ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਜਵਾਨੀ ਵੇਲੇ

Posted On December - 19 - 2018

ਜਵਾਂ ਤਰੰਗ ਪੰਨੇ ’ਤੇ ਨਵਾਂ ਕਾਲਮ ‘ਜਵਾਨੀ ਵੇਲੇ’ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਕਾਲਮ ਵਿਚ ਸਿਆਸਤਦਾਨਾਂ, ਕਿਸਾਨ, ਮਜ਼ਦੂਰ ਜਾਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ, ਲੇਖਕਾਂ ਤੇ ਹੋਰ ਹਸਤੀਆਂ ਨੂੰ ਆਪਣੀ ਜਵਾਨੀ ਵੇਲੇ ਦੀ ਅਭੁੱਲ ਯਾਦ, ਕਿਸੇ ਸੰਘਰਸ਼ ਦੀ ਦਾਸਤਾਨ ਜਾਂ ਕੋਈ ਹੋਰ ਦਿਲਚਸਪ ਘਟਨਾ ਬਿਆਨ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। -ਸੰਪਾਦਕ

ਡਾ. ਐੱਸ ਤਰਸੇਮ

ਮੈਂ ਆਰੀਆ ਹਾਈ ਸਕੂਲ ਵਿਚ ਅਧਿਆਪਕ ਲੱਗਿਆ ਹੋਇਆ ਸਾਂ। ਸਾਰਾ ਸਾਲ ਠੀਕ ਲੰਘ ਜਾਂਦਾ, ਜੇ ਆਰੀਆ ਪ੍ਰਤੀਨਿਧ ਸਭਾ ਦਾ ਇਕ ਪੱਤਰ ਆ ਕੇ ਰੰਗ ਵਿਚ ਭੰਗ ਨਾ ਪਾਉਂਦਾ। ਪੱਤਰ ਵਿਚ ਹੁਕਮ ਸੀ ਕਿ ਅਧਿਆਪਕ, ਸਭ ਨੂੰ 1960 ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਪ੍ਰੇਰਿਤ ਕਰਨ। ਹੈੱਡਮਾਸਟਰ ਨੇ ਇਸ ਪੱਤਰ ਦੀ ਇੰਨ-ਬਿੰਨ ਪਾਲਣਾ ਲਈ ਇਸ ਨੂੰ ਚਪੜਾਸੀ ਰਾਹੀਂ ਅਧਿਆਪਕਾਂ ਨੂੰ ਭੇਜ ਦਿੱਤਾ। ਜਦੋਂ ਚਿੱਠੀ ਮੇਰੇ ਕੋਲ ਪੁੱਜੀ ਤਾਂ ਪੜ੍ਹ ਕੇ ਮੈਨੂੰ ਤਾਅ ਜਿਹਾ ਆ ਗਿਆ। ਮੈਂ ਚਿੱਠੀ ਉਤੇ ਹੀ ਲਿਖ ਦਿੱਤਾ-ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਤੇ ਦਸਤਖ਼ਤ ਕਰ ਦਿੱਤੇ।
ਹੈੱਡਮਾਸਟਰ ਸਾਹਿਬ ਨੂੰ ਪੰਜਾਬੀ ਨਹੀਂ ਸੀ ਆਉਂਦੀ। ਜਦੋਂ ਚਿੱਠੀ ਵਾਪਸ ਹੈੱਡਮਾਸਟਰ ਕੋਲ ਪੁੱਜੀ ਤਾਂ ਪਤਾ ਨਹੀਂ ਉਨ੍ਹਾਂ ਕਿਸ ਤੋਂ ਚਿੱਠੀ ਉਤੇ ਪੰਜਾਬੀ ਵਿਚ ਮੇਰਾ ਲਿਖਿਆ ਨੋਟ ਪੜ੍ਹਵਾਇਆ ਤੇ ਮੈਨੂੰ ਕਲਾਸ ’ਚੋਂ ਤੁਰੰਤ ਬੁਲਾ ਲਿਆ। ਮੈਨੂੰ ਪਤਾ ਸੀ ਕਿ ਮੇਰੇ ਇਸ ਵਾਕ ਨਾਲ ਹੈੱਡਮਾਸਟਰ ਜ਼ਰੂਰ ਗੁੱਸੇ ਵਿਚ ਆਵੇਗਾ। ਜਦੋਂ ਮੈਂ ਦਫ਼ਤਰ ਵਿਚ ਗਿਆ ਤਾਂ ਉਨ੍ਹਾਂ ਨੂੰ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ ਹੋਵੇ ਤੇ ਆਖ਼ਰ ਮੈਨੂੰ ਕਹਿਣਾ ਹੀ ਪਿਆ, ‘‘ਮੈਂ ਸੱਚ ਲਿਖਿਆ ਹੈ ਤੇ ਮੈਂ ਆਪਣੇ ਹੱਥੀਂ ਸੱਚ ਦਾ ਕਤਲ ਨਹੀਂ ਕਰਾਂਗਾ।’’ ਇਹ ਕਹਿ ਕੇ ਮੈਂ ਆਪਣੀ ਕਲਾਸ ਵਿਚ ਚਲਾ ਗਿਆ। ਕੁਝ ਮਿੰਟਾਂ ਪਿੱਛੋਂ ਹੀ ਮੇਰੇ ਪਾਸ ਆਰਡਰ ਬੁੱਕ ’ਤੇ ਜੋ ਕੁਝ ਅੰਗਰੇਜ਼ੀ ਵਿਚ ਲਿਖ ਕੇ ਭੇਜਿਆ ਗਿਆ, ਉਸ ਵਿਚ ਆਗਿਆ ਪਾਲਣ ਨਾ ਕਰਨ ਦੇ ਸਬੱਬ ਮੇਰੀ ਸਕੂਲ ਵਿਚੋਂ ਬਰਤਰਫੀ ਸੀ। ਮੈਂ ਆਰਡਰ ਬੁੱਕ ’ਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ। ਸੱਤਪਾਲ ਗੁਪਤਾ ਅਤੇ ਹਰਚਰਨ ਦਾਸ ਕਪਲਾ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਜੋ ਕੁਝ ਕੀਤਾ ਸੀ, ਸਮਝ-ਸੋਚ ਕੇ ਹੀ ਕੀਤਾ ਸੀ। ਮੈਂ ਉਨ੍ਹਾਂ ਦਾ ਮੁਆਫ਼ੀ ਮੰਗਣ ਦਾ ਸੁਝਾਅ ਰੱਦ ਕਰ ਦਿੱਤਾ। ਵਿਦਿਆਰਥੀਆਂ ਨੂੰ ਪਤਾ ਨਹੀਂ ਇਹ ਗੱਲ ਕਿਵੇਂ ਪਤਾ ਲੱਗ ਗਈ ਸੀ। ਸਾਰੇ ਮੁੰਡੇ ਕਲਾਸਾਂ ਛੱਡ ਕੇ ਬਾਹਰ ਆ ਗਏ ਸਨ। ਸਿਰਫ਼ ਨੌਵੀਂ-ਦਸਵੀਂ ਦੀਆਂ ਕੁੜੀਆਂ ਹੀ ਕਲਾਸ ਵਿਚ ਰਹਿ ਗਈਆਂ ਸਨ। ਗੱਲ ਸਕੂਲ ਬੰਦ ਹੋਣ ਤੋਂ ਪਹਿਲਾਂ ਹੀ ਸਾਰੀ ਮੰਡੀ ਵਿਚ ਫੈਲ ਗਈ ਸੀ। ਪੰਡਿਤ ਗੋਵਰਧਨ ਦਾਸ ਜੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਹੈੱਡਮਾਸਟਰ ਨੂੰ ਇਹ ਫ਼ੈਸਲਾ ਵਾਪਸ ਲੈਣ ਲਈ ਕਿਹਾ। ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਨੇ ਵੀ ਹੈੱਡਮਾਸਟਰ ਦੇ ਇਸ ਐਕਸ਼ਨ ਨੂੰ ਕਾਹਲ ਵਿਚ ਚੁੱਕਿਆ ਕਦਮ ਆਖਿਆ। ਪਤਾ ਨਹੀਂ ਰਾਤੋ-ਰਾਤ ਕੀ ਹੋਇਆ, ਹੈੱਡਮਾਸਟਰ ਖ਼ੁਦ ਮੇਰੇ ਘਰ ਆਏ ਤੇ ਪਹਿਲਾਂ ਵਾਂਗ ਸਕੂਲ ਆਉਣ ਲਈ ਕਿਹਾ। ਹੋਰ ਵੀ ਬੜਾ ਉਪਦੇਸ਼ ਝਾੜਿਆ। ਸ਼ਹਿਰ ਦੇ ਕੁਝ ਪਤਵੰਤਿਆਂ ਦੀ ਇਹ ਗੱਲ ਸ਼ਾਇਦ ਹੈੱਡਮਾਸਟਰ ਨੂੰ ਜਚ ਗਈ ਸੀ, ‘‘ ਗੋਇਲ ਸਾਹਿਬ (ਹਰਬੰਸ ਲਾਲ ਗੋਇਲ, ਮੇਰਾ ਵੱਡਾ ਭਰਾ) ਆਪਾਂ ਨੂੰ ਕੀ ਕਹਿਣਗੇ। ਤਰਸੇਮ ਨੇ ਤਾਂ ਨਿਆਣੀ-ਮੱਤ ਕਰ ਦਿੱਤੀ, ਤੁਸੀਂ ਤਾਂ ਸਿਆਣੇ ਹੋ। ਜਿੰਨਾ ਚਿਰ ਗੋਇਲ ਸਾਹਿਬ ਨਹੀਂ ਆਉਂਦੇ, ਕੋਈ ਐਸੀ ਵੈਸੀ ਗੱਲ ਨਹੀਂ ਹੋਣੀ ਚਾਹੀਦੀ। ਮੁੰਡਾ ਪੜ੍ਹਾਉਣ ਵਿਚ ਇਕ ਨੰਬਰ ਐ, ਸੁਭਾ ਦਾ ਈ ਤੇਜ਼ ਐ।’’ ਮੈਨੂੰ ਪਿੱਛੋਂ ਪਤਾ ਲੱਗਾ ਕਿ ਅਸਲ ਵਿਚ ਇਹ ਗੱਲ ਲਾਲਾ ਸਾਧੂ ਰਾਮ ਨੇ ਕਹੀ ਸੀ, ਜਿਸ ਦਾ ਆਰੀਆ ਸਕੂਲ ਦੀ ਇਮਾਰਤ ਬਣਾਉਣ ਲਈ ਸਾਰੀ ਜ਼ਮੀਨ ਦਾਨ ਦੇਣ ਕਾਰਨ ਹੈੱਡਮਾਸਟਰ ਉਤੇ ਅਤੇ ਸ਼ਹਿਰ ’ਚ ਬੜਾ ਪ੍ਰਭਾਵ ਸੀ। ਲਾਲਾ ਸਾਧੂ ਰਾਮ ਭਾਵੇਂ ਸਾਡੇ ਖ਼ਾਨਦਾਨ ਵਿਚੋਂ ਤਾਂ ਨਹੀਂ ਸੀ, ਪਰ ਸਾਡੇ ਜੱਦੀ ਪਿੰਡ ਸ਼ਹਿਣੇ ਦਾ ਹੋਣ ਕਾਰਨ ਸਾਡਾ ਪੱਖ ਬੜਾ ਪੂਰਦਾ ਸੀ। ਪੰਡਤ ਸਿਰੀ ਰਾਮ ਅਤੇ ਉਨ੍ਹਾਂ ਦੇ ਪੜ੍ਹੇ-ਲਿਖੇ ਪੁੱਤ ਬ੍ਰਿਜ ਮੋਹਨ ਸ਼ਰਮਾ ਨੇ ਵੀ ਹੈੱਡਮਾਸਟਰ ਦੇ ਇਸ ਐਕਸ਼ਨ ਉਤੇ ਉਨ੍ਹਾਂ ਦੀ ਬੜੀ ਝਾੜ-ਝੰਬ ਕੀਤੀ ਸੀ। ਬ੍ਰਿਜ ਮੋਹਨ ਸ਼ਾਇਦ ਉਨ੍ਹਾਂ ਦਿਨਾਂ ਵਿਚ ਸਕੂਲ ਦਾ ਮੈਨੇਜਰ ਸੀ।
ਜਨਵਰੀ ਤੇ ਫਰਵਰੀ ਦੇ ਦੋ ਮਹੀਨੇ ਮੇਰੇ ’ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਗਿਆ। ਮੇਰੀ ਭੈਣ ਤਾਰਾ ਨੇ ਪ੍ਰਭਾਕਰ ਕਰਨ ਪਿੱਛੋਂ ਮੈਟ੍ਰਿਕ ਤੇ ਬੀ.ਏ. ਤੱਕ ਦੀ ਅੰਗਰੇਜ਼ੀ ਤਾਂ ਕਰ ਲਈ ਸੀ, ਪਰ ਪੂਰੀ ਮੈਟ੍ਰਿਕ ਕਰਨ ਲਈ ਉਸ ਨੂੰ ਗਣਿਤ-ਹਾਊਸ ਹੋਲਡ, ਇਤਿਹਾਸ-ਭੂਗੋਲ, ਪੰਜਾਬੀ ਤੇ ਇਕ ਹੋਰ ਚੋਣਵਾਂ ਵਿਸ਼ਾ ਕਰਨ ਦੀ ਲੋੜ ਸੀ, ਤਾਂ ਹੀ ਉਹ ਐੱਸ.ਡੀ. ਕੰਨਿਆ ਪਾਠਸ਼ਾਲਾ ਵਿਚ ਅਧਿਆਪਕਾ ਲੱਗ ਸਕਦੀ ਸੀ। ਇਸ ਲਈ ਰਾਤ ਨੂੰ ਟਿਊਸ਼ਨਾਂ ਭੁਗਤਾਉਣ ਪਿੱਛੋਂ ਅੱਧਾ ਪੌਣਾ ਘੰਟਾ ਭੈਣ ਲਈ ਵੀ ਕੱਢਣਾ ਪੈਂਦਾ ਸੀ। ਇਸ ਤੋਂ ਵੀ ਇਕ ਹੋਰ ਵੱਡੀ ਸੇਵਾ ਉਨ੍ਹੀਂ ਦਿਨੀਂ ਹੀ ਮੇਰੇ ਹਿੱਸੇ ਆਈ। ਭਾਈ ਸਾਹਿਬ ਦੀ ਛੋਟੀ ਸਾਲੀ, ਜਿਸ ਨੇ ਪ੍ਰਭਾਕਰ ਕਰਨ ਪਿੱਛੋਂ ਐਫ.ਏ. ਅੰਗਰੇਜ਼ੀ ਦਾ ਇਮਤਿਹਾਨ ਦੇਣਾ ਸੀ। ਉਸ ਉਤੇ ਵੀ ਇਕ ਘੰਟਾ ਲਾਉਣ ਦੀ ਜ਼ਿੰਮੇਵਾਰੀ ਮੇਰੇ ’ਤੇ ਆ ਗਈ ਸੀ। ਅਪਰੈਲ 1961 ਦੇ ਪਹਿਲੇ ਹਫ਼ਤੇ ਤੱਕ ਰਾਤ ਨੂੰ ਇਕ ਘੰਟੇ ਤੋਂ ਇਲਾਵਾ ਛੁੱਟੀ ਵਾਲੇ ਦਿਨ ਦੇ ਦੋ ਕੁ ਘੰਟੇ ਉਸ ਦੇ ਲੇਖੇ ਲਾਉਣੇ ਪੈਂਦੇ ਸਨ।
ਬੀ.ਏ. ਅੰਗਰੇਜ਼ੀ, ਜਿਸ ਵਿਚੋਂ ਮੈਂ ਅਪਰੈਲ ਵਿਚ ਫੇਲ੍ਹ ਹੋ ਗਿਆ ਸੀ, ਸਤੰਬਰ ਵਿਚ ਲੱਖ ਔਕੜਾਂ ਦੇ ਬਾਵਜੂਦ ਵੀ ਪਾਸ ਕਰ ਲਈ ਸੀ, ਇਸ ਲਈ ਮੈਂ ਚਾਹੁੰਦਾ ਸੀ ਕਿ ਅਪਰੈਲ 1961 ਵਿਚ ਇਕ ਚੋਣਵਾਂ ਤੇ ਇਕ ਅਖ਼ਤਿਆਰੀ ਵਿਸ਼ਾ ਲੈ ਕੇ ਬੀ.ਏ. ਵੀ ਪੂਰੀ ਕਰ ਲਵਾਂ, ਪਰ ਨਾ ਤਾਂ ਪੜ੍ਹਨ ਦਾ ਸਮਾਂ ਹੀ ਸੀ ਤੇ ਨਾ ਪੈਸਿਆਂ ਦਾ ਬੰਦੋਬਸਤ। ਜਿਨ੍ਹਾਂ ਦਿਨਾਂ ਵਿਚ ਦਾਖ਼ਲੇ ਜਾਣੇ ਸਨ, ਉਨ੍ਹਾਂ ਦਿਨਾਂ ਵਿਚ 60 ਰੁਪਏ ਦਾਖ਼ਲਾ ਭੇਜਣ ਜੋਗੇ ਵੀ ਪੈਸੇ ਜੇਬ ਵਿਚ ਨਹੀਂ ਸਨ। ਜੇ ਆਪਣੇ ਇਕ ਮਿੱਤਰ ਕੋਲ ਗੱਲ ਨਾ ਕਰਦਾ ਤੇ ਉਸ ਕੋਲੋਂ ਪਹਿਲੇ ਬੋਲ ਹੀ ਇਹ ਰਕਮ ਮੈਨੂੰ ਨਾ ਮਿਲਦੀ ਤਾਂ ਮੈਂ ਸ਼ਾਇਦ ਅਪਰੈਲ 1961 ਵਿਚ ਬੀ.ਏ. ਪਾਸ ਨਾ ਹੀ ਕਰ ਸਕਦਾ। ਮਾਰਚ ਵਿਚ ਟਿਊਸ਼ਨਾਂ ਦਾ ਜ਼ੋਰ ਘਟ ਗਿਆ। ਭੈਣ ਤਾਰਾ ਵੀ ਮਾਰਚ ਦੇ ਅੱਧ ਪਿੱਛੋਂ ਆਪਣੇ ਸਹੁਰੀਂ ਚਲੀ ਗਈ। ਹੁਣ ਪੜ੍ਹਾਉਣ ਲਈ ਸਿਰਫ਼ ਭਰਾ ਦੀ ਸਾਲੀ ਹੀ ਰਹਿ ਗਈ ਸੀ। ਉਸ ਨੂੰ ਪੜ੍ਹਾਉਣਾ ਹੁਣ ਮੈਨੂੰ ਬਹੁਤਾ ਔਖਾ ਨਹੀਂ ਸੀ ਲੱਗ ਰਿਹਾ। ਮਾਰਚ ਵਿਚ ਸਕੂਲਾਂ ਦੇ ਇਮਤਿਹਾਨ ਸ਼ੁਰੂ ਹੋ ਜਾਣ ਤੇ ਅਪਰੈਲ ਦੇ ਪਹਿਲੇ ਦੋ ਹਫ਼ਤੇ ਟਿਊਸ਼ਨਾਂ ਪੱਖੋਂ ਮੁਕਤ ਹੋ ਜਾਣ ਕਾਰਨ ਮੈਂ ਆਪਣਾ ਬਹੁਤਾ ਸਮਾਂ ਆਪਣੀ ਬੀ.ਏ. ਦੇ ਚੋਣਵੇਂ ਵਿਸ਼ੇ ਦੀ ਤਿਆਰੀ ’ਤੇ ਲਾਉਣ ਲੱਗ ਪਿਆ। ਹਿੰਦੀ ਅਖ਼ਤਿਆਰੀ ਵਿਸ਼ੇ ਦੀ ਨਾ ਕੋਈ ਕਿਤਾਬ ਖ਼ਰੀਦੀ ਤੇ ਨਾ ਗਾਈਡ, ਇਸ ਦੇ ਬਾਵਜੂਦ ਮੈਂ ਨਾ ਸਿਰਫ਼ ਦੂਜੀ ਡਿਵੀਜ਼ਨ ਲੈ ਕੇ ਚੋਣਵਾਂ ਵਿਸ਼ਾ ਹੀ ਪਾਸ ਕੀਤਾ, ਸਗੋਂ ਹਿੰਦੀ ਦੇ ਅਖ਼ਤਿਆਰੀ ਪੇਪਰ ਵਿਚੋਂ ਵੀ ਸੈਕਿੰਡ ਡਿਵੀਜ਼ਨ ਆ ਗਈ। ਭਰਾ ਦੇ ਬੀ.ਐੱਡ. ਕਰਨ ਤੱਕ ਤਨਖ਼ਾਹ ਤੇ ਟਿਊਸ਼ਨਾਂ ਨਾਲ ਘਰ ਦਾ ਸਾਰਾ ਖ਼ਰਚ ਵੀ ਕੱਢਿਆ। ਭਰਾ ਨੂੰ ਵੀ ਸਾਢੇ ਤਿੰਨ ਸੌ ਰੁਪਏ ਮੋਗੇ ਭੇਜੇ ਤੇ ਕੁਝ ਸਾਹਿਤਕ ਸਮੱਗਰੀ ਵੀ ਭੇਜੀ। ਜਵਾਨੀ ਦੇ ਜੱਦੋ-ਜਹਿਦ ਭਰੇ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦੇ।
ਸੰਪਰਕ: 95015-36644


Comments Off on ਜਵਾਨੀ ਵੇਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.