਰੋਬੋਟ ਵਰਗੀਆਂ ਸਹੂਲਤਾਂ ਦਾ ਕੀ ਮਹੱਤਵ ਹੋ ਸਕਦਾ ਹੈ?
ਬਿਕਰਮਜੀਤ ਸਿੰਘ, ਬਾਜ਼ਾਰ ਲੁਹਾਰਾਂ, ਅੰਮ੍ਰਿਤਸਰ

ਬੁਢਾਪੇ ਦਾ ਸਹਾਰਾ ਬਣਨਗੇ ਰੋਬੋਟ

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਰੋਬੋਟ ਆਈਟੀ ਦਾ ਨਵਾਂ ਖੇਤਰ ਹੈ, ਜੋ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਵਿਚ ਕਈ ਕੰਪਨੀਆਂ ਰੋਬੋਟਸ ਬਾਰੇ ਕੰਮ ਕਰ ਰਹੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਰੁਜ਼ਗਾਰ ਦੇ ਮੌਕੇ ਨਿਸ਼ਚਿਤ ਤੌਰ ’ਤੇ ਵਧਣਗੇ। ਵਿਦੇਸ਼ ਜਾ ਕੇ ਰੋਬੋਟਸ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਸ ਖੇਤਰ ਵਿਚ ਨੌਕਰੀਆਂ ਦੀ ਭਰਮਾਰ ਹੈ। ਦੁਨੀਆਂ ਭਰ ਵਿਚ 16 ਲੱਖ ਤੋਂ ਵੱਧ ਰੋਬੋਟਸ ਬਣ ਚੁੱਕੇ ਹਨ। ਰੋਬੋਟ ਭਵਿੱਖ ਵਿਚ ਬੁਢਾਪੇ ਦਾ ਸਹਾਰਾ ਵੀ ਬਣ ਸਕਦਾ ਹੈ। ਅਜਿਹੇ ਰੋਬੋਟਸ ’ਤੇ ਕੰਮ ਹੋ ਰਿਹਾ ਹੈ, ਜੋ ਬਿਮਾਰਾਂ ਤੇ ਬਜ਼ੁਰਗਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੇ।
ਸ ਸ ਸੈਣੀ, ਪਿੰਡ ਦੇਸੂ ਮਾਜਰਾ (ਮੁਹਾਲੀ)

ਪਹਿਲਾਂ ਸਮਾਜਿਕ ਬੁਰਾਈਆਂ ਦੇ ਖਾਤਮੇ ਦੀ ਲੋੜ

ਸਾਡਾ ਦੇਸ਼ ਰਿਸ਼ੀਆਂ-ਮੁਨੀਆਂ ਤੇ ਪੀਰਾਂ-ਫਕੀਰਾਂ ਦੀ ਪਵਿੱਤਰ ਧਰਤੀ ਹੈ। ਗੁਰੂ ਸਾਹਿਬਾਨ ਨੇ ਕਿਰਤ ਕਰਨ ਦੀ ਸਿੱਖਿਆ ਦਿੱਤੀ ਹੈ। ਕਿਰਤ ਨਾਲ ਜਿੱਥੇ ਮਾਨਸਿਕ ਤੌਰ ’ਤੇ ਸਕੂਨ ਮਿਲਦਾ ਹੈ, ਉੱਥੇ ਇਨਸਾਨ ਸਰੀਰਕ ਪੱਖੋਂ ਵੀ ਨਰੋਆ ਰਹਿੰਦਾ ਹੈ। ਭਾਰਤ ਵਿਚ ਰੋਬੋਟ ਤਕਨੀਕ ਦਾ ਭਵਿੱਖ ਉਜਵਲ ਬਣਾਉਣ ਤੋਂ ਪਹਿਲਾਂ ਦੇਸ਼ ਦੀਆਂ ਮੁੱਖ ਸਮੱਸਿਆਵਾਂ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ ਤੇ ਨਸ਼ੇ ਆਦਿ ਦਾ ਖਾਤਮਾ ਜ਼ਰੂਰੀ ਹੈ, ਜੋ ਫਿਲਹਾਲ ਹੁੰਦਾ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਤਕਨੀਕ ਦੇ ਆਉਣ ਨਾਲ ਮਨੁੱਖੀ ਜੀਵਨ ਸਰਲ ਹੁੰਦਾ ਹੈ, ਪਰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਤਕਨੀਕ ਦੇ ਆਉਣ ਨਾਲ ਕੀ ਗੁਆਇਆ ਹੈ। ਦੇਸ਼ ’ਚ ਪਹਿਲਾਂ ਬੇਰੁਜ਼ਗਾਰੀ ਖਤਮ ਕਰਨ ਦੀ ਲੋੜ ਹੈ।
ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਪਟਿਆਲਾ

ਫਾਇਦੇ ਲਈ ਵਰਤੋਂ ਹੋਵੇ

ਤਕਨਾਲੋਜੀ ਦੇ ਯੁੱਗ ਵਿਚ ਰੋਬੋਟ ਦੇਸ਼ ਦੀ ਤਰੱਕੀ ਤੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਰੋਬੋਟ ਮਨੁੱਖਤਾ ਲਈ ਵਰਦਾਨ ਸਿੱਧ ਹੋ ਸਕਦਾ ਹੈ, ਜੇ ਇਸ ਦੀ ਵਰਤੋਂ ਸਰਹੱਦਾਂ, ਪੁਲਾੜ, ਸਮੁੰਦਰ ਦੇ ਅੰਦਰ, ਸੀਵਰੇਜ ਦੀ ਸਫ਼ਾਈ ਆਦਿ ਕੰਮਾਂ ਲਈ ਕੀਤੀ ਜਾਵੇ, ਜਿਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਦੂਜੇ ਪਾਸੇ, ਇਸ ਦੀ ਲੋੜ ਤੋਂ ਵੱਧ ਵਰਤੋਂ ਸਰਾਪ ਸਿੱਧ ਹੋ ਸਕਦੀ ਹੈ। ਰੋਬੋਟ ਦਾ ਕੰਟਰੋਲ ਮਨੁੱਖ ਨੂੰ ਆਪਣੇ ਅਧੀਨ ਹੀ ਰੱਖਣਾ ਚਾਹੀਦਾ ਹੈ, ਇਸ ਵਿਚ ਆਪਣੀ ਸੋਚਣ ਸ਼ਕਤੀ ਪੈਦਾ ਕਰਨਾ ਮਨੁੱਖੀ ਜਾਤੀ ਲਈ ਖ਼ਤਰਨਾਕ ਹੋ ਸਕਦਾ ਹੈ।
ਪ੍ਰਿਤਪਾਲ ਸਿੰਘ ਨੱਤ, ਪਿੰਡ ਮੈਹਸ, ਨਾਭਾ (ਪਟਿਆਲਾ)


Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.