ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਝੂਠੀ ਅਣਖ਼ ਖ਼ਾਤਰ ਕਤਲ

Posted On December - 6 - 2018

ਕਈ ਸੂਬਿਆਂ ਖ਼ਾਸ ਤੌਰ ਉੱਤੇ ਹਰਿਆਣਾ ਵਿਚ ਝੂਠੀ ਅਣਖ਼ ਖਾਤਰ ਕਤਲਾਂ ਦਾ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਿਸਾਰ ਜ਼ਿਲ੍ਹੇ ਦੀ ਅਦਾਲਤ ਨੇ ਆਪਣੀ ਹੀ ਭੈਣ ਦਾ ਕਤਲ ਕਰ ਦੇਣ ਵਾਲੇ ਭਰਾ ਨੂੰ ਮੌਤ ਦੀ ਸਜ਼ਾ ਸੁਣਾਉਣ ਨਾਲ ਇਹ ਮੁੱਦਾ ਮੁੜ ਚਰਚਾ ਵਿਚ ਆਇਆ ਹੈ। ਸੂਬੇ ਵਿਚ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਨਹੀਂ ਹੈ, 2010 ਵਿਚ ਕਰਨਾਲ ਜ਼ਿਲ੍ਹੇ ਦੇ ਮਨੋਜ-ਬਬਲੀ ਮਾਮਲੇ ਵਿਚ ਬਬਲੀ ਦੇ ਪੰਜ ਪਰਿਵਾਰਕ ਮੈਂਬਰਾਂ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਦਿੱਤੀ ਸੀ। ਹਾਲੀਆ ਮਾਮਲੇ ਵਿਚ ਹਿਸਾਰ ਜ਼ਿਲ੍ਹੇ ਦੇ ਜਾਟ ਪਰਿਵਾਰ ਦੀ ਲੜਕੀ ਕਿਰਨ ਰਾਣੀ ਨੇ ਅਗਸਤ 2015 ਨੂੰ ਰੋਹਤਾਸ ਸੈਣੀ ਨਾਮ ਦੇ ਲੜਕੇ ਨਾਲ ਸਨਾਤਨ ਧਰਮ ਚੈਰੀਟੇਬਲ ਟਰੱਸਟ ਹਿਸਾਰ ਵਿਖੇ ਸ਼ਾਦੀ ਕਰਵਾ ਲਈ। ਸ਼ਾਦੀ ਤੋਂ ਪਿੱਛੋਂ ਕਿਰਨ ਮਾਪਿਆਂ ਘਰ ਚਲੀ ਗਈ ਪਰ ਮਾਪਿਆਂ ਨੂੰ ਪਤਾ ਲੱਗਣ ਦੀ ਦੇਰ ਸੀ ਕਿ ਉਹਦੇ ਭਰਾ ਨੇ ਉਸ ਦਾ ਕਤਲ ਕਰਕੇ ਸਸਕਾਰ ਕਰਵਾ ਦਿੱਤਾ।
ਆਪਣੇ ਘਰ ਮਹਿਫ਼ੂਜ਼ ਨਾ ਰਹਿਣ ਦੇ ਖ਼ਦਸ਼ੇ ਦੇ ਕਾਰਨ ਹੀ ਕਿਰਨ, ਟਰੱਸਟ ਦੇ ਅਹੁਦੇਦਾਰ ਨੂੰ ਇਹ ਲਿਖਤ ਦੇ ਆਈ ਸੀ ਕਿ ਜੇ ਉਹ ਲੰਮਾ ਸਮਾਂ ਸੰਪਰਕ ਨਾ ਕਰ ਸਕੀ ਤਾਂ ਸਮਝਿਆ ਜਾਵੇ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਤਫ਼ਤੀਸ਼ ਦੌਰਾਨ ਪੁਲੀਸ ਦੇ ਹੱਥ ਸੂਬਤ ਲੱਗੇ ਅਤੇ ਕਾਤਲ ਨੂੰ ਸਜ਼ਾ ਹੋ ਗਈ। ਇਹ ਰੁਝਾਨ ਦਰਸਾਉਂਦਾ ਹੈ ਕਿ ਤਮਾਮ ਤਰ੍ਹਾਂ ਦੀ ਆਧੁਨਿਕਤਾ ਸਮਾਜ ਵਿਚਲੀ ਜਾਤ ਪ੍ਰਥਾ ਦੀਆਂ ਡੂੰਘੀਆਂ ਜੜ੍ਹਾਂ ਨੂੰ ਹਲੂਣਾ ਨਹੀਂ ਦੇ ਸਕੀ। ਇਹ ਅਜੀਬ ਮਾਨਸਿਕਤਾ ਹੈ ਕਿ ਖ਼ੂਨ ਦਾ ਰਿਸ਼ਤਾ ਝੂਠੀ ਅਣਖ ਕਾਰਨ ਦੁਸ਼ਮਣੀ ਦਾ ਰੂਪ ਲੈ ਲੈਂਦਾ ਹੈ ਅਤੇ ਗੁਨਾਹਗਾਰ ਨੂੰ ਕੋਈ ਅਫ਼ਸੋਸ ਵੀ ਨਹੀਂ ਹੁੰਦਾ। ਆਮ ਤੌਰ ਉੱਤੇ ਪਰਿਵਾਰ ਵੀ ਅਜਿਹੇ ਜੁਰਮ ਲਈ ਸਹਿਮਤੀ ਦਿੰਦੇ ਹਨ। ਇਹ ਵਰਤਾਰੇ ਇਸ ਲਈ ਵਾਪਰਦੇ ਹਨ ਕਿ ਸਮਾਜ ਵਿਚ ਮਰਦ ਦਾ ਰੁਤਬਾ ਔਰਤ ਤੋਂ ਉੱਚਾ ਸਮਝਿਆ ਜਾਂਦਾ ਹੈ ਅਤੇ ਸਭ ਕੁਝ ਮਰਦ-ਪ੍ਰਧਾਨ ਸੋਚ ਅਧੀਨ ਤੈਅ ਹੁੰਦਾ ਹੈ।
ਸੰਵਿਧਾਨਕ ਤੌਰ ਉੱਤੇ ਮਿਲੇ ਬੁਨਿਆਦੀ ਅਧਿਕਾਰਾਂ ਅਨੁਸਾਰ ਕਿਸੇ ਨਾਲ ਵੀ ਧਰਮ, ਜਾਤ, ਲਿੰਗ, ਗਰੀਬ, ਅਮੀਰ ਜਾਂ ਕਿਸੇ ਹੋਰ ਆਧਾਰ ਉੱਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕਾਨੂੰਨ ਨਾਲ ਟਕਰਾਉਂਦੀ ਹਰ ਮਾਨਤਾ ਜਾਂ ਕਾਰਗੁਜ਼ਾਰੀ ਸਜ਼ਾਯੋਗ ਅਪਰਾਧ ਹੈ ਪਰ ਆਪਣੀ ਮਰਜ਼ੀ ਮੁਤਾਬਿਕ ਰਹਿਣ, ਵਿਚਰਨ, ਸ਼ਾਦੀ ਕਰਨ ਵਰਗੇ ਅਧਿਕਾਰ ਰਵਾਇਤੀ ਸਮਾਜਿਕ ਤਾਣੇ-ਬਾਣੇ ਸਾਹਮਣੇ ਹਥਿਆਰ ਸੁੱਟਦੇ ਨਜ਼ਰ ਆਉਂਦੇ ਹਨ। ਹਰਿਆਣਾ ਅੰਦਰ ਖ਼ਾਪ ਪੰਚਾਇਤਾਂ ਦਾ ਦਬਦਬਾ ਕਾਨੂੰਨ ਉੱਤੇ ਭਾਰੀ ਪੈਂਦਾ ਹੈ। ਪੰਜਾਬ ਅਤੇ ਹਰਿਆਣਾ ਧੀਆਂ ਨੂੰ ਕੁੱਖ ਵਿਚ ਮਾਰਨ ਦਾ ਕਲੰਕ ਝੱਲ ਰਹੇ ਹਨ। ਇਸੇ ਕਰਕੇ ਕੁੜੀਆਂ ਮੁੰਡਿਆਂ ਵਿਚਲਾ ਅਨੁਪਾਤ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ। ਇਹ ਕੇਵਲ ਕੁੱਝ ਕੇਸਾਂ ਵਿਚ ਸਜ਼ਾ ਹੋ ਜਾਣ ਦਾ ਮਾਮਲਾ ਨਹੀਂ ਹੈ, ਬਲਕਿ ਵੱਡਾ ਮਾਮਲਾ ਔਰਤ ਪ੍ਰਤੀ ਦ੍ਰਿਸ਼ਟੀਕੋਣ ਬਦਲਣਾ ਹੈ। ਮੁੰਡੇ ਅਤੇ ਕੁੜੀ ਵਿਚ ਫ਼ਰਕ ਨਾ ਕਰਨ ਦੀ ਨਸੀਹਤ ਹੀ ਨਹੀਂ ਬਲਕਿ ਇਨਸਾਨ ਹੋਣ ਦੇ ਨਾਤੇ ਦੋਵਾਂ ਨੂੰ ਜਾਇਦਾਦ, ਸਿਆਸਤ, ਅਰਥ ਵਿਵਸਥਾ ਅਤੇ ਸਮਾਜਿਕ ਪੱਧਰ ਉੱਤੇ ਬਰਾਬਰ ਦੇ ਅਧਿਕਾਰ ਨਾਲ ਹੀ ਵਿਤਕਰਾ ਬੰਦ ਹੋ ਸਕਦਾ ਹੈ। ਇਸ ਦਿਸ਼ਾ ਵਿਚ ਹਰ ਪੱਧਰ ਉੱਤੇ ਸੰਵਾਦ ਰਚਾਉਣ ਦੀ ਲੋੜ ਹੈ। ਕਾਨੂੰਨ ਦੇ ਰਾਜ ਦੀ ਬਹਾਲੀ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਨਾਲ ਹੀ ਸੰਭਵ ਹੋਵੇਗੀ।


Comments Off on ਝੂਠੀ ਅਣਖ਼ ਖ਼ਾਤਰ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.